- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸੀਂ ਹਰ ਰੋਜ਼ ਗੁਰਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਸਤਿਕਾਰ ਕਰਦੇ ਹਾਂ। ਪਰ ਗੁਰਬਾਣੀ ਦਾ ਅਸਲ ਮਕਸਦ ਸਿਰਫ਼ ਉਚਾਰਨ ਨਹੀਂ, ਜੀਵਨ ਵਿੱਚ ਉਤਾਰਨਾ ਹੈ। "ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।"ਇੱਕ ਧਾਰਮਿਕ ਵਾਕ ਨਹੀਂ, ਸਗੋਂ ਮਨੁੱਖ ਅਤੇ ਕੁਦਰਤ ਵਿਚਕਾਰ ਰਿਸ਼ਤੇ ਦਾ ਐਲਾਨ ਹੈ

-ਇੰਦਰਪ੍ਰੀਤ ਸਿੰਘ
ਸਵੇਰ ਦੀ ਪਹਿਲੀ ਕਿਰਨ ਜਦੋਂ ਪੰਜਾਬ ਦੇ ਖੇਤਾਂ ਉੱਤੇ ਡਿੱਗਦੀ ਹੈ ਤਾਂ ਇੰਝ ਲੱਗਦਾ ਹੈ ਜਿਵੇਂ ਕੁਦਰਤ ਅਜੇ ਵੀ ਇਸ ਧਰਤੀ ਨੂੰ ਪਿਆਰ ਕਰਦੀ ਹੋਵੇ। ਸਰੋਂ ਦੇ ਫੁੱਲਾਂ ਦੀ ਪੀਲੀ ਮੁਸਕਾਨ, ਕਣਕ ਦੀਆਂ ਲਹਿਰਾਂ ਅਤੇ ਦੂਰ ਤੱਕ ਫੈਲੀ ਮਿੱਟੀ ਦੀ ਖੁਸ਼ਬੂ ਅੱਜ ਵੀ ਪੰਜਾਬ ਦੀ ਪਹਿਚਾਣ ਹਨ। ਪਰ ਇਸ ਸੁੰਦਰਤਾ ਦੇ ਪਿੱਛੇ ਇੱਕ ਡੂੰਘੀ ਚੁੱਪ ਹੈ, ਇੱਕ ਦਰਦ ਹੈ, ਜੋ ਹਰ ਸਾਲ ਹੋਰ ਗਹਿਰਾ ਹੁੰਦਾ ਜਾ ਰਿਹਾ ਹੈ।
ਪੰਜ ਸਦੀਆਂ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਇੱਕ ਅਜਿਹਾ ਸੰਦੇਸ਼ ਦਿੱਤਾ ਸੀ, ਜਿਸ ਦੀ ਮਹੱਤਤਾ ਅੱਜ ਪਹਿਲਾਂ ਨਾਲੋਂ ਕਿਤੇ ਵੱਧ ਹੈ, "ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।" ਇਨ੍ਹਾਂ ਕੁਝ ਸ਼ਬਦਾਂ ਵਿੱਚ ਪੂਰਾ ਵਾਤਾਵਰਣ ਦਰਸ਼ਨ ਸਮਾਇਆ ਹੋਇਆ ਹੈ । ਗੁਰੂ ਸਾਹਿਬ ਨੇ ਕੁਦਰਤ ਨੂੰ ਜਿੱਤਣ ਦੀ ਨਹੀਂ, ਉਸ ਨਾਲ ਰਿਸ਼ਤਾ ਜੋੜਨ ਦੀ ਗੱਲ ਕੀਤੀ ਸੀ । ਉਨ੍ਹਾਂ ਨੇ ਹਵਾ ਨੂੰ ਗੁਰੂ ਕਿਹਾ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਂ। ਪਰ ਅੱਜ ਜਦੋਂ ਅਸੀਂ ਪੰਜਾਬ ਵੱਲ ਵੇਖਦੇ ਹਾਂ ਤਾਂ ਲੱਗਦਾ ਹੈ ਕਿ ਅਸੀਂ ਆਪਣੇ ਹੀ ਗੁਰੂ, ਆਪਣੇ ਹੀ ਪਿਤਾ ਅਤੇ ਆਪਣੀ ਹੀ ਮਾਂ ਨਾਲ ਬੇਵਫ਼ਾਈ ਕਰ ਬੈਠੇ ਹਾਂ।
ਜਦੋਂ ਪਿਤਾ ਦੀਆਂ ਅੱਖਾਂ ਸੁੱਕਣ ਲੱਗਣ
ਪੰਜਾਬ ਨੂੰ ਕਦੇ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ। ਇੱਥੇ ਪਾਣੀ ਸਿਰਫ਼ ਇੱਕ ਸੰਸਾਧਨ ਨਹੀਂ ਸੀ, ਸਗੋਂ ਜੀਵਨ ਦਾ ਗੀਤ ਸੀ। ਦਰਿਆ ਵਗਦੇ ਸਨ ਤਾਂ ਲੱਗਦਾ ਸੀ ਜਿਵੇਂ ਧਰਤੀ ਦੀਆਂ ਨਸਾਂ ਵਿੱਚ ਜ਼ਿੰਦਗੀ ਦੌੜ ਰਹੀ ਹੋਵੇ। ਅੱਜ ਉਹੀ ਪੰਜਾਬ ਆਪਣੇ ਪਾਣੀ ਲਈ ਚਿੰਤਤ ਹੈ। ਧਰਤੀ ਦੇ ਸੀਨੇ ਵਿੱਚੋਂ ਪਾਣੀ ਲਗਾਤਾਰ ਖਿੱਚਿਆ ਜਾ ਰਿਹਾ ਹੈ। ਜਿੱਥੇ ਕਦੇ ਕੁਝ ਫੁੱਟਾਂ 'ਤੇ ਮਿੱਠਾ ਪਾਣੀ ਮਿਲ ਜਾਂਦਾ ਸੀ, ਅੱਜ ਸੈਂਕੜੇ ਫੁੱਟ ਡੂੰਘੇ ਬੋਰ ਵੀ ਕਈ ਵਾਰ ਖਾਲੀ ਪਰਤਦੇ ਹਨ ।
ਥੱਕੀ ਹੋਈ ਮਾਂ ਦਾ ਚਿਹਰਾ
ਪੰਜਾਬ ਦੀ ਧਰਤੀ ਨੇ ਦੇਸ਼ ਦਾ ਪੇਟ ਭਰਿਆ ਹੈ। ਹਰੀ ਕ੍ਰਾਂਤੀ ਤੋਂ ਬਾਅਦ ਇਸ ਮਿੱਟੀ ਨੇ ਅੰਨ ਦੇ ਅਜਿਹੇ ਖ਼ਜ਼ਾਨੇ ਦਿੱਤੇ ਕਿ ਪੂਰਾ ਦੇਸ਼ ਉਸ ਦਾ ਕਰਜ਼ਦਾਰ ਹੋ ਗਿਆ। ਪਰ ਹਰ ਕੁਰਬਾਨੀ ਦੀ ਇੱਕ ਕੀਮਤ ਹੁੰਦੀ ਹੈ। ਲਗਾਤਾਰ ਇੱਕੋ ਫਸਲ, ਵਧਦੀਆਂ ਰਸਾਇਣਕ ਖਾਦਾਂ ਅਤੇ ਜ਼ਹਿਰੀਲੇ ਕੀਟਨਾਸ਼ਕਾਂ ਨੇ ਮਿੱਟੀ ਦੀ ਸਿਹਤ ਨੂੰ ਕਮਜ਼ੋਰ ਕਰ ਦਿੱਤਾ ਹੈ। ਜਿਵੇਂ ਇੱਕ ਮਾਂ ਆਪਣੇ ਬੱਚਿਆਂ ਦੀ ਖ਼ਾਤਰ ਦਿਨ-ਰਾਤ ਮਿਹਨਤ ਕਰਦੀ ਹੈ ਅਤੇ ਆਪਣੇ ਦਰਦ ਨੂੰ ਲੁਕਾ ਲੈਂਦੀ ਹੈ, ਠੀਕ ਉਸੇ ਤਰ੍ਹਾਂ ਪੰਜਾਬ ਦੀ ਧਰਤੀ ਵੀ ਚੁੱਪਚਾਪ ਆਪਣਾ ਦੁੱਖ ਸਹਿ ਰਹੀ ਹੈ। ਮਿੱਟੀ ਦੀ ਚੁੱਪ ਵੀ ਇੱਕ ਦਿਨ ਚੀਕ ਬਣ ਜਾਂਦੀ ਹੈ। ਸ਼ਾਇਦ ਅੱਜ ਪੰਜਾਬ ਦੀ ਧਰਤੀ ਦੀ ਚੁੱਪ ਵੀ ਸਾਨੂੰ ਇਹੀ ਕਹਿ ਰਹੀ ਹੈ।
ਗੁਰੂ ਦਾ ਘੁੱਟਦਾ ਸਾਹ
ਗੁਰੂ ਨਾਨਕ ਸਾਹਿਬ ਨੇ ਹਵਾ ਨੂੰ ਗੁਰੂ ਕਿਹਾ ਸੀ। ਗੁਰੂ ਉਹ ਹੁੰਦਾ ਹੈ ਜੋ ਜੀਵਨ ਦਿੰਦਾ ਹੈ, ਰਸਤਾ ਦਿਖਾਉਂਦਾ ਹੈ। ਪਰ ਅੱਜ ਪੰਜਾਬ ਦੀ ਹਵਾ ਵਿੱਚ ਧੂੰਆਂ ਹੈ। ਸਰਦੀਆਂ ਆਉਂਦੀਆਂ ਹਨ ਤਾਂ ਅਸਮਾਨ ਧੁੰਦਲਾ ਹੋ ਜਾਂਦਾ ਹੈ। ਪਰਾਲੀ ਦਾ ਧੂੰਆਂ, ਵਾਹਨਾਂ ਦਾ ਪ੍ਰਦੂਸ਼ਣ ਅਤੇ ਉਦਯੋਗਾਂ ਦੀਆਂ ਚਿਮਨੀਆਂ ਹਵਾ ਨੂੰ ਭਾਰੀ ਕਰ ਦਿੰਦੀਆਂ ਹਨ। ਸਾਹ ਲੈਣਾ ਵੀ ਕਈ ਵਾਰ ਇੱਕ ਸੰਘਰਸ਼ ਜਿਹਾ ਲੱਗਦਾ ਹੈ। ਕਿੰਨੀ ਵੱਡੀ ਵਿਡੰਬਨਾ ਹੈ ਕਿ ਜਿਸ ਹਵਾ ਨੂੰ ਗੁਰੂ ਦਾ ਦਰਜਾ ਮਿਲਿਆ ਸੀ, ਉਸੇ ਹਵਾ ਨੂੰ ਅਸੀਂ ਸਭ ਤੋਂ ਵੱਧ ਮੈਲਾ ਕਰ ਦਿੱਤਾ। ਜੇ ਹਵਾ ਬੋਲ ਸਕਦੀ, ਤਾਂ ਸ਼ਾਇਦ ਪੁੱਛਦੀ, "ਮੈਂ ਤੁਹਾਨੂੰ ਜ਼ਿੰਦਗੀ ਦਿੱਤੀ ਸੀ, ਤੁਸੀਂ ਮੈਨੂੰ ਕੀ ਦਿੱਤਾ?"
ਗੁਰਬਾਣੀ ਸਿਰਫ਼ ਪਾਠ ਨਹੀਂ, ਰਾਹ ਹੈ
ਅਸੀਂ ਹਰ ਰੋਜ਼ ਗੁਰਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਸਤਿਕਾਰ ਕਰਦੇ ਹਾਂ। ਪਰ ਗੁਰਬਾਣੀ ਦਾ ਅਸਲ ਮਕਸਦ ਸਿਰਫ਼ ਉਚਾਰਨ ਨਹੀਂ, ਜੀਵਨ ਵਿੱਚ ਉਤਾਰਨਾ ਹੈ। "ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ।।"ਇੱਕ ਧਾਰਮਿਕ ਵਾਕ ਨਹੀਂ, ਸਗੋਂ ਮਨੁੱਖ ਅਤੇ ਕੁਦਰਤ ਵਿਚਕਾਰ ਰਿਸ਼ਤੇ ਦਾ ਐਲਾਨ ਹੈ।
ਇੱਕ ਸਵਾਲ ਪੰਜਾਬ ਦੇ ਨਾਮ
ਅੱਜ ਪੰਜਾਬ ਇੱਕ ਮੋੜ 'ਤੇ ਖੜ੍ਹਾ ਹੈ। ਸਵਾਲ ਇਹ ਨਹੀਂ ਕਿ ਸਾਡੇ ਕੋਲ ਕਿੰਨਾ ਪਾਣੀ ਬਚਿਆ ਹੈ, ਕਿੰਨੀ ਉਪਜ ਬਚੀ ਹੈ ਜਾਂ ਹਵਾ ਕਿੰਨੀ ਪ੍ਰਦੂਸ਼ਿਤ ਹੈ। ਅਸਲ ਸਵਾਲ ਇਹ ਹੈ ਕਿ ਕੀ ਅਸੀਂ ਗੁਰੂ ਨਾਨਕ ਦੇਵ ਜੀ ਦੇ ਇਸ ਸੰਦੇਸ਼ ਨੂੰ ਸੱਚਮੁੱਚ ਸਮਝਿਆ ਹੈ? ਜੇ ਅਸੀਂ ਅੱਜ ਵੀ ਨਾ ਸਮਝੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸ਼ਾਇਦ ਹਰੀਆਂ ਫ਼ਸਲਾਂ ਦੀਆਂ ਤਸਵੀਰਾਂ ਤਾਂ ਵੇਖਣ ਪਰ ਉਹ ਪੰਜਾਬ ਨਾ ਵੇਖ ਸਕਣ ਜਿਸ ਦੀ ਮਿੱਟੀ ਵਿੱਚ ਖੁਸ਼ਬੂ ਸੀ, ਜਿਸ ਦੇ ਪਾਣੀਆਂ ਵਿੱਚ ਰਵਾਨਗੀ ਸੀ ਅਤੇ ਜਿਸ ਦੀ ਹਵਾ ਵਿੱਚ ਜੀਵਨ ਸੀ।
ਅਜੇ ਵੀ ਸਮਾਂ ਹੈ
ਆਓ ਆਪਣੇ ਗੁਰੂ ਦੀ ਸਾਹ ਨੂੰ ਬਚਾਈਏ, ਆਪਣੇ ਪਿਤਾ ਦੇ ਹੰਝੂ ਪੂੰਝੀਏ ਅਤੇ ਆਪਣੀ ਮਾਂ ਦੇ ਜ਼ਖ਼ਮਾਂ 'ਤੇ ਮਲ੍ਹਮ ਰੱਖੀਏ।