- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੇਖਕ ਦੀ ਇਸ ਹੱਥਲੀ ਪੁਸਤਕ ਨੂੰ ਪੜ੍ਹਦਿਆਂ ਲੇਖਕ ਦੇ ਵਿਸ਼ਿਆਂ ਦੀ ਚੋਣ ਤੇ ਚਿਹਰਿਆਂ ਪਿੱਛੇ ਹੋਰ ਚਿਹਰੇ ਨੂੰ ਆਪਣੀਆਂ ਰਚਨਾਵਾਂ ਵਿਚ ਉਤਾਰ ਕੇ ਪਾਠਕਾਂ ਨਾਲ ਇਕਮਿੱਕ ਹੋਣ ਦੇ ਹੁਨਰ ਦੀ ਕਾਬਲੀਅਤ ਨਜ਼ਰ ਆਉਂਦੀ ਹੈ। ਇਸ ਕਾਵਿ ਸੰਗ੍ਰਹਿ ਦੀਆਂ ਰਚਨਾਵਾਂ ਦੇ ਕਲਾਤਮਕ, ਗੁਣਾਤਮਕ ਪਹਿਲੂ ਤੇ ਵਿਉਂਤਬੰਦੀ ਲੇਖਕ ਦੀ ਪ੍ਰਪੱਕਤਾ ਦੀ ਪੇਸ਼ੀਨਗੋਈ ਕਰਦੀਆਂ ਹਨ।

ਪੁਸਤਕ : ਨਾ ਪੁੱਛਿਓ ਮੇਰਾ ਹਾਲ (ਕਾਵਿ ਸੰਗ੍ਰਹਿ)
ਲੇਖਕ : ਭਾਰਤਬੀਰ ਸਿੰਘ ਸੋਬਤੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਮੁੱਲ : 300 ਰੁਪਏ, ਪੰਨੇ : 172
ਵਕਾਲਤ ਦੇ ਖੇਤਰ ਦੀ ਚਰਚਿਤ ਸ਼ਖ਼ਸੀਅਤ ਭਾਰਤਬੀਰ ਸਿੰਘ ਸੋਬਤੀ ਨੇ ਆਪਣੇ ਪਿਤਾ ਦੀ ਸਾਹਿਤਕ ਵਿਰਾਸਤ ਦੇ ਨਕਸ਼ੇ ਕਦਮਾਂ ਨੂੰ ਅੱਗੇ ਵਧਾਉਂਦਿਆਂ ਵੰਨ-ਸੁਵੰਨੇ ਵਿਸ਼ਿਆਂ ਨਾਲ ਜੁੜੀਆਂ 51 ਰਚਨਾਵਾਂ ਦੇ ਕਾਵਿ ਸੰਗ੍ਰਹਿ ‘ਨਾ ਪੁੱਛਿਓ ਮੇਰਾ ਹਾਲ’ ਦੀ ਸਿਰਜਣਾ ਕਰ ਕੇ ਜਿੱਥੇ ਸਾਹਿਤ ਅਧਿਐਨ ਤੇ ਸਿਰਜਣਾ ਪ੍ਰਤੀ ਆਪਣੀ ਦਿਲਚਸਪੀ ਦੀ ਪੇਸ਼ਗੋਈ ਕੀਤੀ ਹੈ, ਉੱਥੇ ਮਾਂ-ਬੋਲੀ ਪੰਜਾਬੀ ਦੇ ਸਾਹਿਤਕ ਭੰਡਾਰ ’ਚ ਆਪਣਾ ਬਣਦਾ ਯੋਗਦਾਨ ਵੀ ਪਾਇਆ ਹੈ। ਲੇਖਕ ਨੇ ਆਪਣੀ ਇਹ ਪੁਸਤਕ ਨੂੰ ਉਸ ਦੀ ਵੱਖਰੀ ਪਛਾਣ ਬਣਾਉਣ ਤੇ ਉਸ ਨੂੰ ਹਿੰਮਤ ਤੇ ਹੌਸਲਾ ਦੇਣ ਵਾਲੀ ਜੀਵਨ ਸਾਥਣ ਪ੍ਰਵੀਨ ਸੀ ਸੋਭਤੀ ਨੂੰ ਸਮਰਪਿਤ ਕੀਤਾ ਹੈ। ਇਸ ਪੁਸਤਕ ਦਾ ਮੁੱਖ ਬੰਦ ਤੇ ਭੂਮਿਕਾ ਨਾਮਵਰ ਸ਼ਖ਼ਸੀਅਤਾਂ ਪਦਮ ਭੂਸ਼ਣ ਡਾਕਟਰ ਸਰਦਾਰਾ ਸਿੰਘ ਜੌਹਲ ਤੇ ਆਈਏਐੱਸ ਅਧਿਕਾਰੀ ਐੱਸਐੱਸ ਚੰਨੀ ਨੇ ਲਿਖੀ ਹੈ। ਲੇਖਕ ਦੀ ਇਸ ਹੱਥਲੀ ਪੁਸਤਕ ਨੂੰ ਪੜ੍ਹਦਿਆਂ ਲੇਖਕ ਦੇ ਵਿਸ਼ਿਆਂ ਦੀ ਚੋਣ ਤੇ ਚਿਹਰਿਆਂ ਪਿੱਛੇ ਹੋਰ ਚਿਹਰੇ ਨੂੰ ਆਪਣੀਆਂ ਰਚਨਾਵਾਂ ਵਿਚ ਉਤਾਰ ਕੇ ਪਾਠਕਾਂ ਨਾਲ ਇਕਮਿੱਕ ਹੋਣ ਦੇ ਹੁਨਰ ਦੀ ਕਾਬਲੀਅਤ ਨਜ਼ਰ ਆਉਂਦੀ ਹੈ। ਇਸ ਕਾਵਿ ਸੰਗ੍ਰਹਿ ਦੀਆਂ ਰਚਨਾਵਾਂ ਦੇ ਕਲਾਤਮਕ, ਗੁਣਾਤਮਕ ਪਹਿਲੂ ਤੇ ਵਿਉਂਤਬੰਦੀ ਲੇਖਕ ਦੀ ਪ੍ਰਪੱਕਤਾ ਦੀ ਪੇਸ਼ੀਨਗੋਈ ਕਰਦੀਆਂ ਹਨ। ਮਨੁੱਖੀ ਜ਼ਿੰਦਗੀ, ਸਮਾਜ, ਬਿਰਹੇ, ਹਾਸੇ ਮਜ਼ਾਕ, ਪਿਆਰ ਤੇ ਸਮੱਸਿਆਵਾਂ ਦੀ ਬਾਤ ਪਾਉਂਦੀਆਂ ਛੋਟੀਆਂ ਵੱਡੀਆਂ ਕਵਿਤਾਵਾਂ ਲੇਖਕ ਦੀ ਕੋਈ ਨਾ ਕੋਈ ਸੁਨੇਹਾ ਦੇਣ ਦੀ ਇੱਛਾ ਤੇ ਉਦੇਸ਼ ਦੀ ਪੂਰਤੀ ਕਰਦੀਆਂ ਹਨ । ਕਾਵਿ ਸੰਗ੍ਰਹਿ ਦਾ ਸਿਰਲੇਖ ਭਾਵੁਕ ਕਰਨ ਵਾਲਾ ਅਨੁਭਵ ਹੁੰਦਾ ਹੈ। ਇਸ ਕਾਵਿ ਸੰਗ੍ਰਹਿ ਦੀਆਂ ਰਚਨਾਵਾਂ ਵਿਚਲੀ ਭਾਵੁਕਤਾ, ਬੌਧਿਕਤਾ, ਸੰਵੇਦਨਸ਼ੀਲਤਾ ਤੇ ਡੂੰਘਾਈ ਲੇਖਕ ਦੀ ਕਵਿਤਾ ਸਿਰਜਣਾ ਦੀ ਸਮਝ ਤੇ ਪਕੜ ਨੂੰ ਤਸਦੀਕ ਕਰਦੀ ਹੈ। ਇਸ ਕਾਵਿ ਸੰਗ੍ਰਹਿ ਦੀ ਕਵਿਤਾ ‘ਤੂੰ ਮਾਰਦੀ 440 ਵੋਲਟ ਦਾ ਕਰੰਟ’ ਹਾਸੇ ਮਜ਼ਾਕ ਤੇ ਵਿਅੰਗ ਭਰਪੂਰ ਕਵਿਤਾ ਹੈ। ਮੇਲਾ ਸਿਰਲੇਖ ਵਾਲੀ ਰਚਨਾ ਲੇਖਕ ਦੇ ਪਿੰਡਾਂ ਤੇ ਮੇਲਿਆਂ ਪ੍ਰਤੀ ਲਗਾਓ ਤੇ ਗਿਆਨ ਨੂੰ ਬਿਆਨ ਕਰਦੀ ਹੈ। ਇਸੇ ਤਰ੍ਹਾਂ ਪਲੇਟਫਾਰ ਨੰਬਰ-2 ’ਚ ਲੇਖਕ ਪਾਠਕਾਂ ਨਾਲ ਆਪਣੇ ਵਿਦਿਆਰਥੀ ਜੀਵਨ ਦੀਆਂ ਘਟਨਾਵਾਂ ਦੀ ਸਾਂਝ ਪਾਉਂਦਾ ਹੈ। ਕਈ ਰਚਨਾਵਾਂ ਸਮਾਜ ਸੁਧਾਰ ਦਾ ਸੁਨੇਹਾ ਦੇਣ ਦੇ ਉਦੇਸ਼ ਨਾਲ ਸਿਰਜੀਆਂ ਗਈਆਂ ਅਨੁਭਵ ਹੁੰਦੀਆਂ ਹਨ। ‘ਸਦਾ ਜਵਾਨ’ ਕਵਿਤਾ ਵਿਚ ਜਵਾਨੀ ਤੇ ਉਮਰ ਦੇ ਵਧਣ ਨਾਲ ਮਨੁੱਖੀ ਸੋਚ ’ਚ ਆਏ ਬਦਲਾਅ ਨੂੰ ਦਰਸਾਇਆ ਗਿਆ ਹੈ। ਇਸ ਕਾਵਿ ਸੰਗ੍ਰਹਿ ਦੀ ਹਰ ਰਚਨਾ ਮਨੁੱਖੀ ਅਤੇ ਸਮਾਜਿਕ ਜੀਵਨ ਦੀ ਜ਼ਮੀਨੀ ਹਕੀਕਤ ਨਾਲ ਜੁੜੀ ਹੋਈ ਅਨੁਭਵ ਹੁੰਦੀ ਹੈ। ਕਵਿਤਾਵਾਂ ਦੀ ਲੈਅ, ਤੁਕ ਤੁਕਾਂਤ, ਵਹਾਅ, ਬਿੰਬ, ਕਾਵਿ ਚਿਤਰਣ ਤੇ ਸ਼ਬਦ ਚੋਣ ਲੇਖਕ ਦੀ ਕਾਵਿ ਵਿਧਾ ਦੀ ਸਿਰਜਣਾ ਦੀ ਪੁਖਤਾ ਸੂਝ-ਬੂਝ ਰੱਖਣ ਨੂੰ ਪ੍ਰਮਾਣਿਤ ਕਰਦਾ ਹੈ।
- ਪ੍ਰਿੰ. ਵਿਜੈ ਕੁਮਾਰ