- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉੱਤਰੀ ਇਟਲੀ ਵਿਚ ਸਾਗਰ ਕੰਢੇ ਵੱਸਿਆ ਜੇਨੋਵਾ (ਇਸਦਾ ਇਤਾਲਵੀ ਨਾਂਅ ਜੇਨੋਆ ਹੈ), ਫਰਾਂਸ ਦੇ ਸ਼ਹਿਰ ਮਾਰਸੇਈ ਤੋਂ ਬਾਅਦ ਭੂਮੱਧ ਸਾਗਰ ਦੀ ਸਭ ਤੋਂ ਵੱਡੀ ਬੰਦਰਗਾਹ ਹੈ। ਨੌਂ ਲੱਖ ਦੀ ਆਬਾਦੀ ਵਾਲਾ, 243 ਵਰਗ ਕਿਲੋਮੀਟਰ ’ਚ ਫੈਲਿਆ ਇਹ ਸ਼ਹਿਰ ਇਟਲੀ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਹੈ ਅਤੇ ਸਮੁੰਦਰੀ ਜਹਾਜ਼ ਬਣਾਉਣ ਵਾਲੀ ਸਨਅਤ ਦਾ ਇਹ ਮਹੱਤਵਪੂਰਣ ਕੇਂਦਰ ਹੈ।

ਉੱਤਰੀ ਇਟਲੀ ਵਿਚ ਸਾਗਰ ਕੰਢੇ ਵੱਸਿਆ ਜੇਨੋਵਾ (ਇਸਦਾ ਇਤਾਲਵੀ ਨਾਂਅ ਜੇਨੋਆ ਹੈ), ਫਰਾਂਸ ਦੇ ਸ਼ਹਿਰ ਮਾਰਸੇਈ ਤੋਂ ਬਾਅਦ ਭੂਮੱਧ ਸਾਗਰ ਦੀ ਸਭ ਤੋਂ ਵੱਡੀ ਬੰਦਰਗਾਹ ਹੈ। ਨੌਂ ਲੱਖ ਦੀ ਆਬਾਦੀ ਵਾਲਾ, 243 ਵਰਗ ਕਿਲੋਮੀਟਰ ’ਚ ਫੈਲਿਆ ਇਹ ਸ਼ਹਿਰ ਇਟਲੀ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਹੈ ਅਤੇ ਸਮੁੰਦਰੀ ਜਹਾਜ਼ ਬਣਾਉਣ ਵਾਲੀ ਸਨਅਤ ਦਾ ਇਹ ਮਹੱਤਵਪੂਰਣ ਕੇਂਦਰ ਹੈ।
ਤੋਰੀਨੋ ਤੋਂ ਆਪਣੇ ਮਿੱਤਰ ਅਰੁਣ ਨਾਲ ਇਕ ਸਪਤਾਹ ਅੰਤ ’ਤੇ ਅਸੀਂ ਜੇਨੋਵਾ ਜਾਣ ਦਾ ਪ੍ਰੋਗਰਾਮ ਬਣਾਇਆ ਅਤੇ ਦੋ ਘੰਟੇ ਦੇ ਰੇਲ ਦੇ ਸਫ਼ਰ ਮਗਰੋਂ ਪਹਾੜੀਆਂ ਦੇ ਪੈਰਾਂ ਵਿਚ ਵੱਸੇ ਇਸ ਸਾਗਰ ਤਟੀ ਸ਼ਹਿਰ ਪਹੁੰਚ ਗਏ। ਸਟੇਸ਼ਨ ਤੋਂ ਬਾਹਰ ਨਿਕਲਦਿਆਂ ਹੀ ਸਾਡੀ ਨਜ਼ਰ ਵੱਡੇ ਸਾਰੇ ਬੁੱਤ ’ਤੇ ਪਈ। ਇਹ ਕ੍ਰਿਸਟੋਫ਼ਰ ਕੋਲੰਬਸ ਦਾ ਬੁੱਤ ਸੀ। ਜੀ ਹਾਂ, ਉਸੇ ਕੋਲੰਬਸ ਦਾ ਜੋ ਯੂਰਪ ਤੋਂ ਭਾਰਤ ਲਈ ਛੋਟੇ ਸਮੁੰਦਰੀ ਰੂਟ ਦੀ ਤਲਾਸ਼ ਵਿਚ ਨਿਕਲਿਆ ਸੀ ਪਰ ਪਹੁੰਚ ਅਮਰੀਕਾ ਗਿਆ। ਕੋਲੰਬਸ ਦੇ ਇਸ ਵਿਸ਼ਾਲ ਬੁੱਤ ਉੱਤੇ ਵੱਡੇ-ਵੱਡੇ ਅੱਖ਼ਰਾਂ ਵਿਚ ਉਸਦੇ ਨਾਂਅ ਹੇਠ ‘ਲਾ ਪਾਤਰੀਆ’ ਲਿਖਿਆ ਹੋਇਆ ਸੀ ; ਅਰੁਣ ਨੇ ਦੱਸਿਆ ਕਿ ਇਨ੍ਹਾਂ ਸ਼ਬਦਾਂ ਦਾ ਅਰਥ ਜਨਮਭੂਮੀ ਹੈ। ਸਾਨੂੰ ਸਕੂਲ ਵਿਚ ਪੜ੍ਹਾਇਆ ਗਿਆ ਸੀ ਕਿ ਕੋਲੰਬਸ ਸਪੇਨ ਦਾ ਸੀ, ਪਰ ਹੁਣ ਪਤਾ ਲੱਗਾ ਕਿ ਸਾਰੀ ਉਮਰ ਸਪੇਨ ਵਿਚ ਰਹਿਣ ਵਾਲੇ ਕੋਲੰਬਸ ਦਾ ਜਨਮ ਜੇਨੋਵਾ ਵਿਚ ਹੋਇਆ ਸੀ, ਸੋ ਇਹ ਬੁੱਤ ਇਸ ਸ਼ਹਿਰ ਦੀ ਆਪਣੇ ਲਾਲ ਪ੍ਰਤੀ ਸ਼ਰਧਾ ਦਾ ਲਖਾਇਕ ਹੈ ।
ਯੂਰਪ ਦੇ ਬਹੁਤੇ ਇਤਿਹਾਸਕ ਸ਼ਹਿਰਾਂ ਵਾਂਗ ਜੇਨੋਵਾ ਦੇ ਕੇਂਦਰੀ ਹਿੱਸਿਆਂ ਵਿਚ ਵੀ ਛੋਟੀਆਂ ਸੜਕਾਂ ਉੱਤੇ ਸਿਰਫ਼ ਪੈਦਲ ਚਲਣ ਦੀ ਇਜਾਜ਼ਤ ਹੈ। ਰੇਲਵੇ ਸਟੇਸ਼ਨ ’ਤੇ ਬਣੇ ਟੂਰਿਸਟ ਕੇਂਦਰ ਤੋਂ ਅਸੀ ਸ਼ਹਿਰ ਦਾ ਨਕਸ਼ਾ ਲਿਆ ਤੇ ਪੈਦਲ ਹੀ ਬੰਦਰਗਾਹ ਦੀ ਦਿਸ਼ਾ ਵਲ ਨਿਕਲ ਪਏ । ਯੂਰਪ ਦੇ ਹਰ ਦੇਖਣਯੋਗ ਸ਼ਹਿਰ ਦੇ ਸਟੇਸ਼ਨ ਤੋਂ ਤੁਹਾਨੂੰ ਉਸ ਸ਼ਹਿਰ ਦਾ ਸੈਲਾਨੀ-ਨਕਸ਼ਾ ਮਿਲ ਜਾਂਦਾ ਹੈ ਅਤੇ ਆਮ ਤੌਰ ’ਤੇ ਇਸ ਲਈ ਕੋਈ ਮੁੱਲ ਵੀ ਨਹੀਂ ਤਾਰਨਾ ਪੈਂਦਾ। ਇਹੋ ਜਿਹੇ ਬਹੁਤੇ ਇਤਿਹਾਸਕ ਸ਼ਹਿਰਾਂ ਦੇ ਦੇਖਣਯੋਗ ਥਾਂ (ਕੇਂਦਰ) ਕਾਫ਼ੀ ਸੰਘਣੇ ਹੁੰਦੇ ਹਨ ਅਤੇ ਪੈਦਲ ਤੁਰਨ ਨਾਲ ਸਭ ਕੁਝ ਚੰਗੀ ਤਰ੍ਹਾਂ ਵਾਚਿਆ ਜਾ ਸਕਦਾ ਹੈ ।
ਅਸੀ ਸਟੇਸ਼ਨ ਤੋਂ ਵੀਆ ਗੈਰੀਬਾਲਡੀ ਸੜਕ ਵਲ ਮੁਖ ਕੀਤਾ। ਜਿਵੇਂ ਭਾਰਤ ਦੇ ਹਰ ਸ਼ਹਿਰ ਵਿਚ ਮਹਾਤਮਾ ਗਾਂਧੀ ਰੋਡ ਹੁੰਦੀ ਹੈ, ਇਟਲੀ ਦੇ ਹਰ ਵੱਡੇ ਸ਼ਹਿਰ ਵਿਚ ਵੀਆ ਗੈਰੀਬਾਲਡੀ ਹੂੰਦੀ ਹੈ ਕਿਓਂਕੇ ਇਸ ਕੌਮਪ੍ਰਸਤ ਜਰਨੈਲ ਦਾ 1861 ਵਿਚ ਇਟਲੀ ਨੂੰ ਏਕੀਕ੍ਰਿਤ ਰਾਜ ਬਣਾਣ ਵਿਚ ਅਹਿਮ ਯੋਗਦਾਨ ਸੀ। ਜੇਨੋਵਾ ਦੀ ਵੀਆ ਗੈਰੀਬਾਲਡੀ ਦਾ ਵਿਸ਼ੇਸ਼ ਸਥਾਨ ਹੈ ਕਿਓਂਕੇ ਇਸ ’ਤੇ ਬਣੀਆਂ 16ਵੀਂ ਸਦੀ ਦੀਆਂ ਇਤਿਹਾਸਕ ਇਮਾਰਤਾਂ ਕਾਰਨ 2006 ਵਿਚ ਇਸਨੂੰ ਵਰਲਡ ਹੈਰੀਟੇਜ ਲਿਸਟ (ਸੰਸਾਰ ਵਿਰਾਸਤੀ ਸੂਚੀ) ’ਤੇ ਲੈ ਆਂਦਾ ਗਿਆ ਹੈ। ਸਾਡਾ ਪਹਿਲਾ ਪੜਾਅ ਜੋਨੋਵਾ ਦੀ ਯੂਨੀਵਰਸਟੀ ਸੀ। 1471 ਵਿਚ ਬਣਾਈ ਗਈ ਇਸ ਯੂਨੀਵਰਸਟੀ ਵਿਚ ਹੁਣ 40,000 ਵਿਦਿਆਰਥੀ ਪੜ੍ਹਦੇ ਹਨ ਅਤੇ ਇਟਲੀ ਦੇ ਸਭ ਤੋਂ ਵੱਡੇ ਵਿਸ਼ਵਵਿਦਿਆਲਿਆਂ ਵਿਚ ਸ਼ੁਮਾਰ ਹੁੰਦੀ ਹੈ ਪਰ ਸੈਲਾਨੀ ਦ੍ਰਿਸ਼ਟੀ ਤੋਂ ਇਸ ਦੀ ਖ਼ਾਸੀਅਤ ਇਹ ਹੈ ਕਿ ਪਹਾੜੀ ਦੀ ਢਲਾਨ ’ਤੇ ਬਣੀ ਹੋਈ ਹੋਣ ਕਾਰਨ ਇਹ ਨਿੱਕੀਆਂ-ਵੱਡੀਆਂ ਕਈ ਮੰਜ਼ਲਾਂ ’ਤੇ ਫੈਲੀ ਹੋਈ ਹੈ, ਜਿਹੜੀਆਂ ਆਪਸ ਵਿਚ ਵਿਸ਼ਾਲ ਪੌੜ੍ਹੀਆਂ ਰਾਹੀਂ ਜੁੜਦੀਆਂ ਹਨ। ਨੌਜਵਾਨ ਵਿਦਿਆਰਥੀਆਂ ਲਈ ਤਾਂ ਇਹ ਕੋਈ ਮੁਸ਼ਕਲ ਕੰਮ ਨਹੀਂ ਪਰ ਪ੍ਰੌੜ ਪ੍ਰੋਫ਼ੈਸਰਾਂ ਲਈ ਆਸਾਨ ਵੀ ਨਹੀਂ । ਸਾਡੇ ਓਥੇ ਜਾਣ ਸਮੇਂ ਛੁੱਟੀਆਂ ਚਲ ਰਹੀਆਂ ਸਨ, ਸੋ ਸੈਲਾਨੀਆਂ ਨੂੰ ਅੰਦਰ ਜਾ ਕੇ ਸਾਰੀ ਇਮਾਰਤ ਦੇਖਣ ਦੀ ਇਜਾਜ਼ਤ ਸੀ, ਤਾਂ ਵੀ ਅਸੀ ਤਿੰਨ ਮੰਜ਼ਲਾਂ ਚੜ੍ਹਨ ਤੋਂ ਬਾਅਦ ਹੀ ਵਾਪਸ ਮੁੜ ਆਏ। ਅੱਗੇ ਜਾ ਕੇ ਇਸ ਸ਼ਹਿਰ ਦੇ ਅਮੀਰ ਇਤਿਹਾਸ ਦੇ ਗਵਾਹ ਚਾਰ ਵੱਡੇ ਮਹਿਲ ਹਨ: ਲਾਲ ਮਹਿਲ, ਚਿੱਟਾ ਮਹਿਲ, ਗਰਿਮਾਲਦੀ ਮਹਿਲ ਤੇ ਰਾਜਮਹਿਲ। ਇਹ ਪੰਦਰਵੀਂ ਸੋਲ੍ਹਵੀਂ ਸਦੀ ਵਿਚ ਜੇਨੋਵਾ ਦੇ ਸਭ ਤੋਂ ਅਮੀਰ ਕੁਨਬਿਆਂ ਦੀਆਂ ਰਿਹਾਇਸ਼ਾਂ ਸਨ। ਹੁਣ ਇਨ੍ਹਾਂ ਵਿਚ ਅਜਾਇਬ ਘਰ ਬਣੇ ਹੋਏ ਹਨ। ਦਰਅਸਲ ਜੇਨੋਵਾ ਦਾ ਇਤਿਹਾਸ ਦੋ ਹਜ਼ਾਰ ਸਾਲ ਤੋਂ ਵੀ ਵੱਧ ਪੁਰਾਣਾ ਹੈ, ਪਰ ਗਿਆਰ੍ਹਵੀਂ ਸਦੀ ਤੀਕ ਇਹ ਸੁਤੰਤਰ ਨਗਰ-ਰਾਜ ਬਣ ਗਿਆ। ਭੂਮੱਧ ਸਾਗਰ ਵਿਚ ਕੁਦਰਤੀ ਵੱਡੀ ਬੰਦਰਗਾਹ ਹੋਣ ਕਾਰਨ ਇਹ ਵੱਡਾ ਵਪਾਰ ਕੇਂਦਰ ਬਣ ਚੁੱਕਾ ਸੀ।
ਇਸਦੇ ਮਹੱਤਵ ਦੀ ਸਭ ਤੋਂ ਵੱਡੀ ਮਿਸਾਲ ਇਹ ਹੈ ਕਿ ਇੰਗਲੈਂਡ ਦਾ ਝੰਡਾ ਯੂਨੀਅਨ ਜੈਕ, ਦਰਅਸਲ ਜੇਨੋਵਾ ਦਾ ਝੰਡਾ ਹੈ। ਸਮੁੰਦਰੀ ਜਹਾਜ਼ਰਾਨੀ ਦੇ ਉਨ੍ਹਾਂ ਸਮਿਆਂ ਵਿਚ ਏਸ਼ੀਆ ਵੱਲ ਜਾਂਦੇ ਪੱਛਮੀ ਯੂਰਪ ਦੇ ਹਰ ਜਹਾਜ਼ ਨੂੰ ਜੇਨੋਵਾ ਵਿੱਚੋਂ ਲੰਘਣਾ ਪੈਂਦਾ ਸੀ । 1190 ਵਿਚ ਇੰਗਲੈਂਡ ਨੇ ਜੇਨੋਵਾ ਵਿੱਚੋਂ ਲੰਘਣ ਵਾਲੇ ਆਪਣੇ ਜਹਾਜ਼ਾਂ ਉੱਤੇ ਏਸੇ ਸ਼ਹਿਰ ਦਾ ਝੰਡਾ ਫਹਿਰਾਉਣਾ ਸ਼ੁਰੂ ਕੀਤਾ, ਤੇ ਸਮਾਂ ਪਾ ਕੇ ਇਹੋ ਜਹਾਜ਼ੀ ਝੰਡਾ ਇੰਗਲੈਂਡ ਦਾ ਕੌਮੀ ਝੰਡਾ ਬਣ ਗਿਆ। ਉਨ੍ਹਾਂ ਦਿਨਾਂ ਵਿਚ ਇੰਗਲੈਂਡ ਦਾ ਰਾਜਾ ਆਪਣੇ ਜਹਾਜ਼ ਜੇਨੋਵਾ ਵਿੱਚੋਂ ਲੰਘਣ ਦੇਣ ਦੇ ਇਵਜ਼ ਵਿਚ ਓਥੋਂ ਦੇ ਸਰਦਾਰ ਕੋਲ ਸਾਲਾਨਾ ਟੈਕਸ ਭਰਦਾ ਹੁੰਦਾ ਸੀ।
ਜੇਨੋਵਾ ਦੇ ਐਨ ਕੇਂਦਰ ਵਿਚ ਸਾਨ ਲੋਰੈਂਜ਼ੋ (ਸੰਤ ਲਾਰੈਂਸ) ਦਾ ਆਲੀਸ਼ਾਨ ਗਿਰਜਾ ਹੈ। ਇਸਦੀ ਇਕ ਖ਼ਾਸੀਅਤ ਕਾਲੇ ਤੇ ਚਿੱਟੇ ਪੱਥਰਾਂ ਦੇ ਸੁਮੇਲ ਨਾਲ ਬਣੀਆਂ ਇਸ ਦੀਆਂ ਵਿਸ਼ਾਲ ਕੰਧਾਂ ਹਨ। ਭਾਂਵੇਂ ਇਸਦਾ ਅਜੋਕਾ ਰੂਪ ਚੌਦਵੀਂ ਸਦੀ ਵਿਚ ਤਿਆਰ ਹੋਇਆ ਪਰ ਖ਼ੁਦਾਈ ਕਰਨ ’ਤੇ ਇਸ ਹੇਠਾਂ ਪੰਜਵੀਂ ਸਦੀ ਦੀਆਂ ਕਬਰਾਂ ਤੇ ਹੋਰ ਖੰਡਹਰ ਮਿਲੇ ਹਨ, ਜਿਸ ਤੋਂ ਇਸ ਦੀ ਅਸਲੀ ਉਮਰ ਦਾ ਪਤਾ ਲੱਗਦਾ ਹੈ। ਇਸ ਗਿਰਜੇ ਤੋਂ ਥੋੜ੍ਹਾ ਅੱਗੇ ਜਾ ਕੇ ਹੀ ਸਮੁੰਦਰ ਆ ਗਿਆ ਤੇ ਪੁਰਾਣੀ ਬੰਦਰਗਾਹ ਦਿਸਣ ਲਗ ਪਈ। ਏਸ ਬੰਦਰਗਾਹ ਵਿਚ ਜੇਨੋਵਾ ਦੀ ਪਛਾਣ, ਦੁਨੀਆ ਦਾ ਸਭ ਤੋਂ ਪੁਰਾਣਾ ਪਰ ਹੁਣ ਤੀਕ ਚਾਲੂ ਪ੍ਰਕਾਸ਼-ਸਤੰਭ ਬਣਿਆ ਹੋਇਆ ਹੈ । ਇਸ ਦਾ ਸ਼ੁਮਾਰ ਦੁਨੀਆ ਦੇ ਪੰਜ ਸਭ ਤੋਂ ਉੱਚੇ ਪ੍ਰਕਾਸ਼ ਸਤੰਭਾਂ ਵਿਚ ਹੁੰਦਾ ਹੈ ਤੇ ਇਸਨੂੰ ‘ਲਾ ਲਾਨਤੇਰਨਾ’ (ਲਾਲਟੈਨ) ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ।
ਇਸ ਬੰਦਰਗਾਹ ਵਿਚ ਅਜੇ ਵੀ ਸੋਲ੍ਹਵੀਂ ਸਦੀ ਦਾ ਬਾਦਬਾਨਾਂ ਵਾਲਾ ਇਕ ਸਮੁੰਦਰੀ ਜਹਾਜ਼ ਬੜੀ ਵਧੀਆ ਹਾਲਤ ਵਿਚ ਲੰਗਰ ਸੁੱਟੀ ਖੜ੍ਹੋਤਾ ਦਿਸਦਾ ਹੈ। ਹੁਣ ਇਸ ਜਹਾਜ਼ ’ਤੇ ਫਿਲਮਾਂ ਦੀ ਸ਼ੂਟਿੰਗ ਹੁੰਦੀ ਹੈ ਅਤੇ ਆਮ ਦਿਨਾਂ ਉੱਤੇ 5 ਯੂਰੋ ਦੀ ਟਿਕਟ ਖ਼ਰਚ ਕੇ ਸੈਲਾਨੀ ਇਸ ਉੱਤੇ ਚੜ੍ਹ ਕੇ ਇਸਨੂੰ ਅੰਦਰੋਂ ਦੇਖ ਵੀ ਸਕਦੇ ਹਨ। ਇਸਦੇ ਨਾਲ ਹੀ ਯੂਰਪ ਦਾ ਸਭ ਤੋਂ ਵੱਡਾ ਮਛਲੀਘਰ ਬਣਿਆ ਹੋਇਆ ਹੈ, ਜਿੱਥੇ ਪਾਰਦਰਸ਼ੀ ਕੰਧਾਂ ਦੇ ਪਿੱਛੇ ਪਾਣੀ ਵਿਚ ਵਿਚਰ ਰਹੀਆਂ ਭਾਂਤ-ਭਾਂਤ ਦੀਆਂ ਜੀਵਤ ਮਛਲੀਆਂ ਤੇ ਹੋਰ ਸਮੁੰਦਰੀ ਜੀਵਾਂ ਨੂੰ ਦੇਖਿਆਂ ਜਾ ਸਕਦਾ ਹੈ। ਇਸ ਮਛਲੀਘਰ ਅੰਦਰ ਜਾ ਕੇ ਇੰਜ ਜਾਪਦਾ ਹੈ ਕਿ ਅਸੀਂ ਸਮੁੰਦਰੀ ਜੀਵਾਂ ਨੂੰ ਨਹੀਂ ਦੇਖ ਰਹੇ ਸਗੋਂ ਉਹ ਸਾਨੂੰ ਦੇਖ ਰਹੇ ਹਨ। ਕਈ ਥਾਂਵਾਂ ’ਤੇ ਟਨਾਂ ਪਾਣੀ ਦਾ ਭਾਰ ਸਹਿ ਰਹੀਆਂ ਕੱਚ ਦੀਆਂ ਗੁਫ਼ਾਵਾਂ ਹੇਠੋਂ ਲੰਘਦਿਆਂ ਮਨ ਇਹ ਸੋਚਣੋ ਨਹੀਂ ਰਹਿੰਦਾ ਕਿ ਜੇ ਕਿਤੇ ਇਹ ਟੁੱਟ ਜਾਣ ਜਾਂ ਤਰੇੜੀਆਂ ਜਾਣ ਤਾਂ ਏਥੇ ਕਿੰਨੀ ਤਰਥੱਲੀ ਮਚ ਸਕਦੀ ਹੈ।
ਏਥੇ ਹੀ ਹੁਣ ਜੇਨੋਵਾ ਦੀ ਸਭ ਤੋਂ ਵੱਡੀ ਮੌਲ ਵੀ ਬਣੀ ਹੋਈ ਹੈ। ਸਮੁੰਦਰੀ ਭਾਰਵਾਹਕ ਜਹਾਜ਼ੀ ਆਵਾਜਾਈ ਦਾ ਵੱਡਾ ਕੇਂਦਰ ਹੋਣ ਕਾਰਨ ਏਥੇ ਸਾਰੀ ਦੁਨੀਆ ਤੋਂ ਆਇਆ ਮਾਲ ਤੇ ਵਿਵਿਧ ਸੁਗਾਤਾਂ ਵਧੀਆ ਤੇ ਚੰਗੇ ਭਾਅ ਮਿਲ ਜਾਂਦੀਆਂ ਹਨ । ਬਹੁਤ ਸਾਰੀਆਂ ਦੁਕਾਨਾਂ ਨੂੰ ਬੰਗਲਾਦੇਸ਼ੀ ਤੇ ਸਾਡੇ ਭਾਰਤੀ ਭਾਈਬੰਦ ਵੀ ਚਲਾ ਰਹੇ ਹਨ। ਸਮੁੰਦਰ ਦੇ ਕੰਢੇ ’ਤੇ ਹੀ ਸ਼ਹਿਰ ਦੇ ਕਈ ਵਧੀਆ ਰੈਸਤੋਰਾਨ ਤੇ ਕੈਫ਼ੇ ਬਣੇ ਹੋਏ ਹਨ, ਜਿਹੜੇ ਸ਼ਾਮ ਵੇਲੇ ਖਚਾਖਚ ਭਰੇ ਰਹਿੰਦੇ ਹਨ। ਸ਼ਾਇਦ ਇਸਦਾ ਇਕ ਕਾਰਨ ਇਹ ਵੀ ਹੈ ਕਿ ਲੋਕ ਖਾਂਦਿਆਂ ਪੀਂਦਿਆਂ ਨਾਲ-ਨਾਲ ਭੂਮੱਧ ਸਾਗਰ ਦੇ ਗਹਿਰੇ ਨੀਲੇ ਪਾਣੀਆਂ ਵਿਚ ਡੁੱਬਦੇ ਸੂਰਜਅਸਤ ਦਾ ਨਜ਼ਾਰਾ ਵੀ ਮਾਣਦੇ ਹਨ।
• ਸੁਕੀਰਤ
93162-02025