- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੌਖੇ ਸ਼ਬਦਾਂ ਵਿੱਚ AI ਮਨੁੱਖੀ ਅਕਲ ਦੀ ਨਕਲ ਕਰਨ ਵਾਲੀ ਤਕਨੀਕ ਹੈ। ਮਸ਼ੀਨਾਂ ਜੋ ਦੇਖਣਾ, ਸਮਝਣਾ, ਬੋਲਣਾ ਤੇ ਸੋਚਣਾ ਸਿੱਖ ਗਈਆਂ ਹਨ । ਜੋ ਕੰਮ ਕਦੇ ਸਿਰਫ਼ ਇਨਸਾਨ ਕਰ ਸਕਦਾ ਸੀ, ਅੱਜ AI ਉਸ ਵਿੱਚ ਮੁਕਾਬਲਾ ਕਰ ਰਹੀ ਹੈ

ਜੀਵਨ ਅਰਾਈ, ਫ਼ਿਰੋਜ਼ਪੁਰ ਦੀ ਸਰਹੱਦ 'ਤੇ ਵੱਸਿਆ ਇੱਕ ਪਿੰਡ । ਇੱਥੇ ਇੱਕ ਮੁਟਿਆਰ ਆਪਣੇ ਜੱਦੀ ਘਰ ਵਿੱਚ ਬੈਠੀ ਆਪਣੀ AI ਲੈਬ ਚਲਾ ਰਹੀ ਹੈ। ਉਸਦੇ ਬਣਾਏ ਸਿਸਟਮ ਕਿਸਾਨਾਂ ਨੂੰ ਫ਼ਸਲਾਂ ਦੀਆਂ ਬਿਮਾਰੀਆਂ ਦੀ ਪਛਾਣ ਕਰਦੇ ਹਨ ਤੇ ਦੱਸਦੇ ਹਨ ਕਿ ਪਾਣੀ ਕਦੋਂ ਤੇ ਕਿੰਨਾ ਲਾਉਣਾ ਹੈ। ਉਹੀ ਮੁਟਿਆਰ ਪਿੰਡ ਦੇ ਡਾਕਟਰ ਨਾਲ ਮਿਲ ਕੇ ਮਰੀਜ਼ਾਂ ਦੀ ਜਾਂਚ ਵਿੱਚ ਮਦਦ ਕਰਦੀ ਹੈ ਤੇ ਬੱਚਿਆਂ ਨੂੰ ਪੰਜਾਬੀ ਵਿੱਚ AI ਸਿਖਾਉਂਦੀ ਹੈ। ਉਸਦਾ ਕਾਰੋਬਾਰ ਆਪਣੇ ਪੈਰਾਂ ਤੇ ਖੜ੍ਹਾ ਹੈ, ਗਾਹਕ ਦੁਨੀਆ ਭਰ ਵਿੱਚ ਹਨ ਪਰ ਉਹ ਆਪਣੇ ਪਿੰਡ ਤੋਂ ਕਦੇ ਨਹੀਂ ਹਿੱਲੀ, ਪੈਰ ਪੰਜਾਬ ਦੀ ਮਿੱਟੀ ਵਿੱਚ ਹੀ ਟਿਕਾਏ ਰੱਖੇ।
ਇਹ ਕੋਈ ਖ਼ਿਆਲੀ ਕਹਾਣੀ ਨਹੀਂ, ਇਹ ਹਕੀਕਤ ਬਣ ਸਕਦੀ ਹੈ। AI ਦਾ ਇਨਕਲਾਬ ਹੁਣੇ ਸ਼ੁਰੂ ਹੋਇਆ ਹੈ ਤੇ ਪੰਜਾਬ ਇਸ ਵਾਰ ਅਗਵਾਈ ਕਰ ਸਕਦਾ ਹੈ ਪਰ ਪਹਿਲਾਂ ਸਮਝੀਏ AI ਹੈ ਕੀ, ਤੇ ਪੰਜਾਬ ਲਈ ਇਸ ਵਿੱਚ ਕੀ ਹੈ?
ਸੌਖੇ ਸ਼ਬਦਾਂ ਵਿੱਚ AI ਮਨੁੱਖੀ ਅਕਲ ਦੀ ਨਕਲ ਕਰਨ ਵਾਲੀ ਤਕਨੀਕ ਹੈ। ਮਸ਼ੀਨਾਂ ਜੋ ਦੇਖਣਾ, ਸਮਝਣਾ, ਬੋਲਣਾ ਤੇ ਸੋਚਣਾ ਸਿੱਖ ਗਈਆਂ ਹਨ । ਜੋ ਕੰਮ ਕਦੇ ਸਿਰਫ਼ ਇਨਸਾਨ ਕਰ ਸਕਦਾ ਸੀ, ਅੱਜ AI ਉਸ ਵਿੱਚ ਮੁਕਾਬਲਾ ਕਰ ਰਹੀ ਹੈ। ਰੋਬੋਟ ਹੁਣ ਸਸਤੀ ਮਜ਼ਦੂਰੀ ਦਾ ਵਿਕਲਪ ਬਣ ਰਹੇ ਹਨ ਤੇ ਦਿਮਾਗ਼ੀ ਕੰਮ ਜੋ ਪਹਿਲਾਂ ਮਹਿੰਗੇ ਸਨ, ਹੁਣ ਸਸਤੇ ਹੋ ਰਹੇ ਹਨ।
ਜਿਵੇਂ ਬਿਜਲੀ, ਮਸ਼ੀਨਾਂ ਤੇ ਇੰਟਰਨੈੱਟ ਨੇ ਦੁਨੀਆ ਬਦਲੀ ਸੀ, AI ਉਸ ਤੋਂ ਵੀ ਵੱਡਾ ਇਨਕਲਾਬ ਹੈ। ਫ਼ਰਕ ਇਹ ਹੈ ਕਿ ਇਹ ਸਿਰਫ਼ ਹੱਥਾਂ ਦਾ ਨਹੀਂ, ਦਿਮਾਗ਼ ਦਾ ਸਾਥੀ ਹੈ ਤੇ ਇੱਥੇ ਪੰਜਾਬ ਲਈ ਇੱਕ ਨਵਾਂ ਮੌਕਾ ਹੈ। ਵੈੱਬ ਤੇ ਸਾਫਟਵੇਅਰ ਦਾ ਦੌਰ ਆਇਆ ਤੇ ਲੰਘ ਗਿਆ । ਅਸੀਂ ਉਸ ਵਿੱਚ ਪਿੱਛੇ ਰਹਿ ਗਏ। ਪਰ AI ਦਾ ਯੁੱਗ ਹੁਣੇ ਸ਼ੁਰੂ ਹੋਇਆ ਹੈ ਤੇ ਇਸ ਵਾਰ ਪੰਜਾਬ ਦੇ ਤੇਰਾਂ ਹਜ਼ਾਰ ਪਿੰਡ ਅਗਵਾਈ ਕਰ ਸਕਦੇ ਹਨ। ਇਹ ਸਿਰਫ਼ ਤਕਨੀਕ ਦੀ ਗੱਲ ਨਹੀਂ । ਇਹ ਰੁਜ਼ਗਾਰ ਦੇ ਨਵੇਂ ਰਸਤੇ ਹਨ, ਆਮਦਨ ਦੇ ਨਵੇਂ ਸਾਧਨ ਹਨ ਤੇ ਤਕਨੀਕੀ ਦੁਨੀਆ ਵਿੱਚ ਪੰਜਾਬ ਦੀ ਭਾਗੀਦਾਰੀ ਹੈ।
ਨਹੀਂ। ਇਹ ਪੰਜਾਬ AI ਐਕਸੀਲੈਂਸ ਟੀਮ ਦੇ ਸੁਪਨਿਆਂ ਵਿੱਚੋਂ ਇੱਕ ਹੈ ਤੇ ਇਹ ਸੁਪਨਾ ਜ਼ਮੀਨ 'ਤੇ ਉਤਰਨਾ ਸ਼ੁਰੂ ਹੋ ਗਿਆ ਹੈ। ਅੱਜ ਜੀਵਨ ਅਰਾਈ ਵਿੱਚ ਅੱਠਵੀਂ ਜਮਾਤ ਦਾ ਇੱਕ ਬੱਚਾ ਨਿਊਰਲ ਨੈੱਟਵਰਕ ਬਣਾਉਣਾ ਸਿੱਖ ਰਿਹਾ ਹੈ, ਉਹ ਗੱਲਾਂ ਜੋ ਇੰਜੀਨੀਅਰਿੰਗ ਦੇ ਗ੍ਰੈਜੂਏਟਾਂ ਨੂੰ ਵੀ ਔਖੀਆਂ ਲੱਗਦੀਆਂ ਹਨ । ਵੀਹ ਪਿੰਡਾਂ ਦੇ ਬੱਚੇ, ਸਰਕਾਰੀ ਸਕੂਲਾਂ ਦੇ ਵਿਦਿਆਰਥੀ ਸਾਰੇ ਮੁਫ਼ਤ ਵਿੱਚ AI ਸਿੱਖ ਰਹੇ ਹਨ । ਪੰਜਾਬ ਭਰ ਵਿੱਚ 500 ਤੋਂ ਵੱਧ ਸਕੂਲਾਂ ਤੇ ਦਰਜਨਾਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਔਨਲਾਈਨ AI ਸਿੱਖ ਰਹੇ ਹਨ । ਪੰਜਾਬ ਦੇ ਕੋਨਿਆਂ ਵਿੱਚ ਇੱਕ ਖ਼ਾਮੋਸ਼ ਇਨਕਲਾਬ ਚੱਲ ਰਿਹਾ ਹੈ, ਬੀਜ ਬੀਜੇ ਜਾ ਰਹੇ ਹਨ।
ਪੁਰਾਣੀ ਕਹਾਣੀ ਅਸੀਂ ਸਾਰੇ ਜਾਣਦੇ ਹਾਂ । ਹਰ ਚੌਥਾ ਬੱਚਾ ਵਿਦੇਸ਼ ਜਾਣ ਦੇ ਸੁਪਨੇ ਵਿੱਚ, ਡੰਕੀ ਰੂਟ, ਖਾਲੀ ਹੁੰਦੇ ਪਿੰਡ। ਪੰਜਾਬ ਦਹਾਕਿਆਂ ਤੋਂ ਆਪਣੀ ਜਵਾਨੀ ਬਾਹਰ ਭੇਜਦਾ ਰਿਹਾ । ਪਰ ਇੱਕ ਨਵੀਂ ਕਹਾਣੀ ਸੰਭਵ ਹੈ, ਜੋ ਅਸੀਂ ਮਿਲ ਕੇ ਲਿਖ ਸਕਦੇ ਹਾਂ । ਉਸ ਕਹਾਣੀ ਵਿੱਚ ਗਿਆਨ ਘਰ ਵਾਪਸ ਆਉਂਦਾ ਹੈ। ਮੌਕੇ ਪਿੰਡਾਂ ਤੱਕ ਪਹੁੰਚਦੇ ਹਨ ਤੇ ਹੁਨਰ ਦਾ ਸਤਿਕਾਰ ਡਿਗਰੀਆਂ ਨਾਲੋਂ ਵੱਧ ਹੁੰਦਾ ਹੈ ।
ਪਰ ਇਹ ਕਹਾਣੀ ਆਪਣੇ-ਆਪ ਨਹੀਂ ਲਿਖੀ ਜਾਵੇਗੀ। ਨੌਜਵਾਨਾਂ ਨੂੰ ਡਿਗਰੀ ਨਾਲੋਂ ਹੁਨਰ, ਡਰ ਨਾਲੋਂ ਜਗਿਆਸਾ ਚੁਣਨੀ ਪਵੇਗੀ। ਸ਼ੁਰੂਆਤ ਲਈ ਇੱਕ ਫ਼ੋਨ ਤੇ ਸਿੱਖਣ ਦੀ ਲਗਨ ਹੀ ਕਾਫ਼ੀ ਹੈ। ਮਾਪਿਆਂ ਤੇ ਅਧਿਆਪਕਾਂ ਨੂੰ AI ਤੋਂ ਡਰਨ ਦੀ ਬਜਾਏ ਇਸ ਨਾਲ ਉੱਸਰਨਾ ਪਵੇਗਾ । ਅੱਜ ਤਾਂ ਪ੍ਰੋਫ਼ੈਸਰ ਵੀ ਨਵੇਂ ਸਿਰਿਓਂ ਸਿੱਖ ਰਹੇ ਹਨ ਤੇ ਨੌਕਰੀਆਂ ਦੇ ਡਰ ਨੂੰ ਸਮਝਣਾ ਪਵੇਗਾ । AI ਉਹਨਾਂ ਦੀ ਥਾਂ ਲਵੇਗੀ ਜੋ ਇਸਨੂੰ ਸਿੱਖਣ ਤੋਂ ਇਨਕਾਰ ਕਰਨਗੇ, ਉਹਨਾਂ ਦੀ ਨਹੀਂ ਜੋ ਇਸ ਵਿੱਚ ਮਾਹਰ ਬਣਨਗੇ।
ਤੇ ਇਸੇ ਲਈ ਅਸੀਂ ਪਰਤੇ ਹਾਂ ਉਸੇ 2035 ਵੱਲ ਜਿੱਥੋਂ ਸ਼ੁਰੂਆਤ ਕੀਤੀ ਸੀ। ਯਾਦ ਹੈ ਜੀਵਨ ਅਰਾਈਆਂ ਦੀ ਉਹ ਮੁਟਿਆਰ? ਉਹ ਅੱਜ ਦੀ ਉਹੀ ਅੱਠਵੀਂ ਜਮਾਤ ਦੀ ਵਿਦਿਆਰਥਣ ਹੈ। ਅਗਲੇ ਦਸ ਸਾਲਾਂ ਵਿੱਚ ਪੰਜਾਬ ਦੀ ਨਵੀਂ ਪੀੜ੍ਹੀ ਆਪਣੀ ਕਹਾਣੀ ਵੀਜ਼ਿਆਂ ਤੇ ਇੱਕ-ਪਾਸੜ ਟਿਕਟਾਂ ਵਿੱਚ ਨਹੀਂ, ਸਗੋਂ ਹੁਨਰ, ਸਿਰਜਣਾ ਤੇ ਆਤਮ-ਵਿਸ਼ਵਾਸ ਵਿੱਚ ਲਿਖੇਗੀ । ਉਸੇ ਮਿੱਟੀ ਵਿੱਚ ਜੜ੍ਹਾਂ ਰੱਖ ਕੇ, ਜਿਸਨੇ ਕਦੇ ਦੇਸ਼ ਦਾ ਢਿੱਡ ਭਰਿਆ ਸੀ ਤੇ ਜੋ ਹੁਣ ਦੁਨੀਆ ਦੀ ਅਕਲ ਨੂੰ ਤਾਕਤ ਦੇਣ ਲਈ ਤਿਆਰ ਹੈ।
ਅਸੀਂ ਇੱਕ ਜੁੜੀ ਹੋਈ ਦੁਨੀਆ ਵਿੱਚ ਰਹਿੰਦੇ ਹਾਂ । ਕਿਤੇ ਵੀ ਬੈਠ ਕੇ ਕੰਮ ਕੀਤਾ ਜਾ ਸਕਦਾ ਹੈ। ਮੈਂ ਖ਼ੁਦ ਫ਼ਿਰੋਜ਼ਪੁਰ ਦੇ ਪਿੰਡ ਤੋਂ IIT, ਫਿਰ ਅਮਰੀਕਾ ਦੀ UCLA ਤੇ ਦੁਨੀਆ ਦੀਆਂ ਵੱਡੀਆਂ ਕੰਪਨੀਆਂ ਤੱਕ ਦਾ ਸਫ਼ਰ ਤੈਅ ਕਰਕੇ ਪੰਜਾਬ ਪਰਤਿਆ ਹਾਂ । ਹੁਣ ਪੰਜਾਬ AI ਐਕਸੀਲੈਂਸ ਦੀ ਟੀਮ ਦੇ ਹਿੱਸੇ ਵਜੋਂ, ਅਸੀਂ ਮਿਲ ਕੇ ਪੰਜਾਬ ਭਰ ਵਿੱਚ AI ਨੂੰ ਅੱਗੇ ਵਧਾ ਰਹੇ ਹਾਂ । ਨਵੇਂ ਪਾਠਕ੍ਰਮ ਬਣਾ ਕੇ, ਪੰਜਾਬੀ ਵਿੱਚ ਕੋਰਸ ਦੇ ਕੇ, ਸਾਡਾ ਸਫ਼ਰ 500 ਤੋਂ ਵੱਧ ਸਕੂਲਾਂ, ਦਰਜਨਾਂ ਯੂਨੀਵਰਸਿਟੀਆਂ ਤੇ ਹਜ਼ਾਰਾਂ ਵਿਦਿਆਰਥੀਆਂ ਤੱਕ ਪਹੁੰਚ ਚੁੱਕਾ ਹੈ, ਸਾਰਾ ਗਿਆਨ ਵਿਸ਼ਵ-ਪੱਧਰੀ । ਸਾਡਾ ਮਿਸ਼ਨ ਸਿਰਫ਼ ਇੱਕ ਹੈ, ਹਰ ਬੱਚੇ ਤੱਕ ਪਹੁੰਚਣਾ ਕਿਉਂਕਿ ਹੁਨਰ ਹਰ ਥਾਂ ਹੈ, ਬੱਸ ਮੌਕੇ ਦੀ ਲੋੜ ਹੈ ਤੇ ਜਦੋਂ ਮੌਕੇ ਪਹੁੰਚਦੇ ਹਨ, ਤਾਂ ਪੰਜਾਬ ਦੇ ਪਿੰਡ ਵੀ AI ਦੇ ਗੜ੍ਹ ਬਣ ਸਕਦੇ ਹਨ।