- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਟਿਆਲੇ ਦੀ ਸਭ ਤੋਂ ਵੱਡੀ ਪਛਾਣ ਇਸ ਦੇ ਨੌਂ ਦਰਵਾਜ਼ੇ ਹਨ, ਜੋ ਕਿਸੇ ਨੌਂਲੱਖੇ ਹਾਰ ਦੇ ਮਣਕਿਆਂ ਵਾਂਗ ਸ਼ਹਿਰ ਦੀ ਆਨ, ਬਾਨ ਅਤੇ ਸ਼ਾਨ ਨੂੰ ਸੰਭਾਲਦੇ ਰਹੇ ਹਨ। ਪਟਿਆਲੇ ਦੀ ਨਜ਼ਾਕਤ, ਅਦਬ, ਤਹਿਜ਼ੀਬ, ਵਿਲੱਖਣ ਬੋਲੀ ਤੇ ਰੰਗੀਲੇ ਮਿਜ਼ਾਜ ਦੀ ਤਰ੍ਹਾਂ ਹੀ ਇਹ ਦਰਵਾਜ਼ੇ ਵੀ ਇਸ ਦੀ ਵਿਲੱਖਣ ਪਛਾਣ ਦਾ ਅਹਿਮ ਹਿੱਸਾ ਰਹੇ ਹਨ।

ਪਟਿਆਲੇ ਦੀ ਸਭ ਤੋਂ ਵੱਡੀ ਪਛਾਣ ਇਸ ਦੇ ਨੌਂ ਦਰਵਾਜ਼ੇ ਹਨ, ਜੋ ਕਿਸੇ ਨੌਂਲੱਖੇ ਹਾਰ ਦੇ ਮਣਕਿਆਂ ਵਾਂਗ ਸ਼ਹਿਰ ਦੀ ਆਨ, ਬਾਨ ਅਤੇ ਸ਼ਾਨ ਨੂੰ ਸੰਭਾਲਦੇ ਰਹੇ ਹਨ। ਪਟਿਆਲੇ ਦੀ ਨਜ਼ਾਕਤ, ਅਦਬ, ਤਹਿਜ਼ੀਬ, ਵਿਲੱਖਣ ਬੋਲੀ ਤੇ ਰੰਗੀਲੇ ਮਿਜ਼ਾਜ ਦੀ ਤਰ੍ਹਾਂ ਹੀ ਇਹ ਦਰਵਾਜ਼ੇ ਵੀ ਇਸ ਦੀ ਵਿਲੱਖਣ ਪਛਾਣ ਦਾ ਅਹਿਮ ਹਿੱਸਾ ਰਹੇ ਹਨ। ਇਕ ਸਮਾਂ ਸੀ, ਜਦੋਂ ਇਹ ਦਰਵਾਜ਼ੇ ਸਿਰਫ਼ ਸ਼ਹਿਰ ਵਿਚ ਦਾਖ਼ਲ ਹੋਣ ਦੇ ਰਸਤੇ ਹੀ ਨਹੀਂ ਸਨ ਸਗੋਂ ਰਿਆਸਤੀ ਪਟਿਆਲੇ ਦੀ ਸ਼ਕਤੀ, ਸ਼ਾਨ ਅਤੇ ਸ਼ਾਹੀ ਠਾਠ-ਬਾਠ ਦੇ ਪ੍ਰਤੀਕ ਸਨ। ਬਾਹਰਲੇ ਦਰਵਾਜ਼ਿਆਂ ਵਿਚ ਸ਼ੇਰਾਂਵਾਲਾ ਗੇਟ, ਲਾਹੌਰੀ ਗੇਟ, ਸਰਹਿੰਦੀ ਗੇਟ, ਸੈਫ਼ਾਬਾਦੀ ਗੇਟ, ਸਨੌਰੀ ਗੇਟ, ਘਲੋੜੀ ਗੇਟ, ਸਮਾਨੀਆ ਗੇਟ, ਸੁਨਾਮੀ ਗੇਟ ਤੇ ਛੜਾ ਦਰਵਾਜ਼ਾ ਸ਼ਾਮਿਲ ਸਨ, ਜਦੋਂਕਿ ਅੰਦਰੂਨੀ ਦਰਵਾਜ਼ਿਆਂ ਵਿਚ ਦਰਸ਼ਨੀ ਗੇਟ, ਦਰਸ਼ਨੀ ਡਿਓੜੀ ਤੇ ਤੋਪਖ਼ਾਨਾ ਗੇਟ ਵਿਸ਼ੇਸ਼ ਮਹੱਤਤਾ ਰੱਖਦੇ ਸਨ।
1. ਸ਼ਾਹੀ ਸ਼ਾਨ ਦਾ ਖ਼ੂਬਸੂਰਤ ਮਨੂਨਾ ਸੀ ਸ਼ੇਰਾਂਵਾਲਾ ਗੇਟ
ਇਨ੍ਹਾਂ ਵਿੱਚੋਂ ਸ਼ੇਰਾਂਵਾਲਾ ਗੇਟ ਕਦੇ ਬਾਰਾਂਦਰੀ ਬਾਗ਼ ਵੱਲ ਖੁੱਲ੍ਹਦਾ ਸੀ। ਇਹ ਪਟਿਆਲੇ ਦੀ ਸਥਾਪਿਤ ਕਲਾ ਤੇ ਸ਼ਾਹੀ ਸ਼ਾਨ ਦਾ ਇਕ ਖ਼ੂਬਸੂਰਤ ਨਮੂਨਾ ਸੀ। ਆਪਣੇ ਸ਼ਾਨਦਾਰ ਭਵਨ ਨਿਰਮਾਣ ਤੇ ਵਿਲੱਖਣ ਬਣਤਰ ਕਾਰਨ ਇਹ ਸ਼ਹਿਰ ਦੀਆਂ ਸਭ ਤੋਂ ਪ੍ਰਮੁੱਖ ਇਤਿਹਾਸਕ ਨਿਸ਼ਾਨੀਆਂ ਵਿਚ ਗਿਣਿਆ ਜਾਂਦਾ ਸੀ। ਬਦਕਿਸਮਤੀ ਨਾਲ ਸਮੇਂ ਦੇ ਨਾਲ ਇਸ ਇਤਿਹਾਸਕ ਗੇਟ ਨੂੰ ਢਾਹ ਦਿੱਤਾ ਗਿਆ। ਮਹਾਰਾਜਾ ਭੁਪਿੰਦਰ ਸਿੰਘ ਦੇ ਪੋਤੇ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲ ਰਾਸ ਨਾ ਆਈ। ਉਨ੍ਹਾਂ ਨੇ ਪਟਿਆਲੇ ਦੀ ਆਨ, ਬਾਨ ਅਤੇ ਸ਼ਾਨ ਮੰਨੇ ਜਾਂਦੇ ਸ਼ੇਰਾਂਵਾਲਾ ਗੇਟ ਦਾ ਪੁਨਰ-ਨਿਰਮਾਣ ਕਰਵਾ ਕੇ ਇਸ ਇਤਿਹਾਸਕ ਵਿਰਾਸਤ ਨੂੰ ਨਵੀਂ ਜ਼ਿੰਦਗੀ ਦਿੱਤੀ। ਅੱਜ ਇਹ ਗੇਟ ਦੁਬਾਰਾ ਸ਼ਾਨ ਨਾਲ ਖੜ੍ਹਾ ਹੋ ਕੇ ਪਟਿਆਲੇ ਦੇ ਗੌਰਵਮਈ ਅਤੀਤ ਦੀ ਯਾਦ ਤਾਜ਼ਾ ਕਰਵਾਉਂਦਾ ਹੈ।
2. ਨਾਭਾ ਗੇਟ
ਇਸ ਤੋਂ ਅੱਗੇ ਸਿਨੇਮਾ ਵੱਲ ਨਾਭਾ ਗੇਟ ਹੁੰਦਾ ਸੀ। ਸਮੇਂ ਦੇ ਨਾਲ ਇਹ ਵੀ ਇਤਿਹਾਸ ਦੀ ਭੇਟ ਚੜ੍ਹ ਗਿਆ ਤੇ ਅੱਜ ਉਸ ਥਾਂ ’ਤੇ ਬਾਜ਼ਾਰ ਦੀ ਰੌਣਕ ਹੈ।
3. ਲਾਹੌਰ ਵੱਲ ਮੂੰਹ ਹੋਣ ਕਰਕੇ ਕਿਹਾ ਜਾਂਦਾ ਸੀ ਲਾਹੌਰੀ ਗੇਟ
ਲਾਹੌਰੀ ਗੇਟ ਦੀ ਆਪਣੀ ਹੀ ਸ਼ਾਨ ਸੀ। ਇਸ ਦਾ ਮੂੰਹ ਲਾਹੌਰ ਵੱਲ ਹੋਣ ਕਰਕੇ ਇਸ ਨੂੰ ਲਾਹੌਰੀ ਗੇਟ ਕਿਹਾ ਜਾਂਦਾ ਸੀ। ਲੇਡੀ ਡਫਰਿਨ ਹਸਪਤਾਲ ਤੇ ਅੱਜ ਦੇ ਮਾਤਾ ਕੌਸ਼ਲਿਆ ਹਸਪਤਾਲ ਦੇ ਇਲਾਕੇ ਨੇੜੇ ਸਥਿਤ ਇਹ ਦਰਵਾਜ਼ਾ ਵੀ ਕਾਲ ਦੇ ਪਹੀਏ ਹੇਠਾਂ ਆ ਗਿਆ ਅਤੇ ਢਾਹ ਦਿੱਤਾ ਗਿਆ। ਅੱਜ ਇਸ ਦਾ ਨਾਂ ਨੇ ਹੀ ਇਸ ਦੀ ਯਾਦ ਨੂੰ ਜਿਉਂਦਾ ਰੱਖਿਆ ਹੋਇਆ ਹੈ।
4. ਅੱਜ ਵੀ ਪੂਰੀ ਸ਼ਾਨ ਨਾਲ ਖੜ੍ਹਾ ਸਰਹਿੰਦੀ ਗੇਟ
ਰਾਜਪੁਰਾ ਰੋਡ ’ਤੇ ਕੌਲਾਂਵਾਲਾ ਟੋਭਾ ਦੇ ਸਾਹਮਣੇ ਸਥਿਤ ਸਰਹਿੰਦੀ ਦਰਵਾਜ਼ਾ ਉਨ੍ਹਾਂ ਇਤਿਹਾਸਕ ਨਿਸ਼ਾਨੀਆਂ ਵਿੱਚੋਂ ਹੈ, ਜਿਨ੍ਹਾਂ ਨੂੰ ਸਮਾਂ ਮਿਟਾ ਨਹੀਂ ਸਕਿਆ। ਇਹ ਅੱਜ ਵੀ ਆਪਣੀ ਪੂਰੀ ਸ਼ਾਨ ਨਾਲ ਖੜ੍ਹਾ ਹੈ ਅਤੇ ਰਿਆਸਤੀ ਪਟਿਆਲੇ ਦੇ ਸ਼ਾਨਦਾਰ ਅਤੀਤ ਦੀ ਗਵਾਹੀ ਦਿੰਦਾ ਹੈ।
5. ਬਹਾਦਰਗੜ੍ਹ ਵੱਲ ਖੁੱਲ੍ਹਦਾ ਸੀ ਸੈਫ਼ਾਬਾਦੀ ਦਰਵਾਜ਼ਾ
ਸੈਫ਼ਾਬਾਦੀ ਦਰਵਾਜ਼ਾ ਬਹਾਦਰਗੜ੍ਹ ਵੱਲ ਖੁੱਲ੍ਹਦਾ ਸੀ। ਇਸ ਦਾ ਨਾਂ ਪ੍ਰਸਿੱਧ ਸੂਫ਼ੀ ਫ਼ਕੀਰ ਨਵਾਬ ਸੈਫ਼ਉਦਦੀਨ ਨਾਲ ਜੁੜਿਆ ਹੋਇਆ ਸੀ। ਇਤਿਹਾਸ ਦੱਸਦਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਪਰਵਾਸ ਦੌਰਾਨ ਨਵਾਬ ਸੈਫ਼ਉਦਦੀਨ ਕੋਲ ਠਹਿਰੇ ਸਨ। ਗੁਰੂ ਸਾਹਿਬ ਦੇ ਪ੍ਰਭਾਵ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਕਸਬਾ ਸੈਫ਼ਾਬਾਦ ਦਾ ਨਾਂ ਬਦਲ ਕੇ ਬਹਾਦਰਗੜ੍ਹ ਰੱਖ ਦਿੱਤਾ ਸੀ। ਇਸ ਇਤਿਹਾਸਕ ਸਾਂਝ ਦੀ ਯਾਦ ਨੂੰ ਸੰਭਾਲਦਾ ਸੈਫ਼ਾਬਾਦੀ ਦਰਵਾਜ਼ਾ ਵੀ ਹੁਣ ਸਿਰਫ਼ ਇਤਿਹਾਸ ਦਾ ਹਿੱਸਾ ਬਣ ਕੇ ਰਹਿ ਗਿਆ ਹੈ।
6. ਸ਼ਹਿਰੀ ਵਿਕਾਸ ਦੀ ਭੇਟ ਚੜ੍ਹਿਆ ਸਨੌਰੀ ਦਰਵਾਜ਼ਾ
ਸਨੌਰੀ ਦਰਵਾਜ਼ਾ ਸਨੌਰ ਵੱਲ ਜਾਂਦੇ ਰਸਤੇ ਦਾ ਪ੍ਰਮੁੱਖ ਪ੍ਰਵੇਸ਼ ਦੁਆਰ ਸੀ। ਅੱਜ ਉਸ ਥਾਂ ਰੇਲਾ ਚੌਕ ਹੈ। ਘਲੋੜੀ ਗੇਟ ਮਾਈ ਜੀ ਦੀ ਸਰਾਂ ਦੇ ਨੇੜੇ ਸਥਿਤ ਸੀ। ਇਹ ਵੀ ਸ਼ਹਿਰੀ ਵਿਕਾਸ ਦੀ ਭੇਟ ਚੜ੍ਹ ਗਿਆ ਤੇ ਹੁਣ ਸਿਰਫ਼ ਯਾਦਾਂ ਵਿਚ ਹੀ ਵੱਸਦਾ ਹੈ।
7. ਮਹਿੰਦਰਾ ਕਾਲਜ ਦੇ ਸਾਥੀ ਵਾਂਗ ਖੜ੍ਹਾ ਸਮਾਨੀਆ ਗੇਟ
ਸਮਾਨੀਆ ਗੇਟ ਅੱਜ ਵੀ ਮਹਿੰਦਰਾ ਕਾਲਜ ਦੇ ਸਾਥੀ ਵਾਂਗ ਖੜ੍ਹਾ ਹੈ। ਇਕ ਸਮਾਂ ਸੀ ਜਦੋਂ ਮਹਿੰਦਰਾ ਕਾਲਜ ਦੇ ਵਿਦਿਆਰਥੀ ਇਸੇ ਦਰਵਾਜ਼ੇ ਰਾਹੀਂ ਕਾਲਜ ਆਉਂਦੇ-ਜਾਂਦੇ ਸਨ। ਨੇੜੇ ਸਥਿਤ ਠੰਢੀ ਖੂਹੀ ਪਟਿਆਲੇ ਦੀ ਅਮੀਰ ਵਿਰਾਸਤ ਦਾ ਅਨਮੋਲ ਹਿੱਸਾ ਸੀ। ਗਰਮੀਆਂ ਵਿਚ ਇਸ ਦਾ ਠੰਢਾ ਪਾਣੀ ਵਿਦਿਆਰਥੀਆਂ ਤੇ ਰਾਹਗੀਰਾਂ ਲਈ ਵੱਡਾ ਸਹਾਰਾ ਹੁੰਦਾ ਸੀ। ਅੱਜ ਵੀ ਅਣਗਿਣਤ ਪੁਰਾਣੇ ਮਹਿੰਦਰੀਏ ਇਸ ਪਾਣੀ ਨੂੰ ਬੜੇ ਚਾਵਾਂ ਨਾਲ ਯਾਦ ਕਰਦੇ ਹਨ।
8. ਸੁਨਾਮੀ ਗੇਟ
ਪੁਰਾਣਾ ਮੋਤੀ ਬਾਗ਼ ਆਪਣੇ ਆਪ ’ਚ ਵਿਲੱਖਣ ਸ਼ਾਹੀ ਮਹਿਲ ਹੈ, ਜਿਸ ਦੀ ਕਹਾਣੀ ਇੰਨੀ ਵਿਸ਼ਾਲ ਹੈ ਕਿ ਉਸ ਉੱਤੇ ਵੱਖਰੇ ਤੌਰ ’ਤੇ ਲਿਖਣਾ ਬਣਦਾ ਹੈ। ਇਸ ਤੋਂ ਅੱਗੇ ਆਉਂਦਾ ਹੈ ਦਿਲਦਾਰ ਸੁਨਾਮੀ ਗੇਟ। ਇਸ ਦੀ ਸ਼ਾਨ ਨੂੰ ਮੋਦੀ ਕਾਲਜ ਵੀ ਘਟਾ ਨਹੀਂ ਸਕਿਆ ਸਗੋਂ ਮੋਦੀ ਕਾਲਜ ਦੀ ਪਛਾਣ ਹੀ ਸੁਨਾਮੀ ਗੇਟ ਦੀ ਇਤਿਹਾਸਕ ਮੌਜੂਦਗੀ ਨਾਲ ਹੋਰ ਨਿਖ਼ਰਦੀ ਹੈ।
9. ਇਕੱਲੇ ਪੱਲੇ ਵਾਲਾ ਦਰਵਾਜ਼ਾ
ਪੁਰਾਣੀ ਤਹਿਸੀਲ ਨੇੜੇ ਇਕ ਇਕੱਲੇ ਪੱਲੇ ਵਾਲਾ ਦਰਵਾਜ਼ਾ ਵੀ ਹੁੰਦਾ ਸੀ। ਅਸੀਂ ਆਪਣੇ ਬਚਪਨ ਵਿਚ ਉਸ ਨੂੰ ‘ਛੜਾ ਦਰਵਾਜ਼ਾ’ ਕਹਿੰਦੇ ਸੀ। ਸਮੇਂ ਨਾਲ ਇਹ ਵੀ ਲੋਪ ਹੋ ਗਿਆ ਪਰ ਸ਼ਹਿਰ ਦੀਆਂ ਯਾਦਾਂ ਵਿਚ ਇਸ ਦਾ ਜ਼ਿਕਰ ਅੱਜ ਵੀ ਜ਼ਿੰਦਾ ਹੈ। ਪੋਲੋ ਗਰਾਊਂਡ ਪਟਿਆਲੇ ਦੇ ਖੇਡ ਇਤਿਹਾਸ ਦਾ ਸ਼ਾਨਦਾਰ ਅਧਿਆਇ ਹੈ ਅਤੇ ਅੱਜ ਵੀ ਸ਼ਹਿਰ ਦੀ ਵੱਡਮੁੱਲੀ ਵਿਰਾਸਤ ਵਜੋਂ ਜਾਣਿਆ ਜਾਂਦਾ ਹੈ। ਪਟਿਆਲਾ ਰਿਆਸਤ ਦੀ ਪੋਲੋ ਟੀਮ ਇੱਥੇ ਅਭਿਆਸ ਕਰਦੀ ਸੀ ਅਤੇ 1911 ਵਿਚ ਵਿਸ਼ਵ ਪੱਧਰ ’ਤੇ ਨਾਮਣਾ ਖੱਟਿਆ। ਇਸ ਗੌਰਵਮਈ ਇਤਿਹਾਸ ਦੀ ਝਲਕ ਅੱਜ ਵੀ ਪਟਿਆਲੇ ਦੇ ਰਾਜ ਚਿੰਨ੍ਹ ਵਿਚ ਵੇਖੀ ਜਾ ਸਕਦੀ ਹੈ, ਜਿੱਥੇ ਢਾਲ਼ ਦੇ ਦੋਹਾਂ ਪਾਸੇ ਪੋਲੋ ਦੇ ਦੋ ਸਵਾਰ ਇਸ ਸ਼ਾਨਦਾਰ ਵਿਰਾਸਤ ਦੇ ਪ੍ਰਤੀਕ ਵਜੋਂ ਖੜ੍ਹੇ ਹਨ।
ਪਟਿਆਲਵੀਆਂ ਦੇ ਦਿਲਾਂ ’ਚ ਅੱਜ ਵੀ ਤਾਜ਼ਾ ਯਾਦਾਂ
ਸ਼ਹਿਰ ਦੇ ਅੰਦਰਲੇ ਹਿੱਸੇ ਦੀ ਸ਼ਾਨ ਨੂੰ ਵਧਾਉਣ ਵਾਲੇ ਦਰਸ਼ਨੀ ਗੇਟ, ਦਰਸ਼ਨੀ ਡਿਓੜੀ ਤੇ ਤੋਪਖ਼ਾਨਾ ਗੇਟ ਵੀ ਆਪਣੀ ਵਿਲੱਖਣ ਮਹੱਤਤਾ ਰੱਖਦੇ ਹਨ। ਇਹ ਸਿਰਫ਼ ਪ੍ਰਵੇਸ਼ ਦੁਆਰ ਨਹੀਂ ਸਨ ਸਗੋਂ ਰਿਆਸਤੀ ਪਟਿਆਲੇ ਦੀ ਸ਼ਾਹੀ ਸ਼ਾਨ, ਸਥਾਪਤ ਕਲਾ ਤੇ ਸੈਨਿਕ ਸ਼ਕਤੀ ਦੇ ਪ੍ਰਤੀਕ ਸਨ। ਪਟਿਆਲੇ ਦੇ ਇਹ ਨੌਂ ਦਰਵਾਜ਼ੇ ਕੇਵਲ ਇੱਟਾਂ ਤੇ ਪੱਥਰਾਂ ਦੀਆਂ ਬਣਤਰਾਂ ਨਹੀਂ ਸਨ। ਇਹ ਸ਼ਹਿਰ ਦੀ ਰੂਹ, ਇਸ ਦੇ ਇਤਿਹਾਸ, ਤਹਿਜ਼ੀਬ ਅਤੇ ਇਸ ਦੀ ਪਛਾਣ ਦੇ ਜੀਵੰਤ ਪ੍ਰਤੀਕ ਸਨ। ਕੁਝ ਅੱਜ ਵੀ ਸ਼ਾਨ ਨਾਲ ਖੜ੍ਹੇ ਹਨ ਕੁਝ ਸਮੇਂ ਦੀ ਧੂੜ ਵਿਚ ਗੁੰਮ ਹੋ ਚੁੱਕੇ ਹਨ ਪਰ ਉਨ੍ਹਾਂ ਦੀਆਂ ਯਾਦਾਂ ਅਜੇ ਵੀ ਪਟਿਆਲਵੀਆਂ ਦੇ ਦਿਲਾਂ ਵਿਚ ਉਸੇ ਤਰ੍ਹਾਂ ਵੱਸਦੀਆਂ ਹਨ, ਜਿਵੇਂ ਉਹ ਕਦੇ ਸ਼ਹਿਰ ਦੀਆਂ ਕੰਧਾਂ ’ਚ ਵੱਸਦੀਆਂ ਸਨ।
- ਅਵਿਨਾਸ਼ ਚੰਦਰ