- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵੱਡੀ ਗੱਲ ਇਹ ਹੈ ਕਿ ਉਸ ਕੋਲ ਕਹਿਣ ਲਈ ਵਿਲੱਖਣ ਗੱਲ ਹੈ ਅਤੇ ਉਸ ਨੂੰ ਪ੍ਰਗਟਾਉਣ ਦੀ ਵਿਧੀ ਵੀ ਹੈ। ਉਹ ਆਪਣੇ ਵਿਸ਼ੇ ਨੂੰ ਪੇਸ਼ ਕਰਨ ਲਈ ਪਾਤਰਾਂ ਦੀ ਭੀੜ ਨਹੀਂ ਇਕੱਠੀ ਕਰਦਾ ਸਗੋਂ ਘੱਟੋ ਘੱਟ ਪਾਤਰਾਂ ਰਾਹੀਂ ਆਪਣੀ ਗੱਲ ਕਹਿ ਜਾਂਦਾ ਹੈ। ਇਸ ਦਾ ਇਹ ਵੀ ਹਮੇੇਸ਼ਾ ਯਤਨ ਰਹਿੰਦਾ ਹੈ ਕਿ ਨਾਟਕ ਦੇ ਵਿਸ਼ੇ ਨੂੰ ਸਮਾਜ ਦੇ ਲੋਕਾਂ ਵਿੱਚੋਂ ਚੁਣੇ।

ਆਤਮਜੀਤ ਪੰਜਾਬੀ ਦਾ ਸਮਰੱਥ ਨਾਟਕਕਾਰ ਹੈ। ਸੰਨ 1975 ਤੋਂ ਲੈ ਕੇ ਹੁਣ ਤਕ ਉਸ ਨੇ ਲਗਾਤਾਰ ਨਾਟਕ ਲਿਖੇ ਹਨ। ਜੇ ਅਸੀਂ ਉਸਦੀਆਂ ਰਚਨਾਵਾਂ ਦੀ ਗਿਣਤੀ ਕਰਨ ਲੱਗੀਏ ਤਾਂ ਨਾਟਕਾਂ ਦੀਆਂ ਲਗਪਗ 21 ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਉਹ ਪਾ ਚੁੱਕਾ ਹੈ। ਸਿਰਫ਼ ਸਿਰਜਣਾਤਮਕ ਕੰਮ ਹੀ ਉਸ ਨੇ ਨਹੀਂ ਕੀਤਾ ਸਗੋਂ ਆਲੋਚਨਾ ਦੀਆਂ ਵੀ ਸਾਨੂੰ ਉਸ ਦੀਆਂ ਲਗਪਗ 20-21 ਪੁਸਤਕਾਂ ਮਿਲ ਜਾਣਗੀਆਂ। ਆਤਮਜੀਤ ਦੀ ਸ਼ਖ਼ਸੀਅਤ ਅਜਿਹੀ ਹੈ ਕਿ ਉਸ ਕੋਲੋਂ ਹਮੇਸ਼ਾ ਚੰਗੀ ਰਚਨਾ ਅਤੇ ਵੱਖਰੀ ਤੇ ਵਿਲੱਖਣ ਹੋਂਦ ਰੱਖਣ ਵਾਲੀ ਰਚਨਾ ਦੀ ਆਸ ਕੀਤੀ ਜਾਂਦੀ ਹੈ। ਪੰਜਾਬੀ ਨਾਟਕਾਂ ਦੀ ਪੀੜ੍ਹੀ ਵਿਚ ਉਹ ਆਪਣੇ ਪਹਿਲੇ, ਆਪਣੇ ਸਮਕਾਲੀ ਤੇ ਫਿਰ ਆਪਣੇ ਪਿੱਛੋਂ ਆਉਣ ਵਾਲੇ ਨਾਟਕਕਾਰਾਂ ਨਾਲੋਂ ਬਿਲਕੁਲ ਵੱਖ ਖੜ੍ਹਾ ਨਜ਼ਰ ਆਉਂਦਾ ਹੈ। ਆਤਮਜੀਤ ਦਾ ਰਚਨਾ ਕਾਲ 1970 ਤੋਂ ਪਹਿਲੀ ਕਾਵਿ ਪੁਸਤਕ ‘ਤੇਰੇ ਮੰਦਿਰ’ ਨਾਲ ਆਰੰਭ ਹੁੰਦਾ ਹੈ। ਇੰਜ ਉਸ ਦਾ ਰਚਨਾ ਕਾਲ 2020-21 ਤਕ ਲਗਪਗ ਅੱਧੀ ਸਦੀ ਵਿਚ ਫੈਲਿਆ ਹੋਇਆ ਹੈ। ਮੈਨੂੰ ਲਗਦਾ ਹੈ ਕਿ ਇਹ ਮਹਿਜ਼ ਇਤਫਾਕ ਹੀ ਹੈ ਕਿ ਆਤਮਜੀਤ ਦੇ ਨਾਟਕ ਲੇਖਣ ਕਾਰਜ ਦੇ 50 ਵਰ੍ਹੇ ਮੁਕੰਮਲ ਹੋਣ ’ਤੇ ਉਸ ਦੀ ਰਚਨਾ ਨਾਲ ਸਬੰਧਤ ਤਿੰਨ ਪੁਸਤਕਾਂ ਛਪ ਕੇ ਸਾਡੇ ਸਾਹਮਣੇ ਆਈਆਂ ਹਨ। ਤਿੰਨੇ ਪੁਸਤਕਾਂ ਇਕੋ ਪ੍ਰਕਾਸ਼ਕ ਲੋਕਗੀਤ ਪ੍ਰਕਾਸ਼ਨ ਮੋਹਾਲੀ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ’ਚੋਂ ਦੋ ਪੁਸਤਕਾਂ ਤਾਂ ਨਾਟਕਕਾਰ ਸਤੀਸ਼ ਕੁਮਾਰ ਵਰਮਾ ਨੇ ਹੀ ਸੰਪਾਦਿਤ ਕੀਤੀਆਂ ਹਨ।
ਸਭ ਤੋਂ ਪਹਿਲਾਂ ਹਰਿਭਜਨ ਸਿੰਘ ਭਾਟੀਆਂ ਵਲੋਂ ਸੰਪਾਦਿਤ ਕੀਤੀ ਪੁਸਤਕ ‘ਆਤਮਜੀਤ ਦੀ ਸ਼ਬਦ ਸਾਧਨਾ, ਪਰਤਾਂ ਤੇ ਪਾਸਾਰ’ ਜਿਸ ਦੇ ਪੰਨੇ 394 ਅਤੇ ਮੁੱਲ 625 ਹੈ, ਦੀ ਚਰਚਾ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਇਹ ਪੁਸਤਕ ਆਤਮਜੀਤ ਦੇ ਰਚਨਾ ਸੰਸਾਰ, ਉਸ ਦੇ ਨਾਟਕਾਂ ਦੇ ਵਿਸ਼ਿਆਂ ਦੀ ਵਿਲੱਖਣਤਾ ਤੇ ਉਨ੍ਹਾਂ ਦੇ ਪਾਸਾਰਾਂ ਦੀ ਗੱਲ ਕਰਦੀ ਹੈ। ਹਰਿਭਜਨ ਸਿੰਘ ਭਾਟੀਆ, ਆਤਮਜੀਤ ਦੀ ਸ਼ਬਦ ਸਾਧਨਾ ਦਾ ਵਰਣਨ ਕਰਦਾ ਹੈ ਤਾਂ ਉਸ ਦੀ ਪੁਸ਼ਟੀ ਲਈ, ਇਸ ਪੁਸਤਕ ਵਿਚ ਵੱਖ-ਵੱਖ ਵਿਦਵਾਨਾਂ ਦੇ ਲੇਖ ਵੀ ਸ਼ਾਮਲ ਕਰਦਾ ਹੈ। ਸੰਪਾਦਕ ਆਰੰਭ ਵਿਚ ਲਿਖਦਾ ਹੈ,‘ਆਤਮਜੀਤ ਅੱਧੀ ਸਦੀ ਤੋਂ ਵੱਧ ਅਰਸੇ ਤੋਂ ਸ਼ਬਦ ਸਾਧਨਾ ਕਰ ਰਿਹਾ ਹੈ ਅਤੇ ਇਸ ਰਾਹੀਂ ਉਸ ਨੇ ਭਰਵੇਂ ਰੂਪ ਵਿਚ, ਭਾਵੇਂ ਨਾਟਕ ਸੰਸਾਰ ਦੀ ਸਿਰਜਣਾ ਕੀਤੀ ਹੈ ਪ੍ਰੰਤੂ ਸ਼ਬਦ ਰਾਹੀਂ ਉਸ ਆਪਣੀ ਕਾਵਿ-ਰਚਨਾ ਵਿਚ ਭਾਵ-ਪ੍ਰਗਟਾਵੇ ਦੀ ਸ਼ਕਤੀ ਨੂੰ ਵੀ ਸਮੂਰਤ ਰੂਪ ਦਿੱਤਾ ਹੈ ਅਤੇ ਮਗਰੋਂ ਉਸ ਇਸ ਨੂੰ ਸ਼ਬਦ ਸਾਧਨਾ ਦੇ ਅਗਲੇ ਧਰਾਤਲ ਯਾਨੀ ਨਾਟ-ਚਿੰਤਨ (ਖੋਜ, ਸਿਧਾਂਤ, ਇਤਿਹਾਸ ਅਤੇ ਆਲੋਚਨਾ) ਲਈ ਵੀ ਭਰਵੇਂ ਰੂਪ ਵਿਚ ਇਸਤੇਮਾਲ ਕੀਤਾ ਹੈ।’’
ਪੁਸਤਕ ਨੂੰ ਪੰਜ ਭਾਗਾਂ ਵਿਚ ਵੰਡਿਆ ਗਿਆ ਹੈ। ਪਹਿਲੇ ਭਾਗ ਵਿਚ ਚਾਰ ਲੇਖ ਸ਼ਾਮਲ ਕੀਤੇ ਗਏ ਹਨ। ਆਤਮਜੀਤ ਨੇ ਸਵੈ-ਕਥਨ ਤੋਂ ਪਾਠਕ ਨੂੰ ਨਾਟਕਕਾਰ ਦੇ ਜੀਵਨ ਬਿਰਤਾਂਤ ਦਾ ਪਤਾ ਲੱਗਦਾ ਹੈ ਤੇ ਉਸ ਦੀ ਜੀਵਨ ਸ਼ੈਲੀ ’ਚ, ਉਸ ਦੇ ਪਾਲਣ ਪੋਸ਼ਣ ’ਚ, ਉਸ ਦੀ ਖੰਡਿਤ ਬਿਰਤੀ ’ਚੋਂ ਉਹ ਸਾਰਾ ਕੁਝ ਨਜ਼ਰ ਆਉਂਦਾ ਹੈ ਜੋ ਉਸਦੇ ਨਾਟਕਾਂ ਦੇ ਬਿਰਤਾਂਤ ਦਾ ਅੱਗੇ ਜਾ ਕੇ ਹਿੱਸਾ ਬਣਦਾ ਹੈ। ਤਰਲੋਕ ਸਿੰਘ ਕੰਵਰ, ਕੇਵਲ ਧਾਰੀਵਾਲ ਤੇ ਸਾਹਿਬ ਸਿੰਘ ਨੇ ਆਤਮਜੀਤ ਦੇ ਨਾਟਕਾਂ ਦੇ ਮੰਚੀ ਪਾਸਾਰ ਬਾਬਤ ਚਾਨਣਾ ਪਾਇਆ ਹੈ। ਦੂਜੇ ਭਾਗ ਵਿਚ ਆਤਮਜੀਤ ਦੇ ਲਘੂ ਨਾਟਕ ਦੇ ਸਰੂਪ ਬਾਰੇ ਸਤੀਸ਼ ਕੁਮਾਰ ਵਰਮਾ, ਸੁਰਜੀਤ ਸਿੰਘ ਸੇਠੀ, ਅਤਰ ਸਿੰਘ ਅਤੇ ਦਲਜੀਤ ਸਿੰਘ ਦੇ ਲੇਖ ਸ਼ਾਮਲ ਹਨ। ਵਿਦਵਾਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਆਤਮਜੀਤ ਦੇ ਲਿਖੇ ਹੋਏ ਇਕਾਂਗੀ, ਇਕਾਂਗੀ ਨਹੀਂ ਕਿਉਂਕਿ ਇਹ ਨਿੱਕੇ ਹੋਣ ਦੇ ਬਾਵਜੂਦ ਵੱਡੇ ਕੈਨਵੈਸ ਵਾਲੇ ਹੋਣ ਕਰਕੇ ਨਾਟਕ ਅਖਵਾਉਣ ਦੇ ਹੱਕਦਾਰ ਹਨ। ਸਤੀਸ਼ ਕੁਮਾਰ ਵਰਮਾ ਇਨ੍ਹਾਂ ਨੂੰ ਲਘੂ ਨਾਟਕ ਕਹਿੰਦਾ ਹੈ।
ਇਸੇ ਭਾਗ ਵਿਚ ਹੀ ਹਰਿਭਜਨ ਸਿੰਘ, ਆਤਮਜੀਤ ਸਿੰਘ (ਸੀਨੀਅਰ) ਅਤੇ ਜਗਬੀਰ ਸਿੰਘ ਦੇ ਲੇਖ ਸ਼ਾਮਲ ਹਨ। ਤੀਜੇ ਭਾਗ ਵਿਚ ਵੱਖ-ਵੱਖ ਲੇਖਕਾਂ ਵਲੋਂ ਆਤਮਜੀਤ ਦੇ ਨਾਟਕਾਂ ਬਾਰੇ ਲਗਪਗ 25 ਲੇਖ ਸ਼ਾਮਲ ਹਨ। ‘ਰਿਸ਼ਤਿਆਂ ਦਾ ਕੀ ਰੱਖੀਏ ਨਾਂ’ ਤੋਂ ਲੈ ਕੇ ‘ਸ਼ਹਿਰ ਬਿਮਾਰ ਹੈ’, ‘ਫਰਸ਼ ਵਿਚ ਉੱਗਿਆ ਰੁੱਖ’, ਪੂਰਨ, ਕੈਮਲੂਪਸ ਦੀਆਂ ਮੱਛੀਆਂ, ‘ਪੰਚ ਨਾਦ ਦਾ ਪਾਣੀ’,‘ਮੈਂ ਤਾਂ ਇਕ ਸਾਰੰਗੀ ਹਾਂ’, ‘ਮੰਗੂ ਕਾਮਰੇਡ’ ਅਤੇ ਗ਼ਦਰ ਐਕਸਪ੍ਰੈਸ ਤੋਂ ਇਲਾਵਾ ਹੋਰ ਨਾਟਕਾਂ ਦਾ ਵਰਣਨ ਹੈ। ਪੁਸਤਕ ਦੇ ਚੌਥੇ ਭਾਗ ਵਿਚ ਹਰਿਭਜਨ ਸਿੰਘ ਭਾਟੀਆ ਨੇ ਆਤਮਜੀਤ ਦੀ ਸਿਧਾਂਤ ਦਿ੍ਰਸ਼ਟੀ ਤੇ ਆਲੋਚਨਾ ਦਿ੍ਰਸ਼ਟੀ ਬਾਰੇ ਦੋ ਲੇੇਖ ਸ਼ਾਮਲ ਕੀਤੇ ਹਨ। ਪੁਸਤਕ ਦਾ ਪੰਜਵਾਂ ਭਾਗ ਬੜਾ ਮਹੱਤਵਪੂਰਨ ਹੈ ਜਿਸ ਵਿਚ ਆਤਮਜੀਤ ਦੀਆਂ ਰਚਨਾਵਾਂ ਬਾਰੇ ਵੱਖੋ ਵੱਖਰੇ ਦਾਨਿਸ਼ਵਰਾਂ ਅਤੇ ਅਦੀਬਾਂ ਦੀਆਂ ਟਿੱਪਣੀਆਂ ਸ਼ਾਮਲ ਹਨ। ਆਤਮਜੀਤ ਦੇ ਨਿੱਜ ਨੂੰ ਅਤੇ ਉਸ ਦੀਆਂ ਰਚਨਾਵਾਂ ਦੇ ਵਿਸ਼ੇ ਤੇ ਉਨ੍ਹਾਂ ਦੇ ਪਾਸਾਰਾਂ ਨੂੰ ਜੇ ਸਮਝਣਾ ਹੋਏ ਤਾਂ ਉਸ ਪੱਖੋਂ ਇਹ ਪੁਸਤਕ ਬਹੁਤ ਮਹੱਤਵਪੂਰਨ ਹੈ।
‘ਆਤਮਜੀਤ ਦੇ ਸਾਰੇ ਲਘੂ ਨਾਟਕ’ ਪੰਨੇ 311 ਜਿਸ ਦਾ ਮੁੱਲ 500 ਰੁਪਏ ਅਤੇ ‘ਆਤਮਜੀਤ ਦੇ ਪ੍ਰਤੀਨਿਧ ਇਕਾਂਗੀ’ ਪੰਨੇ 219 ਅਤੇ ਮੁੱਲ 300 ਰੁਪਏ, ਦੋਵੇਂ ਪੁਸਤਕਾਂ ਸਤੀਸ਼ ਕੁਮਾਰ ਵਰਮਾ ਨੇ ਸੰਪਾਦਿਤ ਕੀਤੀਆਂ ਹਨ। ‘ਆਤਮਜੀਤ ਦੇ ਸਾਰੇ ਲਘੂ ਨਾਟਕ’ ਪੁਸਤਕ ਵਿਚ ਲੇਖਕ ਦੇ 17 ਨਾਟਕ ਸ਼ਾਮਲ ਹਨ। ਇਨ੍ਹਾਂ 17 ਨਾਟਕਾਂ ਵਿਚ ‘ਪੱਲੂ ਦੀ ਉਡੀਕ ਵਿਚ, ਚਾਬੀਆਂ, ਵੀਹ ਤੀਹ ਸੋਲਾਂ, ਲੋਕ ਨਾਥ ਅਕਲਮੰਦ, ਹਵਾ ਮਹਿਲ, ਚਿੜੀਆਂ ਅਤੇ ਸੀਣਾਂ ਵਰਗੇ ਮਹੱਤਵਪੂਰਨ ਨਾਟਕ ਸ਼ਾਮਲ ਹਨ। ਸਤੀਸ਼ ਕੁਮਾਰ ਵਰਮਾ ਆਤਮਜੀਤ ਬਾਰੇ ਆਪਣੀ ਸੰਪਾਦਕੀ ਵਿਚ ਕਹਿੰਦਾ ਹੈ ਕਿ ਉਹ ਇਕੋ ਇਕ ਅਜਿਹਾ ਨਾਟਕਕਾਰ ਹੈ ਜਿਸ ਨੇ ਵੀਹਵੀਂ ਸਦੀ ਵਿਚ ਉਭਰੀਆਂ ਤੇ ਸਥਾਪਤ ਹੋਈਆਂ ਚਾਰ ਪੀੜੀਆਂ ਦੇ ਸਮਾਨੰਤਰ ਨਾ ਸਿਰਫ਼ ਨਾਟਕ ਲਿਖੇ ਸਗੋਂ ਉਸ ਨੂੰ ਪੰਜਾਬੀ ਨਾਟਕ ਦੀਆਂ ਕੁੱਲ ਚਾਰ ਪੀੜੀਆਂ ਦੇ ਨਾਲ ਰਚਨਾਤਮਕ ਤੌਰ ’ਤੇ ਭਿੜਨ ਦਾ ਮੌਕਾ ਵੀ ਮਿਲਿਆ ਹੈ। ਉਹ ਆਪਣੇ ਨਾਟਕਾਂ ਲਈ ਬਣੇ ਬਣਾਏ ਨਾਟਕੀ ਢਾਂਚੇ ਦੀ ਥਾਂ ਨਵੀਂਆਂ ਸ਼ਿਲਪ-ਜੁਗਤਾਂ ਅਤੇ ਸੰਚਾਰ ਵਿਧੀਆਂ ਦੀ ਵਰਤੋਂ ਵੱਲ ਰੁਚਿਤ ਰਿਹਾ ਹੈ। ਸੰਪਾਦਕ ਨੇ ਇਸ ਪੁਸਤਕ ਦੇ 17 ਨਾਟਕਾਂ (ਲਘੂ) ਨੂੰ ਚਾਰ ਭਾਗਾਂ ਵਿਚ ਵੰਡ ਕੇ ਇਨ੍ਹਾਂ ਬਾਰੇ ਗੱਲ ਕੀਤੀ ਹੈ। ਪਹਿਲੇ ਭਾਗ ਵਿਚ ਪੱਲੂ ਦੀ ਉਡੀਕ ਵਿਚ, ਲੋਕ ਨਾਥ ਅਕਲਮੰਦ, ਹਵਾ ਮਹਿਲ, ਅੰਨੇ੍ਹ ਕਾਣੇ, ਸਾਢੇ ਤਿੰਨ ਲੱਤਾਂ ਵਾਲਾ ਮੇਜ਼, ਚਾਬੀਆਂ, ਮੁਰਗੀਖਾਨਾ ਅਤੇ ਰੇਲਗੱਡੀ ਸ਼ਾਮਲ ਹਨ। ਦੂਜੇ ਭਾਗ ਵਿਚ ਹਨੀਮੂਨ, ਦਾਇਰਾ ਤੇ ਸਲੀਬ ਅਤੇ ਥੰਮਿਆਂ ਵਾਲੀ ਇਮਾਰਤ ਹਨ, ਤੀਜੇ ਭਾਗ ਵਿਚ ਚਿੜੀਆਂ, ਅਜੀਤ ਰਾਮ, ਸੀਣਾਂ, ਵੀਹ ਤੀਹ ਸੋਲਾਂ, ਕੁੱਤਾ ਤੇ ਮਨੁੱਖ ਸ਼ਾਮਲ ਹਨ ਜਦੋਂ ਕਿ ਚੌਥੇ ਭਾਗ ਵਿਚ ‘ਗੁਬਾਰੇ’ ਨੂੰ ਰਖਿਆ ਹੈ। ਸਤੀਸ਼ ਕੁਮਾਰ ਵਰਮਾ ਨੇ ਆਪਣੀ ਸੰਪਾਦਕੀ ਵਿਚ ਇਨ੍ਹਾਂ ਨਾਟਕਾਂ ਦਾ ਵਿਸ਼ਲੇਸ਼ਣ ਕਰਦਿਆਂ ਨਾਟਕਰਾਰ ਆਤਮਜੀਤ ਦੀ ਇਨ੍ਹਾਂ ਨਾਟਕਾਂ ਵਿਚ ਵਰਤੀ ਗਈ ‘ਐਬਸਰਡ ਦੀ ਵਿਧੀ’ ਦਾ ਜ਼ਿਕਰ ਕੀਤਾ ਹੈ। ਆਤਮਜੀਤ ਦੇ ਨਾਟਕ ‘ਤਬਦੀਲੀ’ ਦੀ ਗੱਲ ਕਰਦੇ ਹਨ।
ਵੱਡੀ ਗੱਲ ਇਹ ਹੈ ਕਿ ਉਸ ਕੋਲ ਕਹਿਣ ਲਈ ਵਿਲੱਖਣ ਗੱਲ ਹੈ ਅਤੇ ਉਸ ਨੂੰ ਪ੍ਰਗਟਾਉਣ ਦੀ ਵਿਧੀ ਵੀ ਹੈ। ਉਹ ਆਪਣੇ ਵਿਸ਼ੇ ਨੂੰ ਪੇਸ਼ ਕਰਨ ਲਈ ਪਾਤਰਾਂ ਦੀ ਭੀੜ ਨਹੀਂ ਇਕੱਠੀ ਕਰਦਾ ਸਗੋਂ ਘੱਟੋ ਘੱਟ ਪਾਤਰਾਂ ਰਾਹੀਂ ਆਪਣੀ ਗੱਲ ਕਹਿ ਜਾਂਦਾ ਹੈ। ਇਸ ਦਾ ਇਹ ਵੀ ਹਮੇੇਸ਼ਾ ਯਤਨ ਰਹਿੰਦਾ ਹੈ ਕਿ ਨਾਟਕ ਦੇ ਵਿਸ਼ੇ ਨੂੰ ਸਮਾਜ ਦੇ ਲੋਕਾਂ ਵਿੱਚੋਂ ਚੁਣੇ। ਦੂਜਾ ਉਹ ਲਿਖੇ ਜਾਣ ਵਾਲੇ ਹਰ ਨਾਟਕ ਲਈ ਉਸ ਦੀਆਂ ਖੇਡੇ ਜਾਣ ਦੀਆਂ ਸੰਭਾਵਨਾਵਾਂ ਨੂੰ ਪਹਿਲਾਂ ਪਰਖਦਾ ਹੈ। ‘ਚਿੜੀਆਂ’ ਨਾਟਕ ਦਾ ਵਿਸ਼ਾ ਮੈਟਾਫਰ ਰਾਹੀਂ ਪੇਸ਼ ਕੀਤਾ ਗਿਆ ਹੈ, ਉਹ ਦੱਸਦਾ ਹੈ ਕਿ ਕਦੋਂ ਸਾਡੇ ਦਰਦ ਇਕ ਸਾਂਝੀ ਤੰਦ ਦਾ ਰੂਪ ਧਾਰ ਜਾਂਦੇ ਹਨ।
ਦੂਜੀ ਪੁਸਤਕ ‘ਆਤਮਜੀਤ ਦੇ ਪ੍ਰਤੀਨਿਧ ਇਕਾਂਗੀ’ ਵਿਚ 10 ਇਕਾਂਗੀ ਸ਼ਾਮਲ ਹਨ। ਸੰਪਾਦਕ ਸਤੀਸ਼ ਕੁਮਾਰ ਵਰਮਾ ਵਲੋਂ ਸੰਪਾਦਿਤ ਕੀਤੀ ਗਈ ਦੂਜੀ ਪੁਸਤਕ ਵਿਚ ਇਨ੍ਹਾਂ 10 ਇਕਾਈਆਂ ਨੂੰ ਲਘੂ ਨਾਟਕ ਕਹਿ ਕੇ ਸ਼ਾਮਲ ਕੀਤਾ ਗਿਆ ਹੈ। ਸਤੀਸ਼ ਕੁਮਾਰ ਵਰਮਾ ਇਸ ਪੁਸਤਕ ਦੀ ਸੰਪਾਦਕੀ ਵਿਚ ਪੰਜਾਬੀ ਨਾਟਕਾਂ ਦੀ ਲਗਪਗ ਇਕ ਸਦੀ ਦਾ ਲੇੇਖਾ ਜੋਖਾ ਕਰਦਾ ਹੈ।
ਉਹ ਪੰਜਾਬੀ ਨਾਟਕ ਦਾ ਆਰੰਭ 1913 ਤੋਂ ਹੋਇਆ ਮੰਨਦਾ ਹੈ। ਉਹ ਇਸ ਦੌਰਾਨ ਭਾਈ ਵੀਰ ਸਿੰਘ ਦੀਆਂ ਰਚਨਾਵਾਂ ‘ਜ਼ੈਨਾ ਦਾ ਵਿਰਲਾਪ’ ਤੇ ‘ਰਾਜਾ ਲਖਦਾਤਾ ਸਿੰਘ ਦਾ ਵਰਣਨ ਕਰਦਾ ਹੈ। ਇਸੇ ਤਰ੍ਹਾਂ ਫਿਰ ਉਹ ਪੰਜਾਬੀ ਦੀ ਨੱਕੜਦਾਦੀ ਅਖਵਾਉਣ ਵਾਲੀ ਨੋਰਾ ਰਿਚਰਡਸ ਦਾ ਜ਼ਿਕਰ ਕਰਦਾ ਹੈ। 14 ਅਪ੍ਰੈਲ 1914 ਨੂੰ ਖੇਡੇ ਗਏ ਪੰਜਾਬੀ ਨਾਟਕ ‘ਦੁਲਹਨ’ ਦੀ ਪੇਸ਼ਕਾਰੀ ਨਾਲ ਆਧੁਨਿਕ ਪੰਜਾਬੀ ਰੰਗ ਮੰਚ ਦਾ ਮੁੱਢ ਬੱਝਾ ਆਖਦਾ ਹੈ। ਸੰਪਾਦਕ ਆਪਣੇ ਇਸੇ ਲੇਖ ਵਿਚ ਪੰਜਾਬੀ ਨਾਟਕ ਇਤਿਹਾਸ ਨੂੰ ਚਾਰ ਪੀੜ੍ਹੀਆਂ ਵਿਚ ਵੰਡਦਾ ਹੈ ਤੇ ਇਨ੍ਹਾਂ ਨਾਟਕਾਂ ਵਿਚ ਪੀੜ੍ਹੀਦਾਰ ਆਈਆਂ ਤਬਦੀਲੀਆਂ ਦਾ ਬਖਾਨ ਕਰਦਾ ਹੈ। ਆਤਮਜੀਤ ਦਾ ਲੇਖਣ ਕਾਰਜ 1975 ਤੋਂ ਆਰੰਭ ਹੁੰਦਾ ਹੈ ਜੋ ਤੀਜੀ ਪੀੜ੍ਹੀ ਨਾਲ ਜੁੜਿਆ ਹੈ। ਆਤਮਜੀਤ ਦਾ ਨਾਟਕਾਂ ਦੇ ਇਤਿਹਾਸ ਵਿਚ ਸਥਾਨ ਨਿਸ਼ਚਿਤ ਕਰਦਿਆਂ ਪਾਠਕਾਂ ਦੇ ਧਿਆਨਗੋਚਰ ਕਰਦਾ ਹੈ ਕਿ ਉਹ ਆਪਣੇ ਤੋਂ ਪਹਿਲੀਆਂ ਪੀੜ੍ਹੀਆਂ ਦੇ ਨਾਲ-ਨਾਲ ਜੁੜਿਆ ਹੋਇਆ ਨਾਟਕਕਾਰ ਹੈ ਤੇ ਨਾਲ-ਨਾਲ ਉਨ੍ਹਾਂ ਨਾਲੋਂ ਵਿਸ਼ਿਆਂ ਤੇ ਪੇਸ਼ਕਾਰੀ ਪੱਖੋਂ ਨਿਵੇਕਲਾ ਵੀ। ਇਨ੍ਹਾਂ ਦੋਵਾਂ ਪੁਸਤਕਾਂ ਵਿਚ ਨਾਟਕਕਾਰ ਆਤਮਜੀਤ ਦੇ ਨਾਟਕਾਂ ਦਾ ਪਾਠ ਸ਼ਾਮਲ ਕੀਤਾ ਗਿਆ ਹੈ। ਇੰਜ ਲੱਗਦਾ ਹੈ ਕਿ ਇਹ ਦੋਵੇਂ ਪੁਸਤਕਾਂ ਉਚੇਚੇ ਤੌਰ ’ਤੇ ਨਾਟਕ ਦੇ ਵਿਦਿਆਰਥੀਆਂ ਲਈ ਹੀ ਤਿਆਰ ਕੀਤੀਆਂ ਗਈਆਂ ਹਨ।
- ਕੁਲਦੀਪ ਸਿੰਘ ਬੇਦੀ