- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿੰਨ ਦਿਨ ਇਸਲਾਮਾਬਾਦ ਰਹਿਣ ਤੋਂ ਬਾਅਦ ਅਗਲੀ ਸਵੇਰ ਅਸੀਂ ਪਿਸ਼ਾਵਰ ਵੱਲ ਚੱਲ ਪਏ। ਇਸਲਾਮਾਬਾਦ ਤੋਂ ਪਿਸ਼ਾਵਰ 125 ਕਿਲੋਮੀਟਰ ਦਾ ਸਫ਼ਰ ਸੀ ਅਤੇ ਅਸੀਂ ਢਾਈ ਘੰਟੇ ਬਾਅਦ ਉੱਥੇ ਪਹੁੰਚ ਜਾਣਾ ਸੀ। ਸ਼ਹਿਰ ਤੋਂ ਥੋੜ੍ਹੀ ਦੂਰ ਹੀ ਗਏ ਸੀ ਕਿ ਸੜਕ ਦੇ ਲਾਗੇ ਮੀਲ ਪੱਥਰ ਅਟਕ ਤੋਂ ਦੂਰੀ ਬਾਰੇ ਦੱਸ ਰਹੇ ਸਨ।

ਤਿੰਨ ਦਿਨ ਇਸਲਾਮਾਬਾਦ ਰਹਿਣ ਤੋਂ ਬਾਅਦ ਅਗਲੀ ਸਵੇਰ ਅਸੀਂ ਪਿਸ਼ਾਵਰ ਵੱਲ ਚੱਲ ਪਏ। ਇਸਲਾਮਾਬਾਦ ਤੋਂ ਪਿਸ਼ਾਵਰ 125 ਕਿਲੋਮੀਟਰ ਦਾ ਸਫ਼ਰ ਸੀ ਅਤੇ ਅਸੀਂ ਢਾਈ ਘੰਟੇ ਬਾਅਦ ਉੱਥੇ ਪਹੁੰਚ ਜਾਣਾ ਸੀ। ਸ਼ਹਿਰ ਤੋਂ ਥੋੜ੍ਹੀ ਦੂਰ ਹੀ ਗਏ ਸੀ ਕਿ ਸੜਕ ਦੇ ਲਾਗੇ ਮੀਲ ਪੱਥਰ ਅਟਕ ਤੋਂ ਦੂਰੀ ਬਾਰੇ ਦੱਸ ਰਹੇ ਸਨ। ਮੈਨੂੰ ਅਟਕ ਪੜ੍ਹ ਕੇ ਮਹਾਰਾਜਾ ਰਣਜੀਤ ਸਿੰਘ ਨਾਲ ਜੁੜੀਆ ਗੱਲਾਂ ਜਿਵੇਂ ਅਟਕ ਦਰਿਆ ਵਿਚ ਘੋੜੇ ਨੂੰ ਜਾ ਵਾੜਨਾ ਤੇ ਮਗਰ ਹੀ ਬਾਕੀ ਫ਼ੌਜ ਵੀ ਸਾਰੀ ਚਲੀ ਗਈ ਆਦਿ ਗੱਲਾਂ ਯਾਦ ਆਈਆਂ ਤਾਂ ਮੈਂ ਪਾਕਿਸਤਾਨ ਵੱਲੋਂ ਸਾਡੇ ਡੈਲੀਗੇਸ਼ਨ ਦੇ ਕੋਆਰਡੀਨੇਟਰ ਮਿਸਟਰ ਸਬੂਰ ਤੋਂ ਪੁੱਛਿਆ ਕਿ ਇਹੋ ਉਹੋ ਅਟਕ ਹੈ, ਜਿਸ ਦੇ ਨਾਲ ਅਟਕ ਦਰਿਆ ਵਗਦਾ ਹੈ ਪਰ ਮੈਂ ਉਸ ਦਾ ਉੱਤਰ ਸੁਣ ਕੇ ਹੈਰਾਨ ਹੋ ਗਿਆ। ਉਹ ਕਹਿਣ ਲੱਗਿਆ ਕਿ ਅਟਕ ਇਕ ਸ਼ਹਿਰ ਹੈ ਅਤੇ ਜ਼ਿਲ੍ਹਾ ਹੈੱਡਕੁਆਰਟਰ ਹੈ ਅਤੇ ਅਟਕ ਨਾਂ ਦਾ ਕੋਈ ਦਰਿਆ ਨਹੀਂ ਸਗੋਂ ਅਟਕ ਦੀ ਜਗ੍ਹਾ ’ਤੇ ਦੋ ਦਰਿਆ ਮਿਲਦੇ ਹਨ। ਇਕ ਦਰਿਆ ਦਾ ਨਾਂ ਕਾਬਲ ਹੈ, ਜਿਹੜਾ ਕਾਬਲ ’ਚੋਂ ਨਿਕਲ ਕੇ ਆਉਂਦਾ ਹੈ ਅਤੇ ਦੂਸਰਾ ਦਰਿਆ ਸਿੰਧ। ਇਹ ਦੋਵੇਂ ਹੀ ਵੱਡੇ ਦਰਿਆ ਹਨ, ਜਿਹੜੇ ਅਟਕ ਦੀ ਜਗ੍ਹਾ ’ਤੇ ਮਿਲਦੇ ਹਨ। ਮੈਨੂੰ ਉਹ ਜਗ੍ਹਾ ਵੇਖਣ ਦੀ ਬੜੀ ਉਤਸੁਕਤਾ ਸੀ ਅਤੇ ਛੇਤੀ ਹੀ ਸਾਡੀ ਬੱਸ ਅਟਕ ਦੀ ਜਗ੍ਹਾ ’ਤੇ ਚਲੇ ਗਈ ਅਤੇ ਦਰਿਆਵਾਂ ਦਾ ਪੁਲ ਲੰਘ ਕੇ ਇਕ ਵੱਡੀ ਚਾਹ ਦੀ ਦੁਕਾਨ ਦੇ ਬਾਹਰ ਖੜ੍ਹੀ ਹੋ ਗਈ। ਅਸੀਂ ਸਭ ਬੱਸ ਵਿੱਚੋਂ ਉਤਰ ਆਏ।
ਅਜੀਬ ਨਜ਼ਾਰਾ
ਉਸ ਜਗ੍ਹਾ ’ਤੇ ਕਾਬਲ ਦਰਿਆ ਜਿਸ ਦਾ ਪਾਣੀ ਗੇਰੀ ਰੰਗ ਦਾ ਸੀ ਤੇ ਸਿੰਧ ਦਰਿਆ ਜਿਸ ਦਾ ਪਾਣੀ ਬਿਲਕੁਲ ਸਫੈਦ ਸੀ। ਦੋਵੇਂ ਦਰਿਆ ਮਿਲਦੇ ਸਨ ਪਰ ਇਹ ਇਕ ਬੜਾ ਅਜੀਬ ਨਜ਼ਾਰਾ ਸੀ। ਇਹ ਬਹੁਤ ਦੂਰ ਤੱਕ ਸੱਜੇ ਹੱਥ ਗੇਰੀ ਰੰਗ ਦਾ ਪਾਣੀ ਅਤੇ ਖੱਬੇ ਹੱਥ ਸਫ਼ੈਦ ਰੰਗ ਦਾ ਪਾਣੀ ਨਜ਼ਰ ਆਉਂਦੇ ਸਨ। ਮੈਂ ਕਿੰਨਾ ਚਿਰ ਉਸ ਦਰਿਆ ਦੇ ਕੰਢੇ ਦਾ ਵਿਸ਼ਾਲ ਘੇਰਾ ਵੇਖਦਾ ਰਿਹਾ। ਥੋੜ੍ਹੇ ਚਿਰ ਬਾਅਦ ਸਾਡੇ ਨਜ਼ਦੀਕ ਇਕ ਵੈਨ ਰੁਕੀ ਅਤੇ ਉਸ ਵਿੱਚੋਂ ਦੋ ਸਿੱਖ ਸਰਦਾਰ ਉੱਤਰੇ। ਉਨ੍ਹਾਂ ਦੀਆਂ ਗੋਲ ਪੱਗੜੀਆਂ ਸਨ ਤੇ ਉਨ੍ਹਾਂ ਦੱਸਿਆ ਕਿ ਉਹ ਸਿਰਫ਼ ਮੈਨੂੰ ਵੇਖ ਕੇ ਖੜ੍ਹੇ ਹਨ। ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਹ ਪਿਸ਼ਾਵਰ ਤੋਂ ਆਏ ਹਨ, ਉਹ ਵੈਦ ਹਨ, ਆਯੁਰਵੇਦਿਕ ਇਲਾਜ ਕਰਦੇ ਹਨ ਅਤੇ ਇਹ ਸਾਡਾ ਖ਼ਾਨਦਾਨੀ ਪੇਸ਼ਾ ਹੈ। ਮੇਰੇ ਬਾਪ, ਦਾਦਾ ਵੀ ਇਹੋ ਕੰਮ ਕਰਦੇ ਸਨ ਅਤੇ ਮੇਰੇ ਬਾਪ, ਦਾਦੇ ਦਾ ਜਨਮ ਵੀ ਪਿਸ਼ਾਵਰ ਦਾ ਹੈ। ਉਨ੍ਹਾਂ ਦੀਆਂ ਗੱਲਾਂ ਬਹੁਤ ਦਿਲਚਸਪ ਸਨ। ਉਹ ਦੱਸ ਰਹੇ ਸਨ ਕਿ ਪਾਕਿਸਤਾਨ ਬਣਨ ਤੋਂ ਪਹਿਲਾਂ ਇਸ ਸਰਹੱਦੀ ਸੂਬੇ ਵਿਚ ਕੋਈ 50 ਹਜ਼ਾਰ ਦੇ ਕਰੀਬ ਸਿੱਖ ਸਨ।
ਚੜ੍ਹਦੇ ਪੰਜਾਬ ਜਾਣ ਨੂੰ ਤਰਸਦੇ
ਪਿਸ਼ਾਵਰ ਸ਼ਹਿਰ ਵਿਚ ਸਿੱਖ ਸਰਦਾਰਾਂ ਦੀਆਂ ਵੱਡੀਆਂ ਜਾਇਦਾਦਾਂ ਸਨ। ਪਾਕਿਸਤਾਨ ਬਣਨ ਸਮੇਂ ਸਰਦਾਰ ਅਜੀਤ ਸਿੰਘ ਸਰਹੱਦੀ, ਜਿਸ ਨੂੰ ਸਰਹੱਦੀ ਇਸ ਕਰਕੇ ਕਿਹਾ ਜਾਂਦਾ ਸੀ ਕਿ ਉਹ ਸਰਹੱਦ ਪ੍ਰਾਂਤ ਨਾਲ ਸਬੰਧਿਤ ਸੀ। ਉਹ ਸਰਹੱਦੀ ਪ੍ਰਾਂਤ ਦੇ ਵਜ਼ੀਰ ਬਣੇ ਸਨ ਪਰ ਹੁਣ ਪਿਸ਼ਾਵਰ ਤੇ ਉਸ ਨਾਲ ਲੱਗਦੇ ਪਿੰਡਾਂ ਵਿਚ ਮੁਸ਼ਕਿਲ ਨਾਲ ਹੀ ਕੋਈ 5000 ਸਿੱਖ ਹੋਣਗੇ ਅਤੇ ਉਨ੍ਹਾਂ ਵਿੱਚੋਂ ਜ਼ਿਆਦਾ ਸਿੱਖ ਵਸੋਂ 1947 ਵਿਚ ਹੀ ਭਾਰਤ ਚਲੇ ਗਈ ਸੀ ਅਤੇ ਅਜੇ ਵੀ ਕਾਫ਼ੀ ਲੋਕ ਉੱਧਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਅਜੀਤ ਸਿੰਘ ਸਰਹੱਦੀ ਅਕਾਲੀ ਪਾਰਟੀ ਨਾਲ ਸਬੰਧਿਤ ਸਨ। ਉਹ ਵੀ 1947 ਵਿਚ ਹੀ ਭਾਰਤ ਚਲੇ ਗਏ ਸਨ ਅਤੇ ਇਹ ਵੀ ਵਿਲੱਖਣ ਗੱਲ ਹੈ ਕਿ ਉਹ ਭਾਰਤੀ ਪੰਜਾਬ ਵਿਚ ਵੀ ਜਾ ਕੇ ਮੰਤਰੀ ਬਣੇ ਸਨ ਤੇ ਉਨ੍ਹਾਂ ਦੀਆਂ ਗੱਲਾਂ ਬੜੀਆਂ ਦਿਲਚਸਪ ਸਨ। ਲੜਕੇ ਦੱਸ ਰਹੇ ਸਨ ਕਿ ਉਨ੍ਹਾਂ ਦੇ ਮਾਂ-ਬਾਪ ਦੱਸਦੇ ਹੁੰਦੇ ਸਨ ਕਿ ਉਨ੍ਹਾਂ ਤਾਂ ਕਦੇ ਇਸ ਤਰ੍ਹਾਂ ਦੀ ਹਾਲਤ ਬਾਰੇ ਸੋਚਿਆ ਵੀ ਨਹੀਂ ਸੀ ਕਿ ਸਿੱਖ ਅਤੇ ਹਿੰਦੂ ਇੱਥੋਂ ਚਲੇ ਜਾਣਗੇ, ਜਿੱਥੇ ਉਹ ਕਈ ਪੁਸ਼ਤਾਂ ਤੋਂ ਰਹਿ ਰਹੇ ਸਨ। ਇਹ ਸਭ ਕੁਝ ਤਾਂ ਅਚਾਨਕ ਹੋ ਗਿਆ ਸੀ ਪਰ ਪਿਸ਼ਾਵਰ ਦੇ ਲੋਕ ਅਜੇ ਵੀ ਚੜ੍ਹਦੇ ਪੰਜਾਬ ਜਾਣ ਨੂੰ ਤਰਸਦੇ ਹਨ।
ਹਮੇਸ਼ਾ ਯਾਦ ਰਹੇਗਾ ਮਿਲਣਾ
ਸਬੂਰ ਨੇ 35-40 ਕੱਪ ਚਾਹ ਦਾ ਆਰਡਰ ਦੇ ਦਿੱਤਾ ਸੀ ਅਤੇ ਉਸ ਢਾਬੇ ਦੇ ਬਾਹਰ ਬਹੁਤ ਵੱਡੀਆਂ ਵੱਡੀਆਂ ਸਣ ਦੀਆਂ ਮੰਜੀਆਂ ’ਤੇ ਡੈਲੀਗੇਟ ਦੇ ਮੈਂਬਰ ਬੈਠੇ ਹੋਏ ਸਨ। ਇਕ ਲੜਕਾ ਟਰੇਅ ਵਿਚ ਬਿਸਕੁਟ ਲੈ ਕੇ ਉਨ੍ਹਾਂ ਡੈਲੀਗੇਸ਼ਨ ਮੈਂਬਰਾਂ ਨੂੰ ਦੇ ਰਿਹਾ ਸੀ ਪਰ ਮੈਨੂੰ ਉਨ੍ਹਾਂ ਲੜਕਿਆਂ ਦੀਆਂ ਗੱਲਾਂ ਵਿਚ ਬਹੁਤ ਦਿਲਚਸਪੀ ਸੀ। ਮੈਂ ਉਨ੍ਹਾਂ ਨੂੰ ਪੁੱਛਿਆ ਕਿ ਇੱਥੋਂ ਦੀ ਸਿੱਖ ਵਸੋ ਜ਼ਿਆਦਾ ਕਿਸ ਤਰ੍ਹਾਂ ਦੇ ਕੰਮ ਕਰਦੀ ਹੈ ਤਾਂ ਉਨ੍ਹਾਂ ਦੱਸਿਆ ਕਿ ਕਾਫ਼ੀ ਲੋਕ ਵੈਦ ਹਨ, ਪਿੰਡਾਂ ਵਿਚ ਖੇਤੀ ਦਾ ਕੰਮ ਕਰਦੇ ਹਨ ਅਤੇ ਕੁਝ ਸ਼ਹਿਰਾਂ ਵਿਚ ਕੱਪੜਾ ਵੇਚਣ ਦਾ ਕੰਮ ਕਰਦੇ ਹਨ। ਉਹ ਦੱਸਣ ਲੱਗੇ ਕਿ ਅਸੀਂ ਦੋ ਦਿਨ ਇਸਲਾਮਾਬਾਦ ਰਹਿਣਾ ਹੈ ਤੇ ਪਰਸੋਂ ਮੁੜ ਆਉਣਾ ਹੈ। ਤੁਹਾਨੂੰ ਮਿਲਾਂਗੇ, ਅਸਾਂ ਤਾਂ ਤੁਹਾਡੇ ਕੋਲੋਂ ਕੁਝ ਵੀ ਨਹੀਂ ਪੁੱਛਿਆ। ਸਾਡੇ ਬਹੁਤ ਸਾਰੇ ਰਿਸ਼ਤੇਦਾਰ ਪੰਜਾਬ ਤੇ ਦਿੱਲੀ ਹਨ ਪਰ ਮੈਂ ਉਨ੍ਹਾਂ ਨੂੰ ਦੱਸਿਆ ਕਿ ਅਸੀਂ ਕੱਲ੍ਹ ਮੁੜ ਆਉਣਾ ਹੈ ਤੇ ਤੁਹਾਡੇ ਨਾਲ ਮਿਲਣਾ ਹਮੇਸ਼ਾ ਯਾਦ ਰਹੇਗਾ ਭਾਵੇਂ ਫਿਰ ਮੇਲ ਕਦੇ ਵੀ ਨਾ ਹੋਵੇ।
ਅਟਕ ਦਾ ਕਿਲ੍ਹਾ
ਇੰਨੇ ਚਿਰ ਨੂੰ ਮੈਂ ਢਾਬੇ ਦੇ ਮਾਲਕ ਨੂੰ ਜਾ ਕੇ ਪੈਸੇ ਦੇਣ ਲੱਗਾ ਤਾਂ ਉਹ ਲੜਕੇ ਮੇਰੇ ਮਗਰ ਆ ਗਏ ਅਤੇ ਉਨ੍ਹਾਂ ਨੇ ਪਸ਼ਤੋ ਬੋਲੀ ਵਿਚ ਢਾਬੇ ਵਾਲੇ ਨੂੰ ਕਿਹਾ ਕਿ ਇਨ੍ਹਾਂ ਕੋਲੋਂ ਪੈਸੇ ਨਹੀਂ ਲੈਣੇ ਤੇ ਆਪ ਪੈਸੇ ਦੇਣ ਲੱਗੇ ਪਰ ਢਾਬੇ ਵਾਲੇ ਨੇ ਉਨ੍ਹਾਂ ਨੂੰ ਪਸ਼ਤੋ ਵਿਚ ਹੀ ਜਵਾਬ ਦਿੱਤਾ, ਜਿਸ ਦੀ ਮੈਨੂੰ ਸਮਝ ਨਾ ਆਈ ਪਰ ਮੈਂ ਵੇਖ ਰਿਹਾ ਸੀ ਕਿ ਉਹ ਲੜਕੇ ਕਾਫ਼ੀ ਜ਼ੋਰ ਨਾਲ ਪੈਸੇ ਦੇ ਰਹੇ ਸਨ ਪਰ ਉਹ ਨਹੀਂ ਸੀ ਲੈ ਰਿਹਾ। ਬਾਅਦ ਵਿਚ ਮੈਨੂੰ ਸਬੂਰ ਨੇ ਦੱਸਿਆ ਕਿ ਉਨ੍ਹਾਂ ਨੇ ਮੇਰੇ ਕੋਲੋਂ ਵੀ ਪੈਸੇ ਨਹੀਂ ਲਏ। ਉਨ੍ਹਾਂ ਲੜਕਿਆਂ ਨੇ ਮੈਨੂੰ ਪੰਜਾਬੀ ਵਿਚ ਦੱਸਿਆ ਕਿ ਉਹ ਢਾਬੇ ਵਾਲਾ ਕਹਿ ਰਿਹਾ ਹੈ ਕਿ ਨਾ ਮੈਂ ਪਾਕਿਸਤਾਨੀ ਕੋਲੋਂ ਪੈਸੇ ਲਏ ਹਨ, ਨਾ ਮੈਂ ਤੁਹਾਡੇ ਪਿਸ਼ਾਵਰੀਆਂ ਕੋਲੋਂ ਲੈਣੇ ਹਨ, ਨਾ ਭਾਰਤੀਆਂ ਕੋਲੋਂ ਲੈਣੇ ਹਨ। ਇਹ ਤਾਂ ਮੇਰੇ ਧੰਨ ਭਾਗ ਹਨ ਕਿ ਮੈਂ ਭਾਰਤੀ ਮਹਿਮਾਨਾਂ ਨੂੰ ਚਾਹ ਪਿਆਈ ਹੈ। ਮੇਰੇ ਮਨ ਵਿਚ ਇਸ ਵੇਲੇ ਬਹੁਤ ਕੁਝ ਆ ਰਿਹਾ ਹੈ, ਜਿਸ ਨੂੰ ਸੁਣਨ ਲਈ ਤੁਹਾਡੇ ਕਿਸੇ ਕੋਲ ਵੀ ਸਮਾਂ ਨਹੀਂ ਹੋਵੇਗਾ ਪਰ ਤੁਸੀਂ ਉਨ੍ਹਾਂ ਭਾਵਨਾਵਾਂ ਨੂੰ ਮਹਿਸੂਸ ਕਰਨਾ, ਜਿਹੜੀਆਂ ਮੇਰੇ ਮਨ ਵਿਚ ਹੋ ਸਕਦੀਆਂ ਹਨ। ਮੈਂ ਇਕ ਵਾਰ ਫਿਰ ਵਗਦੇ ਦਰਿਆ ਵੱਲ ਵੇਖਿਆ ਤੇ ਦੂਰ ਇਕ ਕਿਲ੍ਹੇ ਵਰਗੀ ਇਮਾਰਤ ਨੂੰ ਵੇਖ ਕੇ ਉਨ੍ਹਾਂ ਲੜਕਿਆਂ ਨੂੰ ਪੁੱਛਿਆ ਕਿ ਉਹ ਕਿਸ ਦੀ ਇਮਾਰਤ ਹੈ ਤਾਂ ਉਹ ਦੱਸਣ ਲੱਗੇ ਕਿ ਉਸ ਨੂੰ ਅਟਕ ਦਾ ਕਿਲ੍ਹਾ ਕਹਿੰਦੇ ਹਨ, ਇਸ ਕਿਲ੍ਹੇ ਨਾਲ ਜੁੜਿਆ ਬਹੁਤ ਵੱਡਾ ਇਤਿਹਾਸ ਹੈ।
- ਡਾ. ਸ.ਸ. ਛੀਨਾ