ਉਸ ਦੀ ਆਤਮਕਥਾ ਖ਼ਾਨਾਬਦੋਸ਼ ਦਾ ਕਈ ਦੇਸ਼ੀ-ਵਿਦੇਸ਼ੀ ਭਾਸ਼ਾਵਾਂ ਵਿਚ ਅਨੁਵਾਦ ਹੋਇਆ ਹੈ। ਉਹ ਆਪ ਨੂੰ ਖ਼ਾਨਾਬਦੋਸ਼ ਹੀ ਮੰਨਦੀ ਹੈ। ਅੰਗਰੇਜ਼ੀ ਵਿਚ ਇਹਨਾਂ ਦੀ ਕਹਾਣੀਆਂ ਦਾ ਸੰਗ੍ਰਹਿ ਡੈੱਡ ਐਂਡ ਚਰਚਿਤ ਰਿਹਾ ਹੈ। ਉਸ ਦੀਆਂ ਕੁੱਝ ਪ੍ਰਮੁੱਖ ਰਚਨਾਵਾਂ ਜਿਵੇਂ - ਪੋਸਟਮਾਰਟਮ, ਖ਼ਾਨਾਬਦੋਸ਼, ਗੌਰੀ, ਕਸਾਈਬਾੜਾ, ਕੂੜਾ-ਕਬਾੜਾ, ਅਤੇ ਕਾਲੇ ਖੂਹ ਹਿੰਦੀ ਅਨੁਵਾਦ ਵਿਚ ਵੀ ਮਿਲਦੀਆਂ ਹਨ। ਉਸ ਦੀਆਂ ਸੱਤ ਕਿਤਾਬਾਂ ਪਾਕਿਸਤਾਨ ਵਿਚ ਪ੍ਰਕਾਸ਼ਿਤ ਹੋਈਆਂ ਹਨ। ਨਾ ਮਾਰੋ ਉੱਤੇ ਟੀਵੀ ਧਾਰਾਵਾਹਿਕ ਬਣਿਆ ਹੈ। ਗੁਲਬਾਨੋ, ਚੌਖਟ ਅਤੇ ਮਾਮੀ ਉੱਤੇ ਟੈਲੀ ਫ਼ਿਲਮਾਂ ਬਣੀਆਂ ਹਨ।
ਔਰਤ ਗ਼ੁਲਾਮੀ ਦੀਆਂ ਜੰਜ਼ੀਰਾਂ ਵਿਚ ਸਦੀਆਂ ਤੋਂ ਜਕੜੀ ਹੋਈ ਹੈ। ਆਜ਼ਾਦ ਹੋਣ ਦਾ ਉਸ ਨੇ ਕਦੇ ਸੁਪਨਾ ਹੀ ਨਹੀਂ ਵੇਖਿਆ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ‘ਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨੁ’॥ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ‘ਕੌਰ’ ਦਾ ਖ਼ਿਤਾਬ ਦਿੱਤਾ ਸੀ। ਸਮੇਂ ਦੇ ਨਾਲ-ਨਾਲ ਕੁਝ ਕਲਮਕਾਰਾਂ ਨੇ ਵੀ ਔਰਤ ਦੀ ਆਜ਼ਾਦੀ ਦੀ ਗੱਲ ਕੀਤੀ ਹੈ। ਜਿਨ੍ਹਾਂ ਵਿਚ ਇਕ ਨਾਂ ਆਉਂਦਾ ਹੈ, ਜਿਸ ਨੇ ਔਰਤ ਦੀ ਪੀੜ ਨੂੰ ਨੇੜਿਓ ਤੱਕਿਆ ਤੇ ਖੁੱਲ੍ਹ ਕੇ ਆਵਾਜ਼ ਬੁਲੰਦ ਕੀਤੀ, ਉਹ ਨਾਂ ਹੈ ਕਹਾਣੀਕਾਰਾ ਅਜੀਤ ਕੌਰ। ਅਜੀਤ ਕੌਰ ਛੋਟੀ ਉਮਰੇ ਆਪਣੀ ਪੜ੍ਹਾਈ ਸਮੇਂ ਹੀ ਲਿਖਣ ਲੱਗ ਪਈ ਸੀ। ਉਨ੍ਹਾਂ ਦੀ ‘ਇੱਕ ਮੁਲਕਾਤ’ ‘ਲੋਕ ਸਾਹਿਤ’ ਮਾਸਿਕ (ਰਸਾਲੇ) ਵਿਚ 1948 ’ਚ ਛਪੀ, ਜਿੱਥੋਂ ਉਨ੍ਹਾਂ ਦੇ ਛਪਣ ਦੀ ਸ਼ੁਰੂਅਤ ਹੋਈ। ਉਸ ਦੇ ਹੌਂਸਲੇ ਨੂੰ ਦਾਦ ਮਿਲੀ, ਉਹ ਵੰਨ-ਸਵੰਨੀਆਂ ਕਿਤਾਬਾਂ ਪੜ੍ਹਦੀ ਤੇ ਰਚਨਾਵਾ ਰਚਦੀ, ਉਸ ਸਮੇਂ ਦੇ ਛਪਦੇ ਰਸਾਲਿਆਂ ਵਿਚ ਤੇ ਰੋਜ਼ਾਨਾ ਅਖ਼ਬਾਰਾਂ ਵਿਚ ਉਸ ਦੀਆਂ ਰਚਨਾਵਾਂ ਨੂੰ ਥਾਂ ਮਿਲਣ ਲੱਗ ਪਈ। ਛੇਤੀ ਹੀ ਉਸ ਦਾ ਨਾਮ ਚਰਚਿਤ ਨਾਵਾਂ ਵਿਚ ਆ ਗਿਆ।
ਅਜੀਤ ਕੌਰ ਬਹੁ-ਪੱਖੀ, ਬਹੁ-ਭਾਸ਼ਾਈ ਲੇਖਕਾ ਹੈ। ਉਸ ਨੇ ਹਰ ਵਨੰਗੀ ’ਤੇ ਕਲਮ ਚਲਾਈ ਹੈ, ਜਿਵੇਂ ਨਾਵਲ, ਕਹਾਣੀ, ਨਿਬੰਧ, ਅਨੁਵਾਦ, ਸੰਪਾਦਨਾ, ਸਫਰਨਾਵਾਂ, ਜੀਵਨੀ ਆਦਿ। ਲੇਖਿਕਾ ਦੀਆਂ ਲਿਖੀਆਂ ਪੁਸਤਕਾਂ ਇਸ ਪ੍ਰਕਾਰ ਹਨ : ਗੋਰੀ, ਹੌਕੇ ਦੀ ਹਨੇਰੀ, ਟੁੱਟੇ ਤ੍ਰਿਕੋਣ, ਧੁੱਪ ਵਾਲਾ ਸ਼ਹਿਰ, ਕੱਟੀਆਂ ਲਕੀਰਾਂ, ਪੋਸਟ ਮਾਰਟਮ, ਧੂਆਂ-ਧੂਆਂ ਅਸਮਾਨ (ਨਾਵਲ), ਨਾ ਮਾਰੋ, ਕਾਲੇ ਖੂਹ, ਕਸਾਈਬਾੜ੍ਹਾ, ਫਾਲਤੂ ਔਰਤ, ਮਹਿਕ ਦੀ ਮੌਤ, ਬੁੱਤ ਸ਼ਿਕਨ, ਗੁਲਬਾਨੋ, ਸਾਵੀਆਂ ਚਿੜੀਆਂ, ਨਵੰਬਰ 84, ਮੌਤ ਅਲੀ ਬਾਬੇ ਦੀ, ਆਪਣੇ-ਆਪਣੇ ਜੰਗਲ, ਦਾਸਤਾਨ ਇਕ ਜੰਗਲੀ ਰਾਜ ਦੀ (ਕਹਾਣੀ ਸੰਗ੍ਰਹਿ), ਰਮਾਕਾਂਡ ਰੱਥ ਦੀਆਂ ਕਵਿਤਾਵਾਂ, ਸੀਤਾਕਾਂਡ ਮਹਾਂਪਾਤਰ ਦੀਆਂ ਕਵਿਤਾਵਾਂ ਅਨੁਵਾਦ, ਕੁਲਵੰਤ ਸਿੰਘ ਵਿਰਕ ਉੱਤੇ ਲਿਖੀ ਕਿਤਾਬ ਸਾਹਿਤ ਅਕਾਦਮੀ ਲਈ, ਤਕੀਏ ਦਾ ਪੀਰ (ਯਾਦਾਂ), ਕੱਚੇ ਰੰਗਾਂ ਦਾ ਸ਼ਹਿਰ ਲੰਦਨ (ਯਾਤਰਾ) ਆਦਿ।
ਉਸ ਦੀ ਆਤਮਕਥਾ ਖ਼ਾਨਾਬਦੋਸ਼ ਦਾ ਕਈ ਦੇਸ਼ੀ-ਵਿਦੇਸ਼ੀ ਭਾਸ਼ਾਵਾਂ ਵਿਚ ਅਨੁਵਾਦ ਹੋਇਆ ਹੈ। ਉਹ ਆਪ ਨੂੰ ਖ਼ਾਨਾਬਦੋਸ਼ ਹੀ ਮੰਨਦੀ ਹੈ। ਅੰਗਰੇਜ਼ੀ ਵਿਚ ਇਹਨਾਂ ਦੀ ਕਹਾਣੀਆਂ ਦਾ ਸੰਗ੍ਰਹਿ ਡੈੱਡ ਐਂਡ ਚਰਚਿਤ ਰਿਹਾ ਹੈ। ਉਸ ਦੀਆਂ ਕੁੱਝ ਪ੍ਰਮੁੱਖ ਰਚਨਾਵਾਂ ਜਿਵੇਂ - ਪੋਸਟਮਾਰਟਮ, ਖ਼ਾਨਾਬਦੋਸ਼, ਗੌਰੀ, ਕਸਾਈਬਾੜਾ, ਕੂੜਾ-ਕਬਾੜਾ, ਅਤੇ ਕਾਲੇ ਖੂਹ ਹਿੰਦੀ ਅਨੁਵਾਦ ਵਿਚ ਵੀ ਮਿਲਦੀਆਂ ਹਨ। ਉਸ ਦੀਆਂ ਸੱਤ ਕਿਤਾਬਾਂ ਪਾਕਿਸਤਾਨ ਵਿਚ ਪ੍ਰਕਾਸ਼ਿਤ ਹੋਈਆਂ ਹਨ। ਨਾ ਮਾਰੋ ਉੱਤੇ ਟੀਵੀ ਧਾਰਾਵਾਹਿਕ ਬਣਿਆ ਹੈ। ਗੁਲਬਾਨੋ, ਚੌਖਟ ਅਤੇ ਮਾਮੀ ਉੱਤੇ ਟੈਲੀ ਫ਼ਿਲਮਾਂ ਬਣੀਆਂ ਹਨ।
ਅਜੀਤ ਕੌਰ ਦੀਆਂ ਦੋ ਪੁਸਤਕਾਂ ਉਨ੍ਹਾਂ ਦੀ ਸਵੈ-ਜੀਵਨੀ ਦੀਆਂ ਹਨ ਖ਼ਾਨਾਬਦੋਸ਼ ਤੇ ਕੂੜਾ-ਕਬਾੜਾ। ਪਹਿਲੀ ਪੁਸਤਕ ‘ਖ਼ਾਨਾਬਦੋਸ਼’ ਅਜੀਤ ਕੌਰ ਤੋਂ ਕਹਿ ਕੇ ਅੰਮ੍ਰਿਤਾ ਪ੍ਰੀਤਮ ਨੇ ਲਿਖਵਾਈ ਸੀ ਜੋ ਉਨ੍ਹਾਂ ਆਪਣੇ ਚੱਲਦੇ ਮਾਸਿਕ ਪੱਤਰ ‘ਨਾਗਮਣੀ’ ਵਿਚ ਲੜੀਵਾਰ ਛਪੀ ਸੀ ਤੇ ਕਈ ਭਾਸ਼ਾਵਾਂ ਵਿਚ ਇਸ ਦਾ ਅਨੁਵਾਦ ਹੋਇਆ। ਇਸ ਪੁਸਤਕ ਦੇ ਉਨ੍ਹਾਂ ਸੱਤ ਕਾਂਢ ਬਣਾਏ ਸਨ। ਇਹ ਨਵਰੰਗ ਪਬਲੀਕੇਸ਼ਨ ਦੇ ਭਾਪਾ ਪ੍ਰੀਤਮ ਸਿੰਘ ਵੱਲੋਂ 1982 ਵਿਚ ਛਾਪੀ ਗਈ ਸੀ। ਇਸ ਪੁਸਤਕ ਵਿਚ ਉਸ ਨੇ ਆਪਣੇ ਬਚਪਨ, ਪੜ੍ਹਾਈ, ਵਿਆਹ, ਦੋਵੇਂ ਬੱਚੀਆਂ ਬਾਰੇ, ਲਾਹੌਰ, ਸ਼ਿਮਲਾ ਤੇ ਦਿੱਲੀ ਦੀਆਂ ਰਿਹਾਇਸ਼ਾ ਬਾਰੇ, ਬਾਰਾਂ ਸਾਲ ਬਾਅਦ ਤਲਾਕ ਹੋਣ, ਉਨ੍ਹਾਂ ਦੀ ਬੇਟੀ ਕੈਂਡੀ ਦੀ ਅੱਗ ਲੱਗਣ ਨਾਲ ਮੌਤ ਹੋਣ, ਪੰਜਾਬ ਦੇ ਰਾਜਸੀ ਹਲਾਤਾ, ਪਬਲਿਸ਼ਰ ਓਮ ਪ੍ਰਕਾਸ, ਭਾਰਤੀ ਵਰਗ ਬਾਰੇ ਖੁੱਲ੍ਹ ਕੇ ਬਿਆਨ ਕੀਤਾ ਹੈ। ਅਜੀਤ ਕੌਰ ਦੀ ‘ਕੁੜਾ-ਕਬਾੜਾ’ ਦੂਜਾ ਭਾਗ ਪੁਸਤਕ 1997 ਵਿਚ ਛਪੀ। ਇਸ ਪੁਸਤਕ ਵਿਚ ਵੀ ਪਹਿਲੀ ਪੁਸਤਕ ਵਾਂਗ ਤਮਜ਼ ਕਸੇ ਹਨ। ਇਹ ਸਵੈ-ਜੀਵਨੀ ਅਜੀਤ ਕੌਰ ਦੀ ਇਕ ਰੋਜ਼ਾਨਾ ਅਖ਼ਬਾਰ ਵਿਚ ਲੜੀਵਾਰ ਸਾਰੀ ਹੀ ਛਪੀ ਤੇ ਪਾਠਕਾਂ ਵੱਲੋਂ ਵੀ ਬਹੁਤ ਸੁਲਾਹੀ ਗਈ ਹੈ। ਇਸ ਕਿਤਾਬ ਵਿਚ ਲੇਖਕਾ ਨੇ ਇਸ ਤਰ੍ਹਾਂ ਲਿਖਿਆ ਹੈ ਕਿ ਔਰਤ ਹੋਣਾ ਹੀ ਪਾਪ ਹੈ। ਔਰਤ ਦਾ ਇੱਕਲਿਆਂ ਰਹਿਣਾ ਵੀ ਪਾਪ ਹੈ। ਔਰਤ ਦਾ ਆਰਥਿਕ ਤੌਰ ’ਤੇ ਸੁਤੰਤਰ ਹੋਣਾ ਵੀ ਗੁਨਾਹ ਹੈ ਤੇ ਘਰ ਦੀ ਆਗੂ ਹੋਣਾ ਉਹ ਗੁਨਾਹ ਮੰਨਦੀ ਹੈ ਇਸ ਕਰਕੇ ਹੀ ਉਹ ਔਰਤ ਬਾਰੇ ਔਰਤ ਦੀ ਸੁਤੰਰਤਾ ਬਾਰੇ ਲਿਖਦੀ ਰਹਿੰਦੀ ਹੈ ਕਿ ਮੁਦਤਾਂ ਤੋਂ ਸੁੱਤੀ ਔਰਤ ਨੂੰ ਜਾਗਣਾ ਚਾਹੀਦਾ ਹੈ। ਉਹ ਇਕ ਕਾਢ ’ਚ ਆਪਣੀਆਂ ਦੋਵੇਂ ਧੀਆਂ ਨੂੰ ਆਪਣੇ ਖੰਭ ਦੱਸਦੀ ਹੈ। ਆਪਣੇ ਘਰ ਬਾਰੇ, ਆਪਣੇ ਕਮਰੇ ਬਾਰੇ, ਆਪਣੇ ਮਨ ਬਾਰੇ ਉਸ ਨੇ ਖੁੱਲ੍ਹ ਕੇ ਚਾਨਣਾ ਪਾਇਆ ਹੈ।
ਅਜੀਤ ਕੌਰ ਨੇ ਔਰਤ ਦੇ ਦੁੱਖਾਂ ਨੂੰ ਨੇੜਿਓ ਤੱਕਿਆ ਹੈ। ਇਸ ਕਰਕੇ ਹੀ ਉਹ ਆਪਣੀਆਂ ਕਹਾਣੀਆਂ ’ਚ ਔਰਤ ਜਾਤੀ ਦੀ ਬਾਤ ਪਾਉਂਦੀ ਨਜ਼ਰ ਆਉਂਦੀ ਹੈ। ਉਹ ਯੁੱਗਾਂ ਤੋਂ ਲਤਾੜੀ ਔਰਤ ਨੂੰ ਜਗਾਵਾਂ ਦਿੰਦੀ ਹੈ। ਉਹ ਆਪਣੀਆਂ ਰਚਨਾਵਾਂ ਵਿਚ ਔਰਤ ਪਾਤਰਾਂ ਨੂੰ ਹੱਲਾ-ਸ਼ੇਰੀ ਦਿੰਦੀ ਆਪਣੇ ਹੱਕਾਂ ਦੀ ਰਾਖੀ ਕਰਨ ਲਈ ਲਿਖਤੀ ਹਉਕਾ ਮਾਰਦੀ ਹੈ। ਉਹ ਆਲਮੀ ਇਸਤਰੀ ਵਰਗ ਬਾਰੇ ਚਿੰਤਤ ਹੈ। ਉਹ ਆਪਣੀਆਂ ਲਿਖਤਾਂ ਵਿਚ ਔਰਤ ਨੂੰ ਨਿੱਡਰਤਾ ਨਾਲ ਅੱਗੇ ਆਉਣ ਲਈ ਜਗਾਵਾ ਦਿੰਦੀ ਹੈ।
ਅਜੀਤ ਕੌਰ ਦੀ ਲਿਖਣ ਸ਼ੈਲੀ ਰੌਚਕ ਹੈ, ਉਹ ਆਪਣੀ ਲਿਖਤ ਵਿਚ ਅਜਿਹੀ ਮਿਠਾਸ ਭਰਦੀ ਹੈ ਕਿ ਪਾਠਕ ਉਸ ਦੀ ਕਿਤਾਬ ਜਾ ਰਚਨਾ ਪੜ੍ਹਦਾ ਅਕੇਵਾਂ-ਥਕੇਵਾਂ ਮਹਿਸੂਸ ਨਹੀਂ ਕਰਦਾ ਸਗੋਂ ਸਾਰੀ ਕਿਤਾਬ ਪੜ੍ਹ ਕੇ ਹੀ ਦਮ ਭਰਦਾ ਹੈ। ਲੇਖਕਾ ਦੀ ਵਿਚਾਰ ਯਥਾਰਥਵਾਦੀ ਹੈ। ਕਲਾਤਮਕ ਨੂੰ ਉਹ ਘੱਟ ਤਰਜੀਹ ਦਿੰਦੀ ਹੈ। ਸੱਚੀ ਹਕੀਕਤ ਲਿਖਣ ਵੱਲ ਉਸ ਦਾ ਝੁਕਾਅ ਵੱਧ ਹੈ। ਉਸ ਨੇ ਜਿੰਨਾ ਲਿਖਿਆ ਹੈ, ਬਿਨਾਂ ਕਿਸੇ ਲਾਲਚ ਦੇ, ਬਿਨਾਂ ਕਿਸੇ ਖੌ਼ਫ਼ ਦੇ ਲਿਖਿਆ ਹੈ। ਉਹ ਐਡਾ ਮਰਦ ਦਾ ਵਿਰੋਧ ਵੀ ਨਹੀਂ ਕਰਦੀ ਪਰ ਔਰਤ ਨੂੰ ਮਜਬੂਤ ਹੋਣ ਲਈ ਸਲਾਹ ਦਿੰਦੀ ਨਜ਼ਰ ਆਉਂਦੀ ਹੈ।
ਅਜੀਤ ਕੌਰ ਨੇ ਖੁ਼ਦ 1947 ਤੇ 1984 ਦਾ ਸੰਤਾਪ ਹੰਢਾਇਆ, ਵੇਖਿਆ ਹੈ। ਬੜੀ ਸ਼ਿੱਦਤ ਨਾਲ ਉਸ ਨੇ ਇਨ੍ਹਾਂ ਦੁਖਾਤਾਂ ਨੂੰ ਆਪਣੀਆਂ ਲਿਖਤਾਂ ਵਿਚ ਪਰੋਇਆ ਹੈ। ਉਨ੍ਹਾਂ ਆਪਣੀਆਂ ਲਿਖਤਾਂ ਵਿਚ ਇਕੱਲੀ ਨਾਰੀ ਦੀ ਹੀ ਗੱਲ ਨਹੀਂ ਕੀਤੀ, ਸਗੋਂ ਸਮਾਜਿਕ ਅਨਿਆਏ, ਭ੍ਰਿਸ਼ਟਾਚਾਰ ਵਿਰੁੱਧ, ਆਪਣੀਆਂ ਲਿਖਤਾਂ ਰਾਹੀ ਆਵਾਜ਼ ਬੁਲੰਦ ਕੀਤੀ ਹੈ। ਉਸ ਨੇ ਕਹਾਣੀ ਤੇ ਗਲਪ ਦੇ ਖੇਤਰ ਵਿਚ ਵਿਲੱਖਣ ਪੈੜਾਂ ਪਾਈਆਂ ਹਨ। ਲੇਖਿਕਾ ਨੇ ਇਸਤਰੀ-ਪੁਰਸ਼ ਦੇ ਰਿਸ਼ਤਿਆਂ ਨੂੰ ਬੜੀ ਬਰੀਕੀ ਨਾਲ ਚਿਤਰਿਆ ਹੈ। ਕਹਾਣੀਕਾਰ ਨੇ ਸਮਾਜਿਕ ਵਿਸ਼ਿਆਂ ਨੂੰ ਵੱਧ ਛੋਹਿਆ ਹੈ ਅਤੇ ਨਿੱਕੀਆਂ ਕਹਾਣੀਆਂ ਬੇ-ਹਿਸਾਬ ਰਚੀਆਂ ਹਨ। ਔਰਤ ਤੇ ਪਬੰਦੀ ਲਾਉਣ ਵਾਲੀਆ ਸਮਾਜਿਕ ਕਦਰਾਂ ਕੀਮਤਾਂ ’ਤੇ ਵਿਅੰਗ ਵੀ ਕਸੇ ਹਨ।
ਅਜੀਤ ਕੌਰ ਦੇ ਜਨਮ, ਘਰ-ਪਰਿਵਾਰ ਤੇ ਵਿਦਿਆ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ 16, ਨਵੰਬਰ 1934 ਨੂੰ ਮਾਤਾ ਜਸਵੰਤ ਕੌਰ ਦੇ ਪੇਟੋਂ, ਪਿਤਾ ਮੱਖਣ ਸਿੰਘ ਬਜਾਜ ਦੇ ਘਰ, ਲਹੌਰ ਲਹਿੰਦੇ ਪੰਜਾਬ (ਪਾਕਿਸਤਾਨ) ਵਿਖੇ ਹੋਇਆ। ਉਨ੍ਹਾਂ ਮੁੱਢਲੀ ਵਿਦਿਆ ਸੇਕਰਡ ਹਾਰਟ ਸਕੂਲ ਤੇ ਖ਼ਾਲਸਾ ਹਾਈ ਸਕੂਲ, ਲਹੌਰ ਵਿਖੇ ਕੀਤੀ। ਭਾਰਤ-ਪਾਕ ਦੇ ਬਟਵਾਰੇ ਵੇਲੇ ਉਹ ਦਸਵੀਂ ਜਮਾਤ ਦੀ ਵਿਦਿਆਰਥਣ ਸੀ। ਪਰਿਵਾਰ ਸਮੇਤ ਉਸ ਨੂੰ ਸ਼ਿਮਲੇ ਆਉਣਾ ਪਿਆ। ਉਸ ਨੇ ਐੱਮ.ਏ. ਇਕਨਾਮਿਕਮ ਤੇ ਬੀ.ਐਡ, ਦਿੱਲੀ ਤੋਂ ਕੀਤੀ। ਪੰਜਾਬੀ, ਅੰਗਰੇਜ਼ੀ ਤੇ ਉਰਦੂ ਦਾ ਅਧਿਐਨ ਵੀ ਪੂਰਾ ਮਨ-ਚਿੱਤ ਲਾ ਕੇ ਕੀਤਾ। 1952 ਵਿਚ ਅਜੀਤ ਕੌਰ ਦਾ ਵਿਆਹ ਰਾਜਿੰਦਰ ਸਿੰਘ ਨਾਲ ਹੋਇਆ, ਇਸ ਜੋੜੇ ਦੇ ਘਰ ਦੋ ਧੀਆਂ ‘ਅਰਪਣਾ’ ਤੇ ‘ਕੈਂਡੀ’ ਨੇ ਜਨਮ ਲਿਆ। ਅਜੀਤ ਕੌਰ ਤੇ ਰਾਜਿੰਦਰ ਸਿੰਘ ਦੇ ਵਿਆਹੁਤੇ ਸਬੰਧਾਂ ਵਿਚ ਕੁਝ ਕੁ ਸਾਲਾਂ ਬਾਅਦ ਹੀ ਅਜਿਹਾ ਫ਼ਰਕ ਪਿਆ ਕਿ ਦੋਵੇਂ ਜੀ ਅਲੱਗ-ਅਲੱਗ ਰਹਿਣ ਲੱਗੇ। ਅਜੀਤ ਕੌਰ ਨੂੰ ਆਪਣੀਆ ਦੋਵੇਂ ਧੀਆਂ ਦਾ ਪਾਲਣ-ਪੋਸ਼ਣ ਖੁ਼ਦ ਕਰਨਾ ਪਿਆ। ਉਹ ਸਰਕਾਰੀ ਸਕੂਲ ਵਿਚ ਅਧਿਆਪਕਾ ਵੀ ਰਹੀ।
ਅਜੀਤ ਕੌਰ ਨੂੰ ਮਾਣ-ਸਨਮਾਨ, ਇਨਾਮ ਵੀ ਬਹੁਤ ਮਿਲੇ ਹਨ। ਜਿਨ੍ਹਾਂ ਵਿੱਚੋੱਂ ਕੁਝ ਕੁ ਦੇ ਨਾਂ ਇਸ ਪ੍ਰਕਾਰ ਹਨ। ਭਾਸ਼ਾ ਵਿਭਾਗ, ਪੰਜਾਬ ਦਾ ਸ਼੍ਰੋਮਣੀ ਇਨਾਮ, ਪੰਜਾਬੀ ਅਕਾਦਮੀ ਦਿੱਲੀ ਐਵਾਰਡ, ਬਾਬਾ ਬਲੀ ਐਵਾਰਡ, ਭਾਰਤੀ ਭਾਸ਼ਾ ਪਰੀਸ਼ਦ, ਕਲਕੱਤਾ ਵੱਲੋਂ ਪੁਰਸਕਾਰ, ਪਦਮ ਸ਼੍ਰੀ ਸਨਮਾਨ, ਬਾਵਾ ਬਲਵੰਤ ਸਨਮਾਨ, ਪੰਜਾਬ ਕਲਾ ਕੌਂਸਲ ਵੱਲੋਂ ਸਨਮਾਨ, ਪੰਜਾਬੀ ਸਾਹਿਤਕ ਅਕਾਦਮੀ ਵੱਲੋਂ ਕਰਤਾਰ ਸਿੰਘ ਧਾਲੀਵਾਲ ਪੁਰਸਕਾਰ, ਕੁਵੇਂਪੁ ਰਾਸ਼ਟਰੀ ਇਨਾਮ ਆਦਿ। ਅਜੀਤ ਕੌਰ ਭਰ ਵਗਦੇ ਦਰਿਆ ਵਾਂਗ ਹੈ, ਉਹ ਨਿੱਕੀਆਂ ਕਹਾਣੀਆਂ ਦੀ ਵੱਡੀ ਕਹਾਣੀਕਾਰਾ ਮੰਨੀ ਗਈ ਹੈ। ਉਹ ਕਈ ਦਹਾਕਿਆਂ ਤੋਂ ਮਾਂ-ਬੋਲੀ ਪੰਜਾਬੀ ਦੀ ਸੇਵਾ ਕਰਦੀ ਆ ਰਹੀ ਹੈ। ਪੰਜਾਬੀ ਮਾਂ-ਬੋਲੀ ਦੀ ਪਿਆਰੀ ਧੀ...।
-ਦਰਸ਼ਨ ਸਿੰਘ ਪ੍ਰੀਤੀਮਾਨ
97792-97682