ਅਸੀਂ ਹਰ ਵਾਰ ‘ਰਾਜੇ’ ਵਾਲੀ ਪਰਚੀ ਤੋਂ ਵਿਰਵੇ ਰਹਿ ਜਾਂਦੇ। ਖੇਡ ਤੋਂ ਬਾਅਦ ਹਰ ਵਾਰ ਹਾਰ ਕੇ ਅਸੀਂ ਥੋੜ੍ਹੇ-ਥੋੜ੍ਹੇ ਪੈਸੇ ਪਾ ਬੀਰ੍ਹੀ ਨੂੰ ਕੁਝ ਨਾ ਕੁਝ ਖਿਲਾਉਂਦੇ ਰਹਿੰਦੇ ਸਾਂ। ਬਾਅਦ ਵਿਚ ਉਹੀ ਬੀਰ੍ਹੀ ‘ਰਾਜਨੀਤੀ’ ਵਿਚ ਪੈ ਗਿਆ। ਕਿਸੇ ਧਾਰਮਿਕ ਸਥਾਨ ਨਾਲ਼ ਵੀ ਜੁੁੜ ਗਿਆ। ਨਿੱਕੇ-ਨਿੱਕੇ ਸਮਾਗਮਾਂ ’ਤੇ ਆਪਣੀ ‘ਮੈਂ’ ਦਾ ਪ੍ਰਗਟਾਵਾ ਕਰਨਾ ਉਹਦੀ ਆਦਤ ਬਣ ਗਿਆ।
ਮੁਖੀ ਸਾਹਿਬ ਦੀ ਸੇਵਾ-ਮੁਕਤੀ ’ਚ ਦੋ ਦਿਨ ਬਾਕੀ ਰਹਿ ਗਏ ਹਨ ਪਰ... ਮੈਨੂੰ ਮੇਰੇ ਨਾਲ ਕੀਤੇ ਵਾਅਦੇ ਦਾ ਚੇਤਾ ਆਇਆ। ਬਾਕੀ ਰਹਿ ਚੁੱਕੇ ਸੰਸਥਾ ਦੇ ਮੁਖੀਆਂ ਬਾਰੇ ਵੀ ਮੇਰੇ ਮਨ ’ਚ ਕਈ ਖ਼ਿਆਲ ਆਏ। ਹਰ ਸੇਵਾ-ਮੁਕਤ ਮੁਖੀ ਦੇ ਗੁਣਾਂ ਨੂੰ ਮੈਂ ਅੰਦਰੋਂ-ਅੰਦਰੀ ਸਲਾਹੁੰਦਾ ਰਿਹਾ ਪਰ ਮੌਜ਼ੂਦਾ...! ਮੈਨੂੰ ਆਪਣੇ ਪਿੰਡ ਦਾ ਬੀਰ੍ਹੀ ਯਾਦ ਆਇਆ। ਬਚਪਨ ’ਚ ਸਾਡੇ ਨਾਲ ‘ਚੋਰ ਸਿਪਾਹੀ’ ਖੇਡ- ਖੇਡਦਿਆਂ ਹਰ ਵਾਰ ਬੀਰ੍ਹੀ ‘ਰਾਜਾ’ ਬਣ ਜਾਂਦਾ। ਸਾਨੂੰ ‘ਰਾਜੇ’ ਵਾਲੀ ਪਰਚੀ ’ਤੇ ਲਗਾਈ ਉਸ ਦੀ ਨਿਸ਼ਾਨੀਂ ਬਾਰੇ ਉੱਕਾ ਪਤਾ ਨਾ ਚੱਲਦਾ। ਅਸੀਂ ਹਰ ਵਾਰ ‘ਰਾਜੇ’ ਵਾਲੀ ਪਰਚੀ ਤੋਂ ਵਿਰਵੇ ਰਹਿ ਜਾਂਦੇ। ਖੇਡ ਤੋਂ ਬਾਅਦ ਹਰ ਵਾਰ ਹਾਰ ਕੇ ਅਸੀਂ ਥੋੜ੍ਹੇ-ਥੋੜ੍ਹੇ ਪੈਸੇ ਪਾ ਬੀਰ੍ਹੀ ਨੂੰ ਕੁਝ ਨਾ ਕੁਝ ਖਿਲਾਉਂਦੇ ਰਹਿੰਦੇ ਸਾਂ। ਬਾਅਦ ਵਿਚ ਉਹੀ ਬੀਰ੍ਹੀ ‘ਰਾਜਨੀਤੀ’ ਵਿਚ ਪੈ ਗਿਆ। ਕਿਸੇ ਧਾਰਮਿਕ ਸਥਾਨ ਨਾਲ਼ ਵੀ ਜੁੁੜ ਗਿਆ। ਨਿੱਕੇ-ਨਿੱਕੇ ਸਮਾਗਮਾਂ ’ਤੇ ਆਪਣੀ ‘ਮੈਂ’ ਦਾ ਪ੍ਰਗਟਾਵਾ ਕਰਨਾ ਉਹਦੀ ਆਦਤ ਬਣ ਗਿਆ। ਆਪਣੀ ਜੇਬ੍ਹ ਵਿੱਚੋਂ ਪੈਸਾ ਕੱਢਣਾ ਉਹਦੇ ਲਈ ਬੜਾ ਔਖਾ ਸੀ। ਸੰਸਥਾ ਵਿਚ ਬਿਤਾਏ ਸਮੇਂ ਨੂੰ ਮੈਂ ਸ਼ਿੱਦਤ ਨਾਲ਼ ਯਾਦ ਕਰਨ ਲੱਗਾ। ਬੱਚਿਆਂ ਨਾਲ ਗੱਲਬਾਤ, ਕਹਾਣੀਆਂ ਅਤੇ ਸਦਾਚਾਰਕ ਗੁਣਾਂ ਬਾਰੇ ਵਿਖਿਆਨ ਕਰਦਿਆਂ ਕਈ ਅਧਿਆਪਕ ਵੀ ਯਾਦ ਆਏ। ਕੁਝ ਲੋੜਵੰਦ ਵਿਦਿਆਰਥੀਆਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਹੱਲ ਹੋਈਆਂ ਜਾਂ ਨਾ ਪਰ ਮਨ ਖ਼ੁਸ਼ ਹੀ ਰਿਹਾ। ਤੁਹਾਡੇ ਅੰਦਰਲੀ ਸੰਵੇਦਨਾਂ ਜਾਂ ਉਦਾਰਤਾ ਦੇਖ ਬਹੁਤ ਸਾਰੇ ਲੋਕ ਖ਼ਾਸ ਕਰਕੇ ਅਧਿਆਪਕ ਤੁਹਾਡੇ ਨਾਲ਼ ਉਂਝ ਹੀ ਜੁੜ ਜਾਂਦੇ ਹਨ। ਆਪਣੇ ਸੁਆਰਥ ਦੇ ਹੱਲ ਲਈ ਉਹ ਦਿਨ-ਰਾਤ ਤੁਹਾਡੇ ਸੋਹਲੇ ਗਾਉਂਦੇ ਰਹਿੰਦੇ ਹਨ। ਰਾਜਨੀਤੀ ਕਰ ਰਹੇ ਅਧਿਆਪਕਾਂ ਲਈ ਤਾਂ ਤੁਸੀਂ ‘ਸੁੰਢ ਦੀ ਗੰਢੀ’ ਮਹਿਸੂਸ ਹੁੰਦੇ ਹੋ। ਉਹ ਹਰ ਨਿੱਕੇ-ਮੋਟੇ ਸਮਾਗਮ ’ਤੇ ਆਪਣਾ ਅਕਸ਼ ਵੱਡਾ ਕਰਨ ਲਈ ਤੁਹਾਡੇ ਸੰਗ ਨੂੰ ਮਹੱਤਤਾ ਦਿੰਦੇ ਰਹਿੰਦੇ ਹਨ। ਅਸਲ ’ਚ ਅਜਿਹੇ ਅਧਿਆਪਕਾਂ ਦਾ ਪੜ੍ਹਾਈ-ਲਿਖਾਈ ਨਾਲ਼ ਬਹੁਤ ਬਾਵਾਸਤਾ ਨਹੀਂ ਹੁੰਦਾ। ਉਹ ਤਾਂ ਸਤ੍ਹਈ ਪੱਧਰ ਦੀ ‘ਦੋਸਤੀ’ ਦੀ ਪਰਿਭਾਸ਼ਾ ਨੂੰ ਪੱਕਾ ਕਰ ਆਪਣੀ ਵੋਟ ਬੈਂਕ ਨੂੰ ਵੱਡਾ ਕਰਨ ਤੁਰੇ ਰਹਿੰਦੇ ਹਨ। ਮੇਰੀ ਸੇਵਾ-ਮੁਕਤੀ ਤੋਂ ਕੁਝ ਮਹੀਨੇ ਪਹਿਲਾਂ ‘ਜੀ ਹਜ਼ੂਰੀ’ ਕਰਨ ਵਾਲੇ ਅਧਿਆਪਕ ਮੁਖ ਦਰਬਾਰ ’ਤੇ ਜਾ ਪਹੁੰਚੇ। ‘ਸਰ ਬਟੋਰ ਲਓ ਜਿੰਨਾਂ ਚਾਹੀਦੈ?’ ਦੋ ਖ਼ਾਸ-ਮ-ਖ਼ਾਸ ਰਾਜਨੀਤੀ ਖੇਡਣ ਵਾਲੇ ਅਧਿਆਪਕ ਮੁਖੀ ਸਾਹਿਬ ਕੋਲ ਖੜ੍ਹੇ ਸਨ।
‘ਸਿਆਣੇ ਕਹਿੰਦੇ ਨੇ ‘ਦਾਨ’ ਕਰਨ ਲੱਗਿਆਂ ਰਤਾ ਨਾ ਸੋਚੋ, ਚੁੱਪ-ਚੁਪੀਤੇ ਆਪਣਾ ਫ਼ਰਜ਼ ਨਿਭਾਅ ਦਿਓ।’
ਉਂਝ ਵੀ ਜਿਸ ਸੰਸਥਾ ਦੇ ਸਿਰ ’ਤੇ ਤੁਸੀਂ ਕਿਸੇ ਮੁਕਾਮ ’ਤੇ ਪਹੁੰਚੇ ਹੋ ਉਸ ਲਈ ਕੁਝ ਕਰਨਾ ਤੁਹਾਡਾ ਆਤਮਿਕ ਫ਼ਰਜ਼ ਬਣ ਜਾਂਦਾ ਹੈ। ਮੇਰੇ ਤੋਂ ਪਹਿਲਾਂ ਵੀ ਸੇਵਾ-ਮੁਕਤ ਹੋਏ ਅਧਿਆਪਕ ਵੀ ਮੁਖੀ ਦੇ ਜ਼ੋਰ ਪਾਉਣ ’ਤੇ ਕੁਝ ਨਾ ਕੁਝ ਤਿਲਫੁੱਲ ਹਾਜ਼ਰ ਕਰ ਚੁੱਕੇ ਸਨ। ਮੈਨੂੰ ਵੀ ਮੁਖੀ ਸਾਹਿਬ ਨੇ ਗੁਪਤ ਕਮਰੇ ਵਿਚ ਸੱਦ ਲਿਆ।
ਕੀ ਕਰੋਗੇ?
‘ਤੁਸੀਂ ਜੋ ਕਹਿੰਦੇ ਹੋ?’ ਮੈਂ ਆਪਣੀ ਉਦਾਰਤਾ ਨੂੰ ਹਮੇਸ਼ਾ ਆਪਣੇ ਵਢ੍ਹੇਰਿਆਂ ਦੇ ਸਨਮੁਖ ਕਰਦਾ ਰਿਹਾ ਹਾਂ।
‘ਮੇਨ ਹਾਲ ’ਚ ਟਾਇਲਾਂ ਲਗਵਾ ਦਿਓ’
‘ਓ ਕੇ ਸਰ’
‘ਕੋਈ ਲੱਖ ਕੁ ਦਾ ਖ਼ਰਚ ਹੋਣੈ।’
ਮੈਨੂੰ ਇਸ ਕੰਮ ਲਈ ਉਂਝ ਵੀ ਆਤਮਿਕ ਖ਼ੁੁਸ਼ੀ ਸੀ ਕਿਉਂਕਿ ਇਸ ਹਾਲ ਦਾ ਇਤਿਹਾਸ ਦੱਸਦਾ ਹੈ ਕਿ ਇਸ ਹਾਲ ’ਚ, ਡਾ. ਬੀ. ਆਰ. ਅੰਬੇਡਕਰ, ਡਾ. ਜ਼ਾਕਿਰ ਹੁਸੈਨ, ਡਾ. ਰਜਿੰਦਰ ਪ੍ਰਸਾਦ, ਪੰਡਿਤ ਜਵਾਹਰ ਲਾਲ ਨਹਿਰੂ, ਇੰਦਰ ਕੁਮਾਰ ਗੁਜਰਾਲ, ਮਿਲਖਾ ਸਿੰਘ, ਸ਼ਿਵ ਕੁਮਾਰ ਬਟਾਲਵੀ, ਜਗਜੀਤ ਸਿੰਘ (ਗ਼ਜ਼ਲ ਗਾਇਕ) ਗਿਆਨੀ ਜੈਲ ਸਿੰਘ ਆਦਿ ਸ਼ਖ਼ਸੀਅਤਾਂ ਦੇ ਕਦਮ ਇਸ ਹਾਲ ਦੇ ਫ਼ਰਸ਼ ਨੂੰ ਚੁੰਮ ਚੁੱਕੇ ਸਨ।
ਸੇਵਾ-ਮੁਕਤੀ ਤੋਂ ਕੁਝ ਦਿਨ ਪਹਿਲਾਂ ਮੈਂ ਮੇਨਹਾਲ ਦੇ ਫ਼ਰਸ਼ ’ਤੇ ਟਾਇਲਾਂ ਲਗਵਾ ਦਿੱਤੀਆਂ। ਮੁਖੀ ਸਾਹਿਬ ਨੇ ਮੇਰੀ ਤਾਰੀਫ਼ ਦੇ ਸੋਹਲੇ ਗਾਏ ਅਤੇ ਨਾਲ਼ ਹੀ ਮੇਰੇ ਨਾਲ ਵਾਅਦਾ ਕਰ ਲਿਆ ਕਿ ਕਿਸੇ ਸਮਾਗਮ ’ਤੇ ਤੁਹਾਡੇ ਤੋਂ ਉਦਘਾਟਨ ਕਰਵਾ ਲਵਾਂਗੇ।
ਸੇਵਾ-ਮੁਕਤੀ ਹੋੋ ਗਈ। ਸਮਾਂ ਲੰਘ ਗਿਆ। ਮੈਂ ਆਪਣੇ ਘਰੇਲੂ ਅਤੇ ਸਾਹਿਤਕ ਕਾਰਜਾਂ ’ਚ ਰੁੱਝ ਗਿਆ। ਮੁਖੀ ਸਾਹਿਬ ਨੇ ਵੀ ਮੇਰੇ ਤੋਂ ਛੇ-ਸੱਤ ਮਹੀਨੇ ਬਾਅਦ ਸੇਵਾ-ਮੁਕਤ ਹੋ ਜਾਣਾ ਸੀ।
ਮੁਖੀ ਸਾਹਿਬ ਦੀ ਦੋ ਦਿਨਾਂ ਬਾਅਦ ਹੋ ਰਹੀ ਸੇਵਾ-ਮੁਕਤੀ ’ਤੇ ਸੰਸਥਾ ਤੋਂ ਇਤਿਹਾਸ ਵਿਭਾਗ ਦੇ ਅਧਿਆਪਕ ਦਾ ਫ਼ੋਨ ਆਇਆ, ‘ਤੁਸੀਂ ਅੱਜ ਆਉਣਾ ਨਹੀਂ ਸੀ ?’
‘ਕਾਹਦੇ ਲਈ ? ਮੈਨੂੰ ਤਾਂ ਕੋਈ ਫ਼ੋਨ ਨਹੀਂ ਆਇਆ ?’ ਮੈਂ ਥੋੜ੍ਹਾ ਹੈਰਾਨ ਸਾਂ।
‘ਅੱਜ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਮੇਨ ਹਾਲ ਦਾ ਉਦਘਾਟਨ ਕਰ ਰਹੇ ਹਨ... ਆਪਣਾ ਪੁਰਾਣਾ ਵਿਦਿਆਰਥੀ ਰਿਹੈ ਇਹ ਅਧਿਕਾਰੀ...’ ਪ੍ਰੋਫ਼ੈਸਰ ਨੇ ਮੈਨੂੰ ਕਾਫ਼ੀ ਸਾਰੀ ਜਾਣਕਾਰੀ ਦੇ ਦਿੱਤੀ।
ਦੋ ਦਿਨ ਬਾਅਦ ਮੁਖੀ ਸਾਹਿਬ ਸੇਵਾ-ਮੁਕਤ ਹੋ ਗਏ। ਮੈੈਨੂੰ ਪਤਾ ਲੱਗਾ ਕਾਲਜ ਤੋਂ ਉਨ੍ਹਾਂ ਆਪਣੇ ਸਾਰੇ ਲਾਭ ਲੈ ਲਏ ਅਤੇ ਸੰਸਥਾ ਨੂੰ ਫੁੱਟੀ ਕੌਡੀ ਵੀ ਨਹੀਂ ਦਿੱਤੀ। ਮੈਨੂੰ ਮੁਖੀ ਸਾਹਿਬ ਦਾ ਖਿਸਿਆਨਾ ਹਾਸਾ ਅਤੇ ਪਿੰਡ ਦਾ ਬੀਰ੍ਹੀ ਵਾਰ-ਵਾਰ ਯਾਦ ਆਉਣ ਲੱਗਾ।
- ਦਵਿੰਦਰ ਮੰਡ (ਡਾ.)
+16693495638