- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਵਿਚ ਸਾਹਿਤ ਸਿਰਜਣਾ ਕਰਨੀ ‘ਹਾਰੀ ਸਾਰੀ’ ਦੇ ਵੱਸ ਦਾ ਰੋਗ ਨਹੀਂ। ਉਂਝ ਤਾਂ ਕਿਸੇ ਭਾਸ਼ਾ ਵਿਚ ਵੀ ਇਹ ਕਿਸੇ ‘ਹਾਰੀ ਸਾਰੀ’ ਦੇ ਵੱਸ ਦਾ ਰੋਗ ਨਹੀਂ ਪਰ ਮੈਂ ਪੰਜਾਬੀ ਦੀ ਗੱਲ ਇਸ ਲਈ ਛੇੜੀ ਹੈ ਕਿਉਂਕਿ ਇਕ ਤਾਂ ਆਪਾਂ ਪੰਜਾਬੀ ਹਾਂ, ਦੂਜਾ ਪੰਜਾਬੀਆਂ ਨੇ ਪੰਜਾਬੀ ਬੋਲੀ ਨੂੰ ਆਮ ਕਰ ਕੇ ਅਤੇ ਪੰਜਾਬੀ ਕਿਤਾਬਾਂ ਨੂੰ ਖ਼ਾਸ ਕਰਕੇ ਤਿਲਾਂਜਲੀ ਦਿੱਤੀ ਹੋਈ ਹੈ।

ਪੰਜਾਬੀ ਵਿਚ ਸਾਹਿਤ ਸਿਰਜਣਾ ਕਰਨੀ ‘ਹਾਰੀ ਸਾਰੀ’ ਦੇ ਵੱਸ ਦਾ ਰੋਗ ਨਹੀਂ। ਉਂਝ ਤਾਂ ਕਿਸੇ ਭਾਸ਼ਾ ਵਿਚ ਵੀ ਇਹ ਕਿਸੇ ‘ਹਾਰੀ ਸਾਰੀ’ ਦੇ ਵੱਸ ਦਾ ਰੋਗ ਨਹੀਂ ਪਰ ਮੈਂ ਪੰਜਾਬੀ ਦੀ ਗੱਲ ਇਸ ਲਈ ਛੇੜੀ ਹੈ ਕਿਉਂਕਿ ਇਕ ਤਾਂ ਆਪਾਂ ਪੰਜਾਬੀ ਹਾਂ, ਦੂਜਾ ਪੰਜਾਬੀਆਂ ਨੇ ਪੰਜਾਬੀ ਬੋਲੀ ਨੂੰ ਆਮ ਕਰ ਕੇ ਅਤੇ ਪੰਜਾਬੀ ਕਿਤਾਬਾਂ ਨੂੰ ਖ਼ਾਸ ਕਰਕੇ ਤਿਲਾਂਜਲੀ ਦਿੱਤੀ ਹੋਈ ਹੈ। ਖ਼ੈਰ, ਇਹ ਇਕ ਵੱਖਰਾ ਅਤੇ ਵੱਡਾ ਮਸਲਾ ਹੈ ਕਿ ਪੰਜਾਬੀ ਲੋਕ ਆਪਣੇ ਸਾਹਿਤ, ਸਾਹਿਤਕਾਰਾਂ ਅਤੇ ਕਿਤਾਬਾਂ ਨੂੰ ਉਵੇਂ ਪਿਆਰ ਕਿਉਂ ਨਹੀਂ ਕਰਦੇ ਜਿਵੇਂ ਦੱਖਣ ਅਤੇ ਪੱਛਮ ਦੇ ਲੋਕ ਆਪਣੇ ਸਾਹਿਤਕਾਰਾਂ ਅਤੇ ਉਨ੍ਹਾਂ ਦੀਆਂ ਕਿਰਤਾਂ ਨੂੰ ਵਡਿਆਉਂਦੇ ਹਨ। ਫਿਰ ਵੀ ਪੰਜਾਬੀ ਪਿਆਰੇ ਆਪਣੇ ਤੌਰ ’ਤੇ ਸਾਹਿਤ ਰਚੀ ਜਾ ਰਹੇ ਹਨ। ਰਾਜਨੀਤੀ ਜਾਂ ਫ਼ਿਲਮੀ ਜਗਤ ਵਿਚ ਪੀੜ੍ਹੀ ਦਰ ਪੀੜ੍ਹੀ ਚੱਲਦੇ ਜਾਣਾ ਭਾਵੇਂ ਇਕ ਆਮ ਵਰਤਾਰਾ ਹੋ ਸਕਦਾ ਹੈ, ਪਰ ਸਾਹਿਤ ਦੇ ਖੇਤਰ ਵਿਚ ਇਹ ਸ਼ਾਇਦ ਇਕ ਦੁਰਲਭ ਅਤੇ ਨਿਵੇਕਲਾ ਵਰਤਾਰਾ ਹੀ ਹੋਵੇਗਾ। ਅੱਜ ਮੈਂ ਇਕ ਅਜਿਹੇ ਪਰਿਵਾਰ ਦੀ ਗੱਲ ਸਾਂਝੀ ਕਰਨ ਲੱਗਾ ਹਾਂ, ਜੋ ਕਿ ਚਾਰ ਪੀੜ੍ਹੀਆਂ ਤੋਂ ਸਾਹਿਤ ਰਚ ਰਿਹਾ ਹੈ। ਇਹ ਪਰਿਵਾਰ ਹੈ ਪ੍ਰਸਿੱਧ ਸਾਹਿਤਕਾਰ ਅਤੇ ਐਡਵੋਕੇਟ ਰਿਪੁਦਮਨ ਸਿੰਘ ਰੂਪ ਹੁਰਾਂ ਦਾ। ਰੂਪ ਹੁਰਾਂ ਨੇ ਕਾਫੀ ਸਾਹਿਤ ਰਚਿਆ, ਜੋ ਕਿ ਬੜਾ ਚਰਚਿਤ ਰਿਹਾ। ਕਾਵਿ-ਸੰਗ੍ਰਹਿ ਰਾਣੀ ਰੁੱਤ, ਲਾਲਗੜ੍ਹ, ਕਹਾਣੀ-ਸੰਗ੍ਰਹਿ ਦਿਲ ਦੀ ਅੱਗ, ਬਹਾਨੇ ਬਹਾਨੇ, ਓਪਰੀ ਹਵਾ, ਪਹੁ ਫੁਟਾਲ਼ੇ ਤਕ’ ਮਿੰਨੀ ਕਹਾਣੀ-ਸੰਗ੍ਰਹਿ ‘ਬਦਮਾਸ਼’, ਨਾਵਲ ‘ਝੱਖੜਾਂ ਵਿਚ ਝੂਲਦਾ ਰੁੱਖ’, ਲੇਖ-ਸੰਗ੍ਰਹਿ ‘ਬੰਨੇ ਚੰਨੇ’ ਨਾਲ ਸਾਹਿਤ ਦੇ ਖੇਤਰ ਵਿਚ ਆਪਣੀ ਜ਼ਿਕਰਯੋਗ ਹਾਜ਼ਰੀ ਲਵਾਈ ਹੈ। ਕਾਵਿ-ਸੰਗ੍ਰਹਿ ‘ਧੂੜ ਹੇਠਲੀ ਕਵਿਤਾ’ ਦਾ ਸੰਪਾਦਨ ਵੀ ਰੂਪ ਹੁਰਾਂ ਕੀਤਾ, ਜੋ ਕਿ ਇਨ੍ਹਾਂ ਦੇ ਪਿਤਾ ਕਵੀ ਗਿਆਨੀ ਈਸ਼ਰ ਸਿੰਘ ਦਰਦ ਦੀ ਰਚਨਾ ਸੀ ਜੋ ਉਨ੍ਹਾਂ ਵਲੋਂ ਆਜ਼ਾਦੀ ਤੋਂ ਪਹਿਲਾਂ ਦੇ ਸਮੇਂ ਦੌਰਾਨ ਅਤੇ ਮਗਰੋਂ ਰਚੀ ਗਈ। ਗਿਆਨੀ ਜੀ ਇਸ ਪਰਿਵਾਰ ਦੀ ਸਾਹਿਤਕ ਖੇਤਰ ਦੀ ਪਹਿਲੀ ਪੀੜ੍ਹੀ ਸਨ। ਸ਼੍ਰੋਮਣੀ ਸਾਹਿਤਕਾਰ ਸੰਤੋਖ ਸਿੰਘ ਧੀਰ ਗਿਆਨੀ ਜੀ ਦੇ ਜੇਠੇ ਪੁੱਤਰ ਸਨ ਅਤੇ ਰੂਪ ਦੇ ਵੱਡੇ ਭਰਾ। ਧੀਰ ਅਤੇ ਰੂਪ ਸਾਹਿਤ ਨੂੰ ਸਮਰਪਿਤ ਦੂਜੀ ਪੀੜ੍ਹੀ ਹੋ ਨਿਬੜਦੀ ਹੈ।
ਰਿਪੁਦਮਨ ਸਿੰਘ ਰੂਪ ਦੀਆਂ ਰਚਨਾਵਾਂ ਕਾਫੀ ਬੇਬਾਕ ਹੁੰਦੀਆਂ ਹਨ। ਇਹ ਜ਼ਿਆਦਾਤਰ ਹੱਡੀਂ ਹੰਢਾਏ ਸੱਚ ਬਿਆਨ ਕਰਦੀਆਂ ਹਨ। ਇਨ੍ਹਾਂ ਲਈ ਉਨ੍ਹਾਂ ਨੂੰ ਕਈਆਂ ਦੀਆਂ ਨਾਰਾਜ਼ਗੀਆਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਕਈਆਂ ਦੀਆਂ ਧਮਕੀਆਂ ਵੀ ਸਹਿਣੀਆਂ ਪਈਆਂ ਹਨ। ਇੱਥੋਂ ਤਕ ਕਿ ਆਪਣੇ ਵਿਚਾਰਾਂ ਵਿਚ ਰੁੂਪ ਨੇ ਲਿਖਿਆ ਹੈ ਕਿ ਮੇਰੀ ਇਕ ਕਹਾਣੀ ਤੋਂ ਖ਼ਫਾ ਹੋ ਕੇ ਇਕ ਪੁਲਿਸ ਅਫਸਰ ਨੇ ਉਸ ਨੂੰ ਮੁਕੱਦਮੇ ਦੀ ਧਮਕੀ ਤਕ ਦੇ ਦਿੱਤੀ ਸੀ। ਖ਼ੈਰ, ਰੂਪ ਹੁਰਾਂ ਬੜੀ ਸੂਰਮਗਤੀ ਦੇ ਨਾਲ ਬੇਖ਼ੌਫ਼ ਅਤੇ ਬੇਡਰ ਹੋ ਕੇ ਸਾਹਿਤ ਸਿਰਜਣਾ ਕੀਤੀ ਹੈ। ਇਨ੍ਹਾਂ ਦੀ ਇਕ ਕਹਾਣੀ ‘ਪਹੁ ਫੁਟਾਲ਼ੇ ਤਕ’ ਅਤੇ ਇਕ ਹੋਰ ਕਹਾਣੀ ‘ਕੁੱਤਾ ਬੰਦਾ’ ਬੜੀਆਂ ਚਰਚਿਤ ਰਹੀਆਂ ਹਨ। ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਮੁਲਾਜ਼ਮ ਜਥੇਬੰਦੀਆਂ ਦੇ ਲੇਖੇ ਲਾਈ ਹੈ। ਇਸ ਲਈ ਇਨ੍ਹਾਂ ਦੀਆਂ ਰਚਨਾਵਾਂ ਵਿਚ ਲੋਕਾਈ ਦੇ ਦੁੱਖ, ਉਨ੍ਹਾਂ ਦਾ ਸੰਘਰਸ਼ ਅਤੇ ਫਿਰ ਲੋਕਾਈ ਦੀ ਜਿੱਤ ਬੜੇ ਕਲਾਮਈ ਢੰਗ ਨਾਲ਼ ਪੇਸ਼ ਕੀਤੀ ਗਈ ਹੈ। ਉਮਰ ਦੇ 87 ਸਾਲ ਦਾ ਪੜਾਅ ਵਿਚ ਉਹ ਆਪਣੇ ਨਵੇਂ ਨਾਵਲ ‘ਪ੍ਰੀਤੀ, ਕੈਨੇਡਾ/ਪਾਕਿਸਤਾਨ ਦੀਆਂ ਯਾਤਰਾਵਾਂ-ਪੰਛੀ ਝਾਤ, ਮਿੰਨੀ ਕਹਾਣੀ ਸੰਗ੍ਰਹਿ ਆਦਿ ਨੂੰ ਅੰਤਿਮ ਛੋਹਾਂ ਦੇਣ ਵਿਚ ਮਸ਼ਰੂਫ਼ ਹਨ।
ਤੀਜੀ ਪੀੜ੍ਹੀ ਵਿਚ ਸਾਡੇ ਕੋਲ ਰਿਪੁਦਮਨ ਸਿੰਘ ਰੂਪ ਦੇ ਸਪੁੱਤਰ ਨਾਟਕਕਾਰ ਸੰਜੀਵਨ ਸਿੰਘ ਅਤੇ ਐਡਵੋਕੇਟ ਰੰਜੀਵਨ ਸਿੰਘ ਆਉਂਦੇ ਹਨ। ਸੰਜੀਵਨ ਸਿੰਘ ਨਾਟਕਕਾਰ ਦੇ ਤੌਰ ’ਤੇ ਸਾਡੇ ਸਾਹਮਣੇ ਹਾਜ਼ਰ ਹੁੰਦਾ ਹੈ। ਸੰਜੀਵਨ ਦੇ ਲਿਖੇ ਹੋਏ ਨਾਟਕ ਪੰਜਾਬੀ ਦਰਸ਼ਕਾਂ ਨੇ ਵੱਖ-ਵੱਖ ਸਟੇਜਾਂ ਉੱਤੇ ਦੇਖੇ ਹੋਏ ਹਨ। ਮੰਚਤ ਨਾਟਕਾਂ ਵਿਚ,‘ਮੁੱਖ ਮਹਿਮਾਨ, ਸੌਰੀ, ਮਸਤਾਨੇ, ਸਿਰ ਦੀਜੈ ਕਾਣਿ ਨਾ ਕੀਜੈ, ਸੁੰਨਾ ਵਿਹੜਾ, ਖੁਸਰੇ, ਬੇਰੀਆਂ, ਸਰਦਾਰ, ਜਹਾਜ਼, ਕੱਫਣ, ਦੇਸੀ ਅਤੇ ਜ਼ੋਰ ਲਗਾ ਕੇ ਹਾਈ ਸ਼ਾਅ’ ਪ੍ਰਮੁੱਖ ਹਨ। ਇਸੇ ਤਰ੍ਹਾਂ ਨਾਟਕੀ ਰੂਪਾਂਤਰ ਵਿਚ ‘ਡੈਣ, ਮੇਰਾ ਉੱਜੜਿਆ ਗੁਆਂਢੀ, ਭਾਬੀ ਮੈਨਾ ਅਤੇ ਕਹਾਣੀ ਇਕ ਪਿੰਡ ਦੀ’ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਸੰਜੀਵਨ ਨੇ ਨਾਟਕ,‘ਫਰੀਡਮ ਫਾਈਟਰ, ਬਲਖ ਨਾ ਬੁਖਾਰੇ ਅਤੇ ਪੀ.ਜੀ.-ਦਾ ਪੇਇੰਗ ਗੈਸਟ ਕਿਤਾਬੀ ਰੂਪ ਵਿਚ ਪੰਜਾਬੀ ਪਾਠਕਾਂ ਦੀ ਝੋਲ਼ੀ ਪਾਏ ਹਨ। ਇਸ ਦੇ ਨਾਟਕ ਫ਼ਰੀਡਮ ਫ਼ਾਈਟਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਈ ਸੀ ਨੰਦਾ ਐਵਾਰਡ ਵੀ ਮਿਲ ਚੁੱਕਾ ਹੈ। ਸੰਜੀਵਨ ਆਪਣਾ ਨਵ-ਪ੍ਰਕਾਸ਼ਿਤ ਨਾਟਕ ਦਫ਼ਤਰ ਲੈ ਕੇ ਹਾਜ਼ਰ ਹੈ ਜੋ ਸਾਡੀ ਦਫ਼ਤਰੀ ਕਾਰਜਸ਼ੈਲੀ ਅਤੇ ਭਿ੍ਰਸ਼ਟਾਚਾਰ ਦੇ ਤਾਣੇ-ਬਾਣੇ ਨੂੰ ਦਰਸਾਉਂਦਾ ਹੈ। ਜ਼ਿਕਰਯੋਗ ਹੈ ਕਿ ਦਫ਼ਤਰ ਨਾਟਕ ਦੇ ਅਨੇਕਾਂ ਮੰਚਣ ਹੋ ਚੁੱਕੇ ਹਨ ਅਤੇ ਪ੍ਰਸਿੱਧ ਕੰਪਨੀ ਸਾ ਰੇ ਗਾ ਮਾ-ਐੱਚ.ਐੱਮ.ਵੀ. ਵਲੋਂ ਇਸ ਨਾਟਕ ਉਪਰ ਅਧਾਰਿਤ ਵੀ.ਸੀ.ਡੀ. ਦਫ਼ਤਰ-ਦਾ ਆਫ਼ਿਸ ਵੀ ਰੀਲੀਜ਼ ਕੀਤੀ ਜਾ ਚੁੱਕੀ ਹੈ। ਭਾਵੇਂ ਕਿ ਰੂਪ ਦੇ ਛੋਟੇ ਪੁੱਤਰ ਰੰਜੀਵਨ ਨੇ ਹਾਲੇ ਤਾਈਂ ਕੋਈ ਕਿਤਾਬ ਪੰਜਾਬੀ ਪਾਠਕਾਂ ਦੀ ਝੋਲ਼ੀ ਵਿਚ ਨਹੀਂ ਪਾਈ ਪਰ ਫਿਰ ਵੀ ਗਾਹੇ-ਬਗਾਹੇ ਉਸ ਦੀ ਅਦਾਕਾਰੀ ਅਤੇ ਉਸ ਦੀਆਂ ਰਚਨਾਵਾਂ ਸੋਸ਼ਲ ਮੀਡੀਏ ਜਾਂ ਅਖ਼ਬਾਰਾਂ/ਰਸਾਲਿਆਂ ਰਾਹੀਂ ਸਾਡੇ ਕੋਲ਼ ਪੁੱਜਦੀਆਂ ਰਹਿੰਦੀਆਂ ਹਨ, ਜੋ ਉਸ ਦੇ ਮਿਆਰੀ ਸਾਹਿਤਕਾਰ ਹੋਣ ਦੀ ਸ਼ਾਹਦੀ ਭਰਦੀਆਂ ਹਨ। ਇੱਥੋਂ ਤਕ ਕਿ ਰੰਜੀਵਨ ਦੀਆਂ ਰਚਨਾਵਾਂ ਨੂੰ ਪੱਛਮੀ ਪੰਜਾਬ ਅਤੇ ਵਿਦੇਸ਼ਾਂ ਵਿਚ ਵੀ ਚੰਗਾ ਮਾਣ-ਸਤਿਕਾਰ ਪ੍ਰਾਪਤ ਹੋਇਆ ਹੈ, ਜੋ ਕਿ ਇਸ ਗੱਲ ਦੀ ਗਵਾਹੀ ਹੈ ਕਿ ਦੇਰ ਸਵੇਰ ਇਨ੍ਹਾਂ ਦੇ ਜਤਨਾਂ ਅਤੇ ਸਾਹਿਤਕ ਉਪਰਾਲਿਆਂ ਨੂੰ ਵੀ ਪੰਜਾਬੀ ਪਾਠਕ ਉਵੇਂ ਹੀ ਪਿਆਰ ਦੇਣਗੇ।
ਚੌਥੀ ਪੀੜ੍ਹੀ ਦੇ ਤੌਰ ’ਤੇ ਦੇਖੀਏ, ਤਾਂ ਸੰਜੀਵਨ ਦੀ ਵੱਡੀ ਧੀ ਰਿੱਤੂ ਰਾਗ, ਜੋ ਹਾਈਕੋਰਟ ਵਿਚ ਐਡਵੋਕੇਟ ਵੀ ਹੈ, ਸਾਡੇ ਕੋਲ਼ ‘ਯੂ ਐਂਡ ਆਈ’ ਨਾਂ ਦਾ ਅੰਗ੍ਰੇਜ਼ੀ ਕਾਵਿ-ਸੰਗ੍ਰਹਿ ਲੈ ਕੇ ਸਾਹਮਣੇ ਆਉਂਦੀ ਹੈ। ਸੰਜੀਵਨ ਦੀ ਸੀ.ਏ. ਕਰ ਰਹੀ ਦੂਜੀ ਬੇਟੀ ਪਿ੍ਰਯਾ ਰਾਗ ਅਤੇ 12ਵੀਂ ਵਿਚ ਪੜ੍ਹਦਾ ਬੇਟਾ ਉਦੈਰਾਗ ਸਿੰਘ ਵੀ ਰੰਗਮੰਚ ਨਾਲ ਜੁੜੇ ਹੋਏ ਹਨ। ਰੰਜੀਵਨ ਦਾ ਬੇਟਾ ਰਿਸ਼ਮ ਰਾਗ ਸਿੰਘ, ਜੋ ਕਾਨੂੰਨ ਦੀ ਵਿੱਦਿਆ ਹਾਸਲ ਕਰ ਰਿਹਾ ਹੈ, ਵੀ ਅਦਾਕਾਰੀ ਦੇ ਨਾਲ-ਨਾਲ ਪੰਜਾਬੀ ਵਿਚ ਮਿਆਰੀ ਗੀਤਾਂ ਦੀ ਰਚਨਾ ਕਰ ਰਿਹਾ ਹੈ। ਆਧੁਨਿਕ ਤਕਨਾਲੋਜੀ ਨਾਲ ਲਬਰੇਜ਼ ਹਾਲਾਂਕਿ ਇਸ ਪੀੜ੍ਹੀ ਕੋਲ ‘ਵਰਾਇਟੀ’ ਦੇ ਨਾਂ ਹੇਠ ਕਿੰਨਾ ਕੁੱਝ ਵੱਖਰਾ ਪਿਆ ਹੈ। ਅਜਿਹੇ ਦੌਰ ’ਚ ਸਾਡਾ ਧਿਆਨ ਰਿੱਤੁੂ ਰਾਗ ਖਿੱਚਦੀ ਹੈ ‘ਯੂ ਐਂਡ ਆਈ’ ਨਾਲ। ਭਾਵੇਂ ਕਿ ਰਿੱਤੂ ਦੇ ਖ਼ੂਨ ਵਿਚ ਕਵਿਤਾ ਹੈ। ਉਸਦੀਆਂ ਰਗ਼ਾਂ ਵਿਚ ਆਪਣੇ ਦਾਦੇ ਅਤੇ ਉਸ ਤੋਂ ਵੀ ਪਹਿਲਾਂ ਆਪਣੇ ਪੜਦਾਦੇ ਦੇ ਜੀਨ ਕਾਰਜ ਕਰ ਰਹੇ ਹਨ। ਆਪਣੇ ਦਾਦੇ ਦੇ ਭਰਾ, ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ, ਕਵੀ, ਨਾਵਲਕਾਰ ਅਤੇ ਕੁਲਵਕਤੀ ਲੇਖਕ ਸੰਤੋਖ ਸਿੰਘ ਧੀਰ ਦੀਆਂ ਰਚਨਾਵਾਂ ਉਸ ਦੇ ਹੱਡੀਂ ਰਚੀਆਂ ਹਨ। ਬਾਲ ਕਲਾਕਾਰ ਦੇ ਤੌਰ ’ਤੇ ਨਿੱਕੀ ਉਮਰ ਤੋਂ ਹੀ ਉਹ ਸਟੇਜ ਦੀਆਂ ਬਰੀਕੀਆਂ ਤੋਂ ਜਾਣੂ ਹੋ ਗਈ ਸੀ। ਘਰੇਲੂ ਸਾਹਿਤਕ ਅਤੇ ਰੰਗਮੰਚੀ ਮਾਹੌਲ ਉਸ ਨੂੰ ਸਾਹਿਤਕ ਛਤਰੀ ਪ੍ਰਦਾਨ ਕਰਦਾ ਹੈ। ਰਿੱਤੂ ਦੇ ਕਾਵਿ ਦੀ ਇਹ ਇੱਛਾ ਹੈ ਕਿ ਸਾਡੀਆਂ ਇਛਾਵਾਂ ਸਾਡੀ ਤਾਕਤ ਨੂੰ ਲੇਟਵੇਂ ਦਾਅ ਨਾ ਪਾ ਦੇਣ, ਸਗੋਂ ਸੰਘਰਸ਼ ਦੇ ਇਸ ਪਿੜ ਵਿਚ ਜੇਤੂ ਬਣ ਕੇ ਉੱਭਰਨ। ਨਿਰਸੰਦੇਹ, ਇਹ ਸੰਘਰਸ਼ ਉਹੀ ਸੰਘਰਸ਼ ਹੈ, ਜਿਸ ’ਤੇ ਉਸ ਦੇ ਦਾਦੇ ਰਿਪੁਦਮਨ ਸਿੰਘ ਰੂਪ ਨੇ ਕਦਮ ਰੱਖਿਆ ਸੀ।
ਇਹ ਇਕ ਨਿਵੇਕਲਾ ਸੰਜੋਗ ਹੈ ਕਿ ਤਿੰਨ ਪੀੜ੍ਹੀਆਂ-ਸ੍ਰੀ ਰਿਪੁਦਮਨ ਸਿੰਘ ਰੂਪ ਦੇ ਸਜਰੇ ਕਹਾਣੀ ਸੰਗ੍ਰਹਿ ‘ਪਹੁ-ਫੁਟਾਲੇ ਤਕ’, ਸੰਜੀਵਨ ਸਿੰਘ ਦੀ ਨਾਟ-ਪੁਸਤਕ ‘ਦਫ਼ਤਰ’ ਅਤੇ ਰਿੱਤੂਰਾਗ ਦੇ ਅੰਗਰੇਜ਼ੀ ਕਾਵਿ-ਸੰਗ੍ਰਹਿ ‘ਯੂ ਐਂਡ ਆਈ’ ਦਾ ਬੀਤੇ ਕੱਲ੍ਹ ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਵੱਲੋਂ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਇਕਠਿਆਂ ਲੋਕ-ਅਰਪਣ ਕੀਤਾ ਗਿਆ ਹੈ।
ਸਾਹਿਤ ਦੀ ਡੋਰ ਨਾਲ ਬੱਝੀਆਂ ਪੀੜ੍ਹੀਆਂ
ਅਜਿਹੇ ਸਾਹਿਤਕ ਪਰਿਵਾਰ ਦੀਆਂ ਸਾਡੇ ਕੋਲ਼ ਕਿੰਨੀਆਂ ਕੁ ਉਦਾਹਰਨਾਂ ਹੋਣਗੀਆਂ ਜੋ ਰਹਿ ਵੀ ਮੁਹਾਲੀ ਵਿਖੇ ਇੱਕੋ ਛੱਤ ਥੱਲੇ ਹਨ। ਮੇਰੀ ਨਿਗ੍ਹਾ ਵਿਚ ਅਜਿਹੀ ਕੋਈ ਉਦਾਹਰਨ ਨਹੀਂ ਆਈ। ਹੋ ਸਕਦੈ ਕਿ ਮੇਰਾ ਦਾਇਰਾ ਹੀ ਇੰਨਾ ਵਸੀਹ ਨਾ ਹੋਵੇ। ਫਿਰ ਵੀ ਸਾਨੂੰ ਇਸ ਗੱਲ ’ਤੇ ਮਾਣ ਹੋਣਾ ਚਾਹੀਦਾ ਹੈ ਕਿ ‘ਖੱਪਖਾਨੇ’ ਦੇ ਇਸ ਦੌਰ ਵਿਚ ਕੁੱਝ ਅਹਿਮ ਹੋ ਰਿਹਾ ਹੈ। ਕੁੱਝ ਅਲੱਗ ਹੋ ਰਿਹਾ ਹੈ। ਇਸ ਅਲੱਗ ਨੂੰ, ਇਸ ਅਹਿਮ ਨੂੰ ਸਾਂਭਣ ਦੀ ਲੋੜ ਹੈ ਤਾਂ ਕਿ ਸਾਡੇ ਚੇਤਿਆਂ ਵਿੱਚੋਂ ਇਹ ਸਭ ਵਿਸਰ ਨਾ ਜਾਵੇ।
- ਰਾਬਿੰਦਰ ਸਿੰਘ ਰੱਬੀ