- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਦਾਰ ਮਹਾਂ ਸਿੰਘ ਦੀ ਮੌਤ ਤੋਂ ਬਆਦ 1792 ਈਸਵੀ ਵਿਚ ਰਣਜੀਤ ਸਿੰਘ ਦੇ ਹੱਥਾਂ ਵਿਚ ਸ਼ੁਕਰਚੱਕੀਆ ਮਿਸਲ ਦੀ ਕਮਾਂਡ ਆ ਗਈ। ਸਰਦਾਰਨੀ ਸਦਾ ਕੌਰ ਨੇ ਆਪਣੇ ਜਵਾਈ ਰਣਜੀਤ ਸਿੰਘ ਦੀ ਸਰਪ੍ਰਸਤ ਬਣ ਕੇ ਸੁਚੱਜੀ ਅਗਵਾਈ ਕਰਨ ਦਾ ਮਾਣ ਪ੍ਰਾਪਤ ਕੀਤਾ। ਸਦਾ ਕੌਰ ਨੇ ਕਨ੍ਹਈਆ ਅਤੇ ਸ਼ੁਕਰਚੱਕੀਆ ਮਿਸਲ ਨੂੰ ਇਕਜੁੱਟ ਕਰ ਕੇ ਰਣਜੀਤ ਸਿੰਘ ਦੇ ਰਾਜ ਨੂੰ ਅੱਗੇ ਵਧਾਉਣ ਲਈ ਵਰਤਿਆ।

ਮੋਗਾ ਜ਼ਿਲ੍ਹੇ ਦੀ ਤਹਿਸੀਲ ਨਿਹਾਲ ਸਿੰਘ ਵਾਲਾ ’ਚ ਪੈਂਦਾ ਉੱਘਾ ਪਿੰਡ ਰਾਊਕੇ ਕਲਾਂ ਸਿੱਖ ਅਤੇ ਪੰਜਾਬ ਦੇ ਇਤਿਹਾਸ ’ਚ ਬਹੁਤ ਅਹਿਮ ਸਥਾਨ ਰੱਖਦਾ ਹੈ। ਇਤਿਹਾਸਕ ਵੇਰਵਿਆਂ ਅਨੁਸਾਰ ਇਸ ਪਿੰਡ ਦੀ ਮਿੱਟੀ ਵਿਚ ਖੇਡ ਕੇ ਵੱਡੀ ਹੋਈ ਸਰਦਾਰਨੀ ਸਦਾ ਕੌਰ ਦਾ ਨਾਂ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਉਨ੍ਹਾਂ ਦਾ ਜਨਮ 1762 ਈਸਵੀ ਵਿਚ ਜ਼ਿਲ੍ਹਾ ਫ਼ਿਰਜ਼ੋਪੁਰ (ਹੁਣ ਮੋਗਾ ਜ਼ਿਲ੍ਹਾ) ਦੇ ਪਿੰਡ ਰਾਊਕੇ ਕਲਾਂ ਵਿਖੇ ਦਸੌਂਧਾ ਸਿੰਘ ਦੇ ਘਰ ਹੋਇਆ। ਉਨ੍ਹਾਂ ਦਾ ਪਿਤਾ ਇਲਾਕੇ ਦਾ ਮੰਨਿਆ ਪ੍ਰਮੰਨਿਆ ਸਰਦਾਰ ਸੀ।
ਸਰਦਾਰਨੀ ਸਦਾ ਕੌਰ ਦਾ ਵਿਆਹ ਕਨ੍ਹਈਆ ਮਿਸਲ ਦੇ ਸਰਦਾਰ ਜੈ ਸਿੰਘ ਦੇ ਬੇਟੇ ਗੁਰਬਖ਼ਸ਼ ਸਿੰਘ ਨਾਲ ਹੋਇਆ। ਇਤਿਹਾਸਕ ਮਾਹਿਰਾਂ ਅਨੁਸਾਰ ਵਿਆਹ ਸਮੇਂ ਸਦਾ ਕੌਰ ਦੀ ਉਮਰ ਸਿਰਫ਼ 9 ਕੁ ਸਾਲ ਸੀ ਅਤੇ ਗੁਰਬਖ਼ਸ਼ ਸਿੰਘ ਦੀ ਉਮਰ ਵੀ ਨਿਆਣੀ ਹੀ ਸੀ। ਇਹ ਵੀ ਪਤਾ ਲੱਗਾ ਹੈ ਕਿ ਗੁਰਬਖ਼ਸ਼ ਸਿੰਘ 25 ਸਾਲ ਦੀ ਉਮਰ ’ਚ ਬਟਾਲੇ ਨੇੜੇ ਜਾਹਦਪੁਰ ਵਿਖੇ ਰਾਮਗੜ੍ਹੀਆ ਅਤੇ ਸੁਕਰਚੱਕੀਆਂ ਨਾਲ ਲੜਦਾ ਹੋਇਆ ਸਰੀਰ ਤਿਆਗ ਗਿਆ ਸੀ। ਇਉ ਰਾਣੀ ਸਦਾ ਕੌਰ ਭਰ ਜਵਾਨੀ ਵਿਚ ਹੀ ਵਿਧਵਾ ਹੋ ਗਈ ਸੀ।
ਸਦਾ ਕੌਰ ਨੇ ਕੀਤਾ ਬੇਟੀ ਦਾ ਵਿਆਹ ਮਹਾਰਾਜਾ ਰਣਜੀਤ ਸਿੰਘ ਨਾਲ ਜਵਾਨੀ ਪਹਿਰੇ ਵਿਧਵਾ ਹੋਈ ਸਰਦਾਰਨੀ ਸਦਾ ਕੌਰ ਦੀ ਇਕਲੌਤੀ ਧੀ ਮਹਿਤਾਬ ਕੌਰ ਸੀ। 1785 ਈਸਵੀ ਵਿਚ ਸਦਾ ਕੌਰ ਨੇ ਆਪਣੀ ਧੀ ਮਹਿਤਾਬ ਕੌਰ ਦਾ ਵਿਆਹ ਸ਼ੁਕਰਚੱਕੀਆ ਮਿਸਲਦਾਰ ਮਹਾਂ ਸਿੰਘ ਦੇ ਪੁੱਤਰ ਰਾਜਕੁਮਾਰ ਰਣਜੀਤ ਸਿੰਘ ਨਾਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਜੈ ਸਿੰਘ 81 ਸਾਲ ਦੀ ਉਮਰ ਭੋਗ ਕੇ 1789 ਵਿਚ ਚੜ੍ਹਾਈ ਕਰ ਗਿਆ। ਕਨ੍ਹਈਆ ਮਿਸਲ ਦਾ ਕੰਟਰੋਲ ਰਾਣੀ ਸਦਾ ਕੌਰ ਨੇ ਆਪਣੇ ਹੱਥ ’ਚ ਲੈ ਲਿਆ। ਉਹ 8000 ਦੀ ਤਾਕਤਵਾਰ ਘੋੜ ਸਵਾਰ ਫ਼ੌਜ ਦੀ ਕਮਾਂਡਰ ਬਣ ਗਈ।
ਸ਼ੁਕਰਚੱਕੀਆ ਮਿਸਲ ਦੀ ਕਮਾਂਡ ਰਣਜੀਤ ਸਿੰਘ ਦੇ ਹੱਥ ਆਈ
ਸਰਦਾਰ ਮਹਾਂ ਸਿੰਘ ਦੀ ਮੌਤ ਤੋਂ ਬਆਦ 1792 ਈਸਵੀ ਵਿਚ ਰਣਜੀਤ ਸਿੰਘ ਦੇ ਹੱਥਾਂ ਵਿਚ ਸ਼ੁਕਰਚੱਕੀਆ ਮਿਸਲ ਦੀ ਕਮਾਂਡ ਆ ਗਈ। ਸਰਦਾਰਨੀ ਸਦਾ ਕੌਰ ਨੇ ਆਪਣੇ ਜਵਾਈ ਰਣਜੀਤ ਸਿੰਘ ਦੀ ਸਰਪ੍ਰਸਤ ਬਣ ਕੇ ਸੁਚੱਜੀ ਅਗਵਾਈ ਕਰਨ ਦਾ ਮਾਣ ਪ੍ਰਾਪਤ ਕੀਤਾ। ਸਦਾ ਕੌਰ ਨੇ ਕਨ੍ਹਈਆ ਅਤੇ ਸ਼ੁਕਰਚੱਕੀਆ ਮਿਸਲ ਨੂੰ ਇਕਜੁੱਟ ਕਰ ਕੇ ਰਣਜੀਤ ਸਿੰਘ ਦੇ ਰਾਜ ਨੂੰ ਅੱਗੇ ਵਧਾਉਣ ਲਈ ਵਰਤਿਆ। ਇਤਿਹਾਸ ਅਨੁਸਾਰ 1796 ਵਿਚ ਅਫ਼ਗਾਨਿਸਤਾਨ ਸ਼ਾਹਜਮਾਨ ਨੇ ਤੀਹ ਹਜ਼ਾਰ ਫ਼ੌਜ ਨਾਲ ਪੰਜਾਬ ’ਤੇ ਹੱਲਾ ਬੋਲ ਦਿੱੱਤਾ। ਅਜਿਹੇ ਭੈਅ ਦੇ ਮਾਹੌਲ ਵਿਚ ਉਨ੍ਹਾਂ ਨੂੰ ਟੱਕਰ ਦੇਣ ਵਾਲਾ ਕੋਈ ਨਹੀਂ ਸੀ। ਪਰ ਸਰਦਾਰਨੀ ਸਦਾ ਕੌਰ ਨੇ ਸੂਝਬੂਝ ਦਾ ਪ੍ਰਣਾਮ ਦਿੰਦਿਆਂ ਸਰਬੱਤ ਖ਼ਾਲਸਾ ਸੱਦ ਕੇ ਅਫ਼ਗਾਨ ਡਾਕੂਆਂ ਤੋਂ ਪੰਜਾਬ ਨੂੰ ਬਚਾਉਣ ਦਾ ਐਲਾਨ ਕੀਤਾ। ਆਪਣੇ 17 ਸਾਲ ਦੇ ਜਵਾਈ ਰਣਜੀਤ ਸਿੰਘ ਨੂੰ ਹੌਸਲਾ ਤੇ ਥਾਪੜਾ ਦੇ ਕੇ ਅਫ਼ਗਾਨੀਆ ਨਾਲ ਲੋਹਾ ਲੈਣ ਲਈ ਭੇਜਿਆ। ਆਖ਼ਰ ਹਮਲਾਵਰਾਂ ਨੂੰ ਪਿਛਲਖੁਰੀ ਮੁੜਨਾ ਪਿਆ।
ਪਿੰਡ ਵਾਸੀਆਂ ਨੂੰ ਮਾਣ
ਪੰਜਾਬ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ’ਚ ਦਰਜ ਸਰਦਾਰਨੀ ਸਦਾ ਕੌਰ ’ਤੇ ਪਿੰਡ ਵਾਸੀਆਂ ਨੂੰ ਮਾਣ ਹੋਣਾ ਸੁਭਾਵਿਕ ਹੈ। ਪ੍ਰਧਾਨ ਬਲਜੀਤ ਸਿੰਘ, ਹਰਮੇਲ ਸਿੰਘ, ਹਰਦੇਵ ਸਿੰਘ, ਰਮਨਦੀਪ ਸਿੰਘ, ਗੁਰਮੇਲ ਸਿਘ, ਸੂਬੇਦਾਰ ਗੁਰਮੇਲ ਸਿੰਘ, ਜਰਨੈਲ ਸਿੰਘ, ਜਗਤਾਰ ਸਿੰਘ, ਜਸਵੀਰ ਸਿੰਘ ਅਤੇ ਰਾਜਿੰਦਰਪਾਲ ਸਿੰਘ ਰਾਜੂ ਆਦਿ ਮੋਹਤਬਰ ਵਿਅਕਤੀਆਂ ਨੇ ਦੱਸਿਆ ਕਿ ਪਿੰਡ ਵਿਚ ਸਦਾ ਕੌਰ ਦਾ ਬੁੱਤ ਲਗਾਇਆ ਗਿਆ ਹੈ ਅਤੇ ਸ਼ਾਨਦਾਰ ਗੇਟ ਬਣਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਲਾਹੌਰ ਵਾਸੀਆਂ ਨੇ ਭੰੰਗੀ ਮਿਸਲ ਤੋਂ ਤੰਗ ਆ ਕਿ ਰਣਜੀਤ ਸਿੰਘ ਤੇ ਸਰਦਾਰਨੀ ਸਦਾ ਕੌਰ ਨੂੰ ਲਾਹੌਰ ਸੰਭਾਲਣ ਦਾ ਸੱਦਾ ਦਿੱਤਾ। ਦੂਰਅੰਦੇਸ਼ ਸਦਾ ਕੌਰ ਨੇ ਦੱਸਿਆ ਕਿ ਜਿਹੜਾ ਲਾਹੌਰ ਦਾ ਮਾਲਕ ਹੁੰਦਾ ਹੈ ਉਹ ਹੀ ਪੰਜਾਬ ਦਾ ਮਾਲਕ ਬਣ ਜਾਂਦਾ ਹੈ। 7 ਜੁਲਾਈ 1799 ਨੂੰ ਪੱਚੀ ਹਜ਼ਾਰ ਫ਼ੌਜ ਨਾਲ ਰਣਜੀਤ ਸਿੰਘ ਤੇ ਸਦਾ ਕੌਰ ਨੇ ਲਾਹੌਰ ’ਤੇ ਹੱਲਾ ਬੋਲਿਆ। ਲਾਹੌਰੀਆਂ ਨੇ ਉਨ੍ਹਾਂ ਦਾ ਬਾਹਾਂ ਅੱਡ ਕੇ ਸਵਾਗਤ ਕੀਤਾ। ਇਉ ਸਰਦਾਰਨੀ ਸਦਾ ਕੌਰ ਨੇ ਮਹਾਰਾਜਾ ਰਣਜੀਤ ਸਿੰਘ ਨੂੰ 1801 ਵਿਚ ਪੰਜਾਬ ਦਾ ਮਹਾਰਾਜਾ ਬਣਾਇਆ। ਅੰਮਿ੍ਰਤਸਰ, ਚਨਿਓਟ, ਕਸੂਰ, ਅਟਕ, ਹਜ਼ਾਰਾ, ਦੀਆਂ ਲੜਾਈਆਂ ਦੌਰਾਨ ਉਹ ਰਣਜੀਤ ਸਿੰੰਘ ਦੇ ਨਾਲ ਚਟਾਨ ਵਾਂਗ ਡਟਕੇ ਲੜੀ ਤੇ ਜਿੱਤਾਂ ਦਰਜ ਕਰਵਾਈਆਂ। ਇਹ ਮਾਣਮੱਤੀ ਔਰਤ ਮਹਾਨ ਇਤਿਹਾਸ ਦੀ ਸਿਰਜਣਾ ਕਰ ਕੇ 1832 ਈਸਵੀ ਵਿਚ ਲਾਹੌਰ ਵਿਖੇ ਸਰੀਰਕ ਤੌਰ ’ਤੇ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ ਪਰ ਉਨ੍ਹਾਂ ਦੁਆਰਾ ਪਾਈਆਂ ਪੈੜਾਂ ਸਦਕਾ ਸਦਾ ਲਈ ਅਮਰ ਹੋ ਗਈ।
- ਮਨਪ੍ਰੀਤ ਸਿੰਘ ਮੱਲੇਆਣਾ