- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਰਚਾ ਅਧੀਨ ਕਾਵਿ ਸੰਗ੍ਰਹਿ ਵਿਚ ਕਵੀ ਨੇ 69 ਖੁੱਲ੍ਹੀਆਂ ਕਵਿਤਾਵਾਂ ਤੇ 3 ਗਜ਼ਲਾਂ ਸਮੇਤ ਕੁੱਲ 72 ਕਾਵਿ ਰਚਨਾਵਾਂ ਸ਼ਾਮਿਲ ਕੀਤੀਆਂ ਹਨ। ਕਵੀ ਨੇ ਜ਼ਿੰਦਗੀ ਦੀਆਂ ਹੁਸੀਨ ਯਾਦਾਂ ਨੂੰ ਕਵਿਤਾਵਾਂ ਜ਼ਰੀਏ ਤਰੋਤਾਜ਼ਾ ਕਰਨ ਦੇ ਨਾਲ-ਨਾਲ ਬਚਪਨ ’ਚ ਹੀ ਮਾਂ ਦੇ ਵਿਛੋੜੇ ਬਦੌਲਤ ਮਤਰੇਈ ਮਾਂ ਦੇ ਵਿਹਾਰ ਦਾ ਹੰਢਾਇਆ ਸੰਤਾਪ ਵੀ ਪਾਠਕਾਂ ਨਾਲ ਸਾਂਝਾ ਕੀਤਾ ਹੈ।

ਪੁਸਤਕ : ਅਜੇ ਜਿਉਂਦਾ ਹਾਂ (ਕਾਵਿ-ਸੰਗ੍ਰਹਿ)
ਕਵੀ: ਸੁਰਿੰਦਰ ਗਿੱਲ
ਪੰਨੇ :115 ਮੁੱਲ:220/-ਰੁਪਏ
ਪ੍ਰਕਾਸ਼ਕ: ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ।
ਚਰਚਾ ਅਧੀਨ ਕਾਵਿ ਸੰਗ੍ਰਹਿ ਵਿਚ ਕਵੀ ਨੇ 69 ਖੁੱਲ੍ਹੀਆਂ ਕਵਿਤਾਵਾਂ ਤੇ 3 ਗਜ਼ਲਾਂ ਸਮੇਤ ਕੁੱਲ 72 ਕਾਵਿ ਰਚਨਾਵਾਂ ਸ਼ਾਮਿਲ ਕੀਤੀਆਂ ਹਨ। ਕਵੀ ਨੇ ਜ਼ਿੰਦਗੀ ਦੀਆਂ ਹੁਸੀਨ ਯਾਦਾਂ ਨੂੰ ਕਵਿਤਾਵਾਂ ਜ਼ਰੀਏ ਤਰੋਤਾਜ਼ਾ ਕਰਨ ਦੇ ਨਾਲ-ਨਾਲ ਬਚਪਨ ’ਚ ਹੀ ਮਾਂ ਦੇ ਵਿਛੋੜੇ ਬਦੌਲਤ ਮਤਰੇਈ ਮਾਂ ਦੇ ਵਿਹਾਰ ਦਾ ਹੰਢਾਇਆ ਸੰਤਾਪ ਵੀ ਪਾਠਕਾਂ ਨਾਲ ਸਾਂਝਾ ਕੀਤਾ ਹੈ। ਪੁਸਤਕ ਦੀਆਂ ਬਹੁਤੀਆਂ ਕਵਿਤਾਵਾਂ ਮਾਂ ਦੇ ਵਿਯੋਗ ਦੀ ਹੀ ਉਪਜ ਹਨ। ਉਸ ਨੂੰ ਮਹਿਜ਼ ਚਾਰ ਵਰ੍ਹਿਆਂ ਦੀ ਉਮਰ ’ਚ ਹੀ ਮਾਂ ਦੇ ਵਿਛੋੜੇ ਦਾ ਦਰਦ ਹੰਢਾਉਣਾ ਪੈਂਦਾ ਹੈ। ਇਸੇ ਲਈ ਕਵੀ ਕਹਿੰਦਾ ਹੈ ਕਿ ਦੁਨੀਆ ਦੇ ਤਾਮਾਮ ਇਨਸਾਨਾਂ ਨੂੰ ਆਪਣਾ ਬਚਪਨ ਚੇਤੇ ਕਰ ਕੇ ਸਕੂਨ ਮਿਲਦਾ ਹੈ ਪਰ ਮੈਨੂੰ ਬਚਪਨ ਚੇਤੇ ਕਰ ਕੇ ਕੰਬਣੀ ਛਿੜਦੀ ਹੈ। ਮਨ ਕੁਸੈਲੀਆਂ ਯਾਦਾਂ ਨਾਲ ਭਰ ਜਾਂਦਾ ਹੈ। ਉਮਰ ਦੇ ਅੱਠਵੇਂ ਦਹਾਕੇ ’ਚ ਪਹੁੰਚ ਕੇ ਵੀ ਜਵਾਨੀ ਸਮੇਂ ਦੀਆਂ ਮੁਹੱਬਤੀ ਯਾਦਾਂ ਕਵੀ ਦੀ ਰੂਹ ਨੂੰ ਤਰੋਤਾਜ਼ਾ ਕਰ ਜਾਂਦੀਆਂ ਹਨ। ਕਵੀ ਜਵਾਨੀ ਸਮੇਂ ਦੀ ਆਪਣੀ ਮੁਹੱਬਤ ਨਾਲ ਮੁੜ ਮਿਲਣੀ ਦੀ ਤਾਂਘ ਨੂੰ ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ:
ਹਾਂ ਹੁਣ ਵੀ
ਜੇ ਕਦੇ
ਤੇਰਾ ਮਨ ਕਰੇ
ਆਵੀਂ।
ਮੇਰੇ ਦਰ ਤਾਂ ਸਦਾ ਹੀ ਖੁੱਲ੍ਹੇ ਨੇ ਤੇਰੇ ਵਾਸਤੇ
ਮੇਰੀਆਂ ਨਜ਼ਰਾਂ ਤੇਰੇ ਰਾਹਵਾਂ ‘ਤੇ ਨੇ।
ਮਿਲਾਂਗੇ
ਇਕ-ਦੂਜੇ ਦਾ ਹਾਲ ਜਾਣਾਂਗੇ
ਬੱਚਿਆਂ ਦੀ ਰਾਜ਼ੀ ਖੁਸ਼ੀ ਸਾਂਝੀ ਕਰਾਂਗੇ।
ਯਾਦ ਰੱਖੀਂ
ਵਰ੍ਹਿਆਂ ਦੀ ਲੰਮੀ ਜ਼ੁਦਾਈ ਦਾ ਕੋਈ
ਰੋਣਾ ਨਹੀਂ ਰੋਣਾ।
ਮੁਹੱਬਤ ਤੇ ਜ਼ਿੰਦਗੀ ਦੇ ਯਥਾਰਵਾਦ ਦੇ ਨਾਲ-ਨਾਲ ਕਵੀ ਨੇ ਅਜੋਕੇ ਸਮੇਂ ’ਚ ਕਵਿਤਾ ਦੀ ਮਸ਼ਹੂਰੀ ਨੂੰ ਆਲੋਚਨਾਤਮਕ ਤਰੀਕੇ ਨਾਲ ਬਿਆਨ ਕੀਤਾ ਹੈ। ਉਹ ਲਿਖਦਾ ਹੈ ਕਿ ਬਾਕੀ ਵਸਤਾਂ ਵਾਂਗ ਕਵਿਤਾ ਵੀ ਇਸ਼ਤਿਹਾਰਬਾਜ਼ੀ ਦੀ ਮੁਥਾਜ ਬਣ ਕੇ ਰਹਿ ਗਈ ਹੈ। ਕਵੀ ਇਕੱਲਤਾ ਤੋਂ ਬਚਣ ਦੀ ਗੱਲ ਕਰਦਾ ਹੈ। ਸਾਰੀਆਂ ਹੀ ਕਵਿਤਾਵਾਂ ’ਚ ਵਹਿੰਦੇ ਪਾਣੀਆਂ ਜਿਹੀ ਰਵਾਨਗੀ ਹੈ। ਪੁਸਤਕ ਦੇ ਅਖ਼ੀਰ ’ਤੇ ਦਰਜ ਗਜ਼ਲਾਂ ਵੀ ਮਾਣਨਯੋਗ ਹਨ।
- ਬਿੰਦਰ ਸਿੰਘ ਖੁੱਡੀ ਕਲਾਂ