- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਜ਼ੁਰਗਾਂ ਦੀ ਆਪਣੇ ਧੀਆਂ, ਪੁੱਤਰਾਂ, ਨੂੰਹਾਂ ਤੋਂ ਸਿਰਫ਼ ਆਦਰ ਸਤਿਕਾਰ ਲੈਣ ਦੀ ਹੀ ਚਾਹਨਾ ਹੁੰਦੀ ਹੈ। ਜਿਵੇਂ ਬੱਚੇ ਪਿਆਰ ਦੇ ਭੁੱਖੇ ਹੁੰਦੇ ਹਨ ਉਸੇ ਤਰ੍ਹਾਂ ਹੀ ਬਜ਼ੁਰਗ ਸਤਿਕਾਰ ਦੇ ਭੁੱਖੇ ਹੁੰਦੇ ਹਨ। ਉਂ

ਤੀਲਾ ਤੀਲਾ ਇਕੱਠਾ ਕਰ ਕੇ ਘਰ ਜੋੜਨ ਵਾਲਾ ਵਿਅਕਤੀ ਇਕ ਦਿਨ ਬੁੱਢਾ ਹੋ ਜਾਂਦਾ ਹੈ। ਫਿਰ ਉਹ ਜਿੰਦਰਾ ਬਣ ਕੇ ਘਰ ਦੀ ਰਖਵਾਲੀ ਕਰਦਾ ਹੈ। ਇਹ ਪ੍ਰੰਪਰਾ ਚੱਲਦੀ ਆਈ ਹੈ ਅਤੇ ਚੱਲਦੀ ਰਹਿਣੀ ਹੈ। ਅੱਜ ਤਕ ਰਾਜੇ-ਰਾਣੀਆਂ ਵੀ ਇਸ ਜਹਾਨ ਤੋਂ ਕੂਚ ਕਰ ਗਏ ਹਨ। ਗਏ ਸਾਰੇ ਹੀ ਖ਼ਾਲੀ ਹੱਥ ਹਨ। ਨਾ ਹੀ ਅਸੀਂ ਆਪਣੇ ਨਾਲ ਇੱਥੋਂ ਕੁਝ ਲੈ ਜਾਣਾ ਹੈ। ਫ਼ਰਕ ਸਿਰਫ਼ ਇੰਨਾ ਹੈ ਕਿ ਹਰ ਵਿਅਕਤੀ ਚਾਹੁੰਦਾ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਖ਼ੁਸ਼ੀਆਂ ਅਤੇ ਸੁੱਖਾਂ ਭਰੀ ਬਤੀਤ ਕਰੇ। ਵੈਸੇ ਵੀ ਖ਼ੁਸ਼ ਰਹਿ ਕੇ ਮੁਸੀਬਤਾਂ ਅਤੇ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਬਜ਼ੁਰਗਾਂ ਦੀ ਆਪਣੇ ਧੀਆਂ, ਪੁੱਤਰਾਂ, ਨੂੰਹਾਂ ਤੋਂ ਸਿਰਫ਼ ਆਦਰ ਸਤਿਕਾਰ ਲੈਣ ਦੀ ਹੀ ਚਾਹਨਾ ਹੁੰਦੀ ਹੈ। ਜਿਵੇਂ ਬੱਚੇ ਪਿਆਰ ਦੇ ਭੁੱਖੇ ਹੁੰਦੇ ਹਨ ਉਸੇ ਤਰ੍ਹਾਂ ਹੀ ਬਜ਼ੁਰਗ ਸਤਿਕਾਰ ਦੇ ਭੁੱਖੇ ਹੁੰਦੇ ਹਨ। ਉਂਝ ਵੀ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰਨਾ ਸਾਡਾ ਫ਼ਰਜ਼ ਬਣਦਾ ਹੈ। ਇਹ ਗੱਲ ਵਿਅਕਤੀ ਨੂੰ ਜ਼ਿਹਨ ਵਿਚ ਫਿੱਟ ਕਰ ਲੈਣੀ ਚਾਹੀਦੀ ਹੈ ਕਿ 'ਜਿਹਾ ਬੀਜੋਗੇ, ਤਿਹਾ ਕੱਟੋਗੇ।'
ਸਾਨੂੰ ਵੀ ਕੋਈ ਦੇਖਦਾ ਹੈ। ਅਸੀਂ ਵੀ ਬਜ਼ੁਰਗ ਹੋਣਾ ਹੈ। ਸਾਡੇ ਵੀ ਬੱਚੇ ਵੱਡੇ ਹੋਣਗੇ। ਹਰ ਵਿਅਕਤੀ ਆਪਣੇ ਬੱਚਿਆਂ ਲਈ ਕਿੰਨੀ ਘਾਲਣਾ ਘਾਲਦਾ ਹੈ। ਕਿੰਨਾ ਪਿਆਰ ਕਰਦਾ ਹੈ। ਸਾਡੇ ਸਭ ਦੇ ਮਾਪਿਆਂ ਨੇ ਸਾਡੇ ਲਈ ਵੀ ਅਜਿਹਾ ਕੀਤਾ ਹੈ। ਹਰ ਵਿਅਕਤੀ ਨੂੰ ਆਪਣੇ ਬੱਚਿਆਂ ਤੋਂ ਆਸਾਂ ਹੁੰਦੀਆਂ ਹਨ। ਬਿਲਕੁਲ ਉਸੇ ਤਰ੍ਹਾਂ ਹੀ ਸਾਡੇ ਮਾਪਿਆਂ ਨੇ ਵੀ ਸਾਡੇ ਤੋਂ ਕੁਝ ਆਸਾਂ ਲਾਈਆਂ ਹਨ। ਦਿਨ ਰਾਤ ਇਕ ਕਰ ਕੇ ਪੜ੍ਹਾਇਆ ਲਿਖਾਇਆ ਅਤੇ ਰੀਝਾਂ ਪੂਰੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਾਂ ਤਾਂ ਸਾਰੇ ਪਰਿਵਾਰ ਲਈ ਸਮਰਪਿਤ ਹੁੰਦੀ ਹੈ ਪਰ ਆਪਣੇ ਧੀਆਂ-ਪੁੱਤਰਾਂ ਦੀ ਖ਼ਾਤਰ ਸਵੇਰੇ ਸਾਜਰੇ ਉੱਠ ਕੇ ਕੰਮ ਵਿਚ ਜੁੱਟ ਜਾਂਦੀ ਹੈ। ਨਹਾ-ਧਵਾ ਕੇ, ਰੋਟੀ-ਪਾਣੀ ਖੁਆ ਕੇ, ਟਿਫ਼ਨ ਪੈਕ ਕਰ ਕੇ, ਬੱਚਿਆਂ ਨੂੰ ਬੜੀਆਂ ਆਸਾਂ ਉਮੰਗਾਂ ਨਾਲ ਸਕੂਲ ਭੇਜਦੀ ਹੈ। ਹਰ ਬੱਚੇ ਦੀ ਮਾਂ ਦੀ ਇਹੀ ਇੱਛਾ ਹੁੰਦੀ ਹੈ ਕਿ ਉਸ ਦੇ ਬੱਚੇ ਨੂੰ ਖਰੋਚ ਤਕ ਨਾ ਆਵੇ। ਸਮਾਂ ਪਾ ਕੇ ਜਦ ਉਹੀ ਬੱਚਾ ਕੋਈ ਨਾ ਕੋਈ ਰੁਤਬਾ ਪ੍ਰਾਪਤ ਕਰ ਲੈਂਦਾ ਹੈ। ਉਦੋਂ ਤਕ ਮਾਂ-ਬਾਪ ਬਿਰਧ ਅਵਸਥਾ ਵਿਚ ਜਾ ਚੁੱਕੇ ਹੁੰਦੇ ਹਨ। ਕੰਮਕਾਰ ਕਰਨ ਤੋਂ ਲਾਚਾਰ ਹੋ ਜਾਂਦੇ ਹਨ। ਤਦ ਉਨ੍ਹਾਂ ਨਾਲ ਉਨ੍ਹਾਂ ਹੀ ਬੱਚਿਆਂ ਦੁਆਰਾ ਸ਼ਰੀਕਾਂ ਵਾਲਾ ਵਿਵਹਾਰ ਕੀਤਾ ਜਾਂਦਾ ਹੈ। ਨੂੰਹਾਂ-ਪੁੱਤ ਦੁਆਰਾ ਉਨ੍ਹਾਂ ਦੀ ਸਾਰੀ ਕੀਤੀ ਕਰਾਈ ਮਿੱਟੀ ਵਿਚ ਪਾ ਦਿੱਤੀ ਜਾਂਦੀ ਹੈ। ਉਹ ਇਹ ਨਹੀਂ ਸੋਚਦੇ ਕਿ ਜਿਨ੍ਹਾਂ ਨੇ ਉਨ੍ਹਾਂ ਨੂੰ ਪੈਰਾਂ 'ਤੇ ਖੜ੍ਹਾ ਕੀਤਾ ਹੈ। ਉਹ ਸਿਰਫ਼ ਤੇ ਸਿਰਫ਼ ਆਪਣੇ ਮਾਂ ਬਾਪ ਦੀ ਬਦੌਲਤ ਹੀ ਹਨ? ਵਿਅਕਤੀ ਦਾ ਦਿਮਾਗ਼ ਸਕਾਰਾਤਮਕ ਘੱਟ ਪਰ ਨਕਾਰਾਤਮਕਤਾ ਵਾਲੇ ਪਾਸੇ ਵੱਧ ਸੋਚਦਾ ਹੈ। ਠੀਕ ਹੈ, ਅੱਜ ਦੀ
ਯੁਵਾ ਪੀੜੀ ਪੜ੍ਹੀ ਲਿਖੀ ਵਧੇਰੇ ਹੈ। ਪਰ ਇਕ ਗੱਲ ਨਹੀਂ ਭੁੱਲਣੀ ਚਾਹੀਦੀ ਕਿ ਉਹ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਭੁੱਲਦੀ ਜਾ ਰਹੀ ਹੈ। ਹੁਣ ਇਹੀ ਨੌਜਵਾਨ ਪੀੜ੍ਹੀ ਵੀ ਸੋਚੇ ਕਿ ਉਹ ਵੀ ਆਪਣੇ ਬੱਚਿਆਂ ਨੂੰ ਜ਼ਿੰਦਗੀ ਦੇ ਦਾਜ ਵਿਚ ਕੀ ਦੇ ਕੇ ਜਾ ਰਹੇ ਹਨ? ਇੱਥੇ ਇਹ ਕਹਾਵਤ ਸੱਚ ਜਾਪਦੀ ਹੈ ਕਿ ਜਿੰਨਾ ਗੁੜ ਪਾਵਾਂਗੇ ਮਿਠਾਸ ਤਾਂ ਓਨੀ ਹੀ ਹੋਵੇਗੀ।
ਸਿਆਣਿਆਂ ਦੀ ਇਕ ਕਹਾਵਤ ਹੈ ਕਿ ਅੱਖੀਂ ਦੇਖ ਕੇ ਮੱਖੀ ਨਹੀਂ ਨਿਗਲੀ ਜਾਂਦੀ। ਭਾਵ ਕਿ ਬੱਚਿਆਂ ਲਈ ਮਾੜਾ ਹੁੰਦਾ ਦੇਖ ਕੇ ਬਰਦਾਸ਼ਤ ਕਰਨਾ ਮਾਪਿਆਂ ਦੇ ਵੱਸੋਂ ਪਰ੍ਹੇ ਦੀ ਗੱਲ ਹੈ। ਇਸੇ ਕਰਕੇ ਉਹ ਆਪਣੇ ਪੁੱਤਰ, ਧੀਆਂ, ਨੂੰਹਾਂ ਨੂੰ ਰੋਕਦੇ ਟੋਕਦੇ ਹਨ, ਜਿਸ ਨੂੰ ਬਰਦਾਸ਼ਤ ਕਰਨਾ ਨੂੰਹਾਂ ਪੁੱਤਾਂ ਦੇ ਖ਼ਿਆਲਾਤ ਵਿਚ ਵੀ ਨਹੀਂ ਆਉਂਦਾ। ਫਿਰ ਘਰ ਵਿਚ ਤਕਰਾਰਬਾਜ਼ੀ ਵੱਧ ਜਾਂਦੀ ਹੈ। ਜ਼ਿੰਦਗੀ ਖ਼ਰਾਬ ਹੋ ਜਾਂਦੀ ਹੈ। ਨਫ਼ਰਤ ਰੂਪੀ ਕਾਲ ਆਪਣੇ ਪੈਰ ਪਸਾਰ ਕੇ ਘਰ ਰੂਪੀ ਸਵਰਗ ਨੂੰ ਨਰਕ ਵੱਲ ਧਕੇਲ ਦਿੰਦਾ ਹੈ।
ਇਸ ਗੱਲ ਵਿਚ ਵੀ ਸੱਚਾਈ ਹੈ ਕਿ ਜਿਸ ਘਰ ਵਿਚ ਖ਼ੁਸ਼ੀਆਂ ਦਾ ਵਾਸਾ ਹੁੰਦਾ ਹੈ ਉਸ ਘਰ ਵਿਚ ਰੱਬ ਵਸਦਾ ਹੈ। ਅਸੀਂ ਧਾਰਮਿਕ ਸਥਾਨਾਂ 'ਤੇ ਮੱਥੇ ਰਗੜ-ਰਗੜ ਕੇ ਪਾਗ਼ਲ ਹੋਏ ਪਏ ਹਾਂ। ਆਪਣੇ ਅੰਦਰ, ਆਪਣੇ ਘਰ ਵਿਚ ਵਸਦੇ ਰੱਬ ਨੂੰ ਪਛਾਣ ਨਹੀਂ ਸਕਦੇ। ਗੱਲ ਤਾਂ ਬਰਦਾਸ਼ਤ ਕਰਨ ਦੀ ਹੈ। ਕਿਸੇ ਦੀ ਆਖੀ ਗੱਲ ਨੂੰ ਦੋ ਮਿੰਟ ਲਈ ਝਲ ਲੈਣ ਨਾਲ ਸਾਡੀ ਜ਼ਿੰਦਗੀ ਬਦਲ ਜਾਂਦੀ ਹੈ। ਠੀਕ ਹੈ ਸਮਾਂ ਬਦਲ ਰਿਹਾ ਹੈ। ਸਾਨੂੰ ਸਮੇਂ ਦੇ ਹਾਣੀ ਬਣਨਾ ਚਾਹੀਦਾ ਹੈ।
ਸਾਨੂੰ ਕਿਸੇ ਨੂੰ ਪਿੱਛੇ ਛੱਡਣ ਦੀ ਥਾਂ 'ਤੇ ਉਸ ਨੂੰ ਸਮਝਾ ਬੁਝਾ ਕੇ ਆਪਣੇ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਇਹ ਹੀ ਸਾਡੀ ਸਭ ਤੋਂ ਵੱਡੀ ਸਿਆਣਪ ਹੈ ਅਤੇ ਅਸਲ ਵਿੱਦਿਆ ਹੈ। ਇਹੀ ਸਾਡਾ ਅਸਲ ਦਿਮਾਗ਼ ਅਤੇ ਅਸਲ ਕਰਮ- ਧਰਮ ਹੈ।
ਵਿਅਕਤੀ ਨੂੰ ਆਪਣੇ ਅੰਦਰ ਦਾ ਗੁੱਸਾ, ਈਰਖਾ, ਕ੍ਰੋਧ, ਸਾੜਾ, ਹਉਮੈ ਮਾਰ ਕੇ ਪਿਆਰ ਦੀ ਉਪਜ ਉਪਜਣੀ ਚਾਹੀਦੀ ਹੈ। ਜ਼ਿੰਦਗੀ ਬਹੁਤ ਛੋਟੀ ਹੈ। ਇਸ ਦਾ ਪਤਾ ਆਖ਼ਰੀ ਕਿਨਾਰੇ ਉੱਤੇ ਜਾ ਕੇ ਲੱਗਦਾ ਹੈ। ਸਿਕੰਦਰ ਦੁਨੀਆ ਦਾ ਮਹਾਨ ਜੇਤੂ ਰਾਜਾ ਹੋਇਆ ਹੈ। ਅੰਤ ਉਸ ਨੇ ਵੀ ਆਪਣੇ ਹੰਕਾਰ ਨੂੰ ਤਿਆਗ ਕੇ ਪਿਆਰ ਦੀ ਰਣਨੀਤੀ ਅਪਣਾਈ ਸੀ।
ਕਲਿੰਗਾ ਯੁੱਧ ਤੋਂ ਬਾਅਦ ਸਿਕੰਦਰ ਨੇ ਯੁੱਧ ਦੀ ਰਾਜਨੀਤੀ ਤਿਆਗ ਕੇ ਪਿਆਰ ਭਾਈਚਾਰੇ ਦੀ ਸੋਚ ਅਪਣਾ ਲਈ ਸੀ। ਅਸੀਂ ਵੀ ਮੇਰੀ-ਮੇਰੀ ਕਰਦੇ ਅਤੇ ਹਊਮੈ ਦੇ ਚੱਕਰਾਂ ਵਿਚ ਪੈ ਆਪਣੇ ਕੀਮਤੀ ਰਿਸ਼ਤੇ ਖ਼ਰਾਬ ਕਰਨ ਲੱਗੇ ਹੋਏ ਹਾਂ। ਦੋਸਤੋ ਇਹ ਦੁਨੀਆ ਹੰਕਾਰ ਨਾਲ ਨਹੀਂ ਪਿਆਰ ਅਤੇ ਸਤਿਕਾਰ ਨਾਲ ਹੀ ਜਿੱਤੀ ਜਾ ਸਕਦੀ ਹੈ। ਛੋਟੇ ਪਿਆਰ ਅਤੇ ਵੱਡੇ ਸਤਿਕਾਰ ਮੰਗਦੇ ਹਨ।
- ਤਰਸੇਮ ਲੰਡੇ
99145-86784