- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਦੀ ਧਰਤੀ ਨੇ ਹਮੇਸ਼ਾ ਅਜਿਹੇ ਲੋਕ ਪੈਦਾ ਕੀਤੇ ਹਨ, ਜਿਨ੍ਹਾਂ ਨੇ ਆਪਣੇ ਵਿਚਾਰਾਂ, ਮਿਹਨਤ ਤੇ ਸਮਾਜ ਸੇਵਾ ਰਾਹੀਂ ਨਵੀਂ ਮਿਸਾਲਾਂ ਕਾਇਮ ਕੀਤੀਆਂ ਹਨ। ਅੱਜ ਜਦੋਂ ਨੌਜਵਾਨ ਪੀੜ੍ਹੀ ਉੱਚ ਸਿੱਖਿਆ ਹਾਸਲ ਕਰ ਕੇ ਵੱਡੇ ਸ਼ਹਿਰਾਂ ਤੇ ਵਿਦੇਸ਼ਾਂ ਵੱਲ ਰੁ਼ਖ਼ ਕਰ ਰਹੀ ਹੈ, ਉਸ ਸਮੇਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਤਾਪਲਾ ਦੀ ਰਹਿਣ ਵਾਲੀ ਰੂਪਸੀ ਗਰਗ ਨੇ ਵੱਖਰਾ ਰਸਤਾ ਚੁਣਿਆ।

ਪੰਜਾਬ ਦੀ ਧਰਤੀ ਨੇ ਹਮੇਸ਼ਾ ਅਜਿਹੇ ਲੋਕ ਪੈਦਾ ਕੀਤੇ ਹਨ, ਜਿਨ੍ਹਾਂ ਨੇ ਆਪਣੇ ਵਿਚਾਰਾਂ, ਮਿਹਨਤ ਤੇ ਸਮਾਜ ਸੇਵਾ ਰਾਹੀਂ ਨਵੀਂ ਮਿਸਾਲਾਂ ਕਾਇਮ ਕੀਤੀਆਂ ਹਨ। ਅੱਜ ਜਦੋਂ ਨੌਜਵਾਨ ਪੀੜ੍ਹੀ ਉੱਚ ਸਿੱਖਿਆ ਹਾਸਲ ਕਰ ਕੇ ਵੱਡੇ ਸ਼ਹਿਰਾਂ ਤੇ ਵਿਦੇਸ਼ਾਂ ਵੱਲ ਰੁ਼ਖ਼ ਕਰ ਰਹੀ ਹੈ, ਉਸ ਸਮੇਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਤਾਪਲਾ ਦੀ ਰਹਿਣ ਵਾਲੀ ਰੂਪਸੀ ਗਰਗ ਨੇ ਵੱਖਰਾ ਰਸਤਾ ਚੁਣਿਆ। ਬੈਂਗਲੂਰੁ ਤੋਂ ਮਾਸਟਰ ਡਿਗਰੀ ਹਾਸਲ ਕਰਨ ਤੋਂ ਬਾਅਦ ਉਸ ਨੇ ਚਮਕਦਾਰ ਕਰੀਅਰ ਦੀ ਥਾਂ ਪੰਜਾਬ ਦੇ ਪਿੰਡਾਂ ’ਚ ਵਾਪਸ ਆ ਕੇ ਖੇਤੀ ਵਿਰਾਸਤ ਮਿਸ਼ਨ ਦੀ ਅਗਵਾਈ ਹੇਠ ਦੇਸੀ ਕਪਾਹ, ਚਰਖੇ ਤੇ ਖੱਡੀ ਰਾਹੀਂ ਸੰਤ ਕਬੀਰ ਦੀ ਵਿਰਾਸਤ ਨੂੰ ਜੀਵੰਤ ਕਰਨ ਦਾ ਬੀੜਾ ਚੁੱਕਿਆ। ਰੂਪਸੀ ਗਰਗ ਦੀ ਕਹਾਣੀ ਸਿਰਫ਼ ਇਕ ਵਿਅਕਤੀ ਦੀ ਸਫਲਤਾ ਦੀ ਕਹਾਣੀ ਨਹੀਂ ਸਗੋਂ ਇਹ ਪਿੰਡਾਂ ਦੀਆਂ ਔਰਤਾਂ ਨੂੰ ਆਤਮ-ਨਿਰਭਰ ਬਣਾਉਣ, ਆਰਗੈਨਿਕ ਖੇਤੀ ਨੂੰ ਉਤਸ਼ਾਹਿਤ ਕਰਨ ਤੇ ਸਵਦੇਸ਼ੀ ਕੱਪੜਾ ਉਦਯੋਗ ਨੂੰ ਮੁੜ ਜੀਵਤ ਕਰਨ ਦੀ ਪ੍ਰੇਰਣਾਦਾਇਕ ਯਾਤਰਾ ਹੈ। ਉਸ ਦਾ ਕੰਮ ਇਹ ਸਾਬਿਤ ਕਰਦਾ ਹੈ ਕਿ ਜੇ ਇਰਾਦੇ ਮਜ਼ਬੂਤ ਹੋਣ ਤਾਂ ਰਵਾਇਤਾਂ ਨੂੰ ਆਧੁਨਿਕ ਸਮੇਂ ’ਚ ਵੀ ਸਫਲਤਾ ਨਾਲ ਜਿਉਂਦਿਆਂ ਰੱਖਿਆ ਜਾ ਸਕਦਾ ਹੈ।
ਗਾਂਧੀ ਜੀ ਦੀ ਕਿਤਾਬ ਨੇ ਬਦਲ ਦਿੱਤੀ ਸੋਚ
ਰੂਪਸੀ ਗਰਗ ਦੱਸਦੀ ਹੈ ਕਿ ਬੈਂਗਲੂਰੁ ’ਚ ਪੜ੍ਹਾਈ ਦੌਰਾਨ ਉਸ ਦਾ ਰੁਝਾਨ ਆਮ ਨੌਜਵਾਨਾਂ ਵਾਂਗ ਚੰਗੀ ਨੌਕਰੀ ਵੱਲ ਸੀ ਪਰ ਉਸ ਦੀ ਜ਼ਿੰਦਗੀ ’ਚ ਵੱਡਾ ਮੋੜ ਉਸ ਸਮੇਂ ਆਇਆ, ਜਦੋਂ ਉਸ ਨੇ ਮਹਾਤਮਾ ਗਾਂਧੀ ਦੀ ਕਿਤਾਬ ‘ਗ੍ਰਾਮ ਸਵਰਾਜ’ ਪੜ੍ਹੀ। ਇਸ ਕਿਤਾਬ ਨੇ ਉਸ ਦੇ ਵਿਚਾਰਾਂ ਨੂੰ ਡੂੰਘਾਈ ਨਾਲ ਪ੍ਰਭਾਵਿਤ ਕੀਤਾ। ਗਾਂਧੀ ਜੀ ਦੇ ਸਵਦੇਸ਼ੀ, ਸਵੈ-ਨਿਰਭਰਤਾ ਤੇ ਪਿੰਡਾਂ ਦੇ ਵਿਕਾਸ ਸਬੰਧੀ ਵਿਚਾਰਾਂ ਨੇ ਰੂਪਸੀ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਵਿਕਾਸ ਦਾ ਅਸਲ ਰਸਤਾ ਪਿੰਡਾਂ ਤੇ ਕਾਰੀਗਰਾਂ ਨੂੰ ਮਜ਼ਬੂਤ ਬਣਾਉਣ ’ਚ ਹੈ। ਇਸੇ ਪ੍ਰੇਰਣਾ ਨਾਲ ਉਸ ਨੇ ਚਰਖਾ ਚਲਾਉਣਾ ਸਿੱਖਿਆ ਤੇ ਦੇਸੀ ਕਪਾਹ ਤੋਂ ਸੂਤ ਤੇ ਕੱਪੜਾ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਸਮਝਣਾ ਸ਼ੁਰੂ ਕੀਤਾ। ਉਸ ਨੂੰ ਅਹਿਸਾਸ ਹੋਇਆ ਕਿ ਜਿਹੜਾ ਚਰਖਾ ਕਦੇ ਭਾਰਤ ਦੀ ਆਜ਼ਾਦੀ ਦੀ ਲੜਾਈ ਦਾ ਪ੍ਰਤੀਕ ਸੀ, ਉਹ ਅੱਜ ਵੀ ਆਰਥਿਕ ਸਵੈ-ਨਿਰਭਰਤਾ ਤੇ ਰੂਹਾਨੀ ਸ਼ਾਂਤੀ ਦਾ ਸਾਧਨ ਬਣ ਸਕਦਾ ਹੈ।
ਖੇਤੀ ਵਿਰਾਸਤ ਮਿਸ਼ਨ ਨਾਲ ਜੁੜੀ ਨਵੀਂ ਯਾਤਰਾ
ਉਸ ਨੇ ਖੇਤੀ ਵਿਰਾਸਤ ਮਿਸ਼ਨ ਨਾਲ ਜੁੜ ਕੇ ਆਪਣੇ ਸੁਪਨੇ ਨੂੰ ਹਕੀਕਤ ਦਾ ਰੂਪ ਦਿੱਤਾ। ਖੇਤੀ ਵਿਰਾਸਤ ਮਿਸ਼ਨ ਨੇ ਸਾਲ 2014 ’ਚ ਦੇਸੀ ਕਪਾਹ ਖ਼ਰੀਦ ਕੇ ਸੂਤ ਬਣਾਉਣ ਦੀ ਪਹਿਲ ਸ਼ੁਰੂ ਕੀਤੀ। ਇਸ ਉਪਰਾਲੇ ਦਾ ਮਕਸਦ ਆਰਗੈਨਿਕ ਖੇਤੀ ਨੂੰ ਉਤਸ਼ਾਹਿਤ ਕਰਨਾ ਤੇ ਪਿੰਡਾਂ ਦੇ ਲੋਕਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ ਸੀ। ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਸਾਲ 2016 ’ਚ ਮਿਸ਼ਨ ਨੇ ਆਪਣਾ ਧਾਗਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਇਸ ਯੋਜਨਾ ਨੂੰ ਹੋਰ ਅੱਗੇ ਵਧਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ। ਆਖ਼ਰਕਾਰ ਸਾਲ 2019 ਵਿਚ ਖੇਤੀ ਵਿਰਾਸਤ ਮਿਸ਼ਨ ਤੇ ਰੂਪਸੀ ਗਰਗ ਦੀ ਸਾਂਝੀ ਕੋਸ਼ਿਸ਼ ਨਾਲ ਪਹਿਲੀ ਵਾਰ ਦੇਸੀ ਆਰਗੈਨਿਕ ਕਪਾਹ ਤੋਂ ਪੂਰੀ ਤਰ੍ਹਾਂ ਹੱਥ ਨਾਲ ਤਿਆਰ ਕੀਤਾ ਗਿਆ ਕੱਪੜਾ ਬਣ ਕੇ ਤਿਆਰ ਹੋਇਆ। ਇਹ ਇਤਿਹਾਸਕ ਪਲ ਸੀ ਕਿਉਂਕਿ ਇਸ ਕੱਪੜੇ ’ਚ ਨਾ ਕੋਈ ਮਿਲਾਵਟ ਸੀ ਤੇ ਨਾ ਹੀ ਕੋਈ ਰਸਾਇਣਕ ਪ੍ਰਕਿਰਿਆ। ਇਹ ਪੂਰੀ ਤਰ੍ਹਾਂ ਆਰਗੈਨਿਕ ਤੇ ਸਵਦੇਸ਼ੀ ਉਤਪਾਦ ਸੀ।
ਖੇਤ ਤੋਂ ਕੱਪੜੇ ਤੱਕ ਦੀ ਪੂਰੀ ਪ੍ਰਕਿਰਿਆ
ਰੂਪਸੀ ਗਰਗ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਸਿਰਫ਼ ਕੱਪੜਾ ਤਿਆਰ ਨਹੀਂ ਕਰਵਾਉਂਦੀ ਸਗੋਂ ਖੇਤ ਤੋਂ ਲੈ ਕੇ ਕੱਪੜੇ ਦੀ ਤਿਆਰੀ ਤੱਕ ਹਰ ਪੜਾਅ ਦੀ ਖ਼ੁਦ ਨਿਗਰਾਨੀ ਕਰਦੀ ਹੈ। ਉਹ ਕਿਸਾਨਾਂ ਨੂੰ ਆਰਗੈਨਿਕ ਨਰਮੇ ਤੇ ਕਪਾਹ ਦੀ ਬਿਜਾਈ ਲਈ ਪ੍ਰੇਰਿਤ ਕਰਦੀ ਹੈ। ਕਪਾਹ ਦੀ ਫ਼ਸਲ ਤਿਆਰ ਹੋਣ ਤੋਂ ਬਾਅਦ ਉਸ ਦੀ ਪ੍ਰੋਸੈਸਿੰਗ ਕੀਤੀ ਜਾਂਦੀ ਹੈ। ਫਿਰ ਰੂਈ ਤੋਂ ਪੂਣੀਆਂ ਬਣਾਈਆਂ ਜਾਂਦੀਆਂ ਹਨ। ਪੂਣੀਆਂ ਨੂੰ ਚਰਖੇ ਉੱਪਰ ਕੱਤ ਕੇ ਸੂਤ ਤਿਆਰ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਤਾਣਾ, ਬਾਣਾ ਤੇ ਪੇਟਾ ਕਰਨ ਦੀ ਪ੍ਰਕਿਰਿਆ ਪੂਰੀ ਕੀਤੀ ਜਾਂਦੀ ਹੈ। ਜਦੋਂ ਧਾਗਾ ਤਿਆਰ ਹੋ ਜਾਂਦਾ ਹੈ ਤਾਂ ਉਸ ਨੂੰ ਹੱਥ-ਖੱਡੀ ਉੱਪਰ ਬੁਣ ਕੇ ਕੱਪੜੇ ਦਾ ਰੂਪ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇਕ ਕੱਪੜੇ ਦੇ ਟੁਕੜੇ ’ਚ ਕਿਸਾਨ ਦੀ ਮਿਹਨਤ, ਕਤਾਈ ਕਰਨ ਵਾਲੀ ਮਹਿਲਾ ਦੀ ਲਗਨ ਤੇ ਬੁਣਕਰ ਦੀ ਕਲਾ ਤਿੰਨਾਂ ਦਾ ਯੋਗਦਾਨ ਸ਼ਾਮਿਲ ਹੁੰਦਾ ਹੈ।
ਰਾਹ ’ਚ ਆਈਆਂ ਅਨੇਕਾਂ ਔਕੜਾਂ
ਅੱਜ ਭਾਵੇਂ ਰੂਪਸੀ ਗਰਗ ਦਾ ਕੰਮ ਸਫਲ ਮਾਡਲ ਵਜੋਂ ਦੇਖਿਆ ਜਾ ਰਿਹਾ ਹੈ ਪਰ ਇਸ ਯਾਤਰਾ ਦੌਰਾਨ ਉਸ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਵੱਡੀ ਸਮੱਸਿਆ ਮਾਹਿਰ ਬੁਣਕਰਾਂ ਦੀ ਘਾਟ ਸੀ। ਪੰਜਾਬ ’ਚ ਖੱਡੀ ਉੱਪਰ ਕੱਪੜਾ ਬੁਣਨ ਵਾਲੇ ਕਾਰੀਗਰ ਬਹੁਤ ਘੱਟ ਰਹਿ ਗਏ ਸਨ। ਇਸ ਕਰਕੇ ਸ਼ੁਰੂਆਤੀ ਦੌਰ ’ਚ ਬੁਣਕਰ ਅੰਮ੍ਰਿਤਸਰ ਤੋਂ ਮੰਗਵਾਉਣੇ ਪਏ ਪਰ ਰੂਪਸੀ ਨੇ ਪਿੰਡ-ਪਿੰਡ ਜਾ ਕੇ ਬੁਣਕਰ ਲੱਭੇ ਤੇ ਚਰਖੇ ਮੁੜ ਤਿਆਰ ਕਰਵਾਏ ਤੇ ਇਸ ਮੁਸ਼ਕਿਲ ਨੂੰ ਵੀ ਇਕ ਮੌਕੇ ’ਚ ਬਦਲ ਦਿੱਤਾ। ਉਸ ਨੇ ਸੋਚਿਆ ਕਿ ਜੇ ਬੁਣਕਰ ਨਹੀਂ ਹਨ ਤਾਂ ਨਵੇਂ ਬੁਣਕਰ ਤਿਆਰ ਕੀਤੇ ਜਾਣ। ਇਸ ਮਕਸਦ ਨਾਲ ਉਸ ਨੇ ਬੁਣਕਰ ਪਾਠਸ਼ਾਲਾ ਦੀ ਸ਼ੁਰੂਆਤ ਕੀਤੀ।
ਬੁਣਕਰ ਪਾਠਸ਼ਾਲਾ ਬਣੀ ਨਵੀਂ ਉਮੀਦ
ਖੇਤੀ ਵਿਰਾਸਤ ਮਿਸ਼ਨ ਦੇ ਕਿਸਾਨ ਭਵਨ ਦੇ ਨਾਲ ਬੁਣਕਰ ਪਾਠਸ਼ਾਲਾ ਅੱਜ ਪੰਜਾਬ ’ਚ ਰਵਾਇਤੀ ਬੁਣਾਈ ਕਲਾ ਨੂੰ ਜੀਵਤ ਕਰਨ ਦਾ ਅਹਿਮ ਕੇਂਦਰ ਬਣ ਚੁੱਕੀ ਹੈ। ਇੱਥੇ ਨੌਜਵਾਨ ਮੁੰਡਿਆਂ ਤੇ ਕੁੜੀਆਂ ਨੂੰ ਬੁਣਾਈ ਦੀ ਸਿਖਲਾਈ ਦਿੱਤੀ ਜਾਂਦੀ ਹੈ। ਵਿਦਿਆਰਥੀ ਨਾ ਸਿਰਫ਼ ਖੱਡੀ ਉੱਪਰ ਕੰਮ ਕਰਨਾ ਸਿੱਖਦੇ ਹਨ ਸਗੋਂ ਚਰਖੇ ਰਾਹੀਂ ਰੂਈ ਤੋਂ ਸੂਤ ਤਿਆਰ ਕਰਨ ਦੀ ਕਲਾ ਵੀ ਸਿੱਖਦੇ ਹਨ। ਇਹ ਸਿਖਲਾਈ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ ਆਪਣੀ ਪੜ੍ਹਾਈ ਦਾ ਖ਼ਰਚਾ ਖ਼ੁਦ ਚੁੱਕਣ ਦੇ ਯੋਗ ਵੀ ਬਣਾ ਰਹੀ ਹੈ। ਅੱਜ ਬੁਣਕਰ ਪਾਠਸ਼ਾਲਾ ਵਿਚ 10 ਤੋਂ 12 ਕਿਸਮਾਂ ਦਾ ਕੱਪੜਾ ਤਿਆਰ ਕੀਤਾ ਜਾਂਦਾ ਹੈ ਤੇ ਹਰ ਰੋਜ਼ ਲਗਪਗ 200 ਤੋਂ 400 ਮੀਟਰ ਕੱਪੜਾ ਬੁਣਿਆ ਜਾਂਦਾ ਹੈ।
ਮਹਿਲਾਵਾਂ ਨੂੰ ਬਣਾ ਰਹੀ ਹੈ ਆਤਮ-ਨਿਰਭਰ
ਉਸ ਦੀ ਇਸ ਮੁਹਿੰਮ ਦਾ ਸਭ ਤੋਂ ਵੱਡਾ ਪ੍ਰਭਾਵ ਪਿੰਡਾਂ ਦੀਆਂ ਮਹਿਲਾਵਾਂ ਉੱਪਰ ਪਿਆ ਹੈ। ਇਸ ਵੇਲੇ ਉਸ ਨਾਲ 35 ਤੋਂ 40 ਮਹਿਲਾਵਾਂ ਸਿੱਧੇ ਤੌਰ ’ਤੇ ਜੁੜ ਕੇ ਕੰਮ ਕਰ ਰਹੀਆਂ ਹਨ। ਇਹ ਮਹਿਲਾਵਾਂ ਚਰਖੇ ਉੱਪਰ ਸੂਤ ਕੱਤਦੀਆਂ ਹਨ ਤੇ ਇਸ ਦੇ ਬਦਲੇ ਉਨ੍ਹਾਂ ਨੂੰ 300 ਤੋਂ 400 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਜ਼ਦੂਰੀ ਦਿੱਤੀ ਜਾਂਦੀ ਹੈ। ਇਸ ਨਾਲ ਉਹ ਘਰ ਬੈਠੇ ਹੀ ਆਪਣੀ ਆਮਦਨ ਕਮਾ ਰਹੀਆਂ ਹਨ ਤੇ ਪਰਿਵਾਰ ਦੀ ਆਰਥਿਕ ਮਜ਼ਬੂਤੀ ’ਚ ਯੋਗਦਾਨ ਪਾ ਰਹੀਆਂ ਹਨ। ਉਸ ਦਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ, ਜੋ ਮਨੁੱਖ ਨੂੰ ਆਪਣੇ ਪੈਰਾਂ ਉੱਪਰ ਖੜ੍ਹਾ ਹੋਣਾ ਸਿਖਾਵੇ। ਉਹ ਕਹਿੰਦੀ ਹੈ ਕਿ ਪੜ੍ਹਾਈ ਦੌਰਾਨ ਵਿਦਿਆਰਥੀਆਂ ਨੂੰ ਅਕਸਰ ਸਿਰਫ਼ ਨੌਕਰੀ ਕਰਨ ਲਈ ਤਿਆਰ ਕੀਤਾ ਜਾਂਦਾ ਹੈ ਪਰ ਸਵੈ-ਰੁਜ਼ਗਾਰ ਤੇ ਆਤਮ-ਨਿਰਭਰਤਾ ਬਾਰੇ ਬਹੁਤ ਘੱਟ ਦੱਸਿਆ ਜਾਂਦਾ ਹੈ। ਇਸੇ ਲਈ ਉਹ ਮਹਿਲਾਵਾਂ ਤੇ ਨੌਜਵਾਨਾਂ ਨੂੰ ਆਪਣੀ ਕਾਬਲੀਅਤ ਰਾਹੀਂ ਆਤਮ-ਨਿਰਭਰ ਬਣਾਉਣ ਲਈ ਕੰਮ ਕਰ ਰਹੀ ਹੈ।
ਆਰਗੈਨਿਕ ਖੇਤੀ ਨੂੰ ਮਿਲ ਰਿਹਾ ਹੈ ਹੁਲਾਰਾ
ਭਾਵੇਂ ਖੇਤੀ ਵਿਰਾਸਤ ਮਿਸ਼ਨ ਦੇ ਸੰਸਥਾਪਕ ਉਮੇਂਦਰ ਦੱਤ ਭਾਵੇਂ ਪਹਿਲਾਂ ਹੀ ਆਰਗੈਨਿਕ ਖੇਤੀ ਨੂੰ ਉਤਸ਼ਾਹਿਤ ਕਰਦੇ ਆ ਰਹੇ ਹਨ ਪਰ ਰੂਪਸੀ ਗਰਗ ਦਾ ਕੰਮ ਸਿਰਫ਼ ਕੱਪੜੇ ਤੱਕ ਸੀਮਤ ਨਹੀਂ ਹੈ। ਉਹ ਆਰਗੈਨਿਕ ਖੇਤੀ ਨੂੰ ਵੀ ਉਤਸ਼ਾਹਿਤ ਕਰ ਰਹੀ ਹੈ। ਉਹ ਹਰ ਸਾਲ ਢਾਈ ਤੋਂ 300 ਏਕੜ ਤੱਕ ਆਰਗੈਨਿਕ ਨਰਮੇ ਦੀ ਬਿਜਾਈ ਕਰਵਾਉਂਦੀ ਹੈ। ਕਿਸਾਨਾਂ ਨੂੰ ਰਸਾਇਣਕ ਖੇਤੀ ਦੀ ਥਾਂ ਕੁਦਰਤੀ ਤਰੀਕਿਆਂ ਨਾਲ ਕਪਾਹ ਉਗਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਰੂਪਸੀ ਕਿਸਾਨਾਂ ਤੋਂ ਨਰਮਾ ਮਾਰਕੀਟ ਭਾਅ ਨਾਲੋਂ 10 ਤੋਂ 15 ਫ਼ੀਸਦੀ ਵੱਧ ਕੀਮਤ ਦੇ ਕੇ ਖ਼ਰੀਦਦੀ ਹੈ। ਇਸ ਨਾਲ ਕਿਸਾਨਾਂ ਨੂੰ ਆਰਗੈਨਿਕ ਖੇਤੀ ਵੱਲ ਆਉਣ ਲਈ ਪ੍ਰੋਤਸਾਹਨ ਮਿਲਦਾ ਹੈ ਤੇ ਉਨ੍ਹਾਂ ਦੀ ਆਮਦਨ ’ਚ ਵੀ ਵਾਧਾ ਹੁੰਦਾ ਹੈ।
ਖਾਦੀ ਤੋਂ ਵੱਖਰੀ ਪਛਾਣ
ਰੂਪਸੀ ਦੱਸਦੀ ਹੈ ਕਿ ਬਾਜ਼ਾਰ ’ਚ ਮਿਲਣ ਵਾਲੇ ਬਹੁਤੇ ਖਾਦੀ ਕੱਪੜਿਆਂ ਵਿਚ ਕੁਝ ਨਾ ਕੁਝ ਪੋਲਿਸਟਰ ਮਿਲਾਇਆ ਜਾਂਦਾ ਹੈ ਪਰ ਖੇਤੀ ਵਿਰਾਸਤ ਮਿਸ਼ਨ ਵੱਲੋਂ ਤਿਆਰ ਕੀਤਾ ਜਾਣ ਵਾਲਾ ਕੱਪੜਾ ਪੂਰੀ ਤਰ੍ਹਾਂ ਦੇਸੀ ਤੇ ਆਰਗੈਨਿਕ ਕਪਾਹ ਤੋਂ ਹੱਥੀਂ ਤਿਆਰ ਕੀਤਾ ਜਾਂਦਾ ਹੈ।
ਇਸ ’ਚ ਕਿਸੇ ਵੀ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਹੁੰਦੀ। ਇਸ ਕਾਰਨ ਇਹ ਕੱਪੜਾ ਸਰੀਰ ਲਈ ਵੀ ਅਨੁਕੂਲ ਹੁੰਦਾ ਹੈ ਤੇ ਵਾਤਾਵਰਣ ਲਈ ਵੀ। ਇਸ ਕੱਪੜੇ ਦੀ ਮੰਗ ਲਗਾਤਾਰ ਵੱਧ ਰਹੀ ਹੈ ਕਿਉਂਕਿ ਲੋਕ ਹੁਣ ਕੁਦਰਤੀ ਅਤੇ ਟਿਕਾਊ ਉਤਪਾਦਾਂ ਵੱਲ ਵਾਪਸ ਮੁੜ ਰਹੇ ਹਨ।
ਚਰਖਾ ਸਿਰਫ਼ ਸਾਧਨ ਨਹੀਂ, ਇਕ ਧਿਆਨ ਹੈ
ਰੂਪਸੀ ਗਰਗ ਲਈ ਚਰਖਾ ਕੇਵਲ ਸੂਤ ਤਿਆਰ ਕਰਨ ਦਾ ਸਾਧਨ ਨਹੀਂ ਸਗੋਂ ਇਕ ਧਿਆਨ ਤੇ ਆਤਮਿਕ ਸ਼ਾਂਤੀ ਦਾ ਮਾਧਿਅਮ ਹੈ। ਉਹ ਕਹਿੰਦੀ ਹੈ ਕਿ ਜਦੋਂ ਕੋਈ ਵਿਅਕਤੀ ਚਰਖਾ ਚਲਾਉਂਦਾ ਹੈ ਤਾਂ ਉਸ ਦਾ ਮਨ ਇਕਾਗਰ ਹੋ ਜਾਂਦਾ ਹੈ। ਚਰਖੇ ਦੀ ਲੈਅਬੱਧ ਗਤੀ ਮਨ ਨੂੰ ਸ਼ਾਂਤ ਕਰਦੀ ਹੈ ਤੇ ਮਨੁੱਖ ਦੀ ਬਿਰਤੀ ਪਰਮਾਤਮਾ ਨਾਲ ਜੁੜਦੀ ਹੈ। ਇਸੇ ਤਰ੍ਹਾਂ ਖੱਡੀ ਉੱਪਰ ਕੱਪੜਾ ਬੁਣਨਾ ਵੀ ਰਚਨਾਤਮਕ ਤੇ ਰੂਹਾਨੀ ਅਨੁਭਵ ਹੈ। ਇਹੀ ਕਾਰਨ ਹੈ ਕਿ ਉਹ ਇਸ ਪੂਰੀ ਪ੍ਰਕਿਰਿਆ ਨੂੰ ਸੰਤ ਕਬੀਰ ਦੀ ਵਿਰਾਸਤ ਨਾਲ ਜੋੜਦੀ ਹੈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਬੁਣਕਰ ਵਜੋਂ ਬਿਤਾਈ ਤੇ ਮਿਹਨਤ ਨੂੰ ਭਗਤੀ ਦਾ ਰੂਪ ਦਿੱਤਾ।
ਉਸ ਅਨੁਸਾਰ ਜੇ ਕੋਈ ਵਿਅਕਤੀ ਹਰ ਰੋਜ਼ ਕੇਵਲ ਇਕ ਘੰਟਾ ਚਰਖਾ ਚਲਾਵੇ ਤਾਂ ਇਕ ਸਾਲ ’ਚ ਲਗਪਗ 42 ਮੀਟਰ ਕੱਪੜਾ ਤਿਆਰ ਕੀਤਾ ਜਾ ਸਕਦਾ ਹੈ। ਇਸ ਕੱਪੜੇ ਨਾਲ ਅੱਠ ਲੋਕਾਂ ਲਈ ਕੁੜਤੇ-ਪਜ਼ਾਮੇ ਤਿਆਰ ਹੋ ਸਕਦੇ ਹਨ। ਇਹ ਅੰਕੜਾ ਦਰਸਾਉਂਦਾ ਹੈ ਕਿ ਛੋਟੇ-ਛੋਟੇ ਯਤਨ ਵੀ ਵੱਡੇ ਨਤੀਜੇ ਦੇ ਸਕਦੇ ਹਨ ਤੇ ਸਵੈ-ਨਿਰਭਰਤਾ ਵੱਲ ਮਹੱਤਵਪੂਰਨ ਕਦਮ ਸਾਬਿਤ ਹੋ ਸਕਦੇ ਹਨ।
ਦੇਸੀ ਕੱਪੜੇ ਦੀ ਵੱਧ ਰਹੀ ਮੰਗ
ਬੁਣਕਰ ਪਾਠਸ਼ਾਲਾ ਵਿਚ ਤਿਆਰ ਕੀਤੇ ਜਾਣ ਵਾਲੇ ਕੱਪੜੇ ਦੀ ਕੀਮਤ 550 ਤੋਂ 900 ਰੁਪਏ ਪ੍ਰਤੀ ਮੀਟਰ ਤੱਕ ਰੱਖੀ ਗਈ ਹੈ। ਇਸ ਕੱਪੜੇ ਤੋਂ ਲੇਡੀਜ਼ ਤੇ ਜੈਂਟਸ ਸੂਟ, ਕੁੜਤੇ-ਪਜ਼ਾਮੇ, ਮਫਲਰ, ਤੌਲੀਏ ਤੇ ਹੋਰ ਉਤਪਾਦ ਤਿਆਰ ਕੀਤੇ ਜਾਂਦੇ ਹਨ। ਹੁਣ ਰੇਡੀਮੇਡ ਕੱਪੜਿਆਂ ਦੀ ਤਿਆਰੀ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ। ਖੇਤੀ ਵਿਰਾਸਤ ਮਿਸ਼ਨ ਦੇ ਉਤਪਾਦਾਂ ਨੂੰ ਪੀਜੀਐੱਸ ਸਰਟੀਫਿਕੇਸ਼ਨ ਪ੍ਰਾਪਤ ਹੈ ਤੇ ਹੈਂਡਲੂਮ ਕਰਾਫਟ ਮਾਰਕ ਵੀ ਮਿਲਿਆ ਹੋਇਆ ਹੈ, ਜਿਸ ਨਾਲ ਉਨ੍ਹਾਂ ਦੀ ਭਰੋਸੇਯੋਗਤਾ ਹੋਰ ਵੱਧਦੀ ਹੈ। ਮਿਸ਼ਨ ਦਾ ਕਈ ਕੰਪਨੀਆਂ ਤੇ ਪ੍ਰਸਿੱਧ ਬ੍ਰਾਂਡਾਂ ਨਾਲ ਸਮਝੌਤਾ ਹੈ, ਜਿਨ੍ਹਾਂ ਨੂੰ ਇਹ ਕੱਪੜਾ ਭੇਜਿਆ ਜਾਂਦਾ ਹੈ। ਇਸ ਤੋਂ ਇਲਾਵਾ ਕਿਸਾਨ ਭਵਨ ’ਚ ਵੀ ਦੇਸੀ ਕਪਾਹ ਤੋਂ ਤਿਆਰ ਕੀਤੇ ਕੱਪੜੇ ਵਿਕਰੀ ਲਈ ਉਪਲੱਬਧ ਹਨ।
ਸੰਤ ਕਬੀਰ ਦੀ ਵਿਰਾਸਤ ਨੂੰ ਨਵਾਂ ਜੀਵਨ
ਅੱਜ ਦੇ ਮਸ਼ੀਨੀ ਯੁੱਗ ਵਿਚ ਜਦੋਂ ਹੱਥਾਂ ਨਾਲ ਕੰਮ ਕਰਨ ਵਾਲੀਆਂ ਕਲਾਵਾਂ ਹੌਲੀ-ਹੌਲੀ ਖ਼ਤਮ ਹੋ ਰਹੀਆਂ ਹਨ, ਰੂਪਸੀ ਗਰਗ ਨੇ ਚਰਖੇ ਤੇ ਖੱਡੀ ਨੂੰ ਮੁੜ ਜੀਵੰਤ ਕਰ ਕੇ ਵਿਲੱਖਣ ਮਿਸਾਲ ਕਾਇਮ ਕੀਤੀ ਹੈ। ਉਹ ਸਿਰਫ਼ ਕੱਪੜਾ ਨਹੀਂ ਬਣਾ ਰਹੀ ਸਗੋਂ ਅਜਿਹੀ ਸੋਚ ਨੂੰ ਜਨਮ ਦੇ ਰਹੀ ਹੈ, ਜੋ ਸਵੈ-ਨਿਰਭਰਤਾ, ਕੁਦਰਤ ਨਾਲ ਪਿਆਰ ਤੇ ਮਿਹਨਤ ਦੀ ਮਹੱਤਤਾ ਨੂੰ ਉਜਾਗਰ ਕਰਦੀ ਹੈ। ਉਸ ਦੀ ਇਹ ਮੁਹਿੰਮ ਸੰਤ ਕਬੀਰ, ਮਹਾਤਮਾ ਗਾਂਧੀ ਤੇ ਪੰਜਾਬ ਦੀ ਪੁਰਾਤਨ ਵਿਰਾਸਤ ਨੂੰ ਆਧੁਨਿਕ ਸਮੇਂ ਨਾਲ ਜੋੜਨ ਦਾ ਸਫਲ ਯਤਨ ਹੈ। ਉਸ ਨੇ ਸਾਬਿਤ ਕਰ ਦਿੱਤਾ ਹੈ ਕਿ ਜੇ ਨੌਜਵਾਨ ਪੀੜ੍ਹੀ ਆਪਣੀਆਂ ਜੜ੍ਹਾਂ ਨਾਲ ਜੁੜ ਕੇ ਕੰਮ ਕਰੇ ਤਾਂ ਨਾ ਸਿਰਫ਼ ਆਪਣਾ ਭਵਿੱਖ ਸੰਵਾਰ ਸਕਦੀ ਹੈ ਸਗੋਂ ਸਮਾਜ ਤੇ ਦੇਸ਼ ਲਈ ਵੀ ਨਵਾਂ ਰਾਹ ਤਿਆਰ ਕਰ ਸਕਦੀ ਹੈ। ਪੰਜਾਬ ਦੀ ਇਹ ਧੀ ਅੱਜ ਪੰਜਾਬ ’ਚ ਸੰਤ ਕਬੀਰ ਦੀ ਵਿਰਾਸਤ ਨੂੰ ਸੰਭਾਲਦੀ ਹੋਈ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਂਦਿਆਂ ਤੇ ਆਰਗੈਨਿਕ ਖੇਤੀ ਨੂੰ ਉਤਸ਼ਾਹਿਤ ਕਰਦੀ ਹੋਈ ਅਜਿਹੀ ਮਿਸਾਲ ਬਣ ਚੁੱਕੀ ਹੈ, ਜਿਸ ਤੋਂ ਅਣਗਿਣਤ ਨੌਜਵਾਨ ਪ੍ਰੇਰਣਾ ਲੈ ਸਕਦੇ ਹਨ।
ਕਬੀਰ ਜਯੰਤੀ ਨੂੰ ਸਮਰਪਿਤ ਕੱਪੜਿਆਂ ਦੀ ਸੇਲ
ਸੰਤ ਕਬੀਰ ਜੀ ਵੀ ਹੱਥ ਨਾਲ ਕੱਪੜਾ ਬੁਣਨ ਦਾ ਕੰਮ ਕਰਦੇ ਸਨ। ਉਨ੍ਹਾਂ ਨੇ ਆਪਣੀ ਬਾਣੀ ਵ’ਚ ਕਈ ਵਾਰ 'ਤੰਤੀ' (ਜੁਲਾਹੇ), 'ਧਾਗਾ', 'ਸੂਤ',ਅਤੇ 'ਕਰਘਾ' (ਖੱਡੀ) ਵਰਗੇ ਸ਼ਬਦਾਂ ਦੀ ਵਰਤੋਂ ਬਹੁਤ ਹੀ ਡੂੰਘੇ ਅਧਿਆਤਮਿਕ ਅਰਥ ਸਮਝਾਉਣ ਲਈ ਕੀਤੀ ਹੈ। ਭਗਤ ਕਬੀਰ ਜੀ ਨੇ ਆਪਣੇ ਕਿੱਤੇ ਨੂੰ ਕਦੇ ਵੀ ਪ੍ਰਭੂ-ਭਗਤੀ ਦੇ ਰਾਹ ਵਿਚ ਰੁਕਾਵਟ ਨਹੀਂ ਬਣਨ ਦਿੱਤਾ। ਉਨ੍ਹਾਂ ਦਾ ਮੰਨਣਾ ਸੀ ਕਿ ਕਿਰਤ ਕਰਨਾ (ਸੱਚੀ ਕਮਾਈ ਕਰਨਾ) ਤੇ ਪ੍ਰਭੂ ਦਾ ਸਿਮਰਨ ਕਰਨਾ ਦੋਵੇਂ ਜ਼ਰੂਰੀ ਹਨ। ਰੂਪਸੀ ਦਾ ਮਿਸ਼ਨ ਵੀ ਕਾਫ਼ੀ ਹੱਦ ਤੱਕ ਇਹੀ ਹੈ। ਇਸ ਕਾਰਨ ਖੇਤੀ ਵਿਰਾਸਤ ਮਿਸ਼ਨ ਨੇ ਜੈਤੋ ਆਪਣੇ ਦਫ਼ਤਰ ’ਚ ਹੱਥ ਨਲਾ ਤਿਆਰ ਕੀਤੇ ਕੱਪੜਿਆਂ ਦੀ ਸੇਲ ਲਗਾਈ ਹੈ। ਉਸ ਦਾ ਕਹਿਣਾ ਸੀ ਕਿ ਇਹ ਕੰਮ ਸਾਡੀ ਸਿਹਤ, ਵਾਤਾਵਰਣ, ਸੱਭਿਆਚਾਰ ਤੇ ਪਰਮਾਤਮਾ ਲਾਲ ਜੁੜਨ ਦੀ ਸ਼ਕਤੀ ਹੈ।
- ਗੁਰਤੇਜ ਸਿੰਘ ਸਿੱਧੂ
97806-00016