- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀਆਂ ਕੋਲ ਇਕ ਪੁਰਾਣੇ ਵੇਲਿਆਂ ਤੋਂ ਤੁਰੀ ਆਈ ਗੱਲ ਹੈ, ‘ਜਿਨ੍ਹੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਹੀ ਨਹੀਂ।’ ਮੈਨੂੰ ਜਾਪਦਾ ਹੈ ਥੋੜ੍ਹੇ ਹੇਰ-ਫੇਰ ਨਾਲ ਇਹ ਗੱਲ ਇਟਲੀ ਦੇ ਸ਼ਹਿਰ ਵੈਨਿਸ ਬਾਰੇ ਇੰਜ ਕਹੀ ਜਾ ਸਕਦੀ ਹੈ, ‘ਜਿਨ੍ਹੇ ਵੈਨਿਸ ਨਹੀਂ ਵੇਖਿਆ, ਸਮਝੋ ਉਹਨੇ ਦੁਨੀਆ ਦੇਖੀ ਹੀ ਨਹੀਂ।’ ਸੋ ਇਟਲੀ ਪਹੁੰਚ ਕੇ ਵੀ ਵੈਨਿਸ ਨਾ ਦੇਖਣ ਦੀ ਭੁੱਲ ਮੈਂ ਕਿਵੇਂ ਕਰ ਲੈਂਦਾ।

ਪੰਜਾਬੀਆਂ ਕੋਲ ਇਕ ਪੁਰਾਣੇ ਵੇਲਿਆਂ ਤੋਂ ਤੁਰੀ ਆਈ ਗੱਲ ਹੈ, ‘ਜਿਨ੍ਹੇ ਲਾਹੌਰ ਨਹੀਂ ਵੇਖਿਆ, ਉਹ ਜੰਮਿਆ ਹੀ ਨਹੀਂ।’ ਮੈਨੂੰ ਜਾਪਦਾ ਹੈ ਥੋੜ੍ਹੇ ਹੇਰ-ਫੇਰ ਨਾਲ ਇਹ ਗੱਲ ਇਟਲੀ ਦੇ ਸ਼ਹਿਰ ਵੈਨਿਸ ਬਾਰੇ ਇੰਜ ਕਹੀ ਜਾ ਸਕਦੀ ਹੈ, ‘ਜਿਨ੍ਹੇ ਵੈਨਿਸ ਨਹੀਂ ਵੇਖਿਆ, ਸਮਝੋ ਉਹਨੇ ਦੁਨੀਆ ਦੇਖੀ ਹੀ ਨਹੀਂ।’ ਸੋ ਇਟਲੀ ਪਹੁੰਚ ਕੇ ਵੀ ਵੈਨਿਸ ਨਾ ਦੇਖਣ ਦੀ ਭੁੱਲ ਮੈਂ ਕਿਵੇਂ ਕਰ ਲੈਂਦਾ।
ਇਤਾਲਵੀ ਰੇਲ ਪ੍ਰਬੰਧ
ਵੈਨਿਸ ਇਟਲੀ ਦੇ ਉੱਤਰ-ਪੂਰਬੀ ਸਾਗਰ ਤਟ ’ਤੇ ਵਸਿਆ ਹੋਇਆ ਹੈ। ਜੇ ਭਾਰਤ ਤੋਂ ਅੰਤਰਰਾਸ਼ਟਰੀ ਉਡਾਣ ਰਾਹੀਂ ਮਿਲਾਨ ਪਹੁੰਚ ਕੇ ਰੇਲ ਰਾਹੀਂ ਵੈਨਿਸ ਜਾਣਾ ਹੋਵੇ ਤਾਂ ਤਿੰਨ ਘੰਟੇ ਹੋਰ। ਇਤਾਲਵੀ ਰੇਲ ਪ੍ਰਬੰਧ ਬਹੁਤ ਵਧੀਆ ਤੇ ਬਾਕੀ ਯੂਰਪੀ ਦੇਸ਼ਾਂ ਦੇ ਮੁਕਾਬਲੇ ’ਚ ਸਸਤਾ ਹੈ। ਇਟਲੀ ਵਿਚ ਤੇਜ਼ ਗਤੀ ਅਤੇ ਸਧਾਰਨ ਦੋ ਕਿਸਮ ਦੀਆਂ ਰੇਲਾਂ ਹਨ ਪਰ ਜੇ 4-5 ਘੰਟੇ ਦੀ ਦੂਰੀ ਹੀ ਤੈਅ ਕਰਨੀ ਹੋਵੇ ਤਾਂ ਸਧਾਰਨ ਰੇਲ ਵੀ ਕੋਈ ਬਹੁਤਾ ਵਾਧੂ ਸਮਾਂ ਨਹੀਂ ਲੈਂਦੀ ਪਰ ਇਨ੍ਹਾਂ ਦਾ ਕਿਰਾਇਆ ਕਿਤੇ ਘੱਟ ਹੁੰਦਾ ਹੈ। ਹਰ ਘੰਟੇ-ਘੰਟੇ ਬਾਅਦ ਵੱਡੇ ਸ਼ਹਿਰਾਂ ਨੂੰ ਜੋੜਦੀਆਂ ਗੱਡੀਆਂ ਨਿਕਲਦੀਆਂ ਰਹਿੰਦੀਆਂ ਹਨ ਤੇ ਸਿਰਫ਼ 6 ਕਰੋੜ ਦੀ ਆਬਾਦੀ ਵਾਲੇ ਇਟਲੀ ਵਿਚ ਰੇਲ ਦੀ ਸੀਟ ਬੜੇ ਅਰਾਮ ਨਾਲ ਮਿਲ ਜਾਂਦੀ ਹੈ। ਜੇ ਇੰਟਰਨੈੱਟ ਰਾਹੀਂ ਕੁਝ ਦਿਨ ਪਹਿਲਾਂ ਟਿਕਟ ਲੈ ਲਵੋ ਤਾਂ ਕਈ ਵੇਰ ਤੇਜ਼ ਗਤੀ ਰੇਲਾਂ ਦੀ ਟਿਕਟ ਵੀ ਆਮ ਭਾੜੇ ’ਤੇ ਮਿਲ ਜਾਂਦੀ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ ਹਵਾਈ ਕੰਪਨੀਆਂ ਦੀਆਂ ਕੁਝ ਸਮਾਂ ਪਹਿਲਾਂ ਲਈਆਂ ਟਿਕਟਾਂ ਕੁਝ ਸਸਤੀਆਂ ਮਿਲਦੀਆਂ ਹਨ।
ਭੂਗੋਲਿਕ ਖ਼ਾਸੀਅਤ
ਸ਼ੇਕਸਪੀਅਰ ਨੇ ‘ਵੈਨਿਸ ਦਾ ਸੌਦਾਗਰ’ ਲਿਖ ਕੇ ਇਸ ਸ਼ਹਿਰ ਨੂੰ ਸਾਹਿਤ ਵਿਚ ਤਾਂ ਅਮਰ ਕੀਤਾ ਹੀ। ਵੈਨਿਸ ਦੀ ਭੂਗੋਲਿਕ ਖ਼ਾਸੀਅਤ ਨੇ ਇਸ ਨੂੰ ਦੁਨੀਆ ਵਿਚ ਅਨੋਖੇ ਸ਼ਹਿਰ ਦੀ ਸਦੀਵੀ ਪਦਵੀ ਦਿੱਤੀ ਹੈ। ਇਹ ਸੜਕਾਂ ਦੀ ਥਾਂ ਨਹਿਰਾਂ ਦਾ ਸ਼ਹਿਰ ਹੈ। ਵੈਨਿਸ ਦੁਨੀਆ ਦਾ ਇੱਕੋ ਇਕ ਸ਼ਹਿਰ ਹੈ, ਜਿਸ ਵਿਚ ਕਾਰਾਂ ਦੀ ਥਾਂ ਬੇੜੀਆਂ ਚੱਲਦੀਆਂ ਹਨ, ਜਿਨ੍ਹਾਂ ਨੂੰ ਸਥਾਨਕ ਭਾਸ਼ਾ ਵਿਚ ‘ਗੋਂਦੋਲਾ’ ਕਿਹਾ ਜਾਂਦਾ ਹੈ। ਜਿਸ ਪੀੜ੍ਹੀ ਨੂੰ ਅਮਿਤਾਭ ਬੱਚਨ ਦੀ ਫਿਲਮ ਗ੍ਰੇਟ ਗੈਂਬਲਰ ਯਾਦ ਹੈ, ਉਸ ਨੂੰ ‘ਦੋ ਲਫ਼ਜ਼ੋਂ ਕੀ ਹੈ ਯਿਹ ਕਹਾਨੀ, ਥੋੜੀ ਮੁਹੱਬਤ ਥੋੜੀ ਜਵਾਨੀ’ ਵਾਲਾ ਜ਼ੀਨਤ ਅਮਾਨ ਦਾ ਹਿੱਟ ਗੀਤ ਵੀ ਚੇਤੇ ਹੋਵੇਗਾ, ਜਿਸ ਨੂੰ ਵੈਨਿਸ ਦੇ ਗੋਂਦੋਲੇ ਵਿਚ ਹੀ ਫਿਲਮਾਇਆ ਗਿਆ ਸੀ।
ਸਟੀਮਰਾਂ ਤੋਂ ਬਿਨਾਂ ਆਵਾਜਾਈ ਦਾ ਨਹੀਂ ਕੋਈ ਸਾਧਨ
ਵੈਨਿਸ ਦੇ ਰੇਲਵੇ ਸਟੇਸ਼ਨ ’ਤੇ ਪਹੁੰਚਣ ਤੋਂ ਬਾਅਦ ਬੇੜੀਆਂ/ਸਟੀਮਰਾਂ ਤੋਂ ਇਲਾਵਾ ਆਵਾਜਾਈ ਦਾ ਹੋਰ ਕੋਈ ਸਾਧਨ ਨਹੀਂ। ਕਾਰਾਂ ਰਾਹੀਂ ਏਥੇ ਪਹੁੰਚਣ ਵਾਲੇ ਸੈਲਾਨੀਆਂ ਨੂੰ ਵੀ ਆਪਣੀਆਂ ਕਾਰਾਂ ਏਥੇ ਬਣੇ ਬਹੁਮੰਜ਼ਿਲੇ ਪਾਰਕਿੰਗ ਭਵਨ ਵਿਚ ਛੱਡਣੀਆਂ ਪੈਂਦੀਆਂ ਹਨ। ਇਸ ਤੋਂ ਅੱਗੇ ਜੇ ਨੇੜੇ ਜਾਣਾ ਹੈ ਤਾਂ ਪੈਦਲ ਜਾਓ ਤੇ ਜੇ ਦੂਰ ਜਾਣਾ ਹੈ ਤਾਂ ਵਾਟਰ ਬੱਸ ਰਾਹੀਂ ਆਪਣੇ ਨੇੜਲੇ ਅੱਡੇ ਤੱਕ ਜਾਓ। ਜੀ ਹਾਂ, ਏਥੇ ਜਨਤਕ ਆਵਾਜਾਈ ਦੇ ਸਾਧਨ ਵੱਡੇ ਸਟੀਮਰਾਂ ਨੂੰ ਵਾਟਰ ਬੱਸ ਹੀ ਕਹਿੰਦੇ ਹਨ, ਜਿਨ੍ਹਾਂ ਵਿਚ 100 ਤੋਂ ਵੱਧ ਲੋਕ ਸਵਾਰ ਹੋ ਸਕਦੇ ਹਨ ਤੇ ਅਜਿਹੀਆਂ ਬੱਸਾਂ ਹਰ 10-15 ਮਿੰਟਾਂ ਦੇ ਵਕਫ਼ੇ ’ਤੇ ਚੱਲਦੀਆਂ ਰਹਿੰਦੀਆਂ ਹਨ। ਪ੍ਰੰਪਰਾਗਤ ਗੋਂਦੋਲੇ, ਜਿਨ੍ਹਾਂ ਵਿਚ ਚਾਰ ਤੋਂ ਅੱਠ ਸਵਾਰੀਆਂ ਦੀ ਹੀ ਗੁੰਜਾਇਸ਼ ਹੁੰਦੀ ਹੈ ਏਨੇ ਮਹਿੰਗੇ ਹੋ ਚੁੱਕੇ ਹਨ ( 50/100 ਡਾਲਰ ਪ੍ਰਤੀ ਘੰਟਾ) ਕਿ ਉਨ੍ਹਾਂ ਦੀ ਸਵਾਰੀ ਦਾ ਆਨੰਦ ਲੈਣ ਲਈ ਅਮਿਤਾਭ ਬੱਚਨ ਜਿੰਨੀ ਆਰਥਿਕ ਸਮਰੱਥਾ ਵੀ ਹੋਣੀ ਜ਼ਰੂਰੀ ਹੈ। ਦੁਨੀਆ ਭਰ ਤੋਂ ਸੈਲਾਨੀ ਏਥੇ ਕੇਵਲ ਕਿਸ਼ਤੀ-ਭ੍ਰਮਣ ਲਈ ਨਹੀਂ ਆਉਦੇ। ਵੈਨਿਸ ਦੀ ਵੱਡੀ ਇਤਿਹਾਸਕ ਮਹੱਤਤਾ ਰਹੀ ਹੈ, ਜਿਸ ਦੇ ਪ੍ਰਮਾਣ ਸਾਨ ਮਾਰਕੋ ਚੌਕ, ਰਿਆਲਤੋ ਪੁਲ ਤੇ ਸਾਂਤਾ ਮਾਰੀਆ ਦੇ ਗਿਰਜ਼ੇ ਵਰਗੀਆਂ ਸ਼ਾਨਦਾਰ ਅਤੇ ਜਗਤ ਪ੍ਰਸਿੱਧ ਇਮਾਰਤਾਂ ਹਨ ।
ਨੈਪੋਲੀਅਨ ਦੇ ਵੈਨਿਸ ’ਤੇ ਹਮਲੇ
ਵੈਨਿਸ ਐਲਪਸ ਪਹਾੜਾਂ ਤੋਂ ਚੱਲ ਕੇ ਆਉਂਦਿਆਂ ਪੋ ਦਰਿਆ ਦੇ ਦਲਦਲ-ਭਰਪੂਰ ਦਹਾਨੇ ’ਤੇ ਵਸਿਆ ਹੋਇਆ ਹੈ, ਜਿੱਥੇ ਆ ਕੇ ਇਹ ਐਡਰਿਆਟਿਕ ਸਾਗਰ ਨਾਲ ਮਿਲਦਾ ਹੈ। ਮੰਨਿਆ ਜਾਂਦਾ ਹੈ ਕਿ ਦੂਜੀ ਸਦੀ ਦੇ ਮੱਧ ਵਿਚ ਉੱਤਰ-ਪੂਰਬੀ ਇਟਲੀ ’ਤੇ ਹੋ ਰਹੇ ਹਮਲਿਆਂ ਸਮੇਂ ਭੱਜਣ ਵਾਲੇ ਸ਼ਰਨਾਰਥੀ ਇਸ ਦਲਦਲੀ ਭੂਮੀ ਤੇ ਸਭ ਤੋਂ ਪਹਿਲਾਂ ਆ ਕੇ ਵੱਸਣ ਵਾਲੇ ਮਜਬੂਰ ਲੋਕ ਸਨ ਪਰ ਨੌਵੀਂ ਤੋਂ ਬਾਰ੍ਹਵੀਂ ਸਦੀ ਦੌਰਾਨ ਇਹ ਇਕ ਸ਼ਕਤੀਸ਼ਾਲੀ ਨਗਰ ਰਾਜ ਵਿਚ ਤਬਦੀਲ ਹੋ ਗਿਆ ਅਤੇ ਐਡਰਿਐਟਿਕ ਸਾਗਰ ਤੇ ਆਪਣੀ ਮਹੱਤਵਪੂਰਣ ਸਥਿਤੀ ਕਾਰਨ ਇਕ ਵੱਡੀ ਨੌਸੈਨਿਕ ਤੇ ਵਪਾਰਕ ਸ਼ਕਤੀ ਬਣ ਗਿਆ। ਇਹ ਪੱਛਮੀ ਯੂਰਪ ਤੇ ਪੂਰਬ ਵਿਚ ਪੈਂਦੇ ਬਿਜ਼ੈਨਟੀਨ ਸਾਮਰਾਜ (ਹੁਣ ਤੁਰਕੀ ਦਾ ਖੇਤਰ) ਤੇ ਇਸਲਾਮ ਹੇਠਲੇ ਹੇਰ ਰਾਜਾਂ ਵਿਚਕਾਰ ਵਪਾਰ ਦਾ ਸਮ੍ਰਿਧ ਕੇਂਦਰ ਬਣ ਕੇ ਉੱਭਰਿਆ। ਉਸ ਦਾ ਇਹ ਵਪਾਰਕ ਪ੍ਰਭੁਤਵ ਰੈਨੇਸਾਂਸ (ਪੁਨਰਉੱਥਾਨ, 14-17 ਸਦੀ) ਕਾਲ ਦੇ ਅੰਤਲੇ ਸਮੇਂ ਤੱਕ ਘਟਣਾ ਸ਼ੁਰੂ ਹੋ ਗਿਆ ਸੀ ਪਰ ਦੂਜੇ ਪਾਸੇ ਇਹ ਯੂਰਪ ਦੀ ਪ੍ਰਮੁੱਖ ਕਲਾ ਨਗਰੀ ਵਜੋਂ ਉਭਰਨਾ ਸ਼ੁਰੂ ਹੋ ਗਿਆ। ਇਸ ਦਾ ਪ੍ਰਭਾਵ ਯੂਰਪ ਦੀਆਂ ਕੋਮਲ ਕਲਾਵਾਂ, ਇਮਾਰਤ ਕਲਾ ਅਤੇ ਸਾਹਿਤ ਉੱਤੇ ਸਪਸ਼ਟ ਸੀ। 1797 ਵਿਚ ਨੈਪੋਲੀਅਨ ਦੇ ਵੈਨਿਸ ਉੱਤੇ ਹਮਲੇ ਤੇ ਜਿੱਤ ਤੋਂ ਬਾਅਦ ਸ਼ਹਿਰ ਦੇ ਪਤਨ ਦਾ ਕਾਲ ਸ਼ੁਰੂ ਹੋਇਆ ਕਿਉਂਕੇ ਕਈ ਪੁਰਾਣੇ ਮਹਿਲਾਂ ਤੇ ਇਮਾਰਤਾਂ ਦਾ ਕੋਈ ਵਾਲੀ ਵਾਰਿਸ ਹੀ ਨਾ ਰਿਹਾ। 1866 ਵਿੱਚ ਵੈਨਿਸ ਏਕੀਕ੍ਰਿਤ ਇਟਲੀ ਦਾ ਹਿੱਸਾ ਹੋ ਗਿਆ।
ਸ਼ਹਿਰ ਦਾ ਇਤਿਹਾਸਕ ਕੇਂਦਰ
ਸ਼ਹਿਰ ਦਾ ਇਤਿਹਾਸਕ ਕੇਂਦਰ 118 ਛੋਟੇ-ਵੱਡੇ ਟਾਪੂਆਂ ਦੇ ਸਮੂਹ ’ਤੇ ਫੈਲਿਆ ਹੋਇਆ ਹੈ, ਜਿਨ੍ਹਾਂ ਨੂੰ 150 ਨਹਿਰਾਂ ਜੋੜਦੀਆਂ ਹਨ। ਸ਼ਹਿਰ ਨੂੰ ਵਿਚਕਾਰੋਂ ਕੱਟਦੀ ਦਾਤ ਦੀ ਸ਼ਕਲ ਵਾਲੀ ਮਹਾ-ਨਹਿਰ (ਗ੍ਰੈਂਡ ਕੈਨਾਲ) ਹੈ, ਜਿਸ ਉੱਤੇ ਬਣਿਆ ਰਿਆਲਤੋ ਪੁਲ ਵੈਨਿਸ ਦੇ ਚਿੰਨ੍ਹ ਵਜੋਂ ਸਾਰੀ ਦੁਨੀਆ ਵਿਚ ਮਸ਼ਹੂਰ ਹੈ। ਗੁਲੇਲ ਦੀ ਸ਼ਕਲ ਵਿਚ ਉਸਰੇ ਇਸ ਚੌੜੇ ਪੁਲ ਉੱਤੇ ਦੋਵੇਂ ਪਾਸੇ ਦੁਕਾਨਾਂ ਲਾਉਣ ਲਈ ਕਮਰੇ ਬਣਾਏ ਗਏ ਸਨ, ਜਿਨ੍ਹਾਂ ਤੋਂ ਹੁਣ ਸੈਲਾਨੀ ਆਸੇ ਪਾਸੇ ਦੇ ਨਜ਼ਾਰੇ ਦਾ ਆਨੰਦ ਲੈਂਦੇ ਹਨ। ਦਰਅਸਲ ਰਿਆਲਤੋ ਵੈਨਿਸ ਦਾ ਉਹ ਹਿੱਸਾ ਹੈ, ਜਿੱਥੇ ਬਾਜ਼ਾਰ ਲੱਗਦਾ ਸੀ (ਤੇ ਅੱਜ ਵੀ ਲੱਗਦਾ ਹੈ) ਤੇ ਏਥੇ ਪਹਿਲਾ ਪੁਲ 1250 ਵਿਚ ਬਣਾਇਆ ਗਿਆ, ਜੋ ਲੱਕੜੀ ਦਾ ਸੀ। ਇਸ ਪੁਲ ਦੀ ਏਨੀ ਜ਼ਿਆਦਾ ਵਰਤੋਂ ਹੁੰਦੀ ਸੀ ਕਿ 16ਵੀਂ ਸਦੀ ਵਿਚ ਪੱਥਰ ਦਾ ਪੱਕਾ ਅਜੋਕੇ ਰੂਪ ਵਾਲਾ ਪੁਲ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਜਿਸ ਰੂਪ ਵਿਚ ਅੱਜ ਅਸੀਂ ਇਸ ਨੂੰ ਦੇਖਦੇ ਹਾਂ, ਉਹ 1591 ਵਿਚ ਮੁਕੰਮਲ ਹੋਇਆ ਸੀ ।
ਰੈਸਤੋਰਾਨਾਂ ਦੀ ਭਰਮਾਰ
ਵਾਟਰ ਬੱਸਾਂ ( ਸਥਾਨਕ ਬੋਲੀ ਵਿੱਚ ਵਾਪਾਰੈੱਤੋ) ਦਾ ਮੁਖ ਰੂਟ ਇਹੋ ਗ੍ਰੈਂਡ ਕੈਨਾਲ ਹੈ ਤੇ ਉਨ੍ਹਾਂ ਸਭ ਨੂੰ ਰਿਆਲਤੋ ਪੁਲ ਦੇ ਹੇਠੋਂ ਲੰਘਣਾ ਪੈਂਦਾ ਹੈ। ਸੈਲਾਨੀਆਂ ਦੀ ਮੰਜ਼ਿਲ ਵੈਨਿਸ ਦਾ ਜਿਹੜਾ ਮਰਜ਼ੀ ਹਿੱਸਾ ਹੋਵੇ, ਉਹ ਇਕ ਵਾਰ ਇਸ ਪੁਲ ਵਾਲੇ ਸਟੌਪ ਤੇ ਰੁਕ ਕੇ ਗ੍ਰੈਂਡ ਕਨਾਲ ਦੇ ਮਨਮੋਹਕ ਨਜ਼ਾਰੇ ਦਾ ਆਨੰਦ ਜ਼ਰੂਰ ਲੈਂਦੇ ਹਨ ਤੇ ਇਹ ਹਰ ਵੇਲੇ ਫੋਟੋਆਂ ਖਿੱਚਦੇ ਸੈਲਾਨੀਆਂ ਨਾਲ ਖਚਾਖਚ ਭਰਿਆ ਰਹਿੰਦਾ ਹੈ। ਇਸ ਪੁਲ ਦੇ ਕੋਲ ਨਹਿਰ ਦੇ ਦੋਵੇਂ ਪਾਸੇ ਇਕ ਤੋਂ ਬਾਅਦ ਦੂਜੇ ਰੈਸਤੋਰਾਨਾਂ ਦੀ ਭਰਮਾਰ ਹੈ। ਵੈਨਿਸ ਦੀਆਂ ਕੂਲੀਆਂ ਗਰਮੀਆਂ ਦੇ ਲੰਮੇ ਤੇ ਸੁਹਾਵਣੇ ਦਿਨਾਂ ਵਿਚ ਬਾਹਰ ਨਹਿਰ ਦੇ ਕੰਢੇ ਉੱਤੇ ਖੁਲ੍ਹੇ ਅਸਮਾਨ ਹੇਠ ਬੈਠ ਕੇ ਖਾਣ-ਪੀਣ ਦਾ ਰਿਵਾਜ ਹੈ। ਪੂਰੀ ਤਰ੍ਹਾਂ ਵਾਹਨ-ਮੁਕਤ ਹੋਣ ਕਾਰਨ ਇਨ੍ਹਾਂ ਸੜਕਾਂ ’ਤੇ ਪ੍ਰਦੂਸ਼ਣ ਦੀ ਕੋਈ ਸਮੱਸਿਆ ਤਾਂ ਹੈ ਹੀ ਨਹੀਂ। ਰਿਆਲਤੋ ਪੁਲ ਤੋਂ ਇਲਾਵਾ ਵੈਨਿਸ ਦੀਆਂ 150 ਨਹਿਰਾਂ ਨੂੰ ਜੋੜਦੇ ਛੋਟੇ-ਵੱਡੇ 400 ਪੁਲ ਹੋਰ ਵੀ ਹਨ। ਕਿਤੇ ਵੀ ਜਾਂਦਿਆਂ ਹਰ 100-200 ਮੀਟਰ ਦੇ ਫ਼ਾਸਲੇ ’ਤੇ ਕੋਈ ਨਾ ਕੋਈ ਪੁਲ ਜ਼ਰੂਰ ਪਾਰ ਕਰਨਾ ਪੈਂਦਾ ਹੈ। ਇਹੋ ਇਸ ਨਹਿਰਾਂ ਵਾਲੇ ਸ਼ਹਿਰ ਦਾ ਅਨੂਠਾਪਣ ਹੈ।
-ਸੁਕੀਰਤ