- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿਆਸਤਦਾਨਾਂ ਨੂੰ ਮੈਂ ਕੁੱਝ ਨੀਂ ਕਹਿਣਾ ਇਹ ਤਾਂ ਅੰਕੜੇ ਦੱਸ ਦੱਸ ਕੇ ਡੰਗ ਟਪਾ ਰਹੇ ਹਨ। ਪਹਿਲਾਂ ਵਾਲਿਆਂ ਨੇ ਵੀ ਇਹ ਕੀਤਾ ਤੇ ਹੁਣ ਵਾਲੇ ਵੀ ਇਹ ਕਰ ਰਹੇ ਹਨ। ਕੋਈ ਠੋਸ ਨੀਤੀ ਨਹੀਂ। ਬੱਸ ਇਕ ਦੂਜੇ ਨੂੰ ਬਦਨਾਮ ਕਰਨ ਤੋਂ ਬਿਨਾਂ ਕੁੱਝ ਨਹੀਂ। ਲੋਕੋ, ਮੈਂ ਤੁਹਾਡਾ ਤੇ ਤੁਸੀਂ ਮੇਰੇ ਹੋ। ਤੁਸੀਂ ਆਪਣੇ ਆਪਣੇ ਪਿੰਡ ਨੂੰ ਸੰਭਾਲੋ। ਪਿੰਡ ਸੰਭਾਲ ਲਿਆ ਤਾਂ ਸੱਭ ਕੁਝ ਸੁਧਰ ਜਾਵੇਗਾ।

ਜੈ ਸਿੰਘ ਛਿੱਬਰ, ਚੰਡੀਗੜ : ਮੈਂ ਪੰਜਾਬ ਹਾਂ। ਬਹੁਤ ਦੇਰ ਤੋਂ ਮਨ ਦੇ ਵਲਵਲੇ ਆਪਣੇ ਅੰਦਰ ਸਮੋਈ ਬੈਠਾ ਹਾਂ। ਅੱਜ ਦਿਲ ਕੀਤਾ ਕਿ ਕੁਝ ਗੱਲਾਂ ਤੁਹਾਡੇ ਨਾਲ ਕਰਾਂ। ਮੈਂ 1947 ਵਿਚ ਕੀਤੇ ਦੋ ਟੋਟਿਆਂ ਦੀ ਗੱਲ ਨਹੀਂਓ ਕਰਨੀ, ਨਾ ਹੀ ਸੱਜੀ ਤੇ ਖੱਬੀ ਬਾਂਹ ਵੱਢ ਕੇ ਮੇਰੇ ਦੋ ਸ਼ਰੀਕ ਛੋਟੇ ਤੇ ਵੱਡੇ ਭਾਈ ਦੀ ਗੱਲ ਕਰਨੀ ਕਿ ਕਿਵੇਂ ਉਹਨਾਂ ਮੇਰੇ ਇਲਾਕੇ ’ਤੇ ਕਬਜ਼ਾ ਕਰ ਲਿਆ ਜਾਂ ਕਰਵਾ ਦਿੱਤਾ ਗਿਆ। ਤੁਸੀਂ ਸਾਰੇ ਜਾਣਦੇ ਹੋ ਕਿ ਦੋ ਹਿੱਸਿਆਂ ਵਿਚ ਵੰਡਣ ਨਾਲ ਕਿੰਨਾ ਖੂਨ ਡੁੱਲਿਆ। ਕਿੰਨਾ ਜਾਨੀ-ਮਾਲੀ ਨੁਕਸਾਨ ਹੋਇਆ।
ਮੈਂ ਡਾਹਢਾ ਪਰੇਸ਼ਾਨ ਹਾਂ। ਮੇਰੇ ਦਰਿਆ, ਨਦੀਆਂ, ਨਾਲੇ ਜਿਹਨਾਂ ਵਿਚ ਦੁੱਧ ਚਿੱਟਾ ਪਾਣੀ ਵਹਿੰਦਾ ਸੀ। ਪਵਿੱਤਰ ਮਿੱਠਾ ਪਾਣੀ ਪੀ ਕੇ ਪਿਆਸੇ ਮੈਨੂੰ ਅਸੀਸ ਦੇ ਕੇ ਜਾਂਦੇ। ਅੱਜ ਕੋਈ ਨਹੀਂ ਆਉਦਾ। ਜੇਕਰ ਕੋਈ ਆਉਂਦਾ ਵੀ ਹੈ ਤਾਂ ਨੱਕ ਉਤੇ ਰੁਮਾਲ ਧਰਕੇ ਆਉਂਦਾ। ਮੇਰੇ ਆਪਣੇ ਹੀ ਧੀਆਂ ਪੁੱਤ ਉਦਯੋਗਾਂ ਦਾ ਜ਼ਹਿਰੀਲਾ ਕੈਮੀਕਲ ਅਤੇ ਸੀਵਰੇਜ ਇਹਨਾਂ ਜਲ-ਸਰੋਤਾਂ ਵਿਚ ਸੁੱਟ ਕੇ ਦੁੱਧ ਚਿਟਾ ਪਾਣੀ ਕਾਲਾ ਸ਼ਾਹ ਬਣਾ ਰਹੇ ਹਨ। ਇਸ ਨਾਲ ਮੈਨੂੰ ਕੈਂਸਰ, ਕਾਲਾ ਪੀਲੀਆ (ਹੈਪੇਟਾਈਟਿਸ), ਚਮੜੀ ਦੇ ਰੋਗ ਅਤੇ ਪੇਟ ਦੀਆਂ ਗੰਭੀਰ ਬਿਮਾਰੀਆਂ ਚਿੰਬੜ ਗਈਆਂ ਹਨ। ਕੈਂਸਰ ਟ੍ਰੇਨ ਜਦ ਕੂਕਾਂ ਮਾਰਦੀ ਲੰਘਦੀ ਤਾਂ ਮੇਰੇ ਦਿਲ ਨੂੰ ਧੂਹ ਪੈਂਦੀ। ਤੁਸੀਂ ਤਾਂ ਧਰਤੀ ਹੇਠਲਾ ਪਾਣੀ ਵੀ ਜ਼ਹਿਰੀਲਾ ਕਰ ਦਿੱਤਾ, ਨਲਕਿਆਂ ਅਤੇ ਟਿਊਬਵੈੱਲਾਂ ਵਿੱਚੋਂ ਹੁਣ ਪੀਣ ਯੋਗ ਪਾਣੀ ਨਹੀਂ ਮਿਲ ਰਿਹਾ। ਇਸ ਵਿਚ ਮੇਰਾ ਕੀ ਕਸੂਰ ਹੈ? ਦੁਨੀਆਂ ਭਰ ਵਿਚ ਮੈਨੂੰ ਬਦਨਾਮ ਕਰ ਦਿੱਤਾ ਗਿਆ ਹੈ ਕਿ ਪਾਣੀ ਪੰਜਾਂ ਦਰਿਆਵਾਂ ਵਾਲਾ ਜ਼ਹਿਰੀ ਹੋ ਗਿਆ। ਬੱਸ ਮੇਰੀ ਬੇਨਤੀ ਹੈ ਕਿ ਸਮੇਂ ਦੀਆਂ ਹਕੂਮਤਾਂ ਨੇ ਮੈਨੂੰ ਬਥੇਰਾ ਝੰਬ ਲਿਆ। ਮੇਰੇ ਧੀਆਂ ਪੁੱਤਰੋ ਤੁਸੀ ਸੰਭਲ ਜਾਓ- ਕਹਿੰਦੇ ਹਨ ਜਲ ਹੈ ਤਾਂ ਕੱਲ੍ਹ ਹੈ। ਪਾਣੀ ਹੈ ਤਾਂ ਜੀਵਨ ਹੈ। ਹੁਣ ਤੁਸੀ ਬੋਤਲਾਂ ’ਤੇ ਆ ਗਏ, ਆਉਣ ਵਾਲੀ ਪੀੜ੍ਹੀ ਨੂੰ ਕੀ ਦੇ ਕੇ ਜਾਓਗੇ? ਥੋੜਾ ਅਕਲ ਨੂੰ ਹੱਥ ਮਾਰੋ।
ਬੱਚੇ ਤੁਹਾਡੇ ਕੋਲ ਰਹਿਣਾ ਨਹੀਂ ਚਾਹੁੰਦੇ। ਪਰਵਾਸ ਕਰ ਰਹੇ ਨੇ। ਸੱਤ ਸਮੁੰਦਰ ਪਾਰ ਨਵੀਂ ਦੁਨੀਆਂ ਵਸਾਉਣ ਲੱਗੇ ਹਨ। ਤੁਸੀਂ ਖੁਸ਼ ਹੈ ਕਿ ਵਿਦੇਸ਼ੀ ਧਰਤੀ ’ਤੇ ਨਵਾਂ ਪੰਜਾਬ ਬਣਾ ਲਿਆ। ਪਰ ਜਿਹੜਾ ਏਥੇ ਸਤੁੰਲਨ ਵਿਗੜ ਰਿਹੈ ਉਸ ਵੱਲ ਦੇਖੋ। ਮੇਰਾ ਪਾਣੀ ਤਾਂ ਪ੍ਰਦੂਸ਼ਿਤ ਕਰ ਦਿੱਤਾ। ਮੇਰੀ ਜ਼ੁਬਾਨ, ਮਾਂ ਬੋਲੀ ਖੋਹਣ ਦੇ ਯਤਨ ਕੀਤੇ ਜਾ ਰਹੇ ਹਨ। ਪੰਜਾਬੀ ਬੋਲਣ ਉਤੇ ਜੁਰਮਾਨੇ ਹੋਣ ਲੱਗੇ ਹਨ। ਭਾਈ ਅਕਲ ਨੂੰ ਹੱਥ ਮਾਰੋ , ਤੁਸੀਂ ਕੁਝ ਵੀ ਬੋਲੋ ਪਰ ਇਹ ਤਾਂ ਸੋਚੋ ਭਾਸ਼ਾ -ਬੋਲੀ ਦੇ ਨਾਮ ’ਤੇ ਬਣੇ ਪੰਜਾਬ ਨੂੰ ਪੰਜਾਬ ਸਿਹੁੰ ਕੌਣ ਕਹੇਗਾ?
ਹੁਣ ਜੇਕਰ ਦੁੱਖਦੀ ਰਗ ’ਤੇ ਹੱਥ ਧਰਿਆ ਤਾਂ ਲੱਗਦੇ ਹੱਥ ਇਕ ਹੋਰ ਸੁਣ ਲਓ। ਪਹਿਲਾਂ ਕਾਲੇ ਦੌਰ ਦੌਰਾਨ ਹਜ਼ਾਰਾਂ ਦੀ ਸੰਖਿਆ ਵਿਚ ਮੇਰੇ ਪੁੱਤ ਮਾਰ ਦਿੱਤੇ ਜਾਂ ਮਰਵਾ ਦਿੱਤੇ। ਹਜ਼ਾਰਾਂ ਮੇਰੀਆਂ ਧੀਆਂ ਨੂੰ ਸਿਰ ਚਿੱਟੀ ਚੁੰਨੀ ਲੈਣ ਲਈ ਮਜ਼ਬੂਰ ਕੀਤਾ। ਉਹ ਦੁੱਖ ਵੀ ਮੇਰੇ ਧੀ-ਪੁੱਤ ਭੁੱਲ ਗਏ ਸਨ, ਹੁਣ ਮੇਰੇ ਜੁਆਕ ਨਸ਼ੇ ਦੀ ਦਲਦਲ ਵਿਚ ਫਸਾ ਦਿੱਤੇ ਗਏ। ਕੱਲ੍ਹ ਦੇ ਜੁਆਕ, ਗੱਭਰੂ ਹੋਣ ਤੋਂ ਪਹਿਲਾਂ ਹੀ ਸਿਵਿਆ ਦੇ ਰਾਹ ਪੈ ਗਏ । ਕੋਈ ਤਾਂ ਰੋਕੋ। ਵੇ ਐਡਾ ਕੀ ਲੋਹੜਾ ਆ ਗਿਆ-ਸਾਰੇ ਮੇਰੇ ਹੀ ਮਗਰ ਪਏ ਹੋਏ ਹਨ। ਉੱਚੇ ਲੰਬੇ, ਗੱਭਰੂ ਜਵਾਨ ਜੁੱਸੇ ਵਾਲੇ ਮੇਰੇ ਪੁੱਤ ਮੁੱਠ ਬਣਦੇ ਜਾ ਰਹੇ ਹਨ। ਰੱਬ ਦਾ ਵਾਸਤਾ, ਸੰਭਲ ਜਾਓ-ਤੁਹਾਡੀਆਂ ਪੀੜੀਆਂ ਖ਼ਤਮ ਹੋ ਰਹੀਆਂ।
ਸਿਆਸਤਦਾਨਾਂ ਨੂੰ ਮੈਂ ਕੁੱਝ ਨੀਂ ਕਹਿਣਾ ਇਹ ਤਾਂ ਅੰਕੜੇ ਦੱਸ ਦੱਸ ਕੇ ਡੰਗ ਟਪਾ ਰਹੇ ਹਨ। ਪਹਿਲਾਂ ਵਾਲਿਆਂ ਨੇ ਵੀ ਇਹ ਕੀਤਾ ਤੇ ਹੁਣ ਵਾਲੇ ਵੀ ਇਹ ਕਰ ਰਹੇ ਹਨ। ਕੋਈ ਠੋਸ ਨੀਤੀ ਨਹੀਂ। ਬੱਸ ਇਕ ਦੂਜੇ ਨੂੰ ਬਦਨਾਮ ਕਰਨ ਤੋਂ ਬਿਨਾਂ ਕੁੱਝ ਨਹੀਂ। ਲੋਕੋ, ਮੈਂ ਤੁਹਾਡਾ ਤੇ ਤੁਸੀਂ ਮੇਰੇ ਹੋ। ਤੁਸੀਂ ਆਪਣੇ ਆਪਣੇ ਪਿੰਡ ਨੂੰ ਸੰਭਾਲੋ। ਪਿੰਡ ਸੰਭਾਲ ਲਿਆ ਤਾਂ ਸੱਭ ਕੁਝ ਸੁਧਰ ਜਾਵੇਗਾ।
ਹਾਂ! ਇਕ ਹੋਰ ਸੁਣ ਲਓ। ਮੈਨੂੰ ਕਰਜ਼ੇ ਦੀ ਭਾਰੀ ਪੰਡ ਨੇ ਦੱਬ ਲਿਆ- ਕਰੀਬ ਚਾਰ ਲੱਖ ਕਰੋੜ ਦਾ ਕਰਜ਼ਾ ਮੇਰੇ ’ਤੇ। ਐਵੇ ਮੁਫ਼ਤ ਦੀਆਂ ਚੀਜ਼ਾਂ ਲੈਣੀਆਂ ਬੰਦ ਕਰ ਦਿਓ। ਜੇਕਰ ਕੋਈ ਮੁਫ਼ਤ ਵੰਡਣ ਆਉਂਦਾ ਉਸਨੂੰ ਬੱਚਿਆ ਦੀ ਪੜ੍ਹਾਈ, ਰੁਜ਼ਗਾਰ ਦੇ ਸਾਧਨ, ਨੌਕਰੀਆਂ ਅਤੇ ਨੌਜਵਾਨਾਂ ਨੂੰ ਪਰਵਾਸ ਤੋਂ ਰੋਕਣ ਅਤੇ ਨਸ਼ਿਆਂ ਨੂੰ ਠੱਲ੍ਹਣ ਲਈ ਵਿਜਨ ਬਾਰੇ ਪੁੱਛੋ। ਤੁਹਾਨੂੰ ਪਤਾ ਕਿ ਤੁਹਾਨੂੰ ਹਜ਼ਾਰ -ਦੋ ਹਜ਼ਾਰ ਰੁਪਏ ਦੇ ਕੇ, ਮੁਫ਼ਤ ਸਮਾਨ ਦਾ ਸਮਾਨ ਵੰਡ ਕੇ ਮੈਨੂੰ ਕਿਵੇਂ ਨਿੰਬੂ ਵਾਂਗ ਨਿਚੋੜਦੇ ।
ਬੱਸ ! ਰੱਬ ਦੇ ਵਾਸਤੇ ਤੁਸੀਂ ਸੰਭਲ ਜਾਓ ਤਾਂ ਮੈ ਆਪੇ ਸੰਭਲ ਜਾਵਾਂਗਾ।