- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨੁੱਖ ਦੇ ਸੁਚੱਜਾ ਜੀਵਨ ਜਿਊਣ ਲਈ ਉਸ ਦਾ ਆਲਾ-ਦੁਆਲਾ ਸਾਫ਼-ਸੁਥਰਾ ਹੋਣਾ ਬੇਹੱਦ ਜ਼ਰੂਰੀ ਹੈ । ਸਵੱਛਤਾ ਸਿਰਫ਼ ਮਨੁੱਖ ਦੇ ਸਰੀਰਕ ਤੇ ਮਾਨਸਿਕ ਪੱਖ ਤੋਂ ਹੀ ਜ਼ਰੂਰੀ ਨਹੀਂ ਸਗੋਂ ਵਿਅਕਤੀਗਤ ਤੇ ਸਮਾਜਿਕ ਜੀਵਨ ਲਈ ਵੀ ਮਹੱਤਵਪੂਰਨ ਹੈ। ਮਹਾਤਮਾ ਗਾਂਧੀ ਜੀ ਨੇ ਵੀ ਇਸ ਦੀ ਮਹੱਤਤਾ ਨੂੰ ਦਰਸਾਉਂਦਿਆਂ ਕਿਹਾ ਸੀ ਕਿ ਸਵੱਛਤਾ ਆਜ਼ਾਦੀ ਨਾਲੋਂ ਵੱਧ ਮਹੱਤਵਪੂਰਨ ਹੈ।

ਮਨੁੱਖ ਦੇ ਸੁਚੱਜਾ ਜੀਵਨ ਜਿਊਣ ਲਈ ਉਸ ਦਾ ਆਲਾ-ਦੁਆਲਾ ਸਾਫ਼-ਸੁਥਰਾ ਹੋਣਾ ਬੇਹੱਦ ਜ਼ਰੂਰੀ ਹੈ । ਸਵੱਛਤਾ ਸਿਰਫ਼ ਮਨੁੱਖ ਦੇ ਸਰੀਰਕ ਤੇ ਮਾਨਸਿਕ ਪੱਖ ਤੋਂ ਹੀ ਜ਼ਰੂਰੀ ਨਹੀਂ ਸਗੋਂ ਵਿਅਕਤੀਗਤ ਤੇ ਸਮਾਜਿਕ ਜੀਵਨ ਲਈ ਵੀ ਮਹੱਤਵਪੂਰਨ ਹੈ। ਮਹਾਤਮਾ ਗਾਂਧੀ ਜੀ ਨੇ ਵੀ ਇਸ ਦੀ ਮਹੱਤਤਾ ਨੂੰ ਦਰਸਾਉਂਦਿਆਂ ਕਿਹਾ ਸੀ ਕਿ ਸਵੱਛਤਾ ਆਜ਼ਾਦੀ ਨਾਲੋਂ ਵੱਧ ਮਹੱਤਵਪੂਰਨ ਹੈ। ਸਵੱਛਤਾ ਹਵਾ, ਪਾਣੀ ਤੇ ਧਰਤੀ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਦੀ ਹੈ ਪਰ ਸਾਡੇ ਦੇਸ਼ ਦੇ ਹਰ ਸ਼ਹਿਰ ਦੀ ਸਵੱਛਤਾ ਤੇ ਵਾਤਾਵਰਣ ਦੀ ਅਸਲ ਸਥਿਤੀ ਕੀ ਹੈ, ਇਹ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਪਲਾਸਟਿਕ ਤੇ ਪਾਲੀਥੀਨ ਬੈਗ ਨੇ ਜਿੱਥੇ ਵਾਤਾਵਰਣ ’ਚ ਜ਼ਹਿਰ ਘੋਲ ਦਿੱਤਾ ਹੈ, ਉਥੇ ਸਵੱਛਤਾ ਮੁਹਿੰਮ ਦੀ ਸਫਲਤਾ ’ਚ ਵੱਡੀ ਰੁਕਾਵਟ ਬਣਿਆ ਹੈ।
ਬਣ ਚੁੱਕਿਆ ਗੰਭੀਰ ਸਮੱਸਿਆ
ਪਲਾਸਟਿਕ ਕਾਰਨ ਵੱਧਦਾ ਪ੍ਰਦੂਸ਼ਣ ਮੌਜੂਦਾ ਦੌਰ ’ਚ ਗੰਭੀਰ ਸਮੱਸਿਆ ਬਣ ਚੁੱਕਿਆ ਹੈ। ਹਰ ਸਾਲ ਲੱਖਾਂ ਟਨ ਪਲਾਸਟਿਕ ਦਾ ਕੂੜਾ ਨਦੀਆਂ, ਨਾਲਿਆਂ, ਦਰਿਆਵਾਂ ਰਾਹੀਂ ਸਮੁੰਦਰ ਤੱਕ ਪਹੁੰਚ ਰਿਹਾ ਹੈ, ਜੋ ਜਲ ਜੀਵਾਂ ਲਈ ਗੰਭੀਰ ਸੰਕਟ ਪੈਦਾ ਕਰ ਰਿਹਾ ਹੈ। ਪਲਾਸਟਿਕ ਦੀ ਵੱਧਦੀ ਵਰਤੋਂ ਦੇ ਨਾਲ-ਨਾਲ ਇਸ ਦਾ ਨਿਪਟਾਰਾ ਕਰਨਾ ਵੱਡੀ ਸਮੱਸਿਆ ਦਾ ਰੂਪ ਧਾਰਨ ਕਰ ਚੁੱਕਿਆ ਹੈ। ਇਹ ਸਿਰਫ਼ ਵਾਤਾਵਰਣ ਪ੍ਰਦੂਸ਼ਣ ’ਚ ਹੀ ਵਾਧਾ ਨਹੀਂ ਕਰ ਰਿਹਾ ਸਗੋਂ ਮਨੁੱਖੀ ਸਿਹਤ ’ਤੇ ਵੀ ਬੇਹੱਦ ਮਾੜਾ ਅਸਰ ਪਾ ਰਿਹਾ ਹੈ। ਪਲਾਸਟਿਕ ਦੇ ਛੋਟੇ-ਛੋਟੇ ਕਣ, ਜਿਨ੍ਹਾਂ ਨੂੰ ਮਾਈਕਰੋ ਪਲਾਸਟਿਕ ਤੇ ਨੈਨੋਪਲਾਸਟਿਕ ਕਿਹਾ ਜਾਂਦਾ ਹੈ। ਇਹ ਸਾਡੀ ਖ਼ੁਰਾਕ ਦਾ ਹਿੱਸਾ ਬਣ ਕੇ ਸਾਡੇ ਸਰੀਰ ਅੰਦਰ ਦਾਖ਼ਲ ਹੋ ਰਹੇ ਹਨ, ਜਿਸ ਦੇ ਗੰਭੀਰ ਨਤੀਜੇ ਸਾਹਮਣੇ ਆ ਰਹੇ ਹਨ। ਪਲਾਸਟਿਕ ਦੇ ਕਣ ਹਵਾ ’ਚ ਮਿਲ ਜਾਣ ਕਾਰਨ ਸਾਹ ਦੇ ਰੋਗ, ਐਲਰਜੀ, ਦਮਾ ਤੇ ਫੇਫੜਿਆਂ ਦੇ ਰੋਗ ਪੈਦਾ ਹੋ ਰਹੇ ਹਨ। ਹਾਰਮੋਨਾਂ ਦਾ ਸੰਤੁਲਨ ਵਿਗੜ ਰਿਹਾ ਹੈ। ਇਸ ਤੋਂ ਇਲਾਵਾ ਖਾਣ-ਪੀਣ ਦੀਆਂ ਵਸਤਾਂ ਪਲਾਸਟਿਕ ’ਚ ਪੈਕ ਹੋਣ ਕਰਕੇ ਪਾਚਨ ਸਬੰਧੀ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਹਨ।
ਬਿਮਾਰੀਆਂ ਵਧਣ ਦਾ ਖ਼ਤਰਾ
ਸੀਆਈਐੱਮਏਪੀ ਦੇ ਵਿਗਿਆਨੀਆਂ ਵੱਲੋਂ ਹਾਲ ਹੀ ’ਚ ਕੀਤੀ ਖੋਜ ਨਾਲ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਖੋਜ ਅਨੁਸਾਰ ਇਹ ਨੈਨੋਪਲਾਸਟਿਕ ਮਨੁੱਖ ਦੀ ਮਾਨਸਿਕ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚਾ ਰਹੇ ਹਨ। ਇਸ ਨਾਲ ਤਣਾਅ, ਉਦਾਸੀ ਤੇ ਪਾਰਕਿੰਸਨਸ ਵਰਗੀਆਂ ਬਿਮਾਰੀਆਂ ਵਧਣ ਦਾ ਖ਼ਤਰਾ ਪੈਦਾ ਹੋ ਰਿਹਾ ਹੈ। ਵਿਗਿਆਨੀਆਂ ਦੀ ਰਿਪੋਰਟ ਅਨੁਸਾਰ ਪਲਾਸਟਿਕ ਦਾ ਜ਼ਹਿਰ ਸਾਡੀ ਮਾਨਸਿਕ ਸਿਹਤ ਨੂੰ ਬਰਬਾਦ ਕਰ ਰਿਹਾ ਹੈ। ਮਨੁੱਖੀ ਦੀ ਦਿਮਾਗ਼ੀ ਪ੍ਰਣਾਲੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ। ਅਜਿਹੇ ਹਾਲਾਤਾਂ ’ਚ ਪਲਾਸਟਿਕ ਦਾ ਤਿਆਗ ਕਰਨਾ ਸਾਡੀ ਪਸੰਦ ਨਹੀਂ ਸਗੋਂ ਸਾਡੇ ਜੀਵਨ ਦੀ ਰੱਖਿਆ ਲਈ ਜ਼ਰੂਰੀ ਬਣ ਚੁੱਕਿਆ ਹੈ।
ਇਕ ਮਿੰਟ ’ਚ ਖ਼ਰੀਦਦੇ 10 ਲੱਖ ਬੋਤਲਾਂ
ਪਲਾਸਟਿਕ ਦੇ ਇਤਿਹਾਸ ’ਤੇ ਨਜ਼ਰ ਮਾਰੀਏ ਤਾਂ ਇਸ ਦੀ ਖੋਜ ਦੀ ਗੱਲ ਤਾਂ ਭਾਵੇਂ 1862ਤੋਂ ਹੀ ਸ਼ੁਰੂ ਹੋ ਗਈ ਸੀ ਪ੍ਰੰਤੂ ਇਸ ਦਾ ਮੌਜੂਦਾ ਰੂਪ 1907 ਵਿਚ ਬੈਲਜ਼ੀਅਮ ਮੂਲ ਦੇ ਅਮਰੀਕੀ ਵਿਗਿਆਨੀ ਲਿਓ ਹੈਡ੍ਰਿਕ ਬੈਕਲੈਡ ਦੀ ਖੋਜ ਨਾਲ ਹੀ ਦੁਨੀਆ ਸਾਹਮਣੇ ਆਇਆ। ਉਸ ਨੇ 1912 ’ਚ ਜਦੋਂ ਇਸ ਦਾ ਐਲਾਨ ਕੀਤਾ ਤਾਂ ਇਸ ਨੂੰ ਮਨੁੱਖਤਾ ਦੀ ਸਹੂਲਤ ਵੱਲ ਵੱਡਾ ਕਦਮ ਤੇ ਵਿਗਿਆਨ ਦੀ ਅਦਭੁੱਤ ਖੋਜ ਦੱਸਿਆ ਸੀ। ਥੋੜ੍ਹੇ ਸਮੇਂ ’ਚ ਹੀ ਪਲਾਸਟਿਕ ਪੂਰੇ ਵਿਸ਼ਵ ਵਿਚ ਮਨੁੱਖ ਦੇ ਜੀਵਨ ਦਾ ਅਟੁੱਟ ਅੰਗ ਬਣ ਗਿਆ। ਪਲਾਸਟਿਕ ਬੈਗ, ਪਲੇਟਾਂ, ਗਲਾਸ, ਚਮਚ, ਛੋਟੀਆਂ ਬੋਤਲਾਂ, ਪੈਕਿੰਗ ਲਈ ਵਰਤੋਂ ’ਚ ਆਉਣ ਵਾਲਾ ਪਲਾਸਟਿਕ, ਖਿਡੌਣੇ, ਪਾਇਪਾਂ, ਫਰਨੀਚਰ ਤੇ ਬਰਤਨਾਂ ਆਦਿ ਦੇ ਰੂਪ ਵਿਚ ਪਲਾਸਟਿਕ
ਸਾਡੇ ਬਾਜ਼ਾਰਾਂ ਤੇ ਘਰਾਂ ’ਚ ਦਾਖ਼ਲ ਹੋ ਗਿਆ ਹੈ। ਦੁਨੀਆ ਭਰ ਵਿਚ ਲੋਕ ਇਕ ਮਿੰਟ ਵਿਚ ਪਲਾਸਟਿਕ ਦੀਆਂ 10 ਲੱਖ ਬੋਤਲਾਂ ਖ਼ਰੀਦਦੇ ਹਨ। ਪਲਾਸਟਿਕ ਆਉਣ ਨਾਲ ਸਾਡਾ ਜੀਵਨ ਸੌਖਾ ਤਾਂ ਜ਼ਰੂਰ ਹੋਇਆ ਹੈ ਪਰ ਇਸ ਦੇ ਭਿਆਨਕ ਨਤੀਜੇ ਹੁਣ ਸਾਡੇ ਸਾਹਮਣੇ ਆਉਣ
ਲੱਗੇ ਹਨ।
ਰੀਸਾਈਕਲ ਕਰਨਾ ਵੱਡੀ ਸਮੱਸਿਆ
ਸਾਡੇ ਦੇਸ਼ ’ਚ ਪਾਲੀਥੀਨ ਬੈਗ ਦਾ ਰੁਝਾਨ 1960 ਦੇ ਕਰੀਬ ਸ਼ੁਰੂ ਹੋਇਆ। ਇਸ ਉਪਰ ਬਹਿਸ ਤਾਂ ਉਸ ਸਮੇਂ ਹੀ ਸ਼ੁਰੂ ਹੋ ਗਈ ਸੀ ਪਰ 1970 ’ਚ ਇਸ ਖ਼ਿਲਾਫ਼ ਆਵਾਜ਼ ਵੀ ਉੱਠਣ ਲੱਗੀ ਸੀ। ਪਲਾਸਟਿਕ ਸਿਹਤ ਤੇ ਵਾਤਾਵਰਣ ਦੋਵਾਂ ਲਈ ਹੀ ਨੁਕਸਾਨਦੇਹ ਹੈ। ਇਸ ਦਾ ਉਤਪਾਦਨ ਪੈਟਰੋਲੀਅਮ ਤੋਂ ਪ੍ਰਾਪਤ ਰਸਾਇਣਾਂ ਤੋਂ ਹੁੰਦਾ ਹੈ। ਪਲਾਸਟਿਕ ਨੂੰ ਰੀਸਾਈਕਲ ਕਰਨਾ ਬਹੁਤ ਵੱਡੀ ਸਮੱਸਿਆ ਹੈ। ਕੁੱਲ ਉਤਪਾਦਨ ਦਾ 91 ਫ਼ੀਸਦੀ ਪਲਾਸਟਿਕ ਰੀਸਾਇਕਲ ਨਹੀਂ ਕੀਤਾ ਜਾ ਸਕਦਾ, ਜਿਸ ਕਾਰਨ ਸ਼ਹਿਰ ਦੀਆਂ ਨਾਲੀਆਂ, ਨਦੀਆਂ, ਨਹਿਰਾਂ, ਦਰਿਆਵਾਂ ਤੋਂ ਲੈ ਕੇ ਸਮੁੰਦਰ ਤੱਕ ਦੀ ਬਰਬਾਦੀ ਸਾਫ਼ ਨਜ਼ਰ ਆ ਰਹੀ ਹੈ। ਸ਼ਹਿਰਾਂ ਵਿਚ ਪਾਲੀਥੀਨ ਬੈਗ ਕਾਰਨ ਸੀਵਰੇਜ ਜਾਮ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਜਾਂਦੀ ਹੈ। ਪਲਾਸਟਿਕ ਦੇ ਲਿਫਾਫਿਆਂ ’ਚ ਪੈਕ ਹੁੰਦੇ ਖਾਣ ਵਾਲੇ ਪਦਾਰਥ, ਪੀਣ ਵਾਲੇ ਪਾਣੀ ਦੀਆਂ ਬੋਤਲਾਂ ਤੇ ਹੋਰ ਕਾਰਨਾਂ ਕਰਕੇ ਪਲਾਸਟਿਕ ਦੇ ਕਣ ਮਨੁੱਖੀ ਸਰੀਰ ਦੇ ਅੰਦਰ ਜਾਣਾ ਮਨੁੱਖੀ ਸਿਹਤ ਲਈ ਬੇਹੱਦ ਖ਼ਤਰਨਾਕ ਹੈ। ਇਸ ਕਾਰਨ ਪਸ਼ੂ-ਪੰਛੀ ਤੇ ਜਲ-ਜੀਵ ਬਿਮਾਰ ਹੋ ਕੇ ਦਮ ਤੋੜ ਰਹੇ ਹਨ। ਸਮੁੰਦਰੀ ਜਲ ਜੀਵਾਂ ਲਈ ਤਾਂ ਪਲਾਸਟਿਕ ਬਹੁਤ ਵੱਡਾ ਖ਼ਤਰਾ ਬਣ ਚੁੱਕੇ ਹਨ। ਮਿੱਟੀ ਦੀ ਉਪਜਾਊ ਸ਼ਕਤੀ ਵੀ ਪਲਾਸਟਿਕ ਕਾਰਨ ਘਟ ਰਹੀ ਹੈ।
ਵਰਤੋਂ ਦੀ ਸਿੱਖੀਏ ਤਰੀਕਾ
ਅਸੀਂ ਇਸ ਦੇ ਭਿਆਨਕ ਤੋਂ ਜਾਣੂ ਜ਼ਰੂਰ ਹਾਂ ਫਿਰ ਵੀ ਇਸ ਦੀ ਵਰਤੋਂ ਕਰਨਾ ਨਹੀਂ ਛੱਡ ਰਹੇ। ਸਰਕਾਰ ਦੇ ਯਤਨ ਤੇ ਪਾਬੰਦੀ ਲਗਾਉਣ ਦੇ ਬਾਵਜੂਦ ਇਸ ਦੀ ਵਰਤੋਂ ਸਰੇਆਮ ਹੋ ਰਹੀ ਹੈ। ਜੇ ਅਸੀਂ ਇਸ ਦੀ ਵਰਤੋਂ ਬੰਦ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਇਸ ਦੀ ਵਰਤੋਂ ਦਾ ਤਰੀਕਾ ਤਾਂ ਜ਼ਰੂਰ ਸਿੱਖ ਲਈਏ। ਇਸ ਨੂੰ ਸਾੜਨ ਤੋਂ ਪੂਰੀ ਤਰ੍ਹਾਂ ਗੁਰੇਜ਼ ਕੀਤਾ ਜਾਵੇ। ਨਦੀਆਂ, ਨਾਲਿਆਂ, ਸੀਵਰੇਜ ਤੇ ਸਮੁੰਦਰ ਵਿਚ ਸੁੱਟਣ ਤੋਂ ਪੂਰੀ ਤਰ੍ਹਾਂ ਬਚਿਆ ਜਾਵੇ। ਗਿਫ਼ਟ ਪੈਕ ਤੇ ਪਲਾਸਟਿਕ ਦੀ ਹੁੰਦੀ ਬੇਲੋੜੀ ਵਰਤੋਂ ’ਤੇ ਖ਼ਰਚ ਨੂੰ ਬੰਦ ਕੀਤਾ ਜਾਵੇ। ਬਾਜ਼ਾਰ ਜਾਂਦੇ ਸਮੇਂ ਕੱਪੜੇ ਦਾ ਬੈਗ ਰੱਖਣ ਦੀ ਆਦਤ ਚੰਗੀ ਸ਼ੁਰੁਆਤ ਹੋ ਸਕਦੀ ਹੈ। ਘਰ ਦਾ ਕੂੜਾ ਪਲਾਸਟਿਕ ਦੇ ਲਿਫਾਫੇ ’ਚ ਪਾ ਕੇ ਗਲੀ ਦੇ ਕੋਨੇ ਵਿਚ ਰੱਖਣ ਦੀ ਆਦਤ ਨੂੰ ਮਨੁੱਖਤਾ ਦੀ ਭਲਾਈ ਲਈ ਛੱਡਣਾ ਹੋਵੇਗਾ। ਕੇਂਦਰੀ ਟਰਾਂਸਪੋਰਟ ਮੰਤਰੀ ਵੱਲੋਂ ਸੜਕ ਨਿਰਮਾਣ ’ਚ ਪਲਾਸਟਿਕ ਦੀ ਵਰਤੋਂ ਦੇ ਐਲਾਨ ਨੂੰ ਅਮਲੀ ਜਾਮਾ ਪਹਿਨਾ ਕੇ ਪਲਾਸਟਿਕ ਨੂੰ ਰੀਸਾਈਕਲ ਕੀਤਾ ਜਾ ਸਕਦਾ ਹੈ। ਪਲਾਸਟਿਕ ਦੀਆਂ ਖ਼ਾਲੀ ਬੋਤਲਾਂ ’ਚ ਵਰਤੋਂ ਕੀਤੇ ਪਾਲੀਥੀਨ ਬੈਗ ਭਰ ਕੇ ਈਕੋ ਬ੍ਰਿਕਸ ਬਣਾਉਣ ਦਾ ਉਪਰਾਲਾ ਬੇਹੱਦ ਸ਼ਲਾਘਾਯੋਗ ਹੈ। ਇਨ੍ਹਾਂ ਦੀ ਵਰਤੋਂ ਬਗੀਚਿਆਂ ਦੀ ਸੁੰਦਰਤਾ, ਪਾਰਕ ਦੀ ਵਾੜ, ਸਜਾਵਟੀ ਸਾਮਾਨ ਤੇ ਫਰਨੀਚਰ ਬਣਾਉਣ ਲਈ ਬਹੁਤ ਹੀ ਆਸਾਨੀ ਨਾਲ ਕੀਤੀ ਜਾ ਸਕਦੀ ਹੈ।
ਸਿੱਖਿਆ ਤੇ ਜਾਗਰੂਕਤਾ
ਸਵੱਛਤਾ ਮੁਹਿੰਮ ਨੂੰ ਸਫ਼ਲ ਬਣਾਉਣਾ ਹਰ ਨਾਗਰਿਕ ਦਾ ਮੁੱਢਲਾ ਫ਼ਰਜ਼ ਹੈ। ਸਮੱਸਿਆ ਦੀ ਗੰਭੀਰਤਾ ਨੂੰ ਦੇਖਦਿਆਂ ਵਿਅਕਤੀਗਤ ਯਤਨਾਂ ਦੇ ਨਾਲ-ਨਾਲ ਸਾਂਝੇ ਯਤਨਾਂ ਦੀ ਜ਼ਰੂਰਤ ਹੈ। ਪਲਾਸਟਿਕ ਦੀ ਵਰਤੋਂ ਘਟਾਉਣ ਤੋਂ ਪਹਿਲਾਂ ਇਸ ਦਾ ਬਦਲ ਲੱਭਣਾ ਤੇ ਉਸ ਦੀ ਵਰਤੋਂ ਲਈ ਪ੍ਰੇਰਿਤ ਕਰਨ ਦੀ ਜ਼ਰੂਰਤ ਹੈ। ਸਿੱਖਿਆ ਤੇ ਜਾਗਰੂਕਤਾ ਇਸ ਦਿਸ਼ਾ ’ਚ ਮਹੱਤਵਪੂਰਨ ਭੂਮਿਕਾ ਨਿਵਾਸ ਸਕਦੇ ਹਨ। ਸਮਾਜ ਨੂੰ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕਤਾ ਫੈਲਾਉਣ ਦੀ ਜ਼ਰੂਰਤ ਹੈ। ਵਿੱਦਿਅਕ ਸੰਸਥਾਵਾਂ, ਜਨ-ਸੰਚਾਰ ਦੇ ਸਾਧਨ ਤੇ ਸੋਸ਼ਲ ਮੀਡੀਆ ਆਦਿ ਇਸ ਸਮੱਸਿਆ ਦੇ ਹੱਲ ਲਈ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਜਾਗਰੂਕਤਾ ਪੈਦਾ ਕਰਨ ’ਚ ਵੱਡਮੁੱਲਾ ਯੋਗਦਾਨ ਪਾ ਸਕਦੇ ਹਨ, ਜਿਸ ਨਾਲ ਇਸ ਗੰਭੀਰ ਸਮੱਸਿਆ ਤੋਂ ਛੁਟਕਾਰਾ ਮਿਲ ਸਕਦਾ ਹੈ। ਸਿਹਤਮੰਦ ਮਨੁੱਖ ਤੇ ਸਾਫ਼ ਵਾਤਾਵਰਣ ਇਕ-ਦੂਜੇ ਦੇ ਪੂਰਕ ਹਨ, ਇਸ ਲਈ ਪਲਾਸਟਿਕ ਪ੍ਰਦੂਸ਼ਣ ਨੂੰ ਰੋਕਣਾ ਸਮੇਂ ਦੀ ਮੁੱਖ ਲੋੜ ਹੈ।
- ਡਾ. ਸਤਿੰਦਰ ਸਿੰਘ