- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੰਗ ਦਾ ਨਾਂ ਸੁਣਦਿਆਂ ਹੀ ਤਬਾਹੀ ਤੇ ਸਹਿਮ ਦੇ ਕਿੰਨੇ ਭਿਆਨਕ ਸੀਨ ਅੱਖਾਂ ਅੱਗੇ ਮੰਡਰਾਉਣ ਲੱਗਦੇ ਨੇ! ਵਿਨਾਸ਼ਕਾਰੀ ਜੰਗ, ਆਦਮਖਾਣੀ ਜੰਗ ਸਦਾ ਮਨੁੱਖ ਦੇ ਅੰਬਰ ’ਤੇ ਮੰਡਰਾਉਂਦੀ ਰਹੀ, ਕਹਿਰ ਢਾਹੁੰਦੀ ਰਹੀ, ਲੋਕਾਂ ਦੀ ਮਾਨਸਿਕ, ਆਤਮਿਕ ਅਤੇ ਸਰੀਰਕ ਸ਼ਕਤੀ ਤਹਿਸ ਨਹਿਸ ਕਰਦੀ ਰਹੀ।

ਜੰਗ ਦਾ ਨਾਂ ਸੁਣਦਿਆਂ ਹੀ ਤਬਾਹੀ ਤੇ ਸਹਿਮ ਦੇ ਕਿੰਨੇ ਭਿਆਨਕ ਸੀਨ ਅੱਖਾਂ ਅੱਗੇ ਮੰਡਰਾਉਣ ਲੱਗਦੇ ਨੇ! ਵਿਨਾਸ਼ਕਾਰੀ ਜੰਗ, ਆਦਮਖਾਣੀ ਜੰਗ ਸਦਾ ਮਨੁੱਖ ਦੇ ਅੰਬਰ ’ਤੇ ਮੰਡਰਾਉਂਦੀ ਰਹੀ, ਕਹਿਰ ਢਾਹੁੰਦੀ ਰਹੀ, ਲੋਕਾਂ ਦੀ ਮਾਨਸਿਕ, ਆਤਮਿਕ ਅਤੇ ਸਰੀਰਕ ਸ਼ਕਤੀ ਤਹਿਸ ਨਹਿਸ ਕਰਦੀ ਰਹੀ। ਜੰਗ ਨੇ ਘਰਾਂ ਦੇ ਘਰ, ਬਸਤੀਆਂ ਦੀਆਂ ਬਸਤੀਆਂ, ਸ਼ਹਿਰਾਂ ਦੇ ਸ਼ਹਿਰ ਅਤੇ ਪੂਰੇ ਦੇਸ਼ਾਂ ਦੇ ਦੇਸ਼ ਉਜਾੜ ਕੇ ਰੱਖ ਦਿੱਤੇ। ਜੰਗ ਤਾਕਤ ਜਾਂ ਹਥਿਆਰਾਂ ਦੀ ਅਜਮਾਇਸ਼ ਲਈ ਨਹੀਂ ਲੜੀ ਜਾਂਦੀ, ਮਨੁੱੱਖ ਦੀ ਹਉਮੈ ਜੰਗਾਂ ਦੀ ਜਨਮਦਾਤੀ ਹੈ। ਜੰਗ ਦੇ ਪਰਿਣਾਮ ਹਮੇਸ਼ਾ ਮਾਰੂ ਹੁੰਦੇ ਹਨ। ਇਹ ਚਾਹੇ ਮਹਾਂਭਾਰਤ ਦਾ ਯੁੱਧ ਹੋਵੇ, ਕਾਰਗਿਲ ਦੀ ਲੜਾਈ ਹੋਵੇ, ਕਰਬਲਾ ਦਾ ਮੈਦਾਨ ਹੋਵੇ, ਸੀਰੀਆ ਦੀ ਖ਼ਾਨਾਜੰਗੀ ਹੋਵੇ, ਰੂਸ ਅਤੇ ਯੂਕਰੇਨ ਦੀ ਲੜਾਈ ਹੋਵੇ, ਸੰਸਾਰ ਯੁੱਧ ਜਾਂ ਇਤਿਹਾਸ ਵਿਚ ਲੜਿਆ ਕੋਈ ਵੀ ਯੁੱਧ ਹੋਵੇ ਇਹ ਕੇਵਲ ਪਿੱਛੇ ਲੋਥਾਂ ਦੇ ਸੱਥਰ ਵਿਛਾਉਂਦੀ ਹੈ। ਕੌਣ ਮਰਿਆ, ਕਿੱਥੇ ਮਰਿਆ ਇਸ ਨੂੰ ਕੋਈ ਫ਼ਰਕ ਨਹੀਂ ਪੈਂਦਾ ਪਰ ਲੋਕਾਂ ਦੀ ਜ਼ਿੰਦਗੀ ’ਤੇ ਇਸਦਾ ਬਹੁਤ ਮਾਰੂ ਅਸਰ ਪੈਂਦਾ ਹੈ। ਕਵੀਆਂ ਦੇ ਕੋਮਲ ਮਨ ਕੁਰਲਾ ਉੱਠਦੇ ਹਨ ਅਤੇ ਜੰਗ ਵਿਰੋਧੀ ਕਵਿਤਾਵਾਂ ਕਹਿਣੋ ਆਪਣੀ ਕਲਮ ਨੂੰ ਨਹੀਂ ਰੋਕ ਸਕਦੇ। ਬਾਬਾ ਨਜ਼ਮੀ ਕਹਿੰਦਾ ਹੈ ;
ਗੋਲੀ ਇਨ੍ਹਾਂ ਵੱਲੋਂ ਚੱਲੇ।
ਗੋਲੀ ਉਨ੍ਹਾਂ ਵੱਲੋਂ ਚੱਲੇ।
ਗੋਲੀ ਨਾਲ ਪੁਆੜਾ ਪੈਂਦਾ।
ਗੋਲੀ ਨਾਲ ਉਜਾੜਾ ਪੈਂਦਾਂ।
ਏਧਰ ਵੀ ਇਹ ਬੰਦਾ ਮਾਰੇ।
ਓਧਰ ਵੀ ਇਹ ਬੰਦਾ ਮਾਰੇ।
ਸਾਡਾ ਸਮਰੱਥ ਕਵੀ ਗੁਰਚਰਨ ਰਾਮਪੁਰੀ ਆਖਦਾ ਹੈ :
ਖ਼ੂਨ ਦਾ ਮਾਰੂ ਤਮਾਸ਼ਾ ਹੋ ਰਿਹਾ ਹੈ ਦੇਰ ਤੋਂ
ਕਾਲਿਆਂ ਨਾਗਾਂ ਅਤੇ ਹਲਕੇ ਕੁੱਤਿਆਂ ਦੀ
ਭੀੜ ਵਿਚ ਲੋਕੀਂ ਘਿਰੇ ਹਨ
ਲੋਕ ਕਦੇ ਵੀ ਜੰਗ ਨਹੀਂ ਚਾਹੁੰਦੇ, ਉਹ ਚੈਨ ਨਾਲ ਜਿਊਣਾ ਚਾਹੁੰਦੇ ਹਨ ਪਰ ਹੁਕਮਰਾਨਾਂ ਦੇ ਆਪਣੇ ਮੁਫ਼ਾਦ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਜੰਗ ਦੀ ਅੱਗ ਵਿਚ ਡਾਹ ਦਿੰਦੇ ਨੇ। ਉਹ ਪਾੜੋ ਅਤੇ ਰਾਜ ਕਰੋ ਦੀ ਨੀਤੀ ਅਪਣਾ ਕੇ ਲੋਕਾਂ ਨੂੰ ਇਕ ਦੂਜੇ ਨਾਲ ਲੜਾਉਂਦੇ ਨੇ ਤੇ ਖ਼ੁਦ ਫ਼ਾਇਦਾ ਚੁੱਕਦੇ ਨੇ। ਕਵੀ ਲੋਕਾਂ ਦੀ ਇਸ ਪੀੜ ਨੂੰ ਬਹੁਤ ਸ਼ਿੱਦਤ ਨਾਲ ਸਮਝਦਾ ਹੈ। ਬੰਗਾਲੀ ਕਵੀ ਲਾਲਟੂ ‘ਉਨ੍ਹਾਂ ਮੁਹੱਲਿਆਂ ਵਿਚ’ ਨਾਮੀ ਆਪਣੀ ਕਾਵਿ ਰਚਨਾ ਵਿਚ ਜੰਗ ਦੁਆਰਾ ਹੋਈ ਤਬਾਹੀ ਦੀ ਮਾਰਮਿਕ ਤਸਵੀਰ ਖਿੱਚਦਾ ਹੋਇਆ ਲੋਕਾਂ ’ਤੇ ਪਏ ਜੰਗ ਦੇ ਭਿਆਨਕ ਪ੍ਰਭਾਵਾਂ ਨੂੰ ਇਉਂ ਬਿਆਨ ਕਰਦਾ ਹੈ :
‘ਚਲੋ ਉਨ੍ਹਾਂ ਮੁਹੱਲਿਆਂ
ਵਿਚ ਹੋ ਆਈਏ
ਜਿੱਥੇ ਕੋਈ ਨਹੀਂ ਸੁੱਤਾ
ਉੱਥੇ ਬੱਦਲਾਂ ਵਿਚ
ਬਰੂਦ ਦੀ ਬਦਬੂ ਹੈ
ਉੱਥੇ ਕਣੀਆਂ ਮਰ ਰਹੀਆਂ ਨੇ
ਜ਼ਹਿਰ ਵਿਚ ਘੁਲ ਕੇ
ਇੱਥੇ ਕਿਸ ਉਡੀਕ
ਵਿਚ ਬੈਠੇ ਹੋ?
ਚਲੋ ਉਨ੍ਹਾਂ ਮੁਹੱਲਿਆਂ
ਨੂੰ ਦੇਖ ਆਈਏ
ਕਿੰਝ ਆਪਣੇ ਖ਼ੂਨ ਵਿਚ
ਨਹਾ ਸਕਦੇ ਨੇ
ਕਿੰਝ ਗਲ਼ਾ ਘਰੋੜ ਕੇ
ਗਾ ਸਕਦੇ ਨੇ
ਹਾਲ-ਚਾਲ ਆਪਣੀਆਂ ਲਾਸਾਂ ਦਾ ਪੁੱਛ ਸਕਦੇ ਨੇ
(ਹਿੰਦੀ ਤੋਂ ਪੰਜਾਬੀ ਵਿਚ ਤਰਜਮਾ ਦਲਜੀਤ ਅਮੀ)
1914 ਵਿਚ ਇਕ ਅਰਬੀ ਨੈਸ਼ਲਿਸਟ ਨੇ ਆਸਟਰੀਆ ਦੇ ਰਾਜਕੁਮਾਰ ਦਾ ਕਤਲ ਕਰ ਦਿੱਤਾ ਜਿਸ ਕਰਕੇ ਹੰਗਰੀ ਅਤੇ ਆਸਟਰੀਆ ਨੇ ਸਰਬੀਆ ’ਤੇ ਹਮਲਾ ਕਰ ਦਿੱਤਾ। ਯੂਰਪ ਦੇ ਦੇਸ਼ਾਂ ਵਿਚ ਇਹ ਸਮਝੌਤਾ ਸੀ ਕਿ ਜੇ ਉਨ੍ਹਾਂ ’ਤੇ ਕੋਈ ਹਮਲਾ ਕਰੇ ਤੇ ਉਹ ਮਦਦ ਕਰਨਗੇ ਇਸ ਲਈ ਪੂਰਾ ਯੂਰਪ ਲੜਾਈ ਵਿਚ ਧਕੇਲ ਦਿੱਤਾ ਗਿਆ ਅਤੇ ਸੰਸਾਰ ਯੁੱਧ ਸ਼ੁਰੂ ਹੋ ਗਿਆ। ਜੰਗ ਮੁੱਕਣ ਤੇ ਜਰਮਨੀ, ਰੂਸ, ਆਸਟਰੀਆ ਅਤੇ ਹੰਗਰੀ ਆਦਿ ਦੇਸ਼ਾਂ ਦੀ ਬਹੁਤ ਹੀ ਮਾੜੀ ਹਾਲਤ ਹੋ ਗਈ ਫਲਸਰੂਪ ਯੂਰਪ ਕਈ ਛੋਟੋ-ਛੋਟੇ ਦੇਸ਼ਾਂ ਵਿਚ ਵੰਡਿਆ ਗਿਆ। ਮੰਦਭਾਗੀ ਗੱਲ ਇਹ ਹੈ ਕਿ 1914 ਤੋਂ 1918 ਤਕ ਚੱਲਣ ਵਾਲਾ ਇਹ ਦੁਨੀਆ ਦਾ ਸਭ ਤੋਂ ਵੱਡਾ ਅਤੇ ਪਹਿਲਾ ਸੰਸਾਰ ਯੁੱਧ ਸੀ ਜਿਸ ਵਿਚ ਲਗਪਗ ਇਕ ਕਰੋੜ ਲੋਕ ਮਾਰੇ ਗਏ। ਮਨੁੱਖੀ ਇਤਿਹਾਸ ਵਿਚ ਇਹ ਸਭ ਤੋਂ ਵੱਧ ਬੰਦੇ ਖਾਣ ਵਾਲਾ ਯੁੱਧ ਸਾਬਿਤ ਹੋਇਆ। ਇਸ ਦੇ ਬਾਵਜੂਦ ਲੋਕ ਬਾਜ਼ ਨਹੀਂ ਆਏ। ਕਵੀ ਸਮਝਾਉਂਦਾ ਹੋਇਆ ਇਉਂ ਕਹਿੰਦਾ ਹੈ :
ਯੁੱਧ ਜਸ਼ਨ ਨਹੀਂ ਹੁੰਦਾ ਦੋਸਤੋ
ਉਦੋਂ ਤਾਂ ਬਿਲਕੁਲ ਨਹੀਂ ਹੁੰਦਾ
ਜਦੋਂ ਕਿਸੇ ਬਾਂਦਰ ਦੇ ਹੱਥ ’ਚ ਬੰਦੂਕ ਹੋਵੇ
ਕਿਸੇ ਸਿਰਫਿਰੇ ਨੂੰ ਲੱਭ ਜਾਵੇ ਮਾਚਿਸ ਦੀ ਤੀਲੀ
ਕਿਸੇ ਹੈਵਾਨ ਦੇ ਹੱਥ ’ਚ ਆ
ਜਾਵੇ ਸੱਤਾ
ਤੇ ਕਿਸੇ ‘ਸ਼ੈਤਾਨ’ ਦੇ ਹੱਥ ਆ
ਜਾਵੇ ‘ਰੱਬ’
(ਡਾ. ਕੁਲਦੀਪ ਸਿੰਘ ਦੀਪ)
ਪਹਿਲੇ ਮਹਾਂਯੁੱਧ ਦੀ ਇੰਨੀ ਤਬਾਹੀ ਦੇ ਬਾਵਜੂਦ 1939 ਤੋਂ ਲੈ ਕੇ 1945 ਤਕ ਦੂਜਾ ਮਹਾਂਯੁੱਧ ਛੇੜ ਲਿਆ ਗਿਆ ਜਿਸ ਨੇ ਪੂਰਾ ਸੰਸਾਰ ਹੀ ਯੁੱਧ ਦੀ ਲਪੇਟ ਵਿਚ ਲੈ ਲਿਆ। ਇਸ ਵਿਚ ਜਲ, ਥਲ ਅਤੇ ਹਵਾਈ ਸੈਨਾ ਸ਼ਾਮਿਲ ਹੋਏ ਅਤੇ ਸਿੱਟੇ ਵਜੋਂ ਸਾਰੇ ਦੇਸ਼ਾਂ ਨੇ ਆਪਣੇ ਲੋਕਾਂ ਦਾ ਸਾਰਾ ਕੁਝ ਹੀ ਤਬਾਹ ਕਰ ਕੇ ਰੱਖ ਦਿੱਤਾ। ਇਸ ਵਿਚ ਦਸ ਕਰੋੜ ਫ਼ੌਜੀਆਂ ਨੇ ਹਿੱਸਾ ਲਿਆ। ਇਸ ਯੁੱਧ ਦੌਰਾਨ ਘੱਲੂਘਾਰੇ ਵੀ ਹੋਏ ਅਤੇ ਪ੍ਰਮਾਣੂ ਹਥਿਆਰਾਂ ਦੇ ਇਸਤੇਮਾਲ ਨਾਲ ਜਪਾਨ ਦੇ ਦੋ ਸ਼ਹਿਰ ਹੀਰੋਸ਼ੀਮਾ ਅਤੇ ਨਾਗਾਸਾਕੀ ਤਬਾਹ ਕਰ ਦਿੱਤੇ ਗਏ। ਨਾਜ਼ੀਆਂ ਨੇ ਗੈਸ ਚੈਂਬਰਾਂ ਵਿਚ ਜਿਉਂਦਿਆਂ ਯਹੂਦੀਆਂ ’ਤੇ ਅਜਿਹੇ ਜ਼ੁਲਮ ਢਾਏ ਕਿ ਉਸ ਨਾਲ ਮਨੁੱਖਤਾ ਸ਼ਰਮਸਾਰ ਹੋਈ। ਅੱਜ ਵੀ ਜਪਾਨ ਦੀ ਉਸ ਬੰਜਰ ਜ਼ਮੀਨ ਵਿਚ ਕੁਝ ਨਹੀਂ ਉੱਗਦਾ ਅਤੇ ਜ਼ਹਿਰੀਲੀ ਹਵਾ ਨੇ ਦੂਰ-ਦੂਰ ਤਕ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮਾਰੂ ਬਿਮਾਰੀਆਂ ਦਾ ਸ਼ਿਕਾਰ ਬਣਾ ਦਿੱਤਾ ਹੈ।
ਥਾ ਸਕਲ ਸੰਸਾਰ ਬੈਠਾ
ਬੁੱਧੀ ਮੇਂ ਬਾਰੂਦ ਭਰ ਕਰ-
ਕਰੋਧ, ਈਰਸ਼ਾ, ਦਵੇਸ਼, ਮਦ ਕੀ,
ਪਰੇਮ ਸੁਮਨਾਵਲੀ ਨਿਦਰ ਕਰ,
ਏਕ ਚਿੰਗਾਰੀ ਉਠੀ, ਲੋ,
ਆਗ ਦੁਨੀਆ ਮੇਂ ਲਗੀ ਹੈ।
ਯੁੱਧ ਕੀ ਜਵਾਲਾ ਜਗੀ ਹੈ।
ਅਬ ਜਲਾਨਾ ਔਰ ਜਲਨਾ,
ਰਹਿ ਗਿਆ ਹੈ ਕਾਮ ਕੇਵਲ!
ਰਾਖ ਜਲ, ਥਲ ਮੇਂ, ਗਗਨ ਮੇਂ
ਯੁੱਧ ਕਾ ਪਰਿਣਾਮ ਕੇਵਲ!
(ਹਰਿਵੰਸ਼ ਰਾਏ ਬੱਚਨ)
ਸਰਹੱਦਾਂ ਦਾ ਯੁੱਧ
ਮੁਲਤਵੀ ਕਰ ਦਿਓ
ਦਿਨ ਦੇ ਚੜ੍ਹਨ ਤੀਕ,
ਸਰਹੱਦਾਂ ਦੇ ਯੁੱਧ ਵਿਚ
ਸਾਨੂੰ ਕੋਈ ਦਿਲਚਸਪੀ ਨਹੀਂ
ਸਰਹੱਦਾਂ ਦੇ ਯੁੱਧ ਵਿਚ
ਸਾਨੂੰ ਕੋਈ ਲਾਭ ਨਹੀਂ
(ਕਮਲ ਦੇਵ ਪਾਲ)
ਜੇ ਅੱਜ ਦੇ ਇਸ ਵਿਗਿਆਨਕ ਯੁੱਗ ਵਿਚ ਆਪਣੇ ਚੌਗਿਰਦੇ ਵੱਲ ਵੇਖੀਏ ਤਾਂ ਜਿੱਥੇ ਵਿਗਿਆਨ ਨੇ ਸਾਨੂੰ ਇੰਨੀਆਂ ਸੁੱਖ-ਸਹੂਲਤਾਂ ਦਿੱਤੀਆਂ ਹਨ ਜਿਨ੍ਹਾਂ ਨੇ ਸਾਡਾ ਜੀਵਨ ਹਰ ਤਰ੍ਹਾਂ ਸੁਖਾਲਾ ਬਣਾ ਦਿੱਤਾ ਹੈ ਉੱਥੇ ਇਸ ਨੇ ਸਾਡੀ ਮੌਤ ਨੂੰ ਵੀ ਸਾਡੇ ਹੋਰ ਕਰੀਬ ਲੈ ਆਂਦਾ ਹੈ। ਇਕ ਬਟਨ ਦਬਾ ਕੇ ਦੁਨੀਆਂ ਤਬਾਹ ਕੀਤੀ ਜਾ ਸਕਦੀ ਹੈ। ਪੈਰ-ਪੈਰ ’ਤੇ ਧਰਮਾਂ, ਰੰਗਾਂ, ਨਸਲਾਂ ਦੀ ਲੜਾਈ ਨੇ ਆਮ ਬੰਦੇ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ। ਹੱਦਾਂ-ਸਰਹੱਦਾਂ ਅਤੇ ਇਮੀਗਰੇਸ਼ਨਾਂ ਨੇ ਵੀ ਦੁਨੀਆ ਨੂੰ ਘੱਟ ਪਰੇਸ਼ਾਨ ਨਹੀਂ ਕੀਤਾ। ਇਰਾਕ ਦੀ ਤਬਾਹੀ, ਆਪਣੇ ਹੀ ਦੇਸ਼ ਤੋਂ ਮਜਬੂਰਨ ਬੇਘਰ ਹੋਏ ਸੀਰੀਆ ਦੇ ਲੋਕ, ਹੁਣ ਯੂਕਰੇਨ ਤੇ ਰੂਸ ਦੀ ਧੌਂਸ ਅਤੇ ਸੰਸਾਰ ਵਿਚ ਜੰਗਾਂ ਤੋਂ ਪਰੇਸ਼ਾਨ ਕਿੰਨੇ ਹੋਰ ਲੋਕ ਹਨ! ਅੱਜ ਵੀ ਤੀਜੇ ਸੰਸਾਰ ਯੁੱਧ ਦੇ ਬੱਦਲ ਸਾਰੀ ਦੁਨੀਆ ਦੇ ਸਿਰ ’ਤੇ ਮੰਡਰਾ ਰਹੇ ਹਨ। ਆਪਣੇ ਦੇਸ਼ ਪੰਜਾਬ ਦੀਆਂ ਸਰਹੱਦਾਂ ’ਤੇ ਨਿਤ ਦੇ ਤਣਾਉ ਕਰਕੇ ਸਰਹੱਦੀ ਵੱਸਦੇ ਸਾਡੇ ਭੈਣਾਂ-ਭਰਾਵਾਂ ਨੂੰ ਭਾਰੀ ਕਸ਼ਟ ਸਹਿਣਾ ਪੈਂਦਾ ਹੈ ਪਰ ਉਨ੍ਹਾਂ ਲੋਕਾਂ ਦੀ ਪੀੜ ਨੂੰ ਸਮਝਣ ਤੋਂ ਅਸਮਰੱਥ ਲੋਕ ਇਸ ਦੀ ਗੰਭੀਰਤਾ ਨੂੰ ਨਹੀਂ ਸਮਝਦੇ। ਜ਼ਰਾ ਜਿਹੀ ਸ਼ਾਂਤੀ ਹੁੰਦੀ ਹੈ ਤੇ ਉਹ ਸੋਚਦੇ ਨੇ ਹੁਣ ਸਭ ਕੁਝ ਸ਼ਾਂਤ ਹੋ ਗਿਆ ਹੈ, ਪਰ ਕਵਿਤਾ ਦੀਆਂ ਅਗਲੀਆਂ ਸਤਰਾਂ ਵਿਚ ਕਵੀ ਲਾਲਟੂ ਦੇ ਬੋਲ ਸਾਨੂੰ ਚਿਤਾਵਨੀ ਦਿੰਦੇ ਹਨ ਕਿ :
ਅੱਜ ਇਹ ਮੁਹੱਲਾ ਸ਼ਾਂਤ ਹੈ
ਕੌਣ ਜਾਣਦੈ ਕਿ
ਲੱਗ ਸਕਦੀ ਹੈ ਅੱਗ
ਇੱਥੇ ਵੀ ਸਿੱਲੀ ਘਾਹ ਨੂੰ
ਕਿ ਹਵਾਵਾਂ ਵਿਚ ਸਾਂ-ਸਾਂ ਸੁਣੀ
ਜਾ ਸਕਦੀ ਹੈ ਬੱਚਿਆਂ ਦੇ ਆਖਰੀ ਸਾਹਾਂ ਦੀ
ਇਸ ਤੋਂ ਪਹਿਲਾਂ ਕਿ ਦਸਤਕ ਸੁਣੇ
ਲਾਗਲੇ ਹਰੇ ਪੱਤਿਆਂ ਅਤੇ ਦੂਰ ਗਗਨ ਦੀ ਲਾਲੀ ਨੂੰ
ਮਲੀਆਮੇਟ ਕਰਨ ਦੀ ਖੇਡ ਦਾ ਬੋਲਾ ਸੁਣੇ
ਇਸ ਤੋਂ ਪਹਿਲਾਂ ਕਿ ਪਿਆਰ ਦੇ ਆਖ਼ਰੀ ਲਫ਼ਜ਼ ਦਫਨ ਹੋ ਜਾਣ
ਚਲੋ ਉਨ੍ਹਾਂ ਮੁਹੱਲਿਆਂ ਵਿਚ ਹੋ ਆਈਏ।
ਕਵੀ ਦੀ ਚਿਤਾਵਨੀ ਕਿੰਨੀ ਸੱਚੀ ਹੈ। ਕਵਿਤਾ ਹਮੇਸ਼ਾ ਅਮਨ ਦੀ ਗੱਲ ਕਰਦੀ ਆਈ ਹੈ, ਪਿਆਰ ਕਰਨਾ ਸਿਖਾਉਂਦੀ ਆਈ ਹੈ। ਇਸ ਤੋਂ ਪਹਿਲਾਂ ਕਿ ਪਿਆਰ ਦੇ ਆਖ਼ਰੀ ਲਫ਼ਜ਼ ਦਫਨ ਹੋ ਜਾਣ’ ਆਉ ਅਸੀਂ ਵੀ ਆਪਸੀ ਮਿਲਵਰਤਣ ਦੀਆਂ ਕਵਿਤਾਵਾਂ ਦੇ ਬੋਲਾਂ ਦੇ ਕੁਝ ਅਜਿਹੇ ਬੀਜ ਬੀਜੀਏ ਕਿ ਸਾਡੇ ਦਿਲਾਂ ਅੰਦਰ ਮੁਹੱਬਤ ਦੀ ਜੋਤ ਸਦਾ ਜਗਦੀ ਰਹੇ। ਨੋਬਲ ਇਨਾਮ ਜੇਤੂ ਕੈਨੇਡੀਅਨ ਕਵਿੱਤਰੀ Wislawa Szymborska ਨੇ ਜੰਗ ਦੀ ਤਬਾਹੀ ਵੇਖੀ ਤੇ ਉਸਦੇ ਮਨ ’ਤੇ ਇਸਦਾ ਅਜਿਹਾ ਪ੍ਰਭਾਵ ਪਿਆ ਕਿ ਉਸਨੇ 18 ਸਾਲ ਦੀ ਉਮਰ ਵਿਚ ਆਪਣੇ ਇਨ੍ਹਾਂ ਪ੍ਰਭਾਵਾਂ ਨੂੰ ਆਪਣੀ ਮਸ਼ਹੂਰ ਕਵਿਤਾ 'The End and the Beginning' ਵਿਚ ਕਿਹਾ ਕਿ ਜੰਗ ਇਸ ਤਰ੍ਹਾਂ ਦੀ ਤਬਾਹੀ ਮਚਾ ਦਿੰਦੀ ਹੈ ਕਿ ਸਭ ਕੁਝ ਖ਼ਤਮ ਹੋ ਜਾਂਦਾ ਹੈ ਤੇ ਲੋਕਾਂ ਨੂੰ ਤਬਾਹੀ ਨਾਲ ਜਮ੍ਹਾਂ ਹੋਏ ਮਲਬੇ ਦੇ ਢੇਰ ਨੂੰ ਸਾਫ਼ ਕਰ ਕੇ ਜ਼ਿੰਦਗੀ ਨਵੇਂ ਸਿਰਿਉਂ ਸ਼ੁਰੂ ਕਰਨੀ ਪੈਂਦੀ ਹੈ :
After every war
someone has to tidy up.
Things won’t pick
themselves up, after all.
Someone has to shovel
the rubble to the roadsides
so the carts loaded with corpses can get by.
Someone has to trudge
through sludge and ashes
ਬੇਸ਼ੱਕ ਜੰਗ ਨੂੰ ਨਕਾਰਨ ਲਈ ਅੱਜ ਤਕ ਬਹੁਤ ਸਾਰਾ ਸਾਹਿਤ ਰਚਿਆ ਜਾ ਚੁੱਕਾ ਹੈ। ਤਕਰੀਬਨ ਹਰ ਭਾਸ਼ਾ ਵਿਚ ਹੀ ਅਨੇਕਾਂ ਨਾਵਲ, ਕਹਾਣੀਆਂ ਅਤੇ ਕਵਿਤਾਵਾਂ ਲਿਖੀਆਂ ਜਾ ਚੁੱਕੀਆਂ ਹਨ। ਜੇ ਉਨ੍ਹਾਂ ਦਾ ਜ਼ਿਕਰ ਕਰਨ ਲੱਗੀਏ ਤਾਂ ਕਿੰਨੇ ਦਿਨ ਬੀਤ ਜਾਣ। ਲੇਖਕਾਂ ਨੇ ਸਦਾ ਮਨੁੱਖ ਜਾਤੀ ਨੂੰ ਜੰਗ ਤੋਂ ਗੁਰੇਜ਼ ਕਰਨ ਦਾ ਸੁਨੇਹਾ ਦਿੱਤਾ ਹੈ। ਹੋਰ ਤਾਂ ਹੋਰ ਆਪਣੇ ਪੰਜਾਬੀ ਲੋਕ-ਗੀਤਾਂ ਵਿਚ ਵੀ ਇਸ ਦਾ ਵਾਰ-ਵਾਰ ਜ਼ਿਕਰ ਆਇਆ ਹੈ। ਸਾਡੀਆਂ ਪੰਜਾਬੀ ਸੁਆਣੀਆਂ ਨੇ ਸਦੀਆਂ ਤੋਂ ਜੰਗ ਦਾ ਬਹੁਤ ਵੱਡਾ ਦੁੱਖ ਝੱਲਿਆ ਹੈ, ਉਨ੍ਹਾਂ ਨੇ ਅੰਤਾਂ ਦਾ ਬਿਰਹਾ ਹੰਢਾਇਆ ਹੈ। ਉਨ੍ਹਾਂ ਦੇ ਬੋਲਾਂ ਵਿੱਚੋਂ ਜੰਗ ਦਾ ਦਰਦ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਉਨ੍ਹਾਂ ਦੇ ਤਰਲੇ ਚੰਗੇ ਭਲੇ ਦੀਆਂ ਅੱਖਾਂ ਨਮ ਕਰ ਦਿੰਦੇ ਹਨ,
ਜੇ ਤੂੰ ਸਿਪਾਹੀਆ ਗਿਆ ਜੰਗ ਨੂੰ
ਲਾ ਕੇ ਮੈਨੂੰ ਝੋਰਾ
ਹੱਡਾਂ ਮੇਰਿਆਂ ਨੂੰ ਖਾ ਜਾਊ ਬਿਰਹਾ
ਜਿਉਂ ਛੋਲਿਆਂ ਨੂੰ ਢੋਰਾ
ਜੰਗ ਨੂੰ ਨਾ ਜਾਈਂ ਵੇ,
ਵੇ ਬਾਗ਼ਾਂ ਦਿਆ ਮੋਰਾ’
ਜਾਂ ਫਿਰ ਇਉਂ ਗਾਉਂਦੀਆਂ ਸੁਣੀਆਂ ਜਾਂਦੀਆਂ ਨੇ,
ਬੱਲੇ ਬੱਲੇ ਬਈ ਬਸਰੇ ਦੀ ਲਾਮ ਟੁੱਟ ਜੇ
ਵੇ ਮੈਂ ਰੰਡੀਉਂ ਸੁਹਾਗਣ ਹੋਵਾਂ।
ਆਮ ਲੋਕਾਂ ਦੀਆਂ ਜ਼ਿੰਦਗੀਆਂ ’ਤੇ ਜੰਗ ਦਾ ਕੀ ਪ੍ਰਭਾਵ ਪੈਂਦਾ ਹੈ ਇਸ ਨਾਲ ਸਬੰਧਿਤ ਇਕ ਪੁਰਾਣੀ ਯਾਦ ਤਾਜ਼ਾ ਹੋ ਗਈ ਹੈ। ਇਕ ਦਿਨ ਪੱਛਮੀ ਪੰਜਾਬ ਦੀ ਸ਼ਾਇਰਾ ਨੁੱਜ਼ਤ ਸਦੀਕੀ ਦੇ ਘਰ ਜਾਣਾ ਹੋ ਗਿਆ। ਉਨ੍ਹਾਂ ਦੇ ਲਿਵਿੰਗ ਰੂਮ ਦੇ ਸ਼ੋਅਕੇਸ ਵਿਚ ਇਕ ਵੱਡਾ ਸਾਰਾ ਚਾਬੀਆਂ ਦਾ ਗੁੱਛਾ ਸਜਾ ਕੇ ਰੱਖਿਆ ਹੋਇਆ ਸੀ। ਉਨ੍ਹਾਂ ਚਾਬੀਆਂ ਨੂੰ ਵੇਖਦਿਆਂ ਹੀ ਆਪਣੇ ਪਿੰਡ ਵਾਲੇ ਪੁਰਾਣੇ ਘਰ ਦੀਆਂ ਚਾਬੀਆਂ ਯਾਦ ਆ ਗਈਆਂ। ਕੁਝ ਹੈਰਾਨ ਹੋ ਕੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਇਹ ਚਾਬੀਆਂ ਸ਼ੋਅਕੇਸ ਵਿਚ ਕਿਉਂ ਸਜਾਈਆਂ ਹੋਈਆਂ ਨੇ? ਉਨ੍ਹਾਂ ਦੱਸਿਆ ਕਿ ਇਹ ਚਾਬੀਆਂ 47 ਦੀ ਵੰਡ ਵੇਲੇ ਉਸ ਦੇ ਦਾਦੀ ਜੀ ਹਿੰਦੁਸਤਾਨ ਤੋਂ ਪਾਕਿਸਤਾਨ ਲੈ ਗਏ ਸਨ। ਜਦੋਂ ਉਹ ਕੈਨੇਡਾ ਆਏ ਤਾਂ ਵੀ ਚਾਬੀਆਂ ਨਾਲ ਲੈ ਕੇ ਆਏ। ਦਾਦੀ ਨੇ ਪਾਕਿਸਤਾਨ ਤੋਂ ਲੈ ਕੇ ਕੈਨੇਡਾ ਤਕ ਹਮੇਸ਼ਾ ਇਹ ਚਾਬੀਆਂ ਆਪਣੇ ਕੋਲ ਰੱਖੀਆਂ ਅਤੇ ਕਹਿੰਦੇ ਹੁੰਦੇ ਸਨ, ‘ਮੈਂ ਘਰ ਨੂੰ ਜੰਦਰਾ ਮਾਰ ਕੇ ਕੁੰਜੀਆਂ ਲੈ ਆਈ ਹਾਂ, ਜਦੋਂ ਮਾਹੌਲ ਸੁਖਾਵੇਂ ਹੋ ਜਾਣਗੇ ਤਾਂ ਜਾ ਕੇ ਘਰ ਖੋਲ੍ਹ ਲਵਾਂਗੇ।’ ਪਰ ਕੌਣ ਵਾਪਸ ਜਾ ਸਕਿਆ ਆਪਣੇ ਘਰਾਂ ਨੂੰ? ਕਿੰਨੇ ਲੋਕ ਸਰਹੱਦਾਂ ਦੇ ਆਰ-ਪਾਰ ਵਾਪਸ ਜਾਣ ਨੂੰ ਤਰਸਦੇ ਰਹੇ। ਜਗਤਾਰ ਦੇ ਕੁਝ ਸ਼ਿਅਰ ਯਾਦ ਆ ਰਹੇ ਨੇ :
ਮਹਿਰਮ ਦਿਲਾਂ ਦੇ ਜਾਨ
ਤੋਂ ਵੀ ਲਾਡਲੇ ਲਹੌਰ।
ਹੁਣ ਤਰਸਦੇ ਹਾਂ ਜਾਣ
ਨੂੰ ਉਸ ਰਾਂਗਲੇ ਲਹੌਰ।
ਟੁੱਟਣੀ ਕਦੇ ਵੀ ਸਾਂਝ
ਨਾ ਲੋਕਾਂ ਦੇ ਦਰਦ ਦੀ,
ਦਿੱਲੀ ਵਲੇ, ਵਲੇ ਪਿਆ
ਲੱਖ ਵਾਗਲੇ ਲਹੌਰ।
ਉਹ ਚਾਬੀਆਂ ਵਾਲੀ ਗੱਲ ਸੁਣ ਕੇ ਲੂੰ ਕੰਡੇ ਖੜੇ੍ਹ ਹੋ ਗਏ। ਵੰਡ ਵੇਲੇ ਦੇ ਉਸ ਉਜਾੜੇ ਦੌਰਾਨ ਦੋਹਾਂ ਪਾਸਿਆਂ ਦੇ ਪਤਾ ਨਹੀਂ ਕਿੰਨੇ ਕੁ ਲੋਕ, ਆਪਣੇ ਖੁਸ ਗਏ ਘਰਾਂ ਦੀਆਂ ਚਾਬੀਆਂ ਹਿੱਕ ਨਾਲ ਲਾਈ ਮੁੜ ਆਪਣੇ ਘਰ ਦਾ ਮੂੰਹ ਵੇਖਣ ਨੂੰ ਤਰਸਦੇ ਇਸ ਦੁਨੀਆ ਤੋਂ ਕੂਚ ਕਰ ਗਏ। ਅਮਿ੍ਰਤਾ ਪ੍ਰੀਤਮ ਨੇ ਇਸ ਦਰਦ ਦੀ ਕਹਾਣੀ ਨੂੰ ਆਪਣੀ ਸੁਪ੍ਰਸਿੱਧ ਕਵਿਤਾ ‘ਅੱਜ ਆਖਾਂ ਵਾਰਿਸ ਸ਼ਾਹ ਨੂੰ’ ਵਿਚ ਬਾਖੂਬੀ ਬਿਆਨਿਆ ਹੈ,
ਇਕ ਰੋਈ ਸੀ ਧੀ ਪੰਜਾਬ ਦੀ
ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ
ਤੈਨੂੰ ਵਾਰਿਸ ਸ਼ਾਹ ਨੂੰ ਕਹਿਣ
ਉਠ ਦਰਦਮੰਦਾਂ ਦੇ ਦਰਦੀਆ
ਉਠ ਤੱਕ ਆਪਣਾ ਪੰਜਾਬ
ਅੱਜ ਬੇਲੇ ਲਾਸ਼ਾਂ ਵਿਛੀਆਂ
ਤੇ ਲਹੂ ਨਾਲ ਭਰੀ ਝਨਾਬ
ਸਵਾਲ ਹੀ ਸਵਾਲ ਹਨ ਸਾਡੇ ਸਾਹਮਣੇ। ਆਪਣੇ ਹੀ ਲੋਕਾਂ ਦੁਆਰਾ ਆਪਣੇ ਹੀ ਹਮਸਾਇਆਂ ਦੀ ਲੁੱਟ ਅਤੇ ਕਤਲ ਦੀਆਂ ਵਾਰਦਾਤਾਂ ਕਿਉਂ ਹੋਈਆਂ? ਕੌਣ ਸੀ ਜਿਸ ਨੇ ਵੱਸਦੇ ਰਸਦੇ ਲੋਕਾਂ ਨੂੰ ਉਜਾੜ ਦਿੱਤਾ? ਇਹੋ ਜਿਹੇ ਉਜਾੜੇ ਪਿੱਛੇ ਕਿਸਦੀ ਸਾਜ਼ਿਸ਼ ਹੁੰਦੀ ਹੈ? ਇਹ ਕਹਾਣੀ ਦੋਵੇਂ ਪਾਸਿਆਂ ਦੇ ਅਣਗਿਣਤ ਪਰਿਵਾਰਾਂ ਨਾਲ ਕਿਸਦੀ ਸੋਚ ਕਰਕੇ ਦੁਹਰਾਈ ਗਈ? ਉਹ ਜਿਹੜੇ ਕੁਝ ਚਿਰ ਪਹਿਲਾਂ ਬੜੇ ਇਤਫਾਕ ਨਾਲ ਇਕੱਠੇ ਵਸਦੇ ਸਨ ਅਚਾਨਕ ਇਕ ਦੂਜੇ ਦੇ ਲਹੂ ਦੇ ਪਿਆਸੇ ਕਿਵੇਂ ਹੋ ਗਏ? ਸਵਾਲ ਹੀ ਸਵਾਲ ਸਨ, ਆਪਣੇ ਹੱਥ ਵਿਚ ਫੜੀਆਂ ਕੁੰਜੀਆਂ ਦੇ ਗੁੱਛੇ ਵੱਲ ਵੇਖ ਕੇ ਸੋਚ ਰਹੀ ਸਾਂ, ‘ਉਹ ਜੋ ਲੋਕਾਂ ਦੇ ਹੱਸਦੇ ਵੱਸਦੇ ਘਰ ਉਜਾੜਦੇ ਨੇ ਉਨ੍ਹਾਂ ਦੇ ਦਿਲਾਂ ਦੀਆਂ ਕੁੰਜੀਆਂ ਕਿੱਥੇ ਗੁਆਚ ਗਈਆਂ ?’
ਬਾਲ ਦੀ ਗੱਲ੍ਹ ਪਲ਼ੋਸਦਿਆਂ ਹੀ
ਰੋਮ ਰੋਮ ਵਿਚ ਡਰ ਆਇਆ ਹੈ
ਖਵਰੇ ਕਿੰਨੀਆਂ ਮੌਤਾਂ ਜੀ ਕੇ
ਫੌਜੀ ਆਪਣੇ ਘਰ ਆਇਆ ਹੈ
(ਜਗਜੀਤ ਸੰਧੂ ਦੀ ਫੇਸ ਬੁੱਕ ਵਾਲ ਤੋਂ)
47 ਦਾ ਸੰਤਾਪ ਅਜੇ ਮੁੱਕਾ ਨਹੀਂ ਸੀ ਕਿ ਦੋਵੇਂ ਦੇਸ਼ 1965 ਦੀ ਜੰਗ ਛੇੜ ਬੈਠੇ। ਫੇਰ ਕਿੰਨਾ ਭਾਰੀ ਨੁਕਸਾਨ ਉਠਾਉਣਾ ਪਿਆ ਲੋਕਾਂ ਨੂੰ! ਨਿਤ ਨਵੀਂ ਤਾਰ ਆਉਂਦੀ ਅਤੇ ਕਿਸੇ ਨਾ ਕਿਸੇ ਘਰ ਦਾ ਪੁੱਤ ਖੋਹ ਕੇ ਲੈ ਜਾਂਦੀ। ਉਨ੍ਹੀ ਦਿਨੀਂ ਲੋਕ ਡਾਕੀਏ ਨੂੰ ਆਪਣੇ ਘਰ ਵੱਲ ਆਉਂਦਾ ਵੇਖ ਥਰ ਥਰ ਕੰਬਣ ਲੱਗਦੇ। ਕਿੰਨੀਆਂ ਔਰਤਾਂ ਦੇ ਸੁਹਾਗ ਉਜੜੇ। ਕਿੰਨੀਆਂ ਨਵੀਆਂ ਵਿਆਹੀਆਂ ਉਨ੍ਹਾਂ ਫ਼ੌਜੀਆਂ ਦੀਆਂ ਵਿਧਵਾਵਾਂ ਬਣ ਕੇ ਅਜੇ ਵੀ ਪੇਕੀਂ ਬੈਠੀਆਂ ਇਕੱਲਤਾ ਦਾ ਸੰਤਾਪ ਹੰਢਾ ਰਹੀਆਂ ਨੇ। ਕਿੰਨੇ ਮਸੂਮ ਬੱਚੇ ਪਿਤਾ ਦੀ ਅਣਹੋਂਦ ਕਾਰਨ ਰੁਲਣ ’ਤੇ ਮਜਬੂਰ ਹੋਏ ਪਰ ਲੜਾਈ ਕਰਵਾਉਣ ਵਾਲਿਆਂ ਨੂੰ ਕੋਈ ਫ਼ਰਕ ਨਹੀਂ ਪਿਆ ਕਿਉਂਕਿ ਉਨ੍ਹਾਂ ਦਾ ਕੁਝ ਨਹੀਂ ਗਿਆ।
ਨੁਕਸਾਨ ਲੋਕਾਂ ਦਾ ਹੁੰਦਾ ਹੈ ਹਾਕਮਾਂ ਦਾ ਨਹੀਂ। ਲੋਕ ਲੜਾਈ ਨਹੀਂ ਚਾਹੁੰਦੇ ਹੁਕਮਰਾਨ ਚਾਹੁੰਦੇ ਹਨ, ਰਾਜਨੀਤਕ ਲੋਕ ਚਾਹੁੰਦੇ ਹਨ। ਜੇ
ਲੋਕ ਜੰਗ ਚਾਹੁੰਦੇ ਹੁੰਦੇ ਤਾਂ ਇੰਟਰਨੈੱਟ ’ਤੇ ਪੋਸਟ ਹੋਈ ਇਕ ਯੂ ਟਿਊਬ ਵੀਡੀਓ ਵਿਚ ਇਕ ਮੁਸਲਮਾਨ ਫ਼ੌਜੀ ਭਰਾ ਭਰੇ ਦਿਲ ਨਾਲ ਇਹ ਨਾ ਕਹਿ ਰਿਹਾ ਹੁੰਦਾ,
ਸੱਥਰ ਉਧਰ ਵਿਛੇ ਜਾਂ
ਸੱਥਰ ਐਧਰ ਵਿਛੇ
ਸੱਥਰ ਆਪਣੇ ਘਰ ਵਿਚ
ਵਿਛਿਆ ਜਾਪਦਾ
ਪੁੱਤ ਹਿੰਦ ਦਾ ਮਰੇ ਜਾਂ ਪਾਕ ਦਾ
ਪੁੱਤ ਮਰਦੈ ਆਪਣੇ ਮਾਂ ਬਾਪ ਦਾ
ਧਰਤੀ ਦੇ ਕਿਸੇ ਟੁਕੜੇ ਪਿੱਛੇ ਲੜਾਈ ਕਿਉਂ? ਕੀ ਜ਼ਮੀਨ ਕਦੇ ਕਿਸੇ ਦੀ ਹੋਈ ਹੈ? ਦੋ ਵਿਸ਼ਵ ਯੁੱਧਾਂ ਤੋਂ ਅਸੀਂ ਕੀ ਖੱਟਿਆ? ਹੀਰੋਸ਼ੀਮਾ ਨਾਗਾਸਾਕੀ ਦੇ ਉਜਾੜੇ ਤੋਂ ਅਸੀਂ ਕੀ ਸਿੱਖਿਆ? ਉਹ ਜੋ ਆਪਣੇ ਮੁਫਾਦ ਲਈ ਲੋਕਾਂ ਦਾ ਕਤਲਿਆਮ ਕਰਦੇ ਹਨ, ਮੌਤ ਜਿਨ੍ਹਾਂ ਦਾ ਵਪਾਰ ਹੈ, ਆਮ ਲੋਕ ਉਨ੍ਹਾਂ ਦੀਆਂ ਚਲਾਕੀਆਂ ਨੂੰ ਨਹੀਂ ਸਮਝਦੇ। ਸ਼ਾਤਰ ਲੋਕ ਨਫ਼ਰਤ ਵੰਡਦੇ ਹਨ, ਨਫ਼ਰਤ ਫੈਲਾਉਂਦੇ ਹਨ ਅਤੇ ਆਪਣੇ ਵਪਾਰ ਚਲਾਉਂਦੇ ਹਨ। ਲੋਕ ਜ਼ੁਲਮ ਸਹਿੰਦੇ ਹਨ ਅਤੇ ਲੜਦੇ ਮਰਦੇ ਹਨ। ਫੈਜ਼ ਅਹਿਮਦ ਫੈਜ਼ ਕਹਿੰਦਾ ਹੈ :
ਯੂੰ ਹੀ ਹਮੇਸ਼ਾ ਉਲਝਤੀ
ਰਹੀ ਹੈ ਜ਼ੁਲਮ ਸੇ ਖਲਕ
ਨਾ ਉਨਕੀ ਰਸਮ ਨਈ ਹੈ,
ਨਾ ਅਪਨੀ ਰੀਤ ਨਈ ਹੈ।
ਯੂੰ ਹੀ ਹਮੇਸ਼ਾ ਖਿਲਾਏਂ ਹੈ
ਹਮਨੇ ਅੰਗਾਰੋਂ ਮੇਂ ਫੂਲ
ਨਾ ਉਨਕੀ ਹਾਰ ਨਈ ਹੈ
ਨਾ ਅਪਨੀ ਜੀਤ ਨਈ ਹੈ।
ਅਮੀਰ ਦੇਸ਼ ਗਰੀਬ ਦੇਸ਼ਾਂ ਨੂੰ ਅਸਲਾ ਵੇਚਦੇ ਹਨ। ਗ਼ਰੀਬ ਦੇਸ਼ ਕਰਜ਼ਾ ਚੁੱਕ ਅਸਲਾ ਜਾਣੀ ਕਿ ਮੌਤ ਖ਼ਰੀਦਦੇ ਨੇ। ਸਾਥੀਉ ਇਨ੍ਹਾਂ ਮੌਤ ਦੇ ਵਪਾਰੀਆਂ ਦੀਆਂ ਇਨ੍ਹਾਂ ਨੀਤੀਆਂ ਕਰਕੇ ਅੱਜ ਜੰਗ ਸਾਡੇ ਘਰਾਂ ਵਿਚ ਆ ਵੜੀ ਹੈ। ਜੰਗ ਸਾਡੇ ਪਰਿਵਾਰਾਂ ਵਿਚ ਵੜ ਆਈ ਹੈ। ਜੰਗ ਸਾਡੇ ਮਨਾਂ ਵਿਚ ਆ ਵੜੀ ਹੈ। ਜੰਗ ਸਾਡੇ ਬੱਚਿਆਂ ਦੇ ਦਿਮਾਗ਼ਾਂ ਵਿਚ ਆ ਵੜੀ ਹੈ। ਟੀ ਵੀ, ਤੇ ਚੱਲਦੇ ਨਾਟਕਾਂ ਤੇ ਫਿਲਮਾਂ ਵਿਚ ਦਿਖਾਈ ਜਾਣ ਵਾਲੀ ਹਿੰਸਾ ਨੇ ਲੋਕਾਂ ਦੇ ਦਿਲਾਂ ਵਿੱਚੋਂ ਦਇਆ ਕੱਢ ਕੇ ਕਠੋਰਤਾ ਭਰ ਦਿੱਤੀ ਹੈ। ਇਸੇ ਲਈ ਥਾਂ-ਥਾਂ ’ਤੇ ਕਾਤਲ ਤੇ ਜਬਰ ਜਨਾਹ ਕਰਨ ਵਾਲੇ ਪੈਦਾ ਹੋ ਗਏ ਹਨ। ਵੀਡੀਉ ਗੇਮਾਂ ਵਿਚ ਚੱਲਦੀਆਂ ਕਾਰਾਂ ਦੀ ਟੱਕਰ ਤੇ ਨਿਕਲਦੀ ਅੱਗ, ਠਾਹ ਠਾਹ ਚੱਲਦੀਆਂ ਮਸ਼ੀਨਗੰਨਾਂ ਅਤੇ ਗੋਲੀਆਂ ਸਾਡੇ ਬੱਚਿਆਂ ਨੂੰ ਕੀ ਸਿਖਾ ਰਹੀਆਂ ਹਨ? ਕੀ ਅਸੀਂ ਕਦੇ ਗੌਰ ਕੀਤਾ? ਅਸੀਂ ਇਸ ਜੰਗ ਨੂੰ ਪਛਾਨਣਾ ਹੈ, ਪਛਾੜਣਾ ਹੈ। ਪਛਾਨਣਾ ਹੈ ਕਿ ਇਸ ਦੇ ਬੀਜ ਕਿੱਥੇ ਪਏ ਹਨ। ਆਪਣੇ ਮਨਾਂ ਵਿੱਚੋਂ, ਆਪਣੇ ਘਰਾਂ ਵਿੱਚੋਂ ਆਪਣੇ ਸਮਾਜ ਵਿੱਚੋਂ ਅਤੇ ਆਪਣੇ ਆਲੇ ਦੁਆਲੇ ਵਿੱਚੋਂ ਇਸ ਨਫ਼ਰਤ ਨੂੰ ਜੜੋ੍ਹਂ ਉਖਾੜਨਾ ਹੈ। ਅਸੀਂ ਲਾਈਲੱਗ ਨਹੀਂ ਕਿ ਕਿਸੇ ਮੀਡੀਏ ਜਾਂ ਮੌਤ ਦੇ ਕਿਸੇ ਵਪਾਰੀ ਦੇ ਪਿੱਛੇ ਲੱਗ ਕੇ ਆਪਣੇ ਹੀ ਹਮਸਾਇਆਂ ਦੇ ਖ਼ੂਨ ਵਿਚ ਹੱਥ ਧੋਈਏ ਜਾਂ ਜੰਗ ਵਰਗੇ ਮਾਹੌਲ ਨੂੰ ਵੜ੍ਹਾਵਾ ਦੇਈਏ।
ਆਉ ਅਸੀਂ ਇਸ ਦੁਨੀਆ ਨੂੰ ਜਿਊਣ ਜੋਗੀ ਕਰਨ ਲਈ ਕੁਝ ਉਪਰਾਲਾ ਕਰੀਏ। ਆਉ ਆਪਣੇ ਆਲੇ ਦੁਆਲੇ ਦੀ ਸੋਚ ਨੂੰ ਬਦਲੀਏ ਕਿ ਆਪਸੀ ਸਦਭਾਵਨਾ ਬਣੀ ਰਹੇ। ਆਉ ਨਫ਼ਰਤ ਫੈਲਾਉਣ ਵਾਲਿਆਂ ਨੂੰ ਦੱਸੀਏ ਕਿ ਅਸੀਂ ਜੰਗ ਨਹੀਂ ਅਮਨ ਸ਼ਾਂਤੀ ਦੇ ਪੁਜਾਰੀ ਹਾਂ। ਅਸੀਂ ਸਾਰੇ ਜਾਣਦੇ ਹਾਂ ਕਿ ਲੋਕ ਕਦੇ ਵੀ ਜੰਗ ਨਹੀਂ ਚਾਹੁੰਦੇ ਹੁੰਦੇ। ਯਾਦ ਰਹੇ ਕਿ ਜੰਗ ਵਿਚ ਨੁਕਸਾਨ ਆਮ ਲੋਕਾਂ ਦਾ ਹੁੰਦਾ ਹੈ, ਜੰਗ ਕਰਵਾਉਣ ਵਾਲਿਆਂ ਦਾ ਨਹੀਂ। ਸ਼ਿਵ ਕੁਮਾਰ ਬਟਾਲਵੀ ਦੇ ਇਸ ਸੁਨੇਹੇ ’ਤੇ ਫੁੱਲ ਚੜਾਉਂਦੇ ਹੋਏ ਆਪਣੀ ਗੱਲ ਇਸ ਦੁਆ ਨਾਲ ਸਮਾਪਤ ਕਰਦੇ ਹਾਂ ਕਿ ਜੰਗ ਕਦੇ ਨਾ ਹੋਵੇ।
ਓ ਐਟਮਾਂ ਦਿਉ ਤਾਜਰੋ
ਬਾਰੂਦ ਦੇ ਵਣਜਾਰਿਉ
ਹੁਣ ਹੋਰ ਨਾ ਮਨੁੱਖ ਦੇ ਸਿਰ
ਲਹੂਆਂ ਦਾ ਕਰਜ਼ਾ ਚਾੜ੍ਹਿਉ
ਹੈ ਅੱਖ ਚੁੱਭੀ ਅਮਨ ਦੀ
ਆਇਉ ਵੇ ਫੂਕਾਂ ਮਾਰਿਉ।
- ਸੁਰਜੀਤ, ਟੋਰਾਂਟੋ