Book Review : ਵਾਹਗੇ ਦੇ ਆਰ ਪਾਰ (ਦੇਸ਼ ਦੀ ਵੰਡ ਨਾਲ ਸਬੰਧਤ ਇਕਾਂਗੀ-ਸੰਗ੍ਰਹਿ)
ਸੰਨ 1947 ਦੀ ਦੇਸ਼ ਦੀ ਵੰਡ ਨੇ ਜਿੱਥੇ ਸਾਨੂੰ ਆਜ਼ਾਦ ਫ਼ਿਜ਼ਾ ਵਿਚ ਸਾਹ ਲੈਣ ਦਾ ਸੁਨੇਹਾ ਦਿੱਤਾ ਉੱਥੇ ਇਸ ਵੇਲੇ ਵਾਪਰਿਆ ਦੁਖਾਂਤ ਅਜਿਹਾ ਨਾਸੂਰ ਹੈ, ਜਿਹੜਾ ਵੱਢ-ਟੁੱਕ ਦੇ ਉਸ ਦੌਰ ਨੂੰ ਯਾਦ ਕਰ ਕੇ ਅੱਜ ਵੀ ਦੇਸ਼ ਵਾਸੀਆਂ, ਵਿਸ਼ੇਸ਼ ਕਰਕੇ ਪੰਜਾਬੀਆਂ ਦੇ ਮਨਾਂ ਨੂੰ ਇਕ ਭਾਵੁਕ ਸਥਿਤੀ ਦੇ ਰੂਬਰੂ ਕਰ ਦਿੰਦਾ ਹੈ।
Publish Date: Sun, 09 May 2021 10:44 AM (IST)
Updated Date: Sun, 09 May 2021 10:48 AM (IST)
ਪੁਸਤਕ : ਵਾਹਗੇ ਦੇ ਆਰ ਪਾਰ (ਦੇਸ਼ ਦੀ ਵੰਡ ਨਾਲ ਸਬੰਧਤ ਇਕਾਂਗੀ-ਸੰਗ੍ਰਹਿ)
ਸੰਪਾਦਕ : ਡਾ. ਸਤੀਸ਼ ਵਰਮਾ, ਡਾ. ਜਸਵਿੰਦਰ ਸਿੰਘ ਸੈਣੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਪੰਨੇ : 232, ਮੁੱਲ : 250/-
ਸੰਨ 1947 ਦੀ ਦੇਸ਼ ਦੀ ਵੰਡ ਨੇ ਜਿੱਥੇ ਸਾਨੂੰ ਆਜ਼ਾਦ ਫ਼ਿਜ਼ਾ ਵਿਚ ਸਾਹ ਲੈਣ ਦਾ ਸੁਨੇਹਾ ਦਿੱਤਾ ਉੱਥੇ ਇਸ ਵੇਲੇ ਵਾਪਰਿਆ ਦੁਖਾਂਤ ਅਜਿਹਾ ਨਾਸੂਰ ਹੈ, ਜਿਹੜਾ ਵੱਢ-ਟੁੱਕ ਦੇ ਉਸ ਦੌਰ ਨੂੰ ਯਾਦ ਕਰ ਕੇ ਅੱਜ ਵੀ ਦੇਸ਼ ਵਾਸੀਆਂ, ਵਿਸ਼ੇਸ਼ ਕਰਕੇ ਪੰਜਾਬੀਆਂ ਦੇ ਮਨਾਂ ਨੂੰ ਇਕ ਭਾਵੁਕ ਸਥਿਤੀ ਦੇ ਰੂਬਰੂ ਕਰ ਦਿੰਦਾ ਹੈ। ਉਜਾੜੇ ਦੀ ਮਾਰ ਸਹਿਣ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਗੱਲਬਾਤ ਵਿੱਚੋਂ ਅੱਜ ਵੀ ਦੇਸ਼ ਦੀ ਵੰਡ ਦਾ ਦਰਦ ਝਲਕਦਾ ਹੈ। ਇਸ ਸਮੇਂ ਔਰਤਾਂ ਦੀ ਬੇਪਤੀ ਹੋਈ, ਜਾਨ-ਮਾਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ।
‘ਵਾਹਗੇ ਦੇ ਆਰ ਪਾਰ’ ਪੰਜਾਬੀ ਨਾਟ ਖੇਤਰ ਦੀ ਅਜਿਹੀ ਪੁਸਤਕ ਹੈ ਜਿਸ ’ਚ ਦੇਸ਼ ਦੀ ਵੰਡ ਨਾਲ ਸਬੰਧਤ 10 ਇਕਾਂਗੀ ਸ਼ਾਮਿਲ ਕੀਤੇ ਗਏ ਹਨ। ਪੁਸਤਕ ਦਾ ਸੰਪਾਦਨ ਡਾ. ਸਤੀਸ਼ ਕੁਮਾਰ ਵਰਮਾ ਅਤੇ ਡਾ. ਜਸਵਿੰਦਰ ਸਿੰਘ ਸੈਣੀ ਨੇ ਕੀਤਾ ਹੈ। ਸਾਰੇ ਹੀ ਇਕਾਂਗੀ ਦੇਸ਼ ਦੀ ਵੰਡ ਦੇ ਦੁਖਾਂਤ ਦੇ ਕਿਸੇ ਨਾ ਕਿਸੇ ਦਰਦੀਲੇ ਪਹਿਲੂ ਨੂੰ ਹੀ ਬਿਆਨ ਕਰਦੇ ਹਨ ਪਰ ਨਾਲ ਦੀ ਨਾਲ ਦੇਸ਼-ਵੰਡ ਤੋਂ ਬਾਅਦ ਵੀ ਮਨੁੱਖੀ ਚੇਤਨਾ ’ਚ ਮਿਲਵਰਤਣ ਤੇ ਪਿਆਰ ਦੀ ਭਾਵਨਾ ਦੇ ਪ੍ਰਫੁੱਲਤ ਹੋਣ ਨੂੰ ਵੀ ‘ਬੌਰਡਰ ਬੌਰਡਰ’ ਵਰਗੇ ਇਕਾਂਗੀ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਵਿਚ ‘ਉਧਾਲੀ ਹੋਈ ਕੁੜੀ’ (ਕਪੂਰ ਸਿੰਘ ਘੁੰਮਣ), ‘ਇਕ ਵਿਚਾਰੀ ਮਾਂ’ (ਹਰਸ਼ਰਨ ਸਿੰਘ), ‘ਚਿੜੀਆਂ’ (ਆਤਮਜੀਤ), ‘ਅੰਨ੍ਹੇ ਨਿਸ਼ਾਨਚੀ’ (ਅਜਮੇਰ ਸਿੰਘ ਔਲਖ), ‘ਨਾਟਕ ਮੁਨਸ਼ੀ ਖ਼ਾਨ ਦਾ’ (ਗੁਰਸ਼ਰਨ ਸਿੰਘ), ‘ਅਨਾਰਕਲੀ ਬਾਜ਼ਾਰ ਤੋਂ ਅਨਾਰਦਾਨਾ ਚੌਕ’ (ਸਤੀਸ਼ ਕੁਮਾਰ ਵਰਮਾ), ‘ਜਦੋਂ ਮੈਂ ਸਿਰਫ਼ ਇਕ ਔਰਤ ਹੁੰਦੀ ਹਾਂ’ (ਪਾਲੀ ਭੁਪਿੰਦਰ), ‘ਇਸ ਜਗ੍ਹਾ ਇਕ ਪਿੰਡ ਸੀ’ (ਜਗਦੀਸ਼ ਸਚਦੇਵਾ), ‘ਬੌਰਡਰ ਬੌਰਡਰ (ਸ਼ਾਹਿਦ ਨਦੀਮ), ‘ਬੇ-ਘਰੇ’ (ਗੁਰਦਿਆਲ ਖੋਸਲਾ) ਹਨ। ਇਹ ਨਾਟਕ ਜਿੱਥੇ ਦੇਸ਼-ਵੰਡ ਨਾਲ ਸਬੰਧਤ ਹਨ ਉੱਥੇ ਪੰਜਾਬੀ ਨਾਟਕ ਦੇ ਵਿਕਾਸ-ਕ੍ਰਮ ਨੂੰ ਵੀ ਪੇਸ਼ ਕਰਦੇ ਹਨ। ਪੁਸਤਕ ਦੇ ਸ਼ੁਰੂ ਵਿਚ ਸੰਪਾਦਕ ਵੱਲੋਂ ਪੰਜਾਬੀ ਨਾਟ ਪਰੰਪਰਾ ਦੇ ਪਿਛੋਕੜ ਅਤੇ ਅਜੋਕੇ ਦੌਰ ਬਾਰੇ ਵੀ ਭਾਵਪੂਰਤ ਜਾਣਕਾਰੀ ਪੇਸ਼ ਕੀਤੀ ਹੈ।
- ਡਾ. ਸਰਦੂਲ ਸਿੰਘ ਔਜਲਾ