- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਹਾ ਜਾਂਦਾ ਹੈ ਕਿ ਜੇਕਰ ਦੁਨੀਆ 'ਚ ਕਦੇ ਭਿਆਨਕ ਯੁੱਧ ਹੋਇਆ ਤਾਂ ਸਿਰਫ਼ ਕਾਕਰੋਚ ਹੀ ਜ਼ਿੰਦਾ ਬਚਣਗੇ। ਇਹ ਸਿਰਫ਼ ਇਕ ਕਹਾਵਤ ਨਹੀਂ। 1945 'ਚ ਹੀਰੋਸ਼ਿਮਾ ਤੇ ਨਾਗਾਸਾਕੀ 'ਤੇ ਹੋਏ ਪਰਮਾਣੂ ਹਮਲੇ 'ਚ 2.5 ਲੱਖ ਤੋਂ ਵੱਧ ਇਨਸਾਨਾਂ ਦੀ ਮੌਤ ਹੋ ਗਈ ਸੀ, ਪਰ ਜਦੋਂ ਰੈਸਕਿਊ ਟੀਮ ਉੱਥੇ ਪਹੁੰਚੀ ਤਾਂ ਗਟਰਾਂ 'ਚੋਂ ਕਾਕਰੋਚ ਮਜ਼ੇ ਨਾਲ ਬਾਹਰ ਆ ਰਹੇ ਸਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅਕਸਰ ਅਸੀਂ ਆਪਣੇ ਘਰਾਂ 'ਚ ਕਾਕਰੋਚ ਨੂੰ ਦੇਖ ਕੇ ਜਾਂ ਤਾਂ ਡਰ ਜਾਂਦੇ ਹਾਂ ਜਾਂ ਫਿਰ ਘਿਣ ਮਹਿਸੂਸ ਕਰਦੇ ਹਾਂ। ਦੁਨੀਆ ਭਰ 'ਚ ਇਨ੍ਹਾਂ ਦੀਆਂ 4500 ਤੋਂ ਵੀ ਵੱਧ ਪ੍ਰਜਾਤੀਆਂ ਪਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚੋਂ ਮਹਿਜ਼ 30 ਹੀ ਸਾਡੇ ਘਰਾਂ ਜਾਂ ਇਨਸਾਨਾਂ ਦੇ ਵਿਚਕਾਰ ਰਹਿੰਦੀਆਂ ਹਨ।
ਕੀ ਤੁਸੀਂ ਜਾਣਦੇ ਹੋ ਕਿ ਇਹ ਛੋਟਾ ਜਿਹਾ ਜੀਵ ਕਿੰਨਾ ਸ਼ਕਤੀਸ਼ਾਲੀ ਹੈ? ਇਹ ਧਰਤੀ ਦੇ ਚਾਰ ਸਭ ਤੋਂ ਵੱਡੇ ਮਹਾ-ਵਿਨਾਸ਼ਾਂ ਤੇ ਇੱਥੋਂ ਤਕ ਕਿ ਪਰਮਾਣੂ ਬੰਬ ਦੇ ਹਮਲੇ ਨੂੰ ਵੀ ਝੱਲ ਚੁੱਕਾ ਹੈ। ਆਓ ਜਾਣਦੇ ਹਾਂ ਕਾਕਰੋਚ ਨਾਲ ਜੁੜੇ ਕੁਝ ਬੇਹੱਦ ਹੈਰਾਨ ਕਰ ਦੇਣ ਵਾਲੇ ਤੱਥ।
ਕਾਕਰੋਚ ਦਾ ਇਤਿਹਾਸ ਡਾਇਨਾਸੋਰ ਤੋਂ ਵੀ ਪੁਰਾਣਾ ਹੈ। ਸਾਲ 1889 'ਚ 'ਸੈਮੂਅਲ ਹਬਰਡ ਸਕਡਰ' ਨਾਂ ਦੇ ਇਕ ਵਿਗਿਆਨੀ ਨੇ ਅਮਰੀਕਾ ਦੀਆਂ ਕੋਲਾ ਖਾਣਾਂ 'ਚੋਂ ਕਾਕਰੋਚ ਦੇ ਖੰਭ ਖੋਜੇ ਸਨ ਜੋ ਲਗਪਗ 35 ਕਰੋੜ ਸਾਲ ਪੁਰਾਣੇ ਸਨ। ਉਸ ਦੌਰ 'ਚ ਇਨ੍ਹਾਂ ਖੰਭਾਂ ਦੀ ਲੰਬਾਈ 7 ਤੋਂ 9 ਸੈਂਟੀਮੀਟਰ ਹੋਇਆ ਕਰਦੀ ਸੀ।
ਬਾਅਦ 'ਚ ਸਾਲ 2010 ਵਿਚ ਲੰਡਨ ਦੇ 'ਇੰਪੀਰੀਅਲ ਕਾਲਜ' ਦੇ ਵਿਗਿਆਨੀਆਂ ਨੇ 30 ਕਰੋੜ ਸਾਲ ਪੁਰਾਣੇ ਇਕ ਜੀਵਾਸ਼ਮ (Fossil) ਦਾ 3D ਵਰਚੁਅਲ ਮਾਡਲ ਤਿਆਰ ਕੀਤਾ ਜਿਸ ਨਾਲ ਇੰਨੇ ਪੁਰਾਣੇ ਕਾਕਰੋਚ ਦੇ ਸਰੀਰ ਦੀ ਅਸਲੀ ਬਣਤਰ ਸਾਹਮਣੇ ਆਈ। ਇਸ ਤੋਂ ਇਲਾਵਾ ਸਾਲ 2012 'ਚ ਚੀਨ 'ਚ ਵੀ 31 ਕਰੋੜ ਸਾਲ ਪੁਰਾਣੇ ਜੀਵਾਸ਼ਮ ਖੰਭ ਮਿਲੇ, ਜੋ ਬਿਲਕੁਲ ਅੱਜ ਦੇ ਕਾਕਰੋਚਾਂ ਵਰਗੇ ਹੀ ਸਨ।
ਇਸ ਜੀਵ ਦੀ ਸਭ ਤੋਂ ਵੱਡੀ ਖ਼ਾਸੀਅਤ ਇਸ ਦੇ ਜੀਵਤ ਰਹਿਣ ਦੀ ਅਸੀਮ ਸਮਰੱਥਾ ਹੈ। ਇਸ ਨੇ ਧਰਤੀ 'ਤੇ ਆਏ 4 ਸਭ ਤੋਂ ਵੱਡੇ ਮਹਾ-ਵਿਨਾਸ਼ਾਂ ਦਾ ਡਟ ਕੇ ਸਾਹਮਣਾ ਕੀਤਾ :
ਲੇਟ ਡੇਵੋਨੀਅਨ ਮਹਾ-ਵਿਨਾਸ਼ (37.2 ਅਰਬ ਸਾਲ ਪਹਿਲਾਂ): ਜਦੋਂ ਮਹਾਸਾਗਰਾਂ 'ਚ ਆਕਸੀਜਨ ਖ਼ਤਮ ਹੋ ਗਈ ਅਤੇ 75% ਪ੍ਰਜਾਤੀਆਂ ਮਾਰੀਆਂ ਗਈਆਂ, ਉਦੋਂ ਵੀ ਕਾਕਰੋਚ ਜੀਵਤ ਰਹੇ।
ਪਰਮੀਅਨ-ਟ੍ਰਾਇਸਿਕ ਮਹਾਂ-ਵਿਨਾਸ਼ (25.2 ਅਰਬ ਸਾਲ ਪਹਿਲਾਂ): ਸਾਇਬੇਰੀਆ 'ਚ ਜਵਾਲਾਮੁਖੀ ਫਟਣ ਅਤੇ ਭਿਆਨਕ ਐਸਿਡ ਰੇਨ ਕਾਰਨ ਸਮੁੰਦਰ ਦੇ 96 ਪ੍ਰਤੀਸ਼ਤ ਤੇ ਜ਼ਮੀਨ ਦੇ 70 ਪ੍ਰਤੀਸ਼ਤ ਜੀਵ ਮਾਰੇ ਗਏ। ਇਸ ਦੌਰਾਨ ਕਾਕਰੋਚ ਦਲਦਲ ਦੇ ਹੇਠਾਂ ਲੁਕ ਗਏ ਤੇ ਸੜਿਆ-ਗਲਿਆ ਖਾਣਾ ਖਾ ਕੇ ਆਪਣੀ ਜਾਨ ਬਚਾਈ।
ਟ੍ਰਾਇਸਿਕ-ਜੁਰਾਸਿਕ ਮਹਾ-ਵਿਨਾਸ਼ (20.1 ਅਰਬ ਸਾਲ ਪਹਿਲਾਂ): 'ਗ੍ਰੇਟ ਲੀਪਸ' ਦੇ ਢਹਿਣ ਨਾਲ ਇਕ ਵਿਸ਼ਾਲ ਜਵਾਲਾਮੁਖੀ ਫਟਿਆ ਜਿਸ ਵਿਚ 80% ਪ੍ਰਜਾਤੀਆਂ ਨਸ਼ਟ ਹੋ ਗਈਆਂ। ਪਰ ਕਾਕਰੋਚ ਫਿਰ ਵੀ ਬਚ ਗਏ।
ਡਾਇਨਾਸੋਰ ਦਾ ਅੰਤ (6.6 ਅਰਬ ਸਾਲ ਪਹਿਲਾਂ): ਜਦੋਂ 10 ਕਿਲੋਮੀਟਰ ਚੌੜਾ ਇਕ ਜਵਾਲਾਮੁਖੀ ਧਰਤੀ 'ਤੇ ਫਟਿਆ ਤੇ ਡਾਇਨਾਸੋਰ ਖ਼ਤਮ ਹੋ ਗਏ, ਉਦੋਂ ਵੀ ਇਸ ਜੀਵ ਨੇ ਖ਼ੁਦ ਨੂੰ ਸੁਰੱਖਿਅਤ ਰੱਖਿਆ।
ਕਾਕਰੋਚ ਦੇ ਸਰੀਰ ਦੀ ਸੰਰਚਨਾ ਇਸ ਨੂੰ ਦੂਜੇ ਜੀਵਾਂ ਤੋਂ ਬਿਲਕੁਲ ਵੱਖਰਾ ਬਣਾਉਂਦੀ ਹੈ। ਇਸ ਦਾ ਸਰੀਰ ਮੁੱਖ ਤੌਰ 'ਤੇ ਤਿੰਨ ਹਿੱਸਿਆਂ 'ਚ ਵੰਡਿਆ ਹੁੰਦਾ ਹੈ: ਸਿਰ, ਪੇਟ ਤੇ ਪੂਛ।
ਸਿਰ: ਇਸ ਵਿਚ ਦੋ ਅਜਿਹੀਆਂ ਅੱਖਾਂ ਹੁੰਦੀਆਂ ਹਨ ਜੋ 360 ਡਿਗਰੀ ਤਕ ਦੇਖ ਸਕਦੀਆਂ ਹਨ। ਇਸ ਤੋਂ ਇਲਾਵਾ, ਸੈਂਸਰ ਦਾ ਕੰਮ ਕਰਨ ਵਾਲੇ ਦੋ ਐਂਟੀਨਾ ਅਤੇ ਖਾਣ-ਪੀਣ ਲਈ ਇਕ ਮੂੰਹ ਹੁੰਦਾ ਹੈ।
ਧੜ ਤੇ ਪੂਛ: ਇਸ ਹਿੱਸੇ ਵਿਚ ਛੇ ਪੈਰ, ਚਾਰ ਖੰਭ ਤੇ ਇਕ ਦਿਲ ਹੁੰਦਾ ਹੈ। ਇਨ੍ਹਾਂ ਦਾ ਦਿਲ 13 ਹਿੱਸਿਆਂ 'ਚ ਵੰਡਿਆ ਹੁੰਦਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਵਿਚ ਫੇਫੜੇ ਨਹੀਂ ਹੁੰਦੇ; ਇਹ ਸਰੀਰ ਦੇ ਕਿਨਾਰਿਆਂ 'ਤੇ ਮੌਜੂਦ ਛੋਟੇ-ਛੋਟੇ ਛੇਕਾਂ ਰਾਹੀਂ ਸਾਹ ਲੈਂਦੇ ਹਨ। ਖ਼ੂਨ 'ਚ ਹੀਮੋਗਲੋਬਿਨ ਨਾ ਹੋਣ ਦੇ ਕਾਰਨ ਇਨ੍ਹਾਂ ਦਾ ਖ਼ੂਨ ਚਿੱਟਾ ਜਾਂ ਪੀਲਾ ਹੁੰਦਾ ਹੈ।
ਦਰਅਸਲ, ਕਾਕਰੋਚ ਦਾ ਦਿਮਾਗ ਕੇਵਲ ਉਸ ਦੇ ਸਿਰ ਵਿਚ ਨਹੀਂ ਹੁੰਦਾ, ਸਗੋਂ ਪੂਰੇ ਸਰੀਰ 'ਚ ਨੌਂ ਵੱਖ-ਵੱਖ ਹਿੱਸਿਆਂ 'ਚ ਵੰਡਿਆ ਹੁੰਦਾ ਹੈ। ਜੇਕਰ ਕੋਈ ਇਕ ਹਿੱਸਾ ਡੈਮੇਜ ਵੀ ਹੋ ਜਾਵੇ ਤਾਂ ਬਾਕੀ ਹਿੱਸੇ ਕੰਮ ਕਰਦੇ ਰਹਿੰਦੇ ਹਨ। ਸਿਰ ਕੱਟਣ 'ਤੇ ਇਨ੍ਹਾਂ ਦੀ ਧੌਣ ਤੁਰੰਤ ਬੰਦ ਹੋ ਜਾਂਦੀ ਹੈ ਜਿਸ ਨਾਲ ਖ਼ੂਨ ਬਾਹਰ ਨਹੀਂ ਨਿਕਲਦਾ। ਹਾਲਾਂਕਿ, ਮੂੰਹ ਨਾ ਹੋਣ ਕਾਰਨ ਇਹ ਪਾਣੀ ਨਹੀਂ ਪੀ ਪਾਉਂਦੇ ਤੇ ਕੁਝ ਹਫ਼ਤਿਆਂ ਬਾਅਦ ਪਿਆਸ ਦੀ ਵਜ੍ਹਾ ਕਰਕੇ ਇਨ੍ਹਾਂ ਦੀ ਮੌਤ ਹੋ ਜਾਂਦੀ ਹੈ।
ਕਾਕਰੋਚ ਦੁਨੀਆ 'ਚ ਕਿਤੇ ਵੀ ਰਹਿ ਸਕਦੇ ਹਨ ਤੇ ਫੁੱਲ, ਪੱਤੇ, ਮਾਸ- ਕੁਝ ਵੀ ਖਾ ਕੇ ਜ਼ਿੰਦਾ ਰਹਿ ਸਕਦੇ ਹਨ, ਪਰ ਇਨ੍ਹਾਂ ਦਾ ਪ੍ਰਜਣਨ ਤੰਤਰ (Reproductive System) ਹੋਰ ਵੀ ਜ਼ਿਆਦਾ ਹੈਰਾਨ ਕਰਨ ਵਾਲਾ ਹੈ। ਆਮ ਤੌਰ 'ਤੇ ਮਾਦਾ ਕਾਕਰੋਚ ਨਰ ਦੇ ਨਾਲ ਮੇਟਿੰਗ ਕਰਨ ਤੋਂ ਬਾਅਦ ਹਰ ਮਹੀਨੇ ਇਕ 'ਊਥੀਕਾ' ਬਣਾਉਂਦੀ ਹੈ। ਇਹ ਇਕ ਹਰੇ ਰੰਗ ਦੇ ਕੈਪਸੂਲ ਵਰਗਾ ਹੁੰਦਾ ਹੈ ਜਿਸ ਵਿਚ 16 ਤੋਂ 40 ਅੰਡੇ ਸੁਰੱਖਿਅਤ ਰਹਿੰਦੇ ਹਨ। ਇਹ ਕੈਪਸੂਲ ਇੰਨਾ ਮਜ਼ਬੂਤ ਹੁੰਦਾ ਹੈ ਕਿ ਕੋਈ ਵੀ ਕੀੜਾ ਇਸ ਨੂੰ ਤੋੜ ਨਹੀਂ ਸਕਦਾ। ਮਾਦਾ ਕਾਕਰੋਚ ਆਪਣੇ ਸਰੀਰ 'ਚ ਨਰ ਦੇ ਸਪਰਮ ਨੂੰ 6 ਮਹੀਨੇ ਤਕ ਸੁਰੱਖਿਅਤ ਰੱਖ ਸਕਦੀ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਮਾਦਾ ਬਿਨਾਂ ਨਰ ਦੇ ਵੀ ਬੱਚੇ ਪੈਦਾ ਕਰ ਸਕਦੀ ਹੈ। ਇਸ ਪ੍ਰਕਿਰਿਆ ਨੂੰ ਪਾਰਥੇਨੋਜੇਨੇਸਿਸ (Parthenogenesis) ਕਹਿੰਦੇ ਹਨ। ਇਸ ਵਿਚ ਮਾਂ ਦੇ ਆਪਣੇ ਹੀ ਡੀਐੱਨਏ ਦੀਆਂ ਕਾਪੀਆਂ ਆਪਸ 'ਚ ਮਿਲ ਕੇ ਬੱਚਿਆਂ ਨੂੰ ਜਨਮ ਦਿੰਦੀਆਂ ਹਨ।
ਕਿਹਾ ਜਾਂਦਾ ਹੈ ਕਿ ਜੇਕਰ ਦੁਨੀਆ 'ਚ ਕਦੇ ਭਿਆਨਕ ਯੁੱਧ ਹੋਇਆ ਤਾਂ ਸਿਰਫ਼ ਕਾਕਰੋਚ ਹੀ ਜ਼ਿੰਦਾ ਬਚਣਗੇ। ਇਹ ਸਿਰਫ਼ ਇਕ ਕਹਾਵਤ ਨਹੀਂ ਹੈ। 1945 'ਚ ਹੀਰੋਸ਼ਿਮਾ ਤੇ ਨਾਗਾਸਾਕੀ 'ਤੇ ਹੋਏ ਪਰਮਾਣੂ ਹਮਲੇ 'ਚ 2.5 ਲੱਖ ਤੋਂ ਵੱਧ ਇਨਸਾਨਾਂ ਦੀ ਮੌਤ ਹੋ ਗਈ ਸੀ, ਪਰ ਜਦੋਂ ਰੈਸਕਿਊ ਟੀਮ ਉੱਥੇ ਪਹੁੰਚੀ ਤਾਂ ਗਟਰਾਂ 'ਚੋਂ ਕਾਕਰੋਚ ਮਜ਼ੇ ਨਾਲ ਬਾਹਰ ਆ ਰਹੇ ਸਨ। ਵਿਗਿਆਨੀਆਂ ਅਨੁਸਾਰ, ਜਿੱਥੇ ਇਕ ਇਨਸਾਨ 400 ਰੈਡ ਰੇਡੀਏਸ਼ਨ (Rad Radiation) 'ਚ ਦਮ ਤੋੜ ਦਿੰਦਾ ਹੈ, ਉੱਥੇ ਹੀ ਇਕ ਜਰਮਨ ਕਾਕਰੋਚ 9500 ਰੈਡ ਰੇਡੀਏਸ਼ਨ ਨੂੰ ਆਸਾਨੀ ਨਾਲ ਝੱਲ ਸਕਦਾ ਹੈ।
ਸੱਚ ਤਾਂ ਇਹ ਹੈ ਕਿ ਕਾਕਰੋਚ ਦੇ ਸਰੀਰ ਦੀ ਉੱਪਰੀ ਪਰਤ ਬਹੁਤ ਮਜ਼ਬੂਤ ਹੁੰਦਾ ਹੈ ਅਤੇ ਇਹ ਆਪਣੇ ਵਜ਼ਨ ਨਾਲੋਂ 900 ਗੁਣਾ ਵੱਧ ਭਾਰ ਚੁੱਕ ਸਕਦੀ ਹੈ, ਪਰ ਜਦੋਂ ਅਸੀਂ ਪੂਰੀ ਤਾਕਤ ਨਾਲ ਚੱਪਲ ਮਾਰਦੇ ਹਾਂ ਤਾਂ ਇਹ ਪਰਤ ਟੁੱਟ ਜਾਂਦੀ ਹੈ ਅਤੇ ਅੰਦਰ ਦੇ ਸਾਰੇ ਨਾਜ਼ੁਕ ਅੰਗ ਫਟ ਜਾਂਦੇ ਹਨ। ਇਸ ਦੇ ਬਾਵਜੂਦ, ਚੱਪਲ ਦੇ ਇੰਨੇ ਖ਼ਤਰਨਾਕ ਹਮਲੇ ਨਾਲ ਵੀ ਉਨ੍ਹਾਂ ਦੇ ਅੰਡੇ ਨਹੀਂ ਟੁੱਟਦੇ।
ਅੱਜ ਦੇ ਸਮੇਂ ਵਿਗਿਆਨੀ ਇਸ ਅਨੋਖੇ ਜੀਵ 'ਤੇ ਦੁਨੀਆ ਭਰ ਵਿਚ ਕਈ ਪ੍ਰਯੋਗ ਕਰ ਰਹੇ ਹਨ।
Source: