ਬਰਤਾਵਨੀ ਹਕੂਮਤ ਦੀ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਸੈਂਕੜੇ ਸਾਲਾਂ ਬਾਅਦ ਦੇਸ਼ ਨੂੰ ਮਿਲੀ ਆਜ਼ਾਦੀ ਪੰਜਾਬੀਆਂ ਲਈ ਖ਼ੁਸ਼ੀ ਘੱਟ ਤੇ ਦਰਦ ਤੇ ਦੁਸ਼ਵਾਰੀਆਂ ਜ਼ਿਆਦਾ ਲੈ ਕੇ ਬਹੁੜੀ। ਆਜ਼ਾਦੀ ਤੋਂ ਬਾਅਦ ਪੰਜਾਬ ਦੀ ਹੋਈ ਵੰਡ ਨੇ ਲੱਖਾਂ ਲੋਕਾਂ ਨੂੰ ਉਜਾੜੇ ਦੇ ਰਾਹ ਤੋਰਿਆ ਤੇ ਵੱਡੇ-ਵਡੇਰਿਆਂ ਦੀ ਜਨਮਭੂਮੀ ਛੱਡਣ ਲਈ ਮਜਬੂਰ ਹੋਣਾ ਪਿਆ। ਵੰਡ ਦਰਦ ਪਿੰਡੇ ’ਤੇ ਹੰਢਾਉਣ ਵਾਲੇ ਲੋਕ ਆਪਣੇ ਜਿਉਂਦੇ ਜੀਅ ਉਸ ਨੂੰ ਭੁੱਲ ਨਾ ਸਕੇ ਤੇ ਇਸ ਦਰਦ ਨੂੰ ਆਪਣੀ ਚਿਤਾ ਤਕ ਲੈ ਕੇ ਗਏ। ਅਜਿਹੇ ਲੋਕਾਂ ਦੇ ਵੰਡ ਦੇ ਦਰਦ ਨੂੰ ਚਿੱਤਰਕਾਰ ਮੋਹਿੰਦਰ ਠੁਕਰਾਲ ਨੇ 70 ਸਾਲ ਜ਼ਿਹਨ ’ਚ ਸੰਭਾਲੀ ਰੱਖਣ ਤੋਂ ਬਾਅਦ ਕੈਨਵਸ ’ਤੇ ਉਤਾਰਿਆ ਹੈ। ਆਪਣੇ ਦਾਦੇ, ਪਿਤਾ, ਮਾਂ, ਮਾਸੀ ਤੇ ਵੱਡੇ ਭਰਾ ਕੋਲੋਂ ਬਚਪਨ ਤੋਂ ਲੈ ਕੇ ਜਵਾਨੀ ਤਕ ਸੁਣੇ ਵੰਡ ਦੇ ਦਰਦ ਜਿਸ ਤਰ੍ਹਾਂ ਉਨ੍ਹਾਂ ਦੇ ਵੱਡਿਆਂ ਨੇ ਪਿੰਡੇ ’ਤੇ ਹੰਢਾਏ ਸਨ, ਉਸੇ ਤਰ੍ਹਾਂ ਹੀ ਉਨ੍ਹਾਂ ਨੇ ਉਸ ਦਰਦ ਨੂੰ ਸੱਤ ਦਹਾਕੇ ਆਪਣੇ ਜ਼ਿਹਨ ’ਚ ਹੰਢਾਇਆ ਹੈ।

ਵੰਡ ਦੇ ਦਿ੍ਰਸ਼ਾਂ ਦਾ ਕੀਤਾ ਹੈ ਚਿਤਰਨ

ਮੋਹਿੰਦਰ ਠੁਕਰਾਲ ਉਸ ਪੀੜ੍ਹੀ ’ਚੋਂ ਹੈ, ਜਿਸ ਨੇ ਜਨਮ ਲੈਣ ਉਪਰੰਤ ਹਾਲੇ ਸੁਰਤ ਵੀ ਨਹੀਂ ਸੰਭਾਲੀ ਸੀ ਕਿ ਉਹ ਮਾਂ ਦੇ ਕੁੱਛੜ ਤੇ ਦਾਦੇ-ਬਾਪ ਦੇ ਕੰਧਾੜੇ ਚੜ੍ਹ ਰੌਲਿਆਂ ’ਚ ਏਧਰ ਪੁੱਜਿਆ ਸੀ। ਉਸ ਨੂੰ ਭਾਵੇਂ ਉਸ ਵੇਲੇ ਹੋਈ ਵੱਢ-ਟੁੱਕ, ਝੱਲੀਆਂ ਮੁਸੀਬਤਾਂ ਤੇ ਦੁਸ਼ਵਾਰੀਆ ਨਾਲ ਦੋ-ਚਾਰ ਨਹੀਂ ਹੋਣਾ ਪਿਆ ਪਰ ਦਾਦੇ, ਬਾਪ, ਮਾਂ ਤੇ ਹੋਰਨਾਂ ਘਰ ਦੇ ਵੱਡਿਆਂ ਕੋਲੋਂ ਵੰਡ ਕਾਰਨ ਹੰਢਾਏ ਗਏ ਦਰਦ ਬਾਰੇ ਸੁਣ ਕੇ ਇੰਝ ਮਹਿਸੂਸ ਹੰੁਦਾ ਸੀ, ਜਿਵੇਂ ਉਸ ਨੇ ਖ਼ੁਦ ਦੰਗਿਆਂ ’ਚ ਫੱਟ ਖਾਧੇ ਹੋਣ। ਉਸ ਨੇ ਵੰਡ ਦਾ ਦਰਦ ਬਿਆਨ ਕਰਦਿਆਂ ਬਣਾਏ ਆਪਣੇ ਚਿੱਤਰਾਂ ’ਚ ਦਾਦੇ ਦੇ ਸਰੀਰ ’ਤੇ ਲੱਗੇ ਟੱਕ ਤੇ ਜ਼ਿਹਨ ’ਚ ਵਸਾਏ ਵੰਡ ਦੇ ਦਿ੍ਰਸ਼ਾਂ ਦਾ ਚਿਤਰਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਿ ਜਦੋਂ 1947 ਦੀ ਵੰਡ ਹੋਈ ਤਾਂ ਉਸ ਦੀ ਉਮਰ ਮਸਾਂ ਸਾਲ ਦੇ ਕਰੀਬ ਸੀ। ਉਨ੍ਹਾਂ ਦਾ ਪਰਿਵਾਰ ਸਿਆਲਕੋਟ ਨਾਲ ਸਬੰਧਤ ਸੀ ਤੇ ਦਾਦਾ ਗਿਆਨ ਚੰਦ ਖੰਡ ਦਾ ਵਪਾਰੀ ਸੀ। ਉਹ ਖੰਡ ਵਪਾਰ ਕਰਨ ਲਈ ਆਪਣੀ ਘੋੜੀ ’ਤੇ ਅੰਮਿ੍ਰਤਸਰ ਜਾਂਦੇ ਸਨ ਤੇ ਸਿਆਲਕੋਟ ਤੋਂ ਲੈ ਕੇ ਕਪੂਰਥਲਾ, ਰਾਵੀ ਕੰਢੇ ਗੁਰਦਾਸਪੁਰ, ਰੋਪੜ, ਨਵਾਂਸ਼ਹਿਰ ਤੇ ਗੜ੍ਹਸ਼ੰਕਰ ਤਕ ਮੁਰੱਬੇ ਬਣਾਏ ਸਨ। ਇਸ ਦੇ ਨਾਲ ਹੀ ਉਨ੍ਹਾਂ ਨੂੰ ਭਲਵਾਨੀ ਦਾ ਸ਼ੌਕ ਤੇ ਘੋੜੀਆਂ ਵੀ ਪਾਲੀਆਂ ਹੋਈਆਂ ਸਨ। ਜ਼ੋਰ ਏਨਾ ਕਿ ਜੋਸ਼ ’ਚ ਆ ਕੇ ਘੋੜਾ ਵੀ ਅਖਾੜੇ ’ਚ ਸੁੱਟ ਲੈਂਦੇ ਸਨ। ਉਨ੍ਹਾਂ ਦਾ ਵੱਡਾ ਭਰਾ ਕਲਿਆਣ ਸਰੂਪ ਵੀ ਭਲਵਾਨ ਸੀ ਤੇ 1957 ’ਚ ਉਹ ਹਿੰਦ ਕੇਸਰੀ ਬਣਿਆ ਸੀ।

ਮਾਂ ਤੇ ਮਾਸੀ ਨੇ ਘਰੋਂ ਦੌੜ ਬਚਾਈ ਇੱਜ਼ਤ

ਉਹ ਜਦੋਂ ਆਪਣੇ ਦਾਦੇ ਦਾ ਪਿੰਡਾ ਦੇਖਦਾ ਤਾਂ ਸਹਿਜ-ਸੁਭਾਅ ਹੀ ਉਨ੍ਹਾਂ ਬਾਰੇ ਪੁੱਛਦੇ ਤਾਂ ਦਾਦਾ ਗਿਆਨ ਚੰਦ ਟੱਕਾਂ ਦੀ ਕਹਾਣੀ ਬਿਆਨ ਕਰਦੇ ਤਾਂ ਉਸ ਦੇ ਸਰੀਰ ’ਚ ਝੁਣਝੁਣੀ ਛਿੜ ਜਾਂਦੀ। ਦਾਦੇ ਦੀ ਲੱਤ ਦਾ ਜ਼ਖ਼ਮ ਜਦੋਂ ਉਹ ਦੇਖਦੇ ਤਾਂ ਉਸ ਬਾਰੇ ਵੀ ਪੁੱਛ ਲੈਂਦੇ। ਇਹ ਕਹਾਣੀ ਤਾਂ ਉਨ੍ਹਾਂ ਦੇ ਦਾਦੇ ਗਿਆਨ ਚੰਦ ਦੀ ਸੀ ਪਰ ਉਨ੍ਹਾਂ ਦੀ ਮਾਂ ਤੇ ਮਾਸੀ ਨੇ ਸਿਆਸਲਕੋਟ ’ਚ ਦੰਗਾਕਾਰੀਆਂ ਵੱਲੋਂ ਕੀਤੇ ਹਮਲੇ ਵੇਲੇ ਘਰ ’ਚ ਇਕੱਲੀਆਂ ਸਨ, ਨੇ ਆਪਣੀ ਇੱਜ਼ਤ ਘਰੋਂ ਦੌੜ ਕੇ ਬਚਾਈ। ਉਹ ਮਾਂ ਦੇ ਕੁੱਛੜ ਸਨ ਤੇ ਬਾਕੀ ਭੈਣ-ਭਰਾ ਸਕੂਲ ਗਏ ਹੋਏ ਸਨ। ਦੰਗੇ ਫੈਲਣ ਕਾਰਨ ਸਾਰੇ ਵਿਛੜ ਗਏ। ਉਨ੍ਹਾਂ ਦੀ ਮਾਂ ਸੁਹਾਗਵੰਤੀ ਤੇ ਮਾਸੀ ਸੋਮਵੰਤੀ ਇੱਜ਼ਤ ਬਚਾਉਣ ਲਈ ਦਰਿਆ ’ਚ ਵੜ ਗਈਆਂ। ਪਾਣੀ ਦਾ ਵਹਾਅ ਸੀ ਤਾਂ ਮਾਸੀ ਨੇ ਉਸ ਨੂੰ ਸਿਰ ’ਤੇ ਬਿਠਾ ਲਿਆ ਤੇ ਕਿਸੇ ਤਰ੍ਹਾਂ ਬਚ ਗਈਆਂ। ਇਹ ਸਾਰਾ ਮੰਜਰ ਉਹ ਅਕਸਰ ਹੀ ਆਪਣੀ ਮਾਂ ਤੇ ਮਾਸੀ ਦੀਆ ਅੱਖਾਂ ’ਚ ਦੇਖਦੇ ਰਹੇ ਸਨ। ਦੰਗਿਆਂ ’ਚ ਮਾਸੀ ਨੇ ਤਿੰਨ ਪੁੱਤ ਗੁਆਏ ਸਨ ਤੇ ਤਿੰਨ ਧੀਆਂ ਬਚੀਆਂ ਸਨ।

ਅੰਮਿ੍ਰਤਸਰ ਪਹੰੁਚ ਕੈਂਪ ’ਚ ਹੋਏ ਇਕੱਠੇ

ਆਪਣੇ ਪਿਤਾ ਹੰਸ ਰਾਜ ਦੇ ਦਰਦ ਬਾਰੇ ਗੱਲ ਕਰਦਿਆਂ ਮੋਹਿੰਦਰ ਠੁਕਰਾਲ ਨੇ ਦੱਸਿਆ ਕਿ ਜਦੋਂ ਦੰਗਿਆਂ ਵੇਲੇ ਉਨ੍ਹਾਂ ਦੇ ਪਿਤਾ ਕਿਸੇ ਦੂਸਰੇ ਮੁਹੱਲੇ ’ਚ ਜਾਣਕਾਰ ਦਾ ਪਤਾ ਲੈਣ ਗਏ ਹੋਏ ਸਨ ਤਾਂ ਦੰਗਾਕਾਰੀਆਂ ਨੇ ਹਮਲਾ ਬੋਲ ਦਿੱਤਾ ਤਾਂ ਉਨ੍ਹਾਂ ਤੀਸਰੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਹੇਠਾਂ ਲਾਸ਼ਾਂ ਦਾ ਢੇਰ ਲੱਗਿਆ ਹੋਇਆ ਸੀ, ਜਿਸ ਕਰਕੇ ਬਹੁਤੀ ਸੱਟ ਨਾ ਲੱਗੀ ਪਰ ਚੂਲ੍ਹਾ ਹਿੱਲ ਗਿਆ। ਪਿਤਾ ਹੰਸ ਰਾਜ ਸਾਰੀ ਉਮਰ ਉਹ ਛਾਲ ਸੁਪਨੇ ਵਾਂਗ ਨਾਲ ਚੁੱਕੀ ਫਿਰਦੇ ਰਹੇ। ਉਨ੍ਹਾਂ ਦਾ ਵੱਡਾ ਭਰਾ ਤੇ ਚਾਚਾ, ਜੋ ਭਲਵਾਨੀ ਕਰਦੇ ਸਨ, ਬਾਹਰ ਗਏ ਹੋਏ ਸਨ। ਉਨ੍ਹਾਂ ਨੇ ਵੀ ਕਿਰਪਾਨ ਦੇ ਜ਼ੋਰ ਨਾਲ ਜਾਨ ਬਚਾਈ ਸੀ। ਰੌਲਿਆਂ ’ਚ ਉਨ੍ਹਾਂ ਦਾ ਇਕ ਟੱਬਰ ਮੁਸਲਮਾਨ ਹੋ ਗਿਆ ਤੇ ਬਾਕੀ ਸਾਰੇ ਧੱਕੇ ਖਾਂਦੇ ਹੋਏ ਅੰਮਿ੍ਰਤਸਰ ਆ ਕੇ ਕੈਂਪ ’ਚ ਇਕੱਠੇ ਹੋਏ।

ਟੈਰਾਕੋਟਾ ਸਟੂਡੀਓ ’ਚ ਚੱਲ ਰਹੀ ਹੈ ਪ੍ਰਦਰਸ਼ਨੀ

ਭਲਵਾਨੀ ਨਾਲ ਉਹ ਚਿੱਤਰਕਾਰੀ ਦਾ ਸ਼ੌਕ ਰੱਖਦੇ ਸਨ ਤੇ ਸੂਖ਼ਮ ਭਾਵਾਂ ਨੂੰ ਕੈਨਵਸ ’ਤੇ ਉਤਾਰਦੇ ਰਹੇ ਹਨ। ਉਨ੍ਹਾਂ ਦੀ ਕਲਾਕਾਰੀ ਤੋਂ ਬਹੁਤ ਲੋਕ ਜਾਣੂ ਹਨ ਪਰ ਵੰਡ ਦੇ ਦਰਦ ਬਾਰੇ ਉਨ੍ਹਾਂ ਨੂੰ ਬੱਚਿਆਂ ਵੱਲੋਂ ਮਿਲੇ ਉਤਸ਼ਾਹ ਤੋਂ ਬਾਅਦ ਉਨ੍ਹਾਂ ਜ਼ਿਹਨ ’ਚ ਪਈਆਂ ਯਾਦਾਂ ਨੂੰ ਚਿੱਤਰਾਂ ਰਾਹੀਂ ਦਿ੍ਰਸ਼ਮਾਨ ਕੀਤਾ ਹੈ। ਉਨ੍ਹਾਂ ਨੇ ਪੰਜ ਦੇ ਕਰੀਬ ਚਿੱਤਰ ਬਣਾਏ ਹਨ, ਜਿਨ੍ਹਾਂ ’ਚ ਦਾਦੇ ਦੇ ਪਿੰਡੇ ’ਤੇ ਲੱਗੇ ਪੰਜ ਟੱਕ, ਲੱਤ ਦਾ ਜ਼ਖ਼ਮ, ਆਪਣੇ ਦਿਮਾਗ਼ ’ਚ ਉੱਗੇ ਵੰਡ ਦੀ ਦਿ੍ਰਸ਼ ਤੇ ਵੰਡ ਤੋਂ ਬਾਅਦ ਦਰੱਖ਼ਤ ਰੂਪੀ ਧਾਰ ਚੁੱਕੇ ਪੰਜਾਬ ਨੂੰ ਸਾਕਾਰ ਰੂਪ ਦਿੱਤਾ ਹੈ। ਉਨ੍ਹਾਂ ਵੱਲੋਂ ਤਿਆਰ ਚਿੱਤਰਾਂ ਦੀ ਪ੍ਰਦਰਸ਼ਨੀ ਜਲੰਧਰ ’ਚ ਟੈਰਾਕੋਟਾ ਸਟੂਡੀਓ ਵਿਰਸਾ ਵਿਹਾਰ ’ਚ ਚੱਲ ਰਹੀ ਹੈ, ਜਿੱਥੇ ਚਿੱਤਰਾਂ ਤੋਂ ਇਲਾਵਾ ਉਨ੍ਹਾਂ ਵੱਲੋਂ ਸੰਭਾਲ ਕੇ ਰੱਖਿਆ ਆਪਣੇ ਦਾਦਾ ਗਿਆਨ ਚੰਦ ਦਾ ਉਹ ਖੰਡਾ, ਜਿਸ ਨਾਲ ਨਾ ਸਿਰਫ਼ ਦੂਸਰਿਆਂ ਦੀ ਰੱਖਿਆ ਕੀਤੀ ਸਗੋਂ ਦੰਗਾਕਾਰੀਆਂ ਨੂੰ ਵੀ ਧੂੜ ਚਟਾਈ ਸੀ, ਰੱਖਿਆ ਹੋਇਆ ਸੀ।

ਪਰਿਵਾਰ ’ਚੋਂ ਮਿਲੀ ਵਿਰਾਸਤ ਨੂੰ ਰੱਖਿਆ ਕਾਇਮ

ਮੋਹਿੰਦਰ ਠੁਕਰਾਲ ਨੇ ਚਿੱਤਰਕਾਰੀ ਵਰਗੇ ਸੂਖ਼ਮ ਕਾਰਜ ਦੇ ਨਾਲ ਹੀ ਦਾਦੇ ਤੇ ਭਰਾ ਤੋਂ ਮਿਲੀ ਭਲਵਾਨੀ ਦੀ ਵਿਰਾਸਤ ਨੂੰ ਕਾਇਮ ਰੱਖਿਆ ਹੈ ਤੇ ਅਜੇ ਵੀ 76 ਸਾਲ ਦੀ ਉਮਰ ’ਚ ਰੋਜ਼ਾਨਾ ਕਸਰਤ ਕਰਦੇ ਹਨ ਅਤੇ ਅਖਾੜੇ ਜਾਂਦੇ ਹਨ। ਬਚਪਨ ਉਹ ਆਪਣੇ ਦਾਦੇ ਕੋਲ ਬੈਠ ਕੇ ਜਦੋਂ ਵੰਡ ਦੀਆਂ ਗੱਲਾਂ ਸੁਣਦੇ ਸਨ ਤਾਂ ਅਕਸਰ ਹੀ ਆਪਣੇ ਦਾਦੇ ਦੇ ਪਿੰਡੇ ਉਪਰ ਲੱਗੇ ਪੰਜ ਟੱਕ ਵੇਖ ਕੇ ਉਨ੍ਹਾਂ ਬਾਰੇ ਪੁੱਛਦੇ। ਦਾਦਾ ਗਿਆਨ ਚੰਦ ਨੇ ਦੱਸਿਆ ਕਿ ਜਦੋਂ ਵੰਡ ਦਾ ਰੌਲਾ ਪਿਆ ਤਾਂ ਉਹ ਘਰੋਂ ਬਾਹਰ ਸਨ ਤੇ ਦੰਗਾਕਾਰੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਇਕ ਬਿਮਾਰ ਔਰਤ ਨੂੰ ਮੋਢਿਆਂ ’ਤੇ ਉਲਾਰਿਆ ਹੋਇਆ ਸੀ ਤੇ ਹੱਥ ’ਚ ਦੋ-ਧਾਰੀ ਖੰਡਾ ਸੀ, ਜਿਸ ਨਾਲ ਉਨ੍ਹਾਂ ਨੇ ਦੰਗਾਕਾਰੀਆਂ ਦਾ ਡਟ ਕੇ ਮੁਕਾਬਲਾ ਕੀਤਾ ਪਰ ਹਮਲਾਵਰ ਸਾਹਮਣਿਓਂ ਤਾਂ ਵਾਰ ਨਾ ਕਰ ਸਕੇ ਪਰ ਪਿੱਠ ਪਿੱਛੋਂ ਵਾਰ ਕਰ ਕੇ ਪਿੰਡੇ ’ਤੇ ਪੰਜ ਟੱਕ ਲਾ ਦਿੱਤੇ। ਉਨ੍ਹਾਂ ਨੇ ਪਰਵਾਹ ਨਾ ਕੀਤੀ ਪਰ ਅਚਾਨਕ ਗੰਦੇ ਨਾਲੇ ’ਚ ਡਿੱਗ ਕੇ, ਜਿੱਥੇ ਉਨ੍ਹਾਂ ਦੀ ਲੱਤ ’ਤੇ ਸੱਪ ਨੇ ਡੰਗ ਮਾਰ ਦਿੱਤਾ। ਕਿਸੇ ਤਰ੍ਹਾਂ ਦੰਗਾਕਾਰੀਆਂ ਦੀ ਚੁੰਗਲ ’ਚੋਂ ਬਚ ਨਿਕਲੇ ਤੇ ਤੂੜੀ ਵਾਲੇ ਮੂਸਲ ’ਚ ਲੁਕ ਗਏ। ਉੱਥੇ ਹੀ ਉਨ੍ਹਾਂ ਨੇ ਆਪਣੀ ਲੱਤ, ਜਿੱਥੇ ਸੱਪ ਨੇ ਡੰਗ ਮਾਰਿਆ ਸੀ, ਦੇ ਜ਼ਹਿਰ ਫੈਲਣੋਂ ਰੋਕਣ ਲਈ ਖੰਡੇ ਨਾਲ ਮਾਸ ਵੱਢ ਦਿੱਤਾ ਤੇ ਜ਼ਖ਼ਮ ’ਤੇ ਤੂੜੀ ਰੱਖ ਕੇ ਪੱਗ ਲਪੇਟ ਦਿੱਤੀ। ਤਿੰਨ ਦਿਨ ਤਕ ਉਸ ਮੂਸਲ ’ਚ ਲੁਕੇ ਰਹੇ ਤੇ ਠੰਢ-ਠੰਢੋਲਾ ਹੋਣ ਤੋਂ ਬਾਅਦ ਸ਼ਰਨਾਰਥੀ ਕੈਂਪ ’ਚ ਪੁੱਜੇ।

- ਜਤਿੰਦਰ ਪੰਮੀ

Posted By: Harjinder Sodhi