- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਧੁਨਿਕ ਪੰਜਾਬੀ ਨਾਟਕ ਨੂੰ ਆਪਣੇ ਮੁਢਲੇ ਦੌਰ ਵਿਚ ਹੀ ਬਲਵੰਤ ਗਾਰਗੀ ਵਰਗਾ ਹੋਣਹਾਰ ਨਾਟਕਕਾਰ ਮਿਲ ਜਾਣਾ ਪੰਜਾਬੀ ਨਾਟਕ ਦੇ ਉਜਲ ਭਵਿਖ ਦਾ ਸੰਕੇਤ ਸੀ।

ਪੰਜਾਬੀ ਨਾਟਕ ਦਾ ਮੋਢੀ ਆਈ. ਸੀ. ਨੰਦਾ
ਡਾ. ਦੇਵਿੰਦਰ ਕੁਮਾਰ - ਆਧੁਨਿਕ ਪੰਜਾਬੀ ਨਾਟ-ਪਰੰਪਰਾ ਦਾ ਮੋਢੀ ਨਾਟਕਕਾਰ ਆਈ. ਸੀ. ਨੰਦਾ ਦਾ ਪੂਰਾ ਨਾਮ ਈਸ਼ਵਰ ਚੰਦਰ ਨੰਦਾ ਹੈ। ਉਸ ਦਾ ਜਨਮ ਗੁਰਦਾਸਪੁਰ ਜਿਲ੍ਹੇ ਦੇ ਪਿੰਡ ਗਾਧੀਆਂ ਵਿਚ ਹੋਇਆ ਅਤੇ ਇਥੋਂ ਉਹ ਸਕੂਲੀ ਸਿੱਖਿਆ ਪ੍ਰਾਪਤ ਕਰ ਕੇ 1911 ਵਿਚ ਦਿਆਲ ਸਿੰਘ ਕਾਲਜ ਲਾਹੌਰ ਪੜ੍ਹਨ ਲਈ ਆ ਗਿਆ। ਇਹ ਵੀ ਇਕ ਇਤਫ਼ਾਕ ਹੀ ਕਿਹਾ ਜਾ ਸਕਦਾ ਹੈ ਕਿ ਉਸੇ ਸਾਲ ਹੀ ਨੋਰ੍ਹਾ ਰਿਚਰਡਜ਼ ਆਇਰਲੈਂਡ ਤੋਂ ਆਪਣੇ ਪਤੀ ਸਰ ਅਰਨੈਸਟ ਫਿਲਿਪਸ ਨਾਲ ਭਾਰਤ ਆਈ ਸੀ। ਉਸ ਸਮੇਂ ਲਾਹੌਰ ਯੂਨੀਵਰਸਿਟੀ ਵਿਚ ਅੰਗਰੇਜ਼ੀ ਪੜ੍ਹਾਉਣ ਲਈ ਜ਼ਿਆਦਾਤਰ ਅੰਗਰੇਜ਼ ਪ੍ਰੋਫੈਸਰ ਹੀ ਹੁੰਦੇ ਸਨ। ਨੋਰ੍ਹਾ ਉਥੇ ਐਬੇ ਥੀਏਟਰ ਨਾਲ ਸਬੰਧਤ ਸੀ। ਉਹ ਨਾਟਕ ਅਤੇ ਰੰਗਮੰਚੀ ਕਲਾ ਵਿਚ ਨਿਪੁੰਨ ਸੀ ਅਤੇ ਉਸ Àੁੱਪਰ ਨਾਰਵੇ ਦੇ ਨਾਟ-ਸਿਧਾਂਤਕਾਰ ਹੈਨਰਿਕ ਇਬਸਨ ਦੇ ਯਥਾਰਥਵਾਦ ਦਾ ਪ੍ਰਭਾਵ ਸੀ। ਉਸ ਨੇ ਪੰਜਾਬ ਦੇ ਥੀਏਟਰ ਦੀ ਦਸ਼ਾ ਦੇਖੀ ਜਿਸ ਤੋਂ ਉਹ ਸੰਤੁਸ਼ਟ ਨਹੀਂ ਸੀ। ਇਸ ਲਈ ਉਸ ਨੇ ਆਪਣੇ ਸ਼ਾਗਿਰਦਾਂ ਨੂੰ ਪੰਜਾਬ ਦੀਆਂ ਸਮੱਸਿਆਵਾਂ ਨੂੰ ਨਾਟਕ ਦੇ ਵਿਸ਼ੇ ਬਣਾ ਕੇ ਖੇਡਣ ਦੀ ਪ੍ਰੇਰਨਾ ਦਿੱਤੀ। ਇਨ੍ਹਾਂ ਵਿਦਿਆਰਥੀਆਂ ਵਿਚ ਆਈ. ਸੀ. ਨੰਦਾ ਵੀ ਸੀ ਜਿਹੜਾ ਨੋਰ੍ਹਾ ਦੇ ਭਾਸ਼ਣਾਂ ਤੋਂ ਪ੍ਰਭਾਵਿਤ ਸੀ। ਇਸ ਮੰਤਵ ਲਈ ਨੌਰ੍ਹਾ ਨੇ 'ਸਰਸਵਤੀ ਸਟੇਜ ਸੁਸਾਇਟੀ' ਦੀ ਸਥਾਪਨਾ ਕੀਤੀ। ਇਹ ਪੰਜਾਬ ਦੀ ਪਹਿਲੀ ਰੰਗ ਸਭਾ ਸੀ। ਇਸ ਸੁਸਾਇਟੀ ਦਾ ਮੁੱਖ ਮੰਤਵ ਭਾਰਤੀ ਭਾਸ਼ਾਵਾਂ ਵਿਚ ਨਾਟਕ ਲਿਖਵਾਉਣਾ ਤੇ ਖੇਡਣਾ ਸੀ। ਉਸ ਨੇ ਵਿਦਿਆਰਥੀਆਂ ਦੇ ਨਾਟ-ਲੇਖਣ ਮੁਕਾਬਲੇ ਕਰਵਾਉਣ ਦੀ ਇਕ ਯੋਜਨਾ ਉਲੀਕੀ। ਉਸ ਨੇ ਇਸ ਮੁਕਾਬਲੇ ਵਿਚ ਨਾਟਕ ਦਾ ਆਕਾਰ ਨਿਸ਼ਚਿਤ ਕਰ ਦਿੱਤਾ। ਇਸ ਤਰ੍ਹਾਂ ਨੋਰ੍ਹਾ ਨੇ ਆਧੁਨਿਕ ਪੰਜਾਬੀ ਨਾਟ-ਪਰੰਪਰਾ ਵਿਚ ਰੂਪ ਪੱਖ ਤੋਂ ਇਕਾਂਗੀ ਨਾਟ-ਰੂਪ ਨੂੰ ਪ੍ਰਚਲਿਤ ਕੀਤਾ। ਪਹਿਲੇ ਸਾਲ 1912 ਦੇ ਨਾਟ-ਲੇਖਣ ਮੁਕਾਬਲੇ ਵਿਚ ਐਸ. ਐਸ. ਭਟਨਾਗਰ ਦਾ ਨਾਟਕ 'ਕਰਾਮਾਤ' ਫਸਟ ਆਇਆ, ਦੂਜੇ ਸਾਲ 1913 ਵਿਚ ਆਈ. ਸੀ. ਨੰਦਾ ਦਾ ਨਾਟਕ 'ਦੁਲਹਨ' ਫਸਟ ਆਇਆ ਅਤੇ ਤੀਜੇ ਸਾਲ 1914 ਵਿਚ ਰਾਜਿੰਦਰ ਲਾਲ ਸਾਹਨੀ ਦਾ ਨਾਟਕ 'ਦੀਨੇ ਦੀ ਜੰਝ' ਫਸਟ ਆਇਆ।
ਇਸ ਤਰ੍ਹਾਂ ਪੰਜਾਬੀ ਨਾਟਕ ਇਕ ਨਵੇਂ ਮੁਹਾਂਦਰੇ ਨੂੰ ਗ੍ਰਹਿਣ ਕਰ ਰਿਹਾ ਸੀ ਅਤੇ ਪੰਜਾਬੀ ਨਾਟਕਕਾਰੀ ਵਿਚ ਨਵੇਂ ਨਾਟਕਕਾਰਾਂ ਦੀ ਦਸਤਕ ਹੋ ਰਹੀ ਸੀ। ਨੋਰ੍ਹਾ ਰਿਚਰਡਜ਼ ਇਨ੍ਹਾਂ ਨਾਟਕਾਂ ਵਿੱਚੋਂ ਇਕ ਨਾਟਕ ਦਾ ਮੰਚਣ ਕਰਨਾ ਚਾਹੁੰਦੀ ਸੀ। ਉਸ ਨੇ ਵਧੇਰੇ ਰੰਗਮੰਚੀ ਸੰਭਾਵਨਾਵਾਂ ਵਾਲੇ ਨਾਟਕ 'ਦੁਲਹਨ' ਦੀ ਚੋਣ ਕੀਤੀ। ਇਸ ਤੋਂ ਇਲਾਵਾ ਇਸ ਨਾਟਕ ਵਿਚ ਵਿਸ਼ੇ ਪੱਖੋਂ ਨਾਰੀ-ਚੇਤਨਾ ਦੀ ਪੇਸ਼ਕਾਰੀ ਸਮਾਜ ਨੂੰ ਨਰੋਈ ਸੇਧ ਦੇਣ ਵਾਲੀ ਸੀ। ਇਸ ਨਾਟਕ ਦੀ ਭਾਸ਼ਾ ਮੁਹਾਵਰੇਦਾਰ ਠੇਠ ਪੰਜਾਬੀ ਸੀ। ਇਸ ਤਰ੍ਹਾਂ ਪਹਿਲੀ ਵਾਰ ਯਥਾਰਥਵਾਦੀ ਨਾਟ-ਪਰੰਪਰਾ ਅਧੀਨ ਰਚਿਆ ਪਹਿਲਾ ਪੰਜਾਬੀ ਨਾਟਕ 'ਦੁਲਹਨ' 1914 ਵਿਚ ਸਰਸਵਤੀ ਸਟੇਜ ਸੁਸਾਇਟੀ ਵਲੋਂ ਮੰਚ ਤੇ ਖੇਡਿਆ ਗਿਆ। ਇੰਜ ਆਧੁਨਿਕ ਪੰਜਾਬੀ ਨਾਟਕ ਅਤੇ ਰੰਗਮੰਚ ਦਾ ਉਦੈ ਹੋਇਆ ਅਤੇ ਆਈ. ਸੀ. ਨੰਦਾ ਦੁਆਰਾ ਰਚਿਤ ਨਾਟਕ 'ਦੁਲਹਨ' (1913) ਨੂੰ ਆਧੁਨਿਕ ਪੰਜਾਬੀ ਨਾਟ-ਪਰੰਪਰਾ ਦੇ ਪਹਿਲੇ ਨਾਟਕ ਵਜੋਂ ਸਵੀਕ੍ਰਿਤੀ ਮਿਲ ਗਈ। ਇਸ ਇਕਾਂਗੀ ਨੂੰ 'ਸੁਹਾਗ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਇਨ੍ਹਾਂ ਨਾਟ-ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਤਿੰਨੇ ਵਿਦਿਆਰਥੀਆਂ ਵਿਚੋਂ ਕੇਵਲ ਆਈ.ਸੀ. ਨੰਦਾ ਨੇ ਹੀ ਨਾਟਕ ਲਿਖਣ ਦਾ ਕਾਰਜ ਜਾਰੀ ਰੱਖਿਆ ਜਿਸ ਦੇ ਸਿੱਟੇ ਵਜੋਂ ਉਸ ਨੂੰ ਆਧੁਨਿਕ 'ਪੰਜਾਬੀ ਦਾ ਮੋਢੀ ਨਾਟਕਕਾਰ' ਹੋਣ ਦਾ ਮਾਣ ਪ੍ਰਾਪਤ ਹੋਇਆ। ਆਈ. ਸੀ. ਨੰਦਾ ਐਮ. ਏ. ਅੰਗਰੇਜ਼ੀ ਕਰਕੇ ਦਿਆਲ ਸਿੰਘ ਕਾਲਜ ਲਾਹੌਰ ਵਿਚ ਹੀ ਪ੍ਰੋਫੈਸਰ ਲੱਗ ਗਿਆ। ਇਸ ਤੋਂ ਬਾਅਦ ਉਹ ਸਰਕਾਰੀ ਕਾਲਜ, ਮੁਲਤਾਨ ਚਲਾ ਗਿਆ। ਕੁਝ ਸਮਾਂ ਬਾਅਦ ਉਹ ਸਰਕਾਰੀ ਕਾਲਜ, ਰੋਹਤਕ ਦਾ ਪ੍ਰਿੰਸੀਪਲ ਬਣ ਗਿਆ ਅਤੇ ਫਿਰ ਸਰਕਾਰੀ ਕਾਲਜ ਲਾਹੌਰ ਆ ਗਿਆ। ਦੇਸ਼ ਦੀ ਵੰਡ ਸਮੇ ਉਹ ਸੇਵਾ ਮੁਕਤ ਹੋ ਕੇ ਆਪਣੇ ਜੱਦੀ ਪਿੰਡ ਗਾਧੀਆਂ ਜਿਲ੍ਹਾ ਗੁਰਦਾਸਪੁਰ ਚਲਾ ਗਿਆ ਅਤੇ ਬਾਅਦ ਵਿਚ ਦਿੱਲੀ ਵਿਚ ਪੱਕੇ ਤੌਰ ਤੇ ਰਹਿਣ ਲੱਗ ਪਿਆ। ਉਸ ਦੇ ਪੂਰੇ ਨਾਟਕ 'ਸੁਭਦਰਾ', 'ਵਰ ਘਰ', 'ਸ਼ਾਮੂ ਸ਼ਾਹ' ਅਤੇ 'ਸੋਸ਼ਲ ਸਰਕਲ' ਹਨ ਜਦੋਂ ਕਿ ਤਿੰਨ ਇਕਾਂਗੀ-ਸੰਗ੍ਰਹਿ 'ਝਲਕਾਰੇ', 'ਲਿਸ਼ਕਾਰੇ' ਅਤੇ 'ਚਮਕਾਰੇ' ਹਨ। ਉਸ ਦੀ ਨਾਟਕਕਾਰੀ ਦੀ ਵਿਲੱਖਣਤਾ ਇਹ ਹੈ ਕਿ ਉਸ ਵਿਚ ਪੱਛਮ ਦੀ ਯਥਾਰਥਵਾਦੀ ਨਾਟ-ਪਰੰਪਰਾ ਅਤੇ ਲੋਕ ਨਾਟ-ਪਰੰਪਰਾ ਦਾ ਸਮਾਵੇਸ਼ ਹੈ। ਆਈ.ਸੀ. ਨੰਦਾ ਦਾ ਜਨਮ 30 ਸਤੰਬਰ 1892 ਨੂੰ ਹੋਇਆ ਅਤੇ ਸਤੰਬਰ 1965 ਨੂੰ ਦਿੱਲੀ ਵਿਖੇ ਦੇਹਾਂਤ ਹੋ ਗਿਆ। ਆਈ.ਸੀ. ਨੰਦਾ ਨੇ ਸਮਾਜਿਕ ਸਮੱਸਿਆਵਾਂ ਦੀ ਪੇਸ਼ਕਾਰੀ ਨੂੰ ਆਪਣੇ ਨਾਟਕਾਂ ਦਾ ਆਧਾਰ ਬਣਾਇਆ। ਉਸ ਨੇ ਉਸ ਸਮੇਂ ਪ੍ਰਗਤੀਸ਼ੀਲਤਾ ਦਾ ਪਰਿਚਯ ਦਿੱਤਾ ਜਦੋਂ ਪੰਜਾਬੀ ਵਿਚ ਧਾਰਮਿਕ ਸੁਧਾਰਵਾਦ ਦਾ ਮਾਹੌਲ ਸੀ। 1920 ਵਿਚ ਵਿਧਵਾ ਪੁਨਰ-ਵਿਆਹ ਹੱਕ ਵਿਚ ਸੁਭੱਦਰਾ ਅਤੇ 1929 ਵਿਚ ਨਾਰੀ ਨੂੰ ਆਪਣਾ ਵਰ ਖ਼ੁਦ ਚੁਣਨ ਦੀ ਖੁਲ੍ਹ ਦੇਣ (ਵਰ ਘਰ) ਦੇ ਹੱਕ ਵਿਚ ਭੁਗਤਣਾ ਵਾਕਿਆ ਹੀ ਇਨਕਲਾਬੀ ਕਦਮ ਸੀ।
ਪੰਜਾਬੀ ਨਾਟਕਕਾਰੀ ਦਾ ਧਰੂ ਤਾਰਾ ਬਲਵੰਤ ਗਾਰਗੀ
ਪੰਜਾਬੀ ਨਾਟਕ ਨੂੰ ਬਲਵੰਤ ਗਾਰਗੀ ਨੇ ਜਿਸ ਉਚਾਈ ਤਕ ਪਹੁੰਚਾਇਆ ਉਸ ਨੂੰ ਹੀ ਸ਼ਾਇਦ ਪੰਜਾਬੀ ਨਾਟਕ ਦਾ ਸਿਖਰ ਆਖਿਆ ਜਾ ਸਕਦਾ ਹੈ। ਆਧੁਨਿਕ ਪੰਜਾਬੀ ਨਾਟਕ ਨੂੰ ਆਪਣੇ ਮੁਢਲੇ ਦੌਰ ਵਿਚ ਹੀ ਬਲਵੰਤ ਗਾਰਗੀ ਵਰਗਾ ਹੋਣਹਾਰ ਨਾਟਕਕਾਰ ਮਿਲ ਜਾਣਾ ਪੰਜਾਬੀ ਨਾਟਕ ਦੇ ਉਜਲ ਭਵਿਖ ਦਾ ਸੰਕੇਤ ਸੀ। 1944 ਵਿਚ 'ਲੋਹਾ ਕੁੱਟ' ਨਾਟਕ ਦੀ ਰਚਨਾ ਨੇ ਉਸ ਦੀ ਅਤੇ ਪੰਜਾਬੀ ਨਾਟਕ ਦੀ ਪਛਾਣ ਅੰਤਰ-ਰਾਸ਼ਟਰੀ ਕੈਨਵਸ ਤਕ ਬਣਾ ਦਿੱਤੀ। ਇਹ ਨਾਟਕ ਉਸ ਦੀ ਨਾਟ-ਚੇਤਨਾ ਦਾ ਪ੍ਰਮਾਣ ਹੈ।
ਬਲਵੰਤ ਗਾਰਗੀ ਨੇ ਇਸ ਨਾਟਕ ਦੇ ਮਾਧਿਅਮ ਨਾਲ ਪੰਜਾਬੀ ਨਾਟਕ ਦੀਆਂ ਮਜ਼ਬੂਤ ਨੀਹਾਂ ਦਾ ਨਿਰਮਾਣ ਕਰ ਦਿੱਤਾ ਜਿਸ ਉਪਰ ਮੌਜੂਦਾ ਨਾਟਕ ਦੀ ਬਹੁਵਿਧ ਵਿਕਸਿਤ ਇਮਾਰਤ ਦੀ ਉਸਾਰੀ ਸੰਭਵ ਹੋ ਸਕੀ ਹੈ। ਉਸ ਨੇ ਪੰਜਾਬੀ ਨਾਟ-ਆਲੋਚਨਾ ਦੇ ਖੇਤਰ ਵਿਚ ਵੀ ਮਹੱਤਵਪੂਰਨ ਕਾਰਜ ਕੀਤਾ ਹੈ ਅਤੇ 'ਰੰਗਮੰਚ' ਅਤੇ 'ਲੋਕ ਨਾਟਕ' ਨਾਂ ਦੀਆਂ ਪੁਸਤਕਾਂ ਨੂੰ ਆਕਾਰ ਦਿੱਤਾ। ਇਨ੍ਹਾਂ ਕਿਤਾਬਾਂ ਨੂੰ ਨਾਟ-ਆਲੋਚਨਾ ਦਾ ਦਸਤਾਵੇਜ਼ੀ ਸ਼ਾਸਤਰ ਮੰਨਿਆ ਜਾਂਦਾ ਹੈ। ਉਸ ਦੇ ਇਸ ਮਹਾਨ ਕਾਰਜ ਲਈ ਉਸ ਨੂੰ 1962 ਵਿਚ ਸਾਹਿਤ ਖੇਤਰ ਦਾ ਸਭ ਤੋਂ ਵੱਡਾ ਰਾਸ਼ਟਰੀ ਪੁਰਸਕਾਰ ਸਾਹਿਤ ਅਕਾਦੇਮੀ ਐਵਾਰਡ 'ਰੰਗਮੰਚ' ਲਈ ਪ੍ਰਦਾਨ ਕੀਤਾ ਗਿਆ। ਉਸ ਦੇ ਨਾਟਕ ਅਤੇ ਮੰਚ ਦੇ ਖੇਤਰ ਵਿਚ ਪਾਏ ਵਿਲੱਖਣ ਯੋਗਦਾਨ ਦੇ ਮੱਦੇਨਜ਼ਰ ਉਸ ਨੂੰ 1972 ਵਿਚ ਭਾਰਤ ਦੇ ਚੌਥੇ ਵੱਡੇ ਪੁਰਸਕਾਰ ਪਦਮ ਸ਼੍ਰੀ ਨਾਲ ਨਿਵਾਜਿਆ ਗਿਆ। ਇਸੇ ਤਰ੍ਹਾਂ ਉਸ ਦੀ ਨਾਟਕਕਾਰੀ ਲਈ ਉਸ ਨੂੰ 1998 ਵਿਚ ਇਕ ਹੋਰ ਰਾਸ਼ਟਰੀ ਪੁਰਸਕਾਰ ਸੰਗੀਤ ਨਾਟਕ ਅਕਾਦੇਮੀ ਪੁਰਸਕਾਰ ਨਾਲ ਸਨਮਾਨਿਆ ਗਿਆ। ਪੰਜਾਬੀ ਯੂਨੀਵਰਸਿਟੀ ਨੇ ਉਸ ਨੂੰ ਪ੍ਰੋਫ਼ੈਸਰ ਆਫ ਐਮੀਨੈਂਸ ਵਜੋਂ ਨਿਵਾਜਿਆ। ਉਸ ਰਾਹੀਂ ਪੰਜਾਬੀ ਨਾਟ-ਮੰਚ ਨੂੰ ਅੰਤਰਰਾਸ਼ਟਰੀ ਮਾਨਤਾ ਅਤੇ ਪਛਾਣ ਤਾਂ ਉਸ ਸਮੇਂ ਹੀ ਮਿਲ ਗਈ ਜਦੋਂ ਉਹ 1966-67 ਵਿਚ ਦੋ ਸਾਲ ਲਈ ਅਮਰੀਕਾ ਦੀ ਯੂਨੀਵਰਸਿਟੀ ਆਫ ਵਸ਼ਿੰਗਟਨ ਵਿਚ ਥੀਏਟਰ ਦੇ ਪ੍ਰੋਫੈਸਰ ਦੇ ਅਹੁਦੇ ਤੇ ਨਿਯੁਕਤ ਹੋਇਆ। ਜਿਥੇ ਪੰਜਾਬੀ ਨਾਟਕ ਅਤੇ ਰੰਗਮੰਚ ਨੂੰ ਪਹਿਲੀ ਵਾਰ ਅੰਤਰਰਾਸ਼ਟਰੀ ਪਾਸਾਰ ਮਿਲਿਆ ਉਥੇ ਪੰਜਾਬੀ ਨਾਟਕ ਨੂੰ ਵੀ ਬਹੁਤ ਸਾਰੇ ਰੰਗਮੰਚੀ ਅਨੁਭਵ ਪ੍ਰਾਪਤ ਹੋਏ। ਇਸ ਯੂਨੀਵਰਸਿਟੀ ਵਿਚ ਹੀ ਉਸ ਦੀ ਮੁਲਾਕਾਤ ਜੈਨੀ ਹੈਨਰੀ ਨਾਲ ਹੋਈ ਜੋ ਬਾਅਦ ਵਿਚ ਉਸ ਦੀ ਜੀਵਨ ਸਾਥਣ ਬਣੀ। ਇਸ ਤੋਂ ਇਲਾਵਾ ਉਸ ਨੇ ਅੰਤਰਰਾਸ਼ਟਰੀ ਪ੍ਰਸਿੱਧੀ ਵਾਲੀਆਂ ਵਿਦਿਅਕ ਸੰਸਥਾਵਾਂ ਜਿਵੇਂ ਹਾਵਰਡ ਯੂਨੀਵਰਸਿਟੀ, ਵਾਸਰ ਕਾਲਜ, ਮਾਊਂਟ ਹੋਲੀਓਕ ਕਾਲਜ, ਟ੍ਰਿਨਿਟੀ ਕਾਲਜ, ਯੂਨੀਵਰਸਿਟੀ ਆਫ ਹਵਾਈ, ਯੇਲ ਯੂਨੀਵਰਸਿਟੀ ਆਦਿ ਵਿਚ ਵਿਜ਼ਿਟਿੰਗ ਪ੍ਰੋਫੈਸਰ ਵਜੋਂ ਥੀਏਟਰ ਦੀ ਸਿੱਖਿਆ ਦਿੱਤੀ। ਇਸੇ ਤਰ੍ਹਾਂ ਪੱਛਮ ਦੀਆਂ ਆਧੁਨਿਕ ਮੰਚਣ ਵਿਧੀਆਂ ਅਤੇ ਤਕਨੀਕੀ ਜੁਗਤਾਂ ਦੇ ਗਿਆਨ ਨੇ ਉਸ ਦੇ ਰੰਗਮੰਚੀ ਅਨੁਭਵ ਨੂੰ ਹੋਰ ਵਿਸ਼ਾਲ ਬਣਾ ਦਿੱਤਾ।
ਉਸ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ 'ਇੰਡੀਅਨ ਥੀਏਟਰ ਵਿਭਾਗ' ਦਾ ਮੋਢੀ ਪ੍ਰੋਫੈਸਰ ਅਤੇ ਮੁਖੀ ਨਿਯੁਕਤ ਕੀਤਾ ਗਿਆ।ਅਜ ਵੀ ਵਿਭਾਗ ਦਾ 'ਓਪਨ ਏਅਰ ਥੀਏÂਰ' ਦੇ ਨਾਂ ਤੇ ਕਾਇਮ ਹੈ। ਪੰਜਾਬੀ ਨਾਟ-ਸਾਹਿਤ ਵਿਚ ਉਸ ਦੀਆਂ ਨਾਟ-ਰਚਨਾਵਾਂ ਦਾ ਉਘਾ ਸਥਾਨ ਹੈ। ਉਸ ਦੀ ਮੌਲਿਕ ਨਾਟ-ਸਿਰਜਣਾ ਵਿਚ 'ਲੋਹਾ ਕੁੱਟ', 'ਕੇਸਰੋ', 'ਕਣਕ ਦੀ ਬੱਲੀ', 'ਸੁਲਤਾਨ ਰਜ਼ੀਆ', 'ਸੋਹਣੀ ਮਹੀਂਵਾਲ', 'ਮਿਰਜ਼ਾ ਸਾਹਿਬਾਂ', 'ਧੂਣੀ ਦੀ ਅੱਗ', 'ਪੱਤਣ ਦੀ ਬੇੜੀ', 'ਕੁਆਰੀ ਟੀਸੀ', 'ਅਭਿਸਾਰਿਕਾ'ਵਰਗੇ ਪ੍ਰਸਿੱਧ ਨਾਟਕ ਸ਼ਾਮਿਲ ਹਨ। ਉਸ ਦੇ 'ਲੋਹਾ ਕੁੱਟ' ਨੂੰ ਤਾਂ ਪੰਜਾਬੀ ਦਾ ਸਰਵੋਤਮ ਨਾਟਕ ਮੰਨਿਆ ਜਾਂਦਾ ਹੈ।
ਬਲਵੰਤ ਗਾਰਗੀ ਦੀ ਨਾਟਕਕਾਰੀ ਦਾ ਮੀਰੀ ਗੁਣ ਮਨੁੱਖੀ ਜਜ਼ਬਿਆਂ ਨੂੰ ਸਮਝਣ, ਮਨੁੱਖੀ ਮਨ ਦੀਆਂ ਪਰਤਾਂ ਨੂੰ ਫਰੋਲਣ ਅਤੇ ਪਾਤਰਾਂ ਦਾ ਮਨੋ-ਸਮਾਜਿਕ ਅਧਿਐਨ ਕਰਦਾ ਹੈ। ਇਸ ਪੱਖੋਂ ਉਹ ਸ਼ੈਕਸਪੀਅਰ ਤੇ ਲੋਰਕਾ ਜਿਹੇ ਮਹਾਨ ਨਾਟਕਕਾਰਾਂ ਨਾਲ ਬਰ ਮੇਚਦਾ ਹੈ। ਬਲਵੰਤ ਗਾਰਗੀ ਦੀਆਂ ਰਚਨਾਵਾਂ ਦਾ ਭਾਸ਼ਾਈ ਮੁਹਾਂਦਰਾ ਮੌਲਿਕ ਅਤੇ ਵਿਲੱਖਣ ਹੈ ਅਤੇ ਪੰਡਤਾਊ ਵਿਦਵਤਾ ਦੀ ਜਟਿੱਲਤਾ ਤੋ ਅਭਿੱਜ ਹੈ। ਉਸ ਦੇ ਨਾਟਕਾਂ ਦੀ ਥੀਏਟਰੀ ਭਾਸ਼ਾ ਸੰਪੂਰਨ ਮੈਟਾਫਰ ਸਿਰਜਣ ਦੀ ਯੋਗਤਾ ਰੱਖਦੀ ਹੈ। ਉਹ ਆਪਣੀ ਗੱਲ ਨੂੰ ਬੇਬਾਕੀ ਨਾਲ ਕਹਿਣ ਦੀ ਦਲੇਰੀ ਰਖਦਾ ਹੈ। ਇਸ ਤੋਂ ਵੀ ਅੱਗੇ ਜਾ ਕੇ ਉਹ ਨਾਟਕ ਨੂੰ ਥੀਏਟਰੀ ਅਰਥਾਂ ਵਿਚ ਸਿਰਜ ਕੇ ਮੰਚੀ ਟੈਕਸਟ ਉਸਾਰਨ ਦੀ ਬੇਜੋੜ ਯੋਗਤਾ ਰੱਖਦਾ ਹੈ। ਭਾਰਤ ਤੋਂ ਇਲਾਵਾ ਉਸ ਨੇ ਆਪਣੇ ਨਾਟਕ ਦੇ ਵੱਖ- ਵੱਖ ਦੇਸ਼ਾਂ ਵਿਚ ਅੰਗਰੇਜ਼ੀ ਵਿਚ ਅਨੁਵਾਦ ਕਰ ਕੇ ਖੇਡੇ। ਉਹ ਵਿਸ਼ਵ ਦੀਆਂ ਕਈ ਯੂਨੀਵਰਸਿਟੀਆਂ ਵਿਚ ਭਾਰਤੀ ਨਾਟਕ ਦਾ ਵਿਜ਼ਿਟਿੰਗ ਪ੍ਰੋਫੈਸਰ ਰਿਹਾ। ਬਲਵੰਤ ਗਾਰਗੀ ਦੀ ਜੀਵਨ ਲੀਲ੍ਹਾ 4 ਦਿਸੰਬਰ, 1916 ਨੂੰ ਬਠਿੰਡਾ ਤੋ ਸ਼ੁਰੂ ਹੋ ਕੇ 22 ਅਪ੍ਰੈਲ, 2003 ਨੂੰ ਮੁੰਬਈ ਵਿਖੇ ਸਮਾਪਤ ਹੋ ਗਈ ਪਰ ਉਹ ਨਾਟ-ਮੰਚ ਦੇ ਅੰਬਰਾਂ ਤੇ ਧਰੂ ਤਾਰਾ ਬਣ ਕੇ ਸਦਾ ਚਮਕਦਾ ਰਹੇਗਾ।
.jpg)
ਪੰਜਾਬੀ ਰੰਗਮੰਚ ਦੀ ਕੌਮੀ ਪਛਾਣ ਸ਼ੀਲਾ ਭਾਟੀਆ
ਪੰਜਾਬੀ ਨਾਟ-ਮੰਚ ਵਿਚ ਸ਼ੀਲਾ ਭਾਟੀਆ ਪੰਜਾਬੀ ਨਾਟ-ਰੂਪ ਉਪੇਰਾ ਦੀ ਜਨਕ ਵਜੋਂ ਸਵੀਕਾਰੀ ਜਾਂਦੀ ਹੈ। ਇਸ ਤਰ੍ਹਾਂ ਉਹ ਪੰਜਾਬੀ ਉਪੇਰਾ ਪਰੰਪਰਾ ਦੀ ਆਦਿ ਬਿੰਦੂ ਹੈ। ਉਹ ਪੰਜਾਬੀ ਦੀ ਪਹਿਲੀ ਇਸਤਰੀ ਨਾਟਕਕਾਰ ਵਜੋਂ ਸਥਾਨ ਰੱਖਦੀ ਹੈ ਬੇਸ਼ਕ ਉਸ ਤੋਂ ਪਹਿਲਾਂ ਨੋਰ੍ਹਾ ਰਿਚਰਡਜ਼ ਨੇ ਅੰਗਰੇਜ਼ੀ ਵਿਚ ਨਾਟਕ ਲਿਖੇ ਸਨ ਅਤੇ ਉਨ੍ਹਾਂ ਦਾ ਪੰਜਾਬੀ ਵਿਚ ਅਨੁਵਾਦ ਹੋਇਆ ਸੀ ਪਰੰਤੂ ਮੂਲ ਪੰਜਾਬੀ ਵਿਚ ਲਿਖਣ ਵਾਲੀ ਪਹਿਲੀ ਨਾਰੀ ਨਾਟਕਕਾਰ ਦਾ ਸਨਮਾਨ ਸ਼ੀਲਾ ਭਾਟੀਆ ਨੂੰ ਹੀ ਮਿਲਦਾ ਹੈ ਜਿਸ ਨੇ 'ਰੰਗਮੰਚ' ਰਾਹੀਂ 'ਨਾਟਕ' ਵਿਚ ਪ੍ਰਵੇਸ਼ ਕੀਤਾ। 1942 ਵਿਚ ਆਪਣੀ 'ਗੀਤ ਲੜੀਆਂ' ਰਾਹੀਂ ਉਸਦਾ ਮੰਚ-ਪ੍ਰਵੇਸ਼ ਹੋਇਆ ਜੋ ਬਾਅਦ ਵਿਚ 'ਉਪੇਰਾ' ਨਾਟ-ਰੂਪ ਵਿਚ ਢਲ ਗਿਆ ਅਤੇ ਸ਼ੀਲਾ ਭਾਟੀਆ 'ਪੰਜਾਬੀ ਰੰਗਮੰਚ ਦੀ ਕੌਮੀ ਪਛਾਣ' ਬਣ ਗਈ।
ਸ਼ੀਲਾ ਭਾਟੀਆ ਦੀ ਬੁਲੰਦ ਆਵਾਜ਼ ਸੀ ਜਿਸ ਵਿਚ ਅੰਤਾਂ ਦੀ ਮਿਠਾਸ ਸੀ। ਗੀਤ ਗਾਉਣ ਦੀ ਗੁੜ੍ਹਤੀ ਉਸ ਨੂੰ ਆਪਣੀ ਮਾਂ ਤੋਂ ਮਿਲੀ ਸੀ ਜੋ ਇਕ ਉਚਕੋਟੀ ਦੀ ਗਾਇਕਾ ਸੀ। ਸਿਆਲਕੋਟ ਤੋਂ ਸਕੂਲੀ ਸਿੱਖਿਆ ਲੈ ਕੇ ਉਹ ਕਾਲਜ ਵਿਚ ਪੜ੍ਹਨ ਲਈ ਲਾਹੌਰ ਆ ਗਈ। ਉਹ ਆਪਣੀ ਗਾਇਨ-ਕਲਾ ਕਰਕੇ ਸਕੂਲ ਅਤੇ ਕਾਲਜ ਵਿਚ 'ਗਾਣੇ ਵਾਲੀ ਸ਼ੀਲਾ' ਦੇ ਨਾਂ ਨਾਲ ਪ੍ਰਸਿੱਧ ਹੋ ਗਈ ਸੀ। 1931 ਵਿਚ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਫਾਂਸੀ ਤੋਂ ਬਾਅਦ ਉਪਜੇ ਹਾਲਾਤ ਦੌਰਾਨ ਲਾਹੌਰ ਵਿਚ ਦੰਗੇ, ਫਸਾਦ, ਹਕੂਮਤ ਵਿਰੋਧੀ ਪ੍ਰਦਰਸ਼ਨ, ਕਰਫਿਊ ਆਦਿ ਕਾਰਨ ਰੋਹ ਪੂਰਨ ਮਾਹੌਲ ਸੀ। ਅੰਗਰੇਜ਼ਾਂ ਦੀਆਂ ਦਮਨਕਾਰੀ ਨੀਤੀਆਂ ਦੇ ਖਿਲਾਫ ਸ਼ੀਲਾ ਭਾਟੀਆ ਸਮੇਤ ਕੁਝ ਲੜਕੀਆਂ ਨੇ ਲਾਹੌਰ ਦੀਆਂ ਗਲੀਆਂ ਮੁਹੱਲਿਆਂ ਵਿਚ ਗੀਤ ਅਤੇ ਅਭਿਨੈ ਦੁਆਰਾ ਲੋਕਾਂ ਨੂੰ ਚੇਤਨ ਕਰਨ ਦਾ ਫੈਸਲਾ ਕੀਤਾ। ਇਸ ਤਰ੍ਹਾਂ ਉਸ ਅੰਦਰ ਰੰਗਮੰਚ ਦੇ ਬੀਜ ਬੀਜੇ ਗਏ ਜੋ ਬਾਅਦ ਵਿਚ ਨਾਟ-ਚੇਤਨਾ ਦੇ ਇਕ ਵਿਸ਼ਾਲ ਰੁੱਖ ਦਾ ਰੂਪ ਧਾਰ ਗਏ।
ਜਦੋਂ ਲਾਹੌਰ ਇਪਟਾ ਦੀ ਇਕਾਈ ਦਾ ਗਠਨ ਹੋਇਆ ਤਾਂ ਸ਼ੀਲਾ ਭਾਟੀਆ ਇਸ ਦੀ ਮੈਂਬਰ ਬਣ ਗਈ ਅਤੇ ਉਸ ਨੇ ਆਜ਼ਾਦੀ ਤੋਂ ਪਹਿਲਾਂ ਹੀ ਸੰਗਠਿਤ ਰੂਪ ਵਿਚ ਰੰਗਮੰਚੀ ਗਤੀਵਿਧੀਆਂ ਆਰੰਭ ਕਰ ਦਿੱਤੀਆਂ ਸਨ ਅਤੇ ਉਹ ਇਪਟਾ ਦੀ ਸਰਗਰਮ ਕਾਰਕੁੰਨ ਬਣ ਗਈ ਸੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਉਹ ਦਿੱਲੀ ਆ ਗਈ ਅਤੇ ਉਸ ਨੇ 'ਦਿੱਲੀ ਆਰਟ ਥੀਏਟਰ' ਨਾਂ ਦੇ ਪੇਸ਼ਾਵਰ ਨਾਟ-ਗਰੁੱਪ ਦੀ ਸਥਾਪਨਾ ਕਰਕੇ ਆਪਣੀਆਂ ਗਤੀਵਿਧੀਆਂ ਦਾ ਕੇਂਦਰ ਦਿੱਲੀ ਬਣਾ ਲਿਆ। ਇਧਰ ਪੰਜਾਬ ਵਿਚ ਵੀ ਕੁਝ ਊਰਜਾਵਾਨ ਕਲਾਕਾਰਾਂ ਨੇ ਇਪਟਾ ਨਾਲ ਰਿਸ਼ਤਾ ਜੋੜਿਆ ਅਤੇ ਰੰਗਮੰਚ ਰਾਹੀਂ ਲੋਕ-ਚੇਤਨਾ ਪੈਦਾ ਕਰਨ ਲਈ ਰੰਗਮੰਚੀ ਗਤੀਵਿਧੀਆਂ ਆਰੰਭ ਕਰ ਦਿੱਤੀਆਂ ਜਿਨ੍ਹਾਂ ਵਿਚ ਜੋਗਿੰਦਰ ਬਾਹਰਲਾ, ਤੇਰਾ ਸਿੰਘ ਚੰਨ, ਜਗਦੀਸ਼ ਫਰਿਆਦੀ, ਪ੍ਰੋ. ਨਿਰੰਜਨ ਸਿੰਘ ਮਾਨ ਆਦਿ ਦੇ ਨਾਮ ਗਿਣੇ ਜਾ ਸਕਦੇ ਹਨ।
ਕਮਲਾ ਦੇਵੀ ਚਟੋਪਾਧਿਆਇ ਨੇ ਉਸ ਨੂੰ ਨੈਸ਼ਨਲ ਸਕੂਲ ਆਫ ਡਰਾਮਾ ਸ਼ੁਰੂ ਕਰਨ ਦੀ ਜਿੰਮੇਵਾਰੀ ਸੌਂਪੀ। ਇਸ ਤਰ੍ਹਾਂ ਉਸ ਨੇ ਨੇਮੀ ਚੰਦਰ ਜੈਨ ਨਾਲ ਮਿਲ ਕੇ ਇਸ ਸੰਸਥਾ ਦੀ ਸਥਾਪਨਾ ਕੀਤੀ ਅਤੇ ਉਹ 14 ਵਰ੍ਹੇ ਨੈਸ਼ਨਲ ਸਕੂਲ ਆਫ ਡਰਾਮਾ ਵਿਖੇ ਅਭਿਨੈ ਵਿਭਾਗ ਦੀ ਚੇਅਰਪਰਸਨ ਰਹੀ। ਸ਼ੀਲਾ ਭਾਟੀਆ ਵਲੋਂ ਵਿਧੀਵਤ ਰੂਪ ਵਿਚ ਉਪੇਰਾ ਵਿਧਾ ਨਾਲ ਜੁੜ ਕੇ 1951 ਵਿਚ 'ਵਾਦੀ ਦੀ ਗੂੰਜ' ਨਾਂ ਦੇ ਉਪੇਰੇ ਤੋਂ ਸ਼ੁਰੂ ਕਰਕੇ 1999 ਤਕ ਲੇਖਣ ਕਾਰਜ ਜਾਰੀ ਰਖਿਆ ਗਿਆ। ਉਸ ਦੇ ਵਧੇਰੇ ਪ੍ਰਵਾਨਿਤ ਉਪੇਰਿਆਂ ਵਿਚ 'ਰੁੱਖੇ ਖੇਤ', 'ਵਾਦੀ ਦੀ ਗੂੰਜ', 'ਚੰਨ ਬਦਲਾਂ ਦਾ' ਆਦਿ ਹਨ ਪਰੰਤੂ 'ਹੀਰ ਰਾਂਝਾ' ਉਪੇਰਾ ਨੇ ਉਸ ਦੀ ਪਛਾਣ ਨੂੰ ਵਿਆਪਕ ਬਣਾ ਦਿੱਤਾ ਸੀ। 1988 ਵਿਚ ਉਸ ਨੂੰ ਸੰਗੀਤ ਨਾਟਕ ਅਕਾਦੇਮੀ ਵਲੋਂ ਨਹਿਰੂ ਸ਼ਤਾਬਦੀ ਨਾਟਯ ਸਮਾਰੋਹ ਵਿਚ 'ਹੀਰ ਰਾਂਝਾ' ਉਪੇਰਾ ਪੇਸ਼ ਕਰਨ ਦਾ ਸੱਦਾ ਮਿਲਿਆ। ਉਸ ਨੇ ਚੰਡੀਗੜ੍ਹ, ਅੰਮ੍ਰਿਤਸਰ, ਸ਼ਿਮਲਾ, ਮੁੰਬਈ ਆਦਿ ਸਥਾਨਾਂ ਤੇ ਹੀਰ ਦਾ ਅਭਿਨੈ ਕਰਨ ਲਈ ਅਭਿਨੇਤਰੀ ਦੀ ਤਲਾਸ਼ ਕੀਤੀ ਪਰ ਉਹ ਕਾਮਯਾਬ ਨਾ ਹੋ ਸਕੀ। ਉਸ ਨੇ ਘੱਟ ਯੋਗਤਾ ਵਾਲੇ ਕਲਾਕਾਰ ਨਾਲ ਨਾਟਕ ਖੇਡਣ ਦੀ ਬਜਾਇ 40000 ਰੁਪਏ ਦੀ ਅਗਾਊਂ ਪ੍ਰਾਪਤ ਕੀਤੀ ਰਾਸ਼ੀ ਅਕਾਦੇਮੀ ਨੂੰ ਵਾਪਸ ਕਰ ਦਿੱਤੀ। ਉਸ ਦਾ ਹਿੰਦੁਸਤਾਨ ਦੀ ਉਪੇਰਾ ਲਹਿਰ ਦੀ ਉਸਾਰੀ ਵਿਚ ਵੱਡਾ ਯੋਗਦਾਨ ਹੈ ਕਿਉਂਕਿ ਉਸ ਨੇ ਪੰਜਾਬੀ ਦੇ ਨਾਲ ਨਾਲ ਹਿੰਦੁਸਤਾਨੀ ਭਾਸ਼ਾ ਵਿਚ ਵੀ ਨਿਰੰਤਰ ਉਪੇਰੇ ਲਿਖੇ ਅਤੇ ਖੇਡੇ। ਉਸ ਨੂੰ ਦੇਸ਼ ਦੀ ਵੰਡ ਸਮੇਂ ਪੰਜਾਬ ਦੇ ਵੰਡੇ ਜਾਣ ਦਾ ਦੁੱਖ ਸੀ। ਉਹ ਦੰਗਿਆਂ ਦੀ ਭਿਆਨਕ ਤਸਵੀਰ ਤੋਂ ਬੇਹੱਦ ਪੀੜਤ ਸੀ। ਉਸ ਨੂੰ ਸਿਆਲਕੋਟ ਛੱਡ ਕੇ ਦਿੱਲੀ ਆਉਣਾ ਪਿਆ ਸੀ। ਦੇਸ਼ ਦੀ ਵੰਡ ਤੋਂ ਬਾਅਦ ਉਸ ਨੂੰ ਸ਼ੇਖ ਅਬਦੁੱਲਾ ਦੀ ਕਸ਼ਮੀਰ ਸਰਕਾਰ ਵਲੋਂ ਰਾਸ਼ਟਰੀ ਸਾਂਸਕ੍ਰਿਤਕ ਮੋਰਚੇ ਦੀ ਸਥਾਪਨਾ ਕਰਨ ਅਤੇ ਥੀਏਟਰ ਅਤੇ ਸਭਿਆਚਾਰਕ ਸਰਗਰਮੀਆਂ ਨੂੰ ਤੇਜ਼ ਕਰਨ ਲਈ ਬੁਲਾਇਆ ਗਿਆ। 1966 ਵਿਚ ਪੰਜਾਬ ਦੀ ਪੁਨਰ-ਵੰਡ ਨੇ ਉਸ ਨੂੰ ਧੁਰ ਅੰਦਰ ਤਕ ਨਪੀੜ ਦਿੱਤਾ ਸੀ। ਅਸਲ ਵਿਚ ਉਸ ਦੇ ਉਪੇਰਿਆਂ ਦਾ ਮੂਲ ਆਧਾਰ ਪੰਜਾਬ ਦੀ ਲੋਕ ਧਾਰਾ ਹੈ। ਉਨ੍ਹਾਂ ਵਿਚ ਪੰਜਾਬ ਦਾ ਦਰਦ ਧੜਕ ਰਿਹਾ ਹੈ ਅਤੇ ਪੰਜਾਬੀ ਤੇ ਉਰਦੂ ਦੀ ਮਿੱਸੀ ਭਾਸ਼ਾ ਸਿਸਕੀਆਂ ਭਰ ਰਹੀ ਹੈ। ਪੰਜਾਬ ਪ੍ਰਤੀ ਉਸ ਦੇ ਅਥਾਹ ਮੋਹ ਦੇ ਬਾਵਜੂਦ ਪੰਜਾਬ ਸਰਕਾਰ ਜਾਂ ਕਿਸੇ ਹੋਰ ਅਦਾਰੇ ਵਲੋਂ ਕਦੇ ਉਸ ਨੂੰ ਨਾਟਕ ਖੇਡਣ ਦਾ ਸੱਦਾ ਪ੍ਰਾਪਤ ਨਹੀਂ ਸੀ ਹੋਇਆ। ਉਹ ਆਪਣੇ ਜੀਵਨ ਦੇ ਅੰਤਲੇ ਸਮੇਂ ਤਕ ਪੰਜਾਬ ਸਰਕਾਰ ਅਤੇ ਯੂਨੀਵਰਸਿਟੀਆਂ ਵਲੋਂ ਉਸ ਦੇ ਕੀਤੇ ਮਹਾਨ ਕੰਮ ਦੀ ਅਣਦੇਖੀ ਕਾਰਨ ਉਹ ਨਿਰਾਸ਼ ਅਤੇ ਰੋਹ ਵਿਚ ਸੀ। ਇਹੀ ਕਾਰਨ ਸੀ ਕਿ ਉਸ ਨੇ ਆਪਣੇ ਉਪੇਰੇ ਪ੍ਰਕਾਸ਼ਿਤ ਕਰਨ ਵਿਚ ਕੋਈ ਦਿਲਚਸਪੀ ਨਹੀਂ ਲਈ ਅਤੇ ਪੰਜਾਬੀ ਨਾਟ-ਜਗਤ ਇਨ੍ਹਾਂ ਮਹਾਨ ਨਾਟ-ਕ੍ਰਿਤਾਂ ਤੋਂ ਵਾਂਝਾ ਰਿਹਾ। ਸ਼ੀਲਾ ਭਾਟੀਆ ਦੀ ਇਸ ਧਰਤੀ ਤੇ ਆਮਦ 1 ਮਾਰਚ 1916 ਅਤੇ ਵਿਦਾਇਗੀ 17 ਫਰਵਰੀ 2008 ਨੂੰ ਹੋਈ।
ਪੰਜਾਬੀ ਰੰਗਮੰਚ ਦੀ ਜਿੰਦ ਜਾਨ ਗੁਰਸ਼ਰਨ ਸਿੰਘ
ਗੁਰਸ਼ਰਨ ਸਿੰਘ ਨੂੰ ਪੰਜਾਬੀ ਨਾਟ-ਮੰਚ ਜਗਤ ਵਿਚ ਗੁਰਸ਼ਰਨ ਭਾਅ ਜੀ ਦੇ ਨਾਂ ਨਾਲ ਸਵੀਕਾਰਿਆ ਅਤੇ ਸਤਿਕਾਰਿਆ ਜਾਂਦਾ ਹੈ। ਉਸ ਦੇ ਨਾਟਕਾਂ ਵਿਚ ਇਕ ਅਜਿਹੇ ਸਮਾਜ ਦੀ ਚਿਤਵਨਾ ਕੀਤੀ ਗਈ ਹੈ ਜਿਸ ਵਿਚ ਹਰ ਵਰਗ ਵਿਚ ਸਮਾਨਤਾ, ਸਭ ਲਈ ਅੱਗੇ ਵੱਧਣ ਦੇ ਸਮਾਨ ਮੌਕੇ ਅਤੇ ਸ਼ੋਸ਼ਿਤ ਹੋ ਰਹੇ ਸਮਾਜ ਦੇ ਹੱਕ ਵਿਚ ਆਵਾਜ਼ ਉਚੇ ਸੁਰ ਵਿਚ ਗੂੰਜਦੀ ਹੈ। ਉਸ ਨੇ ਸਮਕਾਲੀਨ ਸਮਾਜ ਵਿਚ ਵਾਪਰ ਰਹੀਆਂ ਪਿਛਾਖੜੀ ਸੋਚ ਅਤੇ ਲੋਕ ਵਿਰੋਧੀ ਘਟਨਾਵਾਂ ਕਾਰਨ ਉਪਜੀਆਂ ਸਮੱਸਿਆਵਾਂ ਨੂੰ ਨਾ ਕੇਵਲ ਆਪਣੇ ਨਾਟਕਾਂ ਵਿਚ ਵਿਸ਼ੇ ਵਜੋਂ ਆਧਾਰ ਬਣਾਇਆ ਹੈ ਬਲਕਿ ਇਕ ਅਗਾਂਵਧੂ ਰਾਜਸੀ ਵਿਚਾਰਧਾਰਾ ਦੀ ਦ੍ਰਿਸ਼ਟੀ ਤੋਂ ਇਨ੍ਹਾਂ ਦਾ ਹੱਲ ਤਲਾਸ਼ ਕਰਨ ਦਾ ਸੁਝਾਅ ਦਿੱਤਾ ਹੈ। ਇਸ ਪਖੋਂ ਉਸ ਨੇ ਆਪਣੀ ਬਾਮਕਸਦ ਨਾਟਕਕਾਰੀ ਅਤੇ ਰੰਗਕਰਮ ਲਈ ਖੱਬੀ ਵਿਚਾਰਧਾਰਾ ਦੇ ਰਾਜਸੀ ਦ੍ਰਿਸ਼ਟੀਕੋਣ ਤੋਂ ਕਾਰਜ ਕੀਤਾ ਹੈ। ਉਸ ਨੇ ਧਾਰਮਿਕ ਰੂੜੀਵਾਦ ਉਤੇ ਭਰਵਾਂ ਅਤੇ ਤਿੱੱਖਾ ਵਿਅੰਗ ਕੀਤਾ ਹੈ। ਉਸ ਨੇ ਜਗੀਰਦਾਰੀ, ਸਰਮਾਏਦਾਰੀ ਅਤੇ ਮੂਲਵਾਦੀ ਸਮਰਥਕ ਸਟੇਟ ਦੇ ਵਿਰੋਧ ਵਿਚ ਲਗਭਗ ਅੱਧੀ ਸਦੀ ਤਕ ਇਨਕਲਾਬੀ ਨਾਟਕ ਖੇਡ ਕੇ ਸਟੇਟ ਦੇ ਖਿਲਾਫ ਲੋਕ ਵਿਰੋਧੀ ਜਮਾਤੀ ਸੰਘਰਸ਼ ਉਸਾਰਨ ਦਾ ਯਤਨ ਕੀਤਾ। ਇਹ ਕਾਰਜ ਜੋਖਮ ਭਰਿਆ ਵੀ ਸੀ ਅਤੇ ਦਲੇਰੀ ਵਾਲਾ ਵੀ ਸੀ। ਇਕ ਨਾਟਕਕਾਰ ਵਜੋਂ 1958 ਵਿਚ ਉਸ ਨੇ ਆਪਣਾ ਪਹਿਲਾ ਨਾਟਕ 'ਘੁੰਮਣਘੇਰੀ' ਲਿਖਿਆ। ਇਸ ਨਾਟਕ ਦੀ ਪੇਸ਼ਕਾਰੀ ਸਮੇਂ ਹੀ ਉਸ ਦੀ ਪਤਨੀ ਸ਼੍ਰੀਮਤੀ ਕੈਲਾਸ਼ ਕੌਰ ਜੀ ਮੰਚ 'ਤੇ ਪ੍ਰਵੇਸ਼ ਕਰਦੀ ਹੈ। ਰੰਗਮੰਚ ਦੇ ਖੇਤਰ ਵਿਚ ਉਸ ਦਾ ਪਹਿਲਾ ਨਾਟਕ ਕਰਤਾਰ ਸਿੰਘ ਦੁੱਗਲ ਦੁਆਰਾ ਰਚਿਤ ਨਾਟਕ 'ਦੀਵਾ ਬੁੱਝ' ਗਿਆ ਸੀ ਜੋ 15 ਅਗਸਤ, 1958 ਨੂੰ ਨੰਗਲ ਵਿਖੇ ਲੋਕਾਂ ਦੇ ਭਾਰੀ ਇਕੱਠ ਦੀ ਹਾਜ਼ਰੀ ਵਿਚ ਖੇਡਿਆ ਗਿਆ ਸੀ।
ਉਸ ਸਮੇਂ ਉਹ ਨੰਗਲ ਵਿਖੇ ਸਰਕਾਰੀ ਅਫਸਰ ਸੀ। ਮੁੜ ਐਮਰਜੈਂਸੀ ਕਾਰਨ ਪੈਦਾ ਹੋਏ ਹਾਲਤਾਂ ਕਾਰਨ ਉਹ ਨੌਕਰੀ ਛੱਡ ਕੇ ਅੰਮ੍ਰਿਤਸਰ ਆ ਗਿਆ ਅਤੇ ਆਪਣੇ ਨਾਟ-ਗਰੁੱਪ 'ਨਾਟਕ ਕਲਾ ਕੇਂਦਰ' ਅੰਮ੍ਰਿਤਸਰ ਦੀ ਸਥਾਪਨਾ ਕੀਤੀ। ਉਸ ਵਲੋਂ ਖੇਡੇ ਗਏ ਹਰ ਨਾਟਕ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਪਰੰਤੂ 'ਇਕ ਮਾਂ ਦੋ ਮੁਲਕ', 'ਜਦੋਂ ਰੋਸ਼ਨੀ ਹੁੰਦੀ ਹੈ', 'ਇਹ ਲਹੂ ਕਿਸ ਦਾ ਹੈ', 'ਕਿਵੁ ਕੂੜੈ ਤੁਟੈ ਪਾਲ', 'ਇਨਕਲਾਬ ਜ਼ਿੰਦਾਬਾਦ', 'ਜੰਗੀ ਰਾਮ ਦੀ ਹਵੇਲੀ', 'ਬਾਬਾ ਬੋਲਦਾ ਹੈ', 'ਟੋਆ', 'ਮਿੱਟੀ ਦਾ ਮੁੱਲ', 'ਤੂਤਾਂ ਵਾਲਾ ਖੂਹ', 'ਨਵਾਂ ਜਨਮ', 'ਧਮਕ ਨਗਾਰੇ ਦੀ', 'ਕੋਈ ਹਰਿਓ ਬੂਟ ਰਹਿਓ ਰੀ', 'ਚੰਡੀਗੜ੍ਹ ਪੁਆੜੇ ਦੀ ਜੜ੍ਹ', 'ਮੁਨਸ਼ੀ ਖਾਨ' ਆਦਿ ਨਾਟਕ ਤÂ ਵਰ੍ਹਿਆਂ ਤੋਂ ਪੰਜਾਬੀਆਂ ਦੇ ਚੇਤਿਆਂ ਵਿਚ ਵੱਸ ਰਹੇ ਹਨ। ਉਸ ਨੇ
ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਵਿਚ ਵੀ ਹਾਊਸ ਫੁੱਲ ਨਾਟਕ ਖੇਡੇ ਹਨ। ਉਹ
ਸਿਆਸੀ ਚੇਤਨਾ ਦੇ ਵਿਕਾਸ ਹਿਤ 'ਸਰਦਲ' ਅਤੇ 'ਸਮਤਾ' ਨਾਂ ਦੇ ਰਸਾਲੇ ਵੀ ਸੰਪਾਦਿਤ ਕਰਦਾ ਰਿਹਾ ਹੈ। ਉਸ ਦਾ ਇਹ ਮੰਨਣਾ ਹੈ ਕਿ ਸਮਾਜ ਦੇ ਬਦਲਾਅ ਲਈ ਸਿਆਸੀ ਸਰਗਰਮੀ ਦਾ ਹੋਣਾ ਲਾਜ਼ਮੀ ਹੈ। ਉਸ ਨੇ ਪ੍ਰਤੀਬੱਧ ਸਿਆਸੀ ਸੂਝ ਨਾਲ ਲੋਕ ਪੱਖੀ ਰੰਗਮੰਚੀ ਕਲਾ ਦੁਆਰਾ ਸਮਾਜ ਦੇ ਸ਼ੋਸ਼ਿਤ ਵਰਗ ਵਿਚ ਸਮਾਜਿਕ ਨਿਆਂ ਦੀ ਚੇਤਨਾ ਪੈਦਾ ਕੀਤੀ।
ਉਸ ਦੇ ਨਾਟਕ ਸਮਾਜੀ ਰਾਜਸੀ ਹਾਲਾਤ ਦੀ ਚੀਰਫਾੜ ਕਰਨ ਦੇ ਨਾਲ ਨਾਲ ਕਿਸੇ ਉਸਾਰੂ ਸਮਾਜ ਦੀ ਵੀ ਕਲਪਨਾ ਕਰਦੇ ਹਨ। ਉਹ ਪੰਜਾਬੀ ਥੀਏਟਰ ਵਿਚ ਪੇਂਡੂ ਰੰਗ ਸ਼ੈਲੀ ਦਾ ਜਨਮਦਾਤਾ ਹੈ। ਉਸ ਦੇ ਥੀਏਟਰੀ ਕਲਾ ਵਿਚ ਮੰਚ ਪਿੰਡ ਦਾ ਥੜ੍ਹਾ, ਚੌਂਤਰਾ ਜਾਂ ਗੱਡੇ ਜੋੜ ਕੇ ਬਣਾਇਆ ਮੰਚ ਹੋ ਸਕਦਾ ਹੈ। ਉਸ ਦੇ ਅਦਾਕਾਰਾਂ ਦੀ ਗਿਣਤੀ ਸੀਮਤ ਹੁੰਦੀ ਹੈ। ਪਾਤਰ ਸੰਕੇਤਕ ਪਹਿਰਾਵੇ ਅਤੇ ਸਧਾਰਣ ਮੇਕ ਅਪ ਦੀ ਵਰਤੋਂ ਕਰਦੇ ਹਨ। ਮੰਚ ਉਤੇ ਕਿਸੇ ਉਚੇਚੇ ਰੋਸ਼ਨੀ ਪ੍ਰਬੰਧ ਤੋਂ ਬਿਨਾਂ ਬਿਜਲੀ ਦੇ ਕਿਸੇ ਸਧਾਰਨ ਬਲਬ ਨਾਲ ਹੀ ਰੋਸ਼ਨੀ ਕਰ ਲਈ ਜਾਂਦੀ ਹੈ। ਦੋ ਸਧਾਰਨ ਮਾਇਕਰੋਫੋਨਾਂ ਦੀ ਮਦਦ ਨਾਲ ਕੰਮ ਚਲਾ ਲਿਆ ਜਾਂਦਾ ਹੈ। ਪਾਤਰ ਉਚੇ ਸੁਰ ਵਿਚ ਸੰਵਾਦ ਬੋਲਦੇ ਹਨ। ਉਸ ਦੇ ਨਾਟਕਾਂ ਵਿਚ ਕਲਾ ਦੀ ਥਾਂ ਸੁਨੇਹਾ ਭਾਰੂ ਰਹਿੰਦਾ ਹੈ। ਇੰਜ ਉਸ ਨੇ ਨੁਕੜ ਨਾਟਕ ਨੂੰ ਮੰਚ ਉਤੇ ਪੇਸ਼ ਕਰਨ ਦੀ ਜੁਗਤ ਵੀ ਪੈਦਾ ਕੀਤੀ। ਉਸ ਦੀ ਅਗਵਾਈ ਵਿਚ 'ਪੰਜਾਬ ਲੋਕ ਸਭਿਆਚਾਰਕ ਮੰਚ' (ਪਲਸ ਮੰਚ) ਦੇ ਬੈਨਰ ਅਧੀਨ ਕਈ ਨਾਟ-ਟੋਲੀਆਂ ਨੇ ਪੰਜਾਬ ਵਿਚ ਅਗਾਂਹਵਧੂ ਨਾਟਕ ਦਾ ਵਾਤਾਵਰਣ ਸਿਰਜਣ ਵਿਚ ਭੂਮਿਕਾ ਨਿਭਾਈ। ਉਹ 'ਭਾਈ ਮੰਨਾ ਸਿੰਘ' ਅਤੇ 'ਦਾਸਤਾਨ-ਏ-ਪੰਜਾਬ' ਟੀਵੀ ਸੀਰੀਅਲ ਵਿਚ 'ਲੋਕ ਆਵਾਜ਼' ਦੇ ਰੂਪ ਵਿਚ ਪੇਸ਼ ਹੋਇਆ। ਇਸ ਲਈ ਉਸ ਨੂੰ ਜਨਜੀਵਨ ਸਿੰਘ ਭਾਈ ਮੰਨਾ ਸਿੰਘ ਵੀ ਕਿਹਾ ਜਾਂਦਾ ਹੈ। ਅਨੇਕ ਇਨਾਮਾਂ, ਸਨਮਾਨਾਂ ਅਤੇ ਪੁਰਸਕਾਰਾਂ ਤੋਂ ਇਲਾਵਾ ਉਸ ਨੂੰ 1993 ਵਿਚ ਰਾਸ਼ਟਰੀ ਸੰਗੀਤ ਨਾਟਕ ਅਕਾਦੇਮੀ ਦਾ ਪੁਰਸਕਾਰ ਪ੍ਰਾਪਤ ਹੋਇਆ। ਉਹ ਪੰਜਾਬ ਸੰਗੀਤ ਨਾਟਕ ਅਕਾਦਮੀ, ਚੰਡੀਗੜ੍ਹ ਦਾ ਪ੍ਰਧਾਨ ਵੀ ਰਿਹਾ ਹੈ। ਉਸ ਦਾ ਜਨਮ ਮੁਲਤਾਨ ਵਿਖੇ 16 ਸਤੰਬਰ 1929 ਵਿਚ ਹੋਇਆ ਅਤੇ ਉਹ 27 ਸਿਤੰਬਰ, 2011 ਨੂੰ ਚੰਡੀਗੜ੍ਹ ਵਿਖੇ ਇਸ ਦੁਨੀਆ ਨੂੰ ਆਖਰੀ ਸਲਾਮ ਆਖ ਕੇ ਤੁਰ ਗਿਆ।

ਪੰਜਾਬੀ ਰੰਗਮੰਚ ਦਾ ਸ਼ਿੰਗਾਰ ਹਰਪਾਲ ਟਿਵਾਣਾ
ਹਰਪਾਲ ਟਿਵਾਣਾ ਦੀਆਂ ਰਗਾਂ ਵਿਚ ਪੰਜਾਬੀ ਰੰਗਮੰਚ ਨੂੰ ਨਵੀਂ ਦਿਸ਼ਾ ਦੇਣ ਦਾ ਖ਼ੂਨ ਬਚਪਨ ਤੋਂ ਹੀ ਦੌੜ ਰਿਹਾ ਸੀ। ਇਹ ਇੱਛਾ ਉਸ ਅੰਦਰ ਅਚੇਤ ਰੂਪ ਵਿਚ ਰੱਬ ਸਬੱਬੀਂ ਹੀ ਪੈਦਾ ਹੋ ਗਈ ਸੀ ਜਦ ਕਿ ਉਸ ਦੇ ਪਰਿਵਾਰ ਦਾ ਕਲਾ ਨਾਲ ਦੂਰ ਦਾ ਰਿਸ਼ਤਾ ਵੀ ਨਹੀਂ ਸੀ। ਉਸ ਦੇ ਇਸ ਸੰਕਲਪ ਨੂੰ ਨਾ ਤਾਂ ਉਸ ਦਾ ਬਾਪ, ਜੋ ਪੁਲਿਸ ਵਿਚ ਸੀ, ਹੀ ਰੋਕ ਸਕਿਆ ਅਤੇ ਨਾ ਹੀ ਗੁਰੂਕੁਲ ਕਾਂਗੜੀ ਦਾ ਅਨੁਸ਼ਾਸਨ। ਰੰਗਮੰਚ ਦੀ ਧੁਨ ਉਸ ਨੂੰ ਨੈਸ਼ਨਲ ਸਕੂਲ ਆਫ ਡਰਾਮਾ ਵਿਚ ਦਿੱਲੀ ਲੈ ਗਈ। ਉਹ ਇਬਰਾਹੀਮ ਅਲਕਾਜ਼ੀ ਵਰਗੀ ਵਿਖਿਆਤ ਨਾਟ-ਸ਼ਖ਼ਸੀਅਤ ਤੋਂ ਸਿਖਲਾਈ ਪ੍ਰਾਪਤ ਕਰਕੇ 'ਪਹਿਲੇ ਬੈਚ' ਦਾ ਪਹਿਲਾ 'ਪੰਜਾਬੀ ਗ੍ਰੈਜੂਏਟ' ਬਣ ਗਿਆ। ਇਸੇ ਹੀ ਸੰਸਥਾ ਵਿੱਚੋਂ ਉਸ ਦੀ ਜੀਵਨ ਸਾਥਣ ਨੀਨਾ ਉਸ ਤੋਂ ਅਗਲੇ ਬੈਚ ਵਿਚ ਪਾਸ ਹੋਣ ਵਾਲੀ 'ਪਹਿਲੀ ਪੰਜਾਬਣ' ਸੀ। ਹੁਣ ਹਰਪਾਲ ਟਿਵਾਣਾ ਪੰਜਾਬ ਵਿਚ ਪੇਸ਼ਾਵਰ ਥੀਏਟਰ ਸਥਾਪਿਤ ਕਰਨ ਦਾ ਆਪਣਾ ਸੁਪਨਾ ਪੂਰਾ ਕਰਨ ਲਈ ਆਪਣੀ ਸ਼ਕਤੀ ਨੂੰ ਚੌਗੁਣੀ ਮੰਨ ਰਿਹਾ ਸੀ ਕਿਉਂਕਿ ਇਕ ਤਾਂ ਉਹ ਦੋ ਜਣੇ ਅਤੇ ਉਤੋਂ ਦੋਵੇਂ ਹੀ ਐਨ.ਸੀ.ਡੀ. ਤੋਂ ਟਰੇਂਡ ਰੰਗਕਰਮੀ। ਲਿਹਾਜ਼ਾ ਉਨ੍ਹਾਂ ਨੇ ਕੁਝ ਸਮਾਂ ਦਿੱਲੀ ਵਿਚ ਕੰਮ ਕਰਕੇ 1966 ਵਿਚ ਪਟਿਆਲਾ ਵਿਖੇ ਨਵੀਂ ਬਣੀ ਪੰਜਾਬੀ ਯੂਨੀਵਰਸਿਟੀ ਤੋਂ ਆਪਣਾ ਸਫਰ ਸ਼ੁਰੂ ਕਰਨ ਦੀ ਯੋਜਨਾ ਬਣਾਈ ਪਰੰਤੂ ਉਸ ਨੂੰ ਯੂਨੀਵਰਸਿਟੀ ਦੀ ਫਿਜ਼ਾ ਆਪਣੇ ਸੁਪਨਿਆਂ ਨੂੰ ਪੁੰਗਰਨ ਲਈ ਸਾਜ਼ਗਾਰ ਨਾ ਲਗੀ।
ਉਸ ਨੇ ਸੈਂਟਰਲ ਲਾਇਬਰੇਰੀ, ਪਟਿਆਲਾ ਨੂੰ ਆਪਣੀਆਂ ਰੰਗਮੰਚੀ ਗਤੀਵਿਧੀਆਂ ਦਾ ਕੇਂਦਰ ਬਣਾ ਕੇ ਕੁਝ ਵਿਦਿਆਰਥੀਆਂ ਦੀ ਮਦਦ ਨਾਲ ਆਪਣੇ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਦਾ ਕਾਰਜ ਆਰੰਭ ਕਰ ਦਿੱਤਾ। ਇੰਜ ਹਰਪਾਲ ਟਿਵਾਣਾ ਅਤੇ ਨੀਨਾ ਟਿਵਾਣਾ ਦੇ ਸਾਂਝੇ ਉਦਮਾਂ ਨਾਲ ਸੱਠਵਿਆਂ ਦੇ ਅੰਤਲੇ ਵਰ੍ਹਿਆਂ ਤੋਂ ਪੇਸ਼ਕਾਰੀਆਂ ਦਾ ਸਿਲਸਿਲਾ ਆਰੰਭ ਹੋ ਗਿਆ ਤੇ ਅੱਸੀਵਿਆਂ ਤਕ ਬੇਰੋਕ ਚਲਦਾ ਰਿਹਾ। ਉਸ ਦੀਆਂ ਪੇਸ਼ਕਾਰੀਆਂ ਰਾਹੀਂ ਪੰਜਾਬੀ ਦਰਸ਼ਕਾਂ ਨੂੰ ਪਹਿਲੀ ਵਾਰ ਪੰਜਾਬੀ ਰੰਗਮੰਚ ਦੇ ਰੋਸ਼ਨ ਭਵਿੱਖ ਦੀਆਂ ਸੰਭਾਵਨਾਵਾਂ ਦੇ ਦਰਸ਼ਨ ਹੋਣ ਲੱਗੇ। ਉਸ ਨੇ ਕਿਸੇ ਸਮੇਂ ਡਾ. ਹਰਚਰਨ ਸਿੰਘ ਦੁਆਰਾ ਬਣਾਈ ਨਾਟ-ਸੰਸਥਾ 'ਪੰਜਾਬ ਆਰਟ ਥੀਏਟਰ' ਦਾ ਪੰਜਾਬੀਕਰਣ ਕਰਕੇ 'ਪੰਜਾਬ ਕਲਾ ਮੰਚ' ਨੂੰ ਸਥਾਪਿਤ ਕਰ ਲਿਆ ਅਤੇ ਆਪਣੀਆਂ ਗਤੀਵਿਧੀਆਂ ਦਾ ਕੇਂਦਰ ਪਹਿਲਾਂ 1665 ਤੋਂ 1975 ਤਕ ਪਟਿਆਲਾ ਨੂੰ ਬਣਾਇਆ ਜਿਥੇ ਸਿੱਖ ਇਤਿਹਾਸ ਨਾਲ ਸਬੰਧਤ ਡਾ. ਹਰਚਰਨ ਸਿੰਘ ਦੇ ਲਿਖੇ ਨਾਟਕਾਂ 'ਇਤਿਹਾਸ ਜਵਾਬ ਮੰਗਦਾ ਹੈ', 'ਹਿੰਦ ਦੀ ਚਾਦਰ' ਆਦਿ ਰਾਹੀਂ ਇਤਿਹਾਸ ਸਿਰਜ ਦਿੱਤਾ। ਇਸ ਸਾਰੇ ਸਮੇਂ ਦੌਰਾਨ ਉਸ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਵਿਚ ਕਲਾ ਅਤੇ ਤਕਨੀਕ ਭਰਪੂਰ ਉਪਰੋਕਤ ਨਾਟਕਾਂ ਨਾਲ ਪੰਜਾਬੀ ਰੰਗਮੰਚ ਨੂੰ ਨਵੇਂ ਸਿਖਰਾਂ 'ਤੇ ਪਹੁੰਚਾ ਦਿੱਤਾ।
ਉਸ ਨੇ ਕੁਝ ਸਮਾਂ ਨਾਟਕ ਖੇਡਣ ਲਈ ਕੈਨੇਡਾ ਲਾ ਕੇ ਵਾਪਸੀ ਤੇ ਪੰਜਾਬੀ ਭਵਨ, ਲੁਧਿਆਣਾ ਨੂੰ ਕੇਂਦਰ ਬਣਾ ਕੇ ਆਪਣੇ ਪੇਸ਼ਾਵਰ ਪੰਜਾਬੀ ਰੰਗਮੰਚ ਨੂੰ ਮੁੜ ਸਥਾਪਿਤ ਕਰਨ ਦੀ ਦਿਸ਼ਾ ਵਿਚ ਯਤਨ ਆਰੰਭ ਕਰ ਦਿੱਤਾ। ਉਸ ਨੇ ਦਰਸ਼ਕਾਂ ਅੰਦਰ ਟਿਕਟਾਂ ਖਰੀਦ ਕੇ ਨਾਟਕ ਵੇਖਣ ਦਾ ਵਾਤਾਵਰਣ ਸਿਰਜਿਆ। ਇਸ ਤਰ੍ਹਾਂ ਉਸ ਨੇ 'ਲੋਹਾ ਕੁੱਟ', 'ਨਸ਼ਾ ਕੁਰਸੀ ਦਾ', 'ਲੌਂਗ ਦਾ ਲਿਸ਼ਕਾਰਾ', 'ਦੀਵਾ ਬਲੇ ਸਾਰੀ ਰਾਤ', 'ਮੇਲਾ ਮੁੰਡੇ ਕੁੜੀਆਂ ਦਾ' ਵਰਗੀਆਂ ਹਾਊਸ ਫੁੱਲ ਨਾਟ-ਪ੍ਰੋਡਕਸ਼ਨਾਂ ਦਿੱਤੀਆਂ। ਇਹ ਉਸ ਦੀਆਂ ਪ੍ਰਾਪਤੀਆਂ ਅਤੇ ਪੰਜਾਬੀ ਰੰਗਮੰਚ ਦੀ ਉਨਤੀ ਦਾ ਦੌਰ ਸੀ। ਇਸ ਵਿਚ ਉਸ ਨੂੰ ਪ੍ਰਾਪਤ ਹੋਣ ਵਾਲੇ ਨਿੱਗਰ ਸਹਿਯੋਗ ਵਿਚ ਨੀਨਾ ਟਿਵਾਣਾ ਦੀ ਰੰਗਮੰਚੀ ਸੂਝ ਅਤੇ ਸਮਰਪਣ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਰੰਗਮੰਚ ਤੋਂ ਇਲਾਵਾ ਉਸ ਨੇ 'ਲੌਂਗ ਦਾ ਲਿਸ਼ਕਾਰਾ' ਅਤੇ 'ਦੀਵਾ ਬਲੇ ਸਾਰੀ ਰਾਤ' ਵਰਗੀਆਂ ਪੰਜਾਬੀ ਫੀਚਰ ਫਿਲਮਾਂ ਦਾ ਨਿਰਮਾਣ ਕਰਕੇ ਪੰਜਾਬੀ ਸਿਨੇਮਾ-ਜਗਤ ਵਿਚ ਵੀ ਆਪਣੀ ਕਲਾ ਪ੍ਰਤਿਭਾ ਦਾ ਪ੍ਰਮਾਣ ਦਿੱਤਾ ਅਤੇ ਸਿਨੇਮਾ ਦੀ ਵਿਕਾਸ-ਧਾਰਾ ਵਿਚ ਮਹੱਤਵਪੂਰਨ ਵਾਧਾ ਕੀਤਾ। ਇੰਜ ਹੀ ਉਸ ਨੇ 'ਸਾਂਝੀ ਦੀਵਾਰ' ਅਤੇ 'ਮਹਾਰਾਜਾ ਰਣਜੀਤ ਸਿੰਘ' ਵਰਗੇ ਟੀਵੀ ਨਾਟਕਾਂ ਦਾ ਨਿਰਮਾਣ ਕਰਕੇ ਰੰਗਮੰਚ, ਸਿਨੇਮਾ ਅਤੇ ਟੀਵੀ ਨਾਟਕ ਪ੍ਰਤੀ ਆਪਣੀ ਬਹੁਆਯਾਮੀ ਕਲਾ-ਸੂਝ ਦਾ ਪਰਿਚਯ ਦਿੱਤਾ। ਪੰਜਾਬੀ ਰੰਗਮੰਚ ਦੇ ਵਿਕਾਸ ਵਿਚ ਜੋ ਲੀਹਾਂ ਉਸ ਨੇ ਪਾਈਆਂ ਉਹ ਉਸ ਦੇ ਜੀਵਨ ਵਿਚ ਅਹਿਮ ਪ੍ਰਾਪਤੀ ਸਿੱਧ ਹੋਈਆਂ।
ਹਰਪਾਲ ਟਿਵਾਣਾ ਦੀ ਪਤਨੀ ਨੀਨਾ ਟਿਵਾਣਾ ਅਤੇ ਪੁੱਤਰ ਮਨਪਾਲ ਟਿਵਾਣਾ ਦੇ ਸਹਿਯੋਗ ਨਾਲ ਉਸ ਦੀ ਕਲਪਨਾ ਨੂੰ ਆਕਾਰ ਦਿੰਦੇ ਹੋਏ ਪੰਜਾਬ ਸਰਕਾਰ ਵਲੋਂ ਪਟਿਆਲਾ ਵਿਖੇ ਉਨ੍ਹਾਂ ਦੇ ਘਰ ਦੇ ਨਾਲ ਹੀ 'ਹਰਪਾਲ ਟਿਵਾਣਾ ਸੈਂਟਰ ਫਾਰ ਪਰਫਾਰਮਿੰਗ ਆਰਟਸ' ਦੇ ਨਾਂ ਦਾ ਆਧੁਨਿਕ ਤਕਨੀਕ ਸੰਪੰਨ ਵਿਸ਼ਾਲ ਥੀਏਟਰ ਹਾਲ ਉਸਾਰਿਆ ਗਿਆ ਹੈ ਜਿਥੇ ਹਰਪਾਲ ਟਿਵਾਣਾ ਦੀਆਂ ਅੱਖਾਂ ਵਿਚ ਵੱਸਦੇ ਪੰਜਾਬੀ ਰੰਗਮੰਚ ਦੇ ਸੁਪਨਿਆਂ ਨੂੰ ਸਾਕਾਰ ਹੁੰਦੇ ਵੇਖਿਆ ਜਾ ਸਕਦਾ ਹੈ ਅਤੇ ਉਸ ਦੇ ਦਿਲ ਵਿਚ ਧੜਕਦੀ ਪੰਜਾਬੀ ਰੰਗਮੰਚ ਦੀ ਸਰਗਮ ਨੂੰ ਸੁਣਿਆ ਜਾ ਸਕਦਾ ਹੈ। ਹਰਪਾਲ ਟਿਵਾਣਾ ਦਾ ਜਨਮ 8 ਅਗਸਤ, 1935 ਨੂੰ ਜਿਲ੍ਹਾ ਲੁਧਿਆਣਾ ਵਿਖੇ ਹੋਇਆ ਅਤੇ 19 ਮਈ 2002 ਨੂੰ ਪਾਲਮ ਪੁਰ, ਹਿਮਾਚਲ ਪ੍ਰਦੇਸ਼ ਵਿਚ ਹੋਈ ਮੰਦਭਾਗੀ ਸੜਕ ਦੁਰਘਟਨਾ ਵਾਪਰੀ ਜੋ ਉਸ ਦੇ ਜੀਵਨ-ਮੰਚ ਦੇ ਆਖਰੀ ਅੰਕ ਦਾ ਆਖਰੀ ਦ੍ਰਿਸ਼ ਸਾਬਿਤ ਹੋਈ।
ਪੰਜਾਬੀ ਰੰਗਮੰਚ ਦਾ ਧੰਨਭਾਗ ਕੇਵਲ ਧਾਲੀਵਾਲ
ਨਾਟ-ਮੰਚ ਦੀ ਸਰਵਉਚ ਰਾਸ਼ਟਰੀ ਸੰਸਥਾ 'ਨੈਸ਼ਨਲ ਸਕੂਲ ਆਫ ਡਰਾਮਾ' ਤੋਂ ਸਿਖਿਅਤ ਰੰਗਕਰਮੀਆਂ ਨੂੰ ਮੁੰਬਈ ਦੀ ਗਲੈਮਰ ਭਰੀ ਫਿਲਮ ਨਗਰੀ ਉਡੀਕਦੀ ਹੈ ਪਰੰਤੂ ਕੇਵਲ ਧਾਲੀਵਾਲ 1991 ਵਿਚ ਨਾਟ-ਨਿਰਦੇਸ਼ਨ ਅਤੇ ਡਿਜ਼ਾਇਨਿੰਗ ਵਿਚ ਪੋਸਟ ਗ੍ਰੈਜੂਏਸ਼ਨ ਪੱਧਰ ਦੀ ਸਿਖਲਾਈ ਪ੍ਰਾਪਤ ਕਰਕੇ ਦਿੱਲੀ ਤੋਂ ਮੁੰਬਈ ਵੱਲ ਵਹੀਰਾਂ ਘੱਤਣ ਦੀ ਥਾਂ ਵਾਪਿਸ ਅੰਮ੍ਰਿਤਸਰ ਆ ਗਿਆ। ਹੁਣ ਉਹ ਇਕ ਅਜਿਹਾ ਜਨੂੰਨੀ ਰੰਗਕਰਮੀ ਬਣ ਗਿਆ ਸੀ ਜਿਸ ਕੋਲ 1978 ਤੋਂ 1988 ਤਕ ਗੁਰਸ਼ਰਨ ਸਿੰਘ ਨਾਲ ਅਵਾਮੀ ਥੀਏਟਰ ਕਰਨ ਕਰਕੇ ਲੋਕ-ਚੇਤਨਾ ਦੀ ਗੁੜ੍ਹਤੀ ਸੀ ਅਤੇ ਐਨ. ਐਸ. ਡੀ. ਤੋਂ ਪ੍ਰਾਪਤ ਤਕਨੀਕੀ ਮੁਹਾਰਿਤ ਸੀ। ਇਸ ਦੁਵੱਲੇ ਅਨੁਭਵ ਨਾਲ ਲੈਸ ਹੋ ਕੇ ਉਸ ਨੇ ਇਸੇ ਹੀ ਵਰ੍ਹੇ ਅੰਮ੍ਰਿਤਸਰ ਵਿਖੇ ਮੰਚ-ਰੰਗਮੰਚ ਨਾਂ ਦੀ ਥੀਏਟਰ ਸੰਸਥਾ ਦੀ ਸਥਾਪਨਾ ਕੀਤੀ ਅਤੇ ਪੂਰਨ ਉਤਸ਼ਾਹ ਨਾਲ ਥੀਏਟਰ ਦੇ ਕੁਲਵਕਤੀ ਕਾਮੇ ਵਜੋਂ ਨਾਟਕ ਖੇਡਣੇ ਆਰੰਭ ਕਰ ਦਿੱਤੇ। ਇਹ ਸਿਲਸਿਲਾ 29 ਵਰ੍ਹਿਆਂ ਤੋਂ ਨਿਰੰਤਰ ਜਾਰੀ ਹੈ। ਉਹ 1992 ਵਿਚ ਪੰਜਾਬ ਦੇ ਕਾਲੇ ਦਿਨਾਂ ਦੇ ਦੌਰ ਕਾਰਨ ਬਾਲ-ਮਨਾਂ ਤੇ ਪਏ ਦੁਰਪ੍ਰਭਾਵ ਨੂੰ ਦੂਰ ਕਰਨ ਲਈ 'ਬਾਲ ਪ੍ਰੀਤ ਮਿਲਣੀ ਕਾਫਲੇ' ਵਿਚ ਸ਼ਾਮਿਲ ਹੋ ਗਿਆ। ਉਸ ਨੇ ਆਪਣੀ ਰੰਗਮੰਚੀ ਪ੍ਰਤਿਭਾ ਨਾਲ ਕਾਫਲੇ ਵਿਚ ਥੀਏਟਰ ਦੇ ਰੰਗ ਘੋਲ ਦਿੱਤੇ। ਉਸ ਦੀ ਬਦੌਲਤ ਕਾਫਲੇ ਵਿਚ ਕਲਾਤਮਿਕ ਬਾਲ ਨਾਟਕ ਖੇਡੇ ਗਏ। ਇਸੇ ਤਰ੍ਹਾਂ 1994 ਵਿਚ ਪ੍ਰੀਤ ਨਗਰ ਵਿਚ ਪਸਰੀ ਲੰਬੀ ਚੁੱਪ ਨੂੰ ਤੋੜਨ ਲਈ 'ਗੁਰਬਖਸ਼ ਸਿੰਘ ਨਾਨਕ ਸਿੰਘ ਫਾਊਂਡੇਸ਼ਨ' ਸਥਾਪਿਤ ਹੋਈ ਤੇ ਉਸ ਨੂੰ ਕਨਵੀਨਰ ਬਣਾ ਕੇ ਥੀਏਟਰ ਦੀਆਂ ਸਰਗਰਮੀਆਂ ਨੂੰ ਮੁੜ ਜੀਵਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ। ਉਸ ਦੇ ਯਤਨਾਂ ਨਾਲ ਪ੍ਰੀਤ ਨਗਰ ਦੁਬਾਰਾ ਕਲਾਕਾਰਾਂ ਦੀ ਆਮਦ ਨਾਲ ਚਹਿਕ ਉਠਿਆ।
ਉਹ ਸਮਕਾਲੀ ਪੰਜਾਬੀ ਰੰਗਮੰਚ ਦਾ ਅਜਿਹਾ ਪ੍ਰੇਰਨਾ ਸ੍ਰੋਤ ਹੈ ਜਿਸ ਨੇ ਪੰਜਾਬੀ ਰੰਗਮੰਚ ਦੇ ਨੈਣ ਨਕਸ਼ ਤਰਾਸ਼ੇ ਹਨ। ਉਹ ਬਹੁਤ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਵਿਚ ਕਲਾ-ਸਲਾਹਕਾਰ ਹੈ ਅਤੇ ਲੰਮੇਂ ਸਮੇਂ ਤੋਂ 'ਵਿਰਸਾ ਵਿਹਾਰ' ਅੰਮ੍ਰਿਤਸਰ ਅਤੇ 'ਪੰਜਾਬ ਸੰਗੀਤ ਨਾਟਕ ਅਕਾਦਮੀ' ਦਾ ਪ੍ਰਧਾਨ ਹੈ। ਉਸ ਨੇ ਬਹੁਤ ਸਾਰੀਆਂ ਵਿਸ਼ਵ ਪ੍ਰਸਿੱਧੀ ਦੀਆਂ ਸਾਹਿਤਕ ਰਚਨਾਵਾਂ ਦਾ ਰੂਪਾਂਤਰਣ, ਨਾਟਕੀ ਰਚਨਾਵਾਂ ਦਾ ਅਨੁਵਾਦ ਅਤੇ ਮੌਲਿਕ ਨਾਟ-ਰਚਨਾਵਾਂ ਨੂੰ ਪੰਜਾਬੀ ਰੰਗਮੰਚ ਉਤੇ ਪੇਸ਼ ਕੀਤਾ ਹੈ। ਉਸ ਨੇ 25 ਤੋ ਵੱਧ ਨਾਟ-ਪੁਸਤਕਾਂ ਦੀ ਰਚਨਾ ਕੀਤੀ ਹੈ ਜਿਨ੍ਹਾਂ ਵਿਚ ਮੌਲਿਕ ਨਾਟਕ, ਅਨੁਵਾਦਿਤ ਨਾਟਕ, ਰੂਪਾਂਤਰਿਤ ਨਾਟਕ ਅਤੇ ਖੋਜ-ਪੁਸਤਕਾਂ ਸ਼ਾਮਿਲ ਹਨ। ਉਸ ਨੇ ਬਹੁਤ ਸਾਰੀਆਂ ਕਵਿਤਾਵਾਂ, ਕਹਾਣੀਆਂ, ਨਾਵਲ ਆਦਿ ਨੂੰ ਮੰਚ ਉਤੇ ਪੇਸ਼ ਕੀਤਾ ਹੈ। ਉਹ ਪੰਜਾਬੀ ਦਾ ਸ਼੍ਰੋਮਣੀ ਨਾਟਕਕਾਰ ਅਤੇ ਨਿਰਦੇਸ਼ਕ ਹੈ। ਉਸ ਨੂੰ ਮਿਲਣ ਵਾਲੇ ਪੁਰਸਕਾਰਾਂ ਅਤੇ ਸਨਮਾਨਾਂ ਦੀ ਸੂਚੀ ਲੰਮੀ ਹੈ। ਉਸ ਵਿਚ ਭਾਰਤੀ ਸੰਗੀਤ ਨਾਟਕ ਅਕਾਦਮੀ ਪੁਰਸਕਾਰ, ਭਾਸ਼ਾ ਵਿਭਾਗ ਪੰਜਾਬ ਵਲੋਂ ਸ਼੍ਰੋਮਣੀ ਨਾਟਕਕਾਰ ਪੁਰਸਕਾਰ, ਕੈਨੇਡਾ ਵਲੋਂ ਇਆਪਾ ਪੁਰਸਕਾਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਆਈ. ਸੀ. ਨੰਦਾ ਪੁਰਸਕਾਰ, ਪੰਜਾਬੀ ਕਲਾ ਮੰਚ ਮੁੰਬਈ ਵਲੋਂ ਬਲਰਾਜ ਸਾਹਨੀ ਪੁਰਸਕਾਰ, ਪੰਜਾਬੀ ਅਕਾਦਮੀ ਦਿੱਲੀ, ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਆਦਿ ਵਲੋਂ ਪ੍ਰਾਪਤ ਪੁਰਸਕਾਰ ਸ਼ਾਮਿਲ ਹਨ।
ਉਹ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਦਾ ਪ੍ਰਧਾਨ ਹੋਣ ਕਰਕੇ ਪੂਰੇ ਪੰਜਾਬ ਵਿਚ ਰੰਗਮੰਚੀ ਲਹਿਰ ਸਿਰਜ ਰਿਹਾ ਹੈ। ਉਸ ਦਾ ਨਾਟ ਗਰੁੱਪ 'ਮੰਚ ਰੰਗਮੰਚ'ਪੂਰੇ ਪੰਜਾਬ, ਦੇਸ਼ ਅਤੇ ਵਿਸ਼ਵ ਵਿਚ ਰੰਗਮੰਚੀ ਸਰਗਰਮੀਆਂ ਕਰ ਰਿਹਾ ਹੈ। ਉਸ ਦੀ ਰੰਗਮੰਚੀ ਯੋਜਨਾਵਾਂ ਅਤੇ ਗਤੀਵਿਧੀਆਂ ਦਾ ਕੇਂਦਰ ਵਿਰਸਾ ਵਿਹਾਰ, ਅੰਮ੍ਰਿਤਸਰ ਵੀ ਹੈ। ਉਸ ਦਾ ਜਨਮ 7 ਅਕਤੂਬਰ 1964 ਨੂੰ ਅਜਨਾਲਾ ਦੇ ਨੇੜੇ ਧਾਲੀਵਾਲ ਪਿੰਡ ਵਿਚ ਹੋਇਆ ਹੈ।
ਪੰਜਾਬੀ ਨਾਟ-ਮੰਚ ਦਾ ਤੁਰਦਾ ਫਿਰਦਾ ਵਿਸ਼ਵਕੋਸ਼ ਸਤੀਸ਼ ਕੁਮਾਰ ਵਰਮਾ
ਡਾ. ਸਤੀਸ਼ ਕੁਮਾਰ ਵਰਮਾ ਨੂੰ ਪੰਜਾਬੀ ਨਾਟ-ਜਗਤ ਦਾ ਬਹੁਦਿਸ਼ਾਵੀ ਹਸਤਾਖਰ ਕਿਹਾ ਜਾਂਦਾ ਹੈ। ਇਕ ਨਾਟਕਕਾਰ ਵਜੋਂ ਉਸ ਦੀਆਂ ਮੌਲਿਕ ਨਾਟ-ਰਚਨਾਵਾਂ ਵਿਚ ਸਮਾਜਿਕ, ਆਰਥਿਕ, ਰਾਜਸੀ, ਮਨੋਵਿਗਿਆਨਕ, ਸਭਿਆਚਾਰਕ ਸਰੋਕਾਰ ਉਸ ਦੀ ਸੂਖਮ ਨਾਟ-ਚੇਤਨਾ ਅਤੇ ਵਿਸ਼ਾਲ ਅਨੁਭਵ ਦੁਆਰਾ ਕੀਤੇ ਗਏ ਵਿਸ਼ਲੇਸ਼ਣ ਦੀ ਉਪਜ ਹਨ। ਉਸ ਦੀ ਨਾਟਕਕਾਰੀ ਦਾ ਪਾਸਾਰ 'ਦਾਇਰੇ', 'ਲੋਕ ਮਨਾਂ ਦਾ ਰਾਜਾ', 'ਭਾਈਆਂ ਬਾਝ' ਆਦਿ ਰੰਗਮੰਚੀ ਨਾਟਕਾਂ ਤੋਂ ਇਲਾਵਾ 'ਅਸੀਂ ਸਾਰੇ ਭਗਤ ਸਿੰਘ' ਅਤੇ 'ਊਧਮ ਸਿੰਘ ਜ਼ਿੰਦਾ ਹੈ' ਜਿਹੇ ਰੇਡੀਓ ਨਾਟਕ, 'ਮ੍ਰਿਗ ਤ੍ਰਿਸ਼ਨਾ' ਜਿਹੇ ਟੀਵੀ ਨਾਟਕ ਅਤੇ 'ਪੰਜਾਬ ਬੋਲਦਾ ਹੈ' ਜਿਹੇ ਫਿਲਮ-ਲੇਖਣ ਤਕ ਫੈਲਿਆ ਹੋਇਆ ਹੈ। ਇਸ ਤੋਂ ਇਲਾਵਾ ਉਸ ਦੁਆਰਾ ਲਿਖਤ ਅਨੇਕ ਡਾਕੂਮੈਂਟਰੀਆਂ ਅਤੇ ਡੌਕੂ ਡਰਾਮੇ ਟੀਵੀ ਤੋਂ ਪ੍ਰਸਾਰਿਤ ਹੋ ਚੁੱਕੇ ਹਨ। ਉਸ ਦੇ ਨਾਟ-ਸੰਸਾਰ ਵਿਚ ਦੋ ਨਾਟਕ ਅਜਿਹੇ ਹਨ ਜੋ ਪੰਜਾਬੀ ਨਾਟ-ਮੰਚ ਵਿਚ ਵਿਸ਼ੇਸ਼ ਸਥਾਨ ਰਖਦੇ ਹਨ।
ਉਸ ਨੇ ਵਿਸ਼ੇ ਪੱਖ ਤੋਂ 'ਦਾਇਰੇ' ਨਾਟਕ ਰਾਹੀਂ ਸਦੀਆਂ ਤੋਂ ਪ੍ਰਮਾਣਿਤ ਸਭਿਆਚਾਰਕ ਕੀਮਤਾਂ ਦੇ ਹੋ ਰਹੇ ਘਾਣ ਵਿਚੋਂ ਉਪਜੀ ਆਧੁਨਿਕਤਾ ਦੇ ਪ੍ਰਭਾਵ ਨੂੰ ਪਤੀ ਪਤਨੀ ਦੇ ਰਿਸ਼ਤੇ ਦੀਆਂ ਭਿਆਨਕ ਸਮਾਜਿਕ ਅਤੇ ਮਨੋਵਿਗਿਆਨਕ ਗੁੰਝਲਾਂ ਦੇ ਰੂਪ ਵਿਚ ਚਿਤਰਿਆ ਹੈ। ਜਿਸ ਨੂੰ 'ਸਾਹਿਤਯ ਕਲਾ ਪਰਿਸ਼ਦ' ਦੇ ਸਰਬ ਭਾਰਤੀ ਨਾਟ-ਲੇਖਣ ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਹੋਇਆ। ਇਕ ਰੰਗਕਰਮੀ ਵਜੋਂ ਉਸ ਨੇ ਸੱਤਰ ਦੇ ਕਰੀਬ ਨਾਟਕਾਂ ਵਿਚ ਅਭਿਨੈ ਕਰਨ ਦੇ ਨਾਲ ਨਾਲ ਦਰਜਨਾਂ ਨਾਟਕਾਂ ਦਾ ਨਿਰਦੇਸ਼ਨ ਵੀ ਕੀਤਾ ਹੈ। ਉਸ ਦੇ ਨਾਟ-ਗਰੁੱਪ ਦਾ ਨਾਂ 'ਮੰਚਵਟੀ' ਹੈ ਜਿਸ ਦਾ 'ਚਿਲਡਰਨ ਥੀਏਟਰ ਵਿੰਗ' ਵੀ ਸਰਗਰਮ ਹੈ। ਇਕ ਨਾਟਕਕਾਰ ਤੇ ਰੰਗਕਰਮੀ ਹੋਣ ਦੇ ਨਾਲ ਇਕ ਨਾਟ-ਸਮੀਖਿਅਕ ਅਤੇ ਨਾਟ-ਖੋਜੀ ਵਜੋਂ ਉਸ ਦਾ ਪੰਜਾਬੀ ਨਾਟ-ਮੰਚ ਨੂੰ ਯੋਗਦਾਨ ਸਭ ਤੋਂ ਵੱਧ ਕਿਹਾ ਜਾ ਸਕਦਾ ਹੈ।ਉਸ ਨੇ ਪੰਜਾਬੀ ਨਾਟਕ ਤੇ ਰੰਗਮੰਚ ਦੀ ਇਤਿਹਾਸਕਾਰੀ ਕਰਦਿਆਂ ਨੈਸ਼ਨਲ ਸਕੂਲ ਆਫ ਡਰਾਮਾ ਦੇ ਪ੍ਰੋਜੈਕਟ ਅਧੀਨ 'ਪੰਜਾਬੀ ਨਾਟਕ ਔਰ ਰੰਗਮੰਚ ਕੀ ਏਕ ਸਦੀ' ਨਾਂ ਦੀ ਪੁਸਤਕ ਲਿਖੀ । ਇਸ ਤੋਂ ਇਲਾਵਾ ਪੰਜਾਬੀ ਨਾਟ-ਮੰਚ ਦੇ ਇਤਿਹਾਸ ਨੂੰ 'ਪੰਜਾਬੀ ਨਾਟਕ ਦਾ ਇਤਿਹਾਸ', 'ਪੰਜਾਬੀ ਨਾਟ-ਮੰਚ ਦਾ ਨਿਕਾਸ ਤੇ ਵਿਕਾਸ', 'ਪੰਜਾਬੀ ਨਾਟਕ : ਬੀਜ ਤੋਂ ਬਿਰਖ ਤਕ' ਅਤੇ 'ਪੰਜਾਬੀ ਨਾਟਕ ਦੀ ਇਤਿਹਾਸਕਾਰੀ' ਨਾਂ ਦੀਆਂ ਪੁਸਤਕਾਂ ਰਾਹੀਂ ਕਲਮਬੱਧ ਕੀਤਾ ਹੈ। ਇਸ ਤੋਂ ਇਲਾਵਾ ਉਹ ਆਪਣੇ ਮਿੱਤਰ ਆਤਮਜੀਤ ਨਾਲ ਮਿਲ ਕੇ ਤ੍ਰੈ-ਮਾਸਿਕ ਨਾਟ-ਮੰਚ ਪਤ੍ਰਿਕਾ 'ਮੰਚਣ' ਦੇ 'ਸੰਪਾਦਨ' ਸਮੇਤ ਅਨੇਕ ਪੁਸਤਕਾਂ ਦਾ ਸੰਪਾਦਨ ਕਰ ਚੁੱਕਾ ਹੈ। ਉਸ ਨੇ ਮੁਲਾਕਾਤਾਂ ਦੀ ਵਿਧਾ ਸਥਾਪਿਤ ਕਰਦਿਆਂ 'ਨਾਟਕਕਾਰਾਂ ਨਾਲ ਸੰਵਾਦ' ਅਤੇ 'ਰੰਗਕਰਮੀਆਂ ਨਾਲ ਸੰਵਾਦ' ਜਿਹੀਆਂ ਮਹੱਤਵਪੂਰਨ ਪੁਸਤਕਾਂ ਰਚੀਆਂ ਹਨ। ਉਸ ਨੇ ਨਾਟ-ਮੰਚ ਖੇਤਰ ਵਿਚ ਅਨੁਵਾਦ ਨੂੰ ਵੀ ਗੰਭੀਰਤਾ ਨਾਲ ਲਿਆ ਹੈ। ਪ੍ਰਮਾਣ ਵਜੋਂ ਉਸ ਨੂੰ 'ਰੰਗਮੰਚ ਦਾ ਕੋਹਿਨੂਰ : ਪ੍ਰਿਥਵੀ ਰਾਜ ਕਪੂਰ' ਪੁਸਤਕ ਲਈ ਸਾਹਿਤ ਅਕਾਦੇਮੀ ਦਾ ਅਨੁਵਾਦ ਪੁਰਸਕਾਰ ਮਿਲਿਆ ਹੈ।
ਸਤੀਸ਼ ਕੁਮਾਰ ਵਰਮਾ ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ 'ਭਾਈ ਕਾਨ੍ਹ ਸਿੰਘ ਨਾਭਾ' ਸੰਪਾਦਨ ਪੁਰਸਕਾਰ ਵੀ ਮਿਲ ਚੁੱਕਾ ਹੈ। ਇੰਜ ਹੀ ਉਹ ਨਾਟ-ਸਮੀਖਿਆ ਅਤੇ ਨਾਟ-ਖੋਜ ਦੇ ਖੇਤਰ ਵਿਚ ਕਾਰਜ ਹਿਤ ਡਾ. ਅਤਰ ਸਿੰਘ ਆਲੋਚਨਾ ਪੁਰਸਕਾਰ ਵੀ ਪ੍ਰਾਪਤ ਕਰ ਚੁੱਕਾ ਹੈ। ਸਤੀਸ਼ ਕੁਮਾਰ ਵਰਮਾ ਦਾ ਜਨਮ 4 ਸਤੰਬਰ, 1955 ਨੂੰ ਸਨੌਰ ਵਿਖੇ ਹੋਇਆ। ਉਹ ਸਮੇਂ ਸਮੇਂ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ, ਡਾਇਰੈਕਟਰ ਯੁਵਕ ਭਲਾਈ ਵਿਭਾਗ, ਡੀਨ ਭਾਸ਼ਾ ਫੈਕਲਟੀ, ਮੁਖੀ, ਸੰਸਕ੍ਰਿਤ ਵਿਭਾਗ, ਮੁਖੀ, ਵਿਦੇਸ਼ੀ ਭਾਸ਼ਾਵਾਂ ਵਿਭਾਗ ਜਿਹੇ ਮਹੱਤਵਪੂਰਨ ਅਹੁਦਿਆਂ 'ਤੇ ਰਹਿ ਚੁੱਕਾ ਹੈ।
98728-21971