- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੱਕੀ ਜੂਨ ਨੂੰ ਸਾਰੀ ਦੁਨੀਆ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਂਦੀ ਹੈ। ਇਹ ਦਿਨ ਭਾਰਤ ਦੀ 5000 ਸਾਲ ਪੁਰਾਣੀ ਵਿਰਾਸਤ ਦੀ ਦੇਣ ਹੈ ਜਿਸ ਨੂੰ ਅੱਜ 190 ਤੋਂ ਵੱਧ ਦੇਸ਼ਾਂ ਨੇ ਅਪਣਾ ਲਿਆ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ 11 ਦਸੰਬਰ 2014 ਨੂੰ ਭਾਰਤ ਦੇ ਸੁਝਾਅ ’ਤੇ ਮਤਾ ਪਾਸ ਕਰ ਕੇ ਇਸ ਦਿਨ ਨੂੰ ਮਾਨਤਾ ਦਿੱਤੀ ਸੀ

ਇੱਕੀ ਜੂਨ ਨੂੰ ਸਾਰੀ ਦੁਨੀਆ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਂਦੀ ਹੈ। ਇਹ ਦਿਨ ਭਾਰਤ ਦੀ 5000 ਸਾਲ ਪੁਰਾਣੀ ਵਿਰਾਸਤ ਦੀ ਦੇਣ ਹੈ ਜਿਸ ਨੂੰ ਅੱਜ 190 ਤੋਂ ਵੱਧ ਦੇਸ਼ਾਂ ਨੇ ਅਪਣਾ ਲਿਆ ਹੈ। ਸੰਯੁਕਤ ਰਾਸ਼ਟਰ ਮਹਾਸਭਾ ਨੇ 11 ਦਸੰਬਰ 2014 ਨੂੰ ਭਾਰਤ ਦੇ ਸੁਝਾਅ ’ਤੇ ਮਤਾ ਪਾਸ ਕਰ ਕੇ ਇਸ ਦਿਨ ਨੂੰ ਮਾਨਤਾ ਦਿੱਤੀ ਸੀ। ਪਹਿਲਾ ਯੋਗ ਦਿਵਸ 21 ਜੂਨ 2015 ਨੂੰ ਮਨਾਇਆ ਗਿਆ ਸੀ। ਉਸ ਦਿਨ ਨਵੀਂ ਦਿੱਲੀ ਦੇ ਰਾਜਪਥ ’ਤੇ ਪੈਂਤੀ ਹਜ਼ਾਰ ਤੋਂ ਵੱਧ ਲੋਕਾਂ ਨੇ ਇਕੱਠੇ ਯੋਗ ਕਰ ਕੇ ਗਿਨੀਜ਼ ਵਰਲਡ ਰਿਕਾਰਡ ਬਣਾਇਆ ਸੀ। ਅੱਜ ਇਹ ਦਿਨ ਲੰਡਨ ਤੋਂ ਲੈ ਕੇ ਨਿਊਯਾਰਕ, ਟੋਕੀਓ ਤੋਂ ਲੈ ਕੇ ਸਿਡਨੀ ਤੱਕ ਮਨਾਇਆ ਜਾਂਦਾ ਹੈ। 21 ਜੂਨ ਹੀ ਕਿਉਂ ਚੁਣਿਆ ਗਿਆ? ਇੱਕੀ ਜੂਨ ਉੱਤਰੀ ਗੋਲੇ ਵਿਚ ਸਾਲ ਦਾ ਸਭ ਤੋਂ ਲੰਬਾ ਦਿਨ ਹੁੰਦਾ ਹੈ। ਇਸ ਦਿਨ ਸੂਰਜ ਛੇਤੀ ਚੜਦਾ ਹੈ ਤੇ ਦੇਰ ਨਾਲ ਛਿਪਦਾ ਹੈ। ਇਸ ਦਿਨ ਸੂਰਜ ਦੀ ਊਰਜਾ ਸਿਖ਼ਰ ’ਤੇ ਹੁੰਦੀ ਹੈ ਜੋ ਸਰੀਰ ਅਤੇ ਮਨ ਨੂੰ ਸਕਾਰਾਤਮਕ ਪ੍ਰਭਾਵ ਦਿੰਦੀ ਹੈ। ਕਿਸਾਨਾਂ ਲਈ ਵੀ ਇਹ ਦਿਨ ਖ਼ਾਸ ਹੈ ਕਿਉਂਕਿ ਇਸ ਤੋਂ ਬਾਅਦ ਖੇਤੀ ਦਾ ਨਵਾਂ ਚੱਕਰ ਸ਼ੁਰੂ ਹੁੰਦਾ ਹੈ।
ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿਚ ਤਣਾਅ, ਸ਼ੂਗਰ, ਬਲੱਡ ਪ੍ਰੈਸ਼ਰ, ਮੋਟਾਪਾ, ਦਿਲ ਦੇ ਰੋਗ, ਕਮਰ ਦਰਦ ਆਮ ਹੋ ਗਿਆ ਹੈ। ਬੱਚੇ ਮੋਬਾਈਲ ਤੇ ਬਜ਼ੁਰਗ ਇਕੱਲਾਪਨ ਦਾ ਸ਼ਿਕਾਰ ਹਨ। ਗੋਲੀਆਂ ਖਾ-ਖਾ ਕੇ ਅਸੀਂ ਥੱਕ ਗਏ ਹਾਂ। ਯੋਗ ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਬਿਨਾਂ ਦਵਾਈ ਹੱਲ ਹੈ। ਵਿਗਿਆਨ ਨੇ ਵੀ ਹੁਣ ਮੰਨ ਲਿਆ ਹੈ ਕਿ ਯੋਗ ਨਾਲ ਸਰੀਰ ਦੇ ਹਰ ਅੰਗ ’ਤੇ ਚੰਗਾ ਅਸਰ ਪੈਂਦਾ ਹੈ। ਯੋਗ ਨਾਲ ਸਰੀਰ ਲਚਕਦਾਰ ਬਣਦਾ ਹੈ। ਮਾਸਪੇਸ਼ੀਆਂ ਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਖ਼ੂਨ ਦਾ ਦੌਰਾ ਠੀਕ ਰਹਿੰਦਾ ਹੈ ਜਿਸ ਨਾਲ ਦਿਲ ਤੰਦਰੁਸਤ ਰਹਿੰਦਾ ਹੈ। ਰੋਜ਼ ਅੱਧਾ ਘੰਟਾ ਯੋਗ ਕਰਨ ਨਾਲ ਦਿਲ ਦੇ ਰੋਗਾਂ ਦਾ ਖ਼ਤਰਾ ਕਾਫ਼ੀ ਹੱਦ ਤੱਕ ਘੱਟ ਜਾਂਦਾ ਹੈ। ਸੂਰਜ ਨਮਸਕਾਰ ਨਾਲ ਪੂਰੇ ਸਰੀਰ ਦੀ ਕਸਰਤ ਹੋ ਜਾਂਦੀ ਹੈ। ਇਹ ਭਾਰ ਘਟਾਉਣ ਵਿਚ ਵੀ ਮਦਦ ਕਰਦਾ ਹੈ। ਪਾਚਣ ਸ਼ਕਤੀ ਠੀਕ ਹੁੰਦੀ ਹੈ ਤੇ ਕਬਜ਼ ਵਰਗੀ ਸਮੱਸਿਆ ਦੂਰ ਹੁੰਦੀ ਹੈ। ਸ਼ੂਗਰ ਦੇ ਮਰੀਜ਼ਾਂ ਲਈ ਮੰਡੂਕ ਆਸਣ ਤੇ ਕਪਾਲਭਾਤੀ ਬਹੁਤ ਫਾਇਦੇਮੰਦ ਹਨ। ਅਨੁਲੋਮ-ਵਿਲੋਮ, ਭ੍ਰਾਮਰੀ ਤੇ ਉੱਜਈ ਪ੍ਰਾਣਾਯਾਮ ਨਾਲ ਦਿਮਾਗ ਸ਼ਾਂਤ ਹੁੰਦਾ ਹੈ। ਫੇਫੜੇ ਮਜ਼ਬੂਤ ਹੁੰਦੇ ਹਨ ਤੇ ਸਾਹ ਨਾਲ ਜੁੜੀਆਂ ਬਿਮਾਰੀਆਂ ਦੂਰ ਹੁੰਦੀਆਂ ਹਨ। ਨੀਂਦ ਚੰਗੀ ਆਉਂਦੀ ਹੈ। ਗੁੱਸਾ, ਚਿੜਚਿੜਾਪਨ, ਡਰ ਤੇ ਚਿੰਤਾ ਘੱਟਦੇ ਹਨ। ਵਿਦਿਆਰਥੀਆਂ ਲਈ ਯੋਗ ਵਰਦਾਨ ਹੈ। ਰੋਜ਼ ਧਿਆਨ ਲਾਉਣ ਨਾਲ ਉਨ੍ਹਾਂ ਦੀ ਇਕਾਗਰਤਾ ਤੇ ਯਾਦ ਸ਼ਕਤੀ ਵਧਦੀ ਹੈ। ਉਹ ਪੜ੍ਹਾਈ ਵਿਚ ਮਨ ਲਗਾ ਸਕਦੇ ਹਨ ਤੇ ਪ੍ਰੀਖਿਆ ਦੇ ਡਰ ਤੋਂ ਮੁਕਤ ਹੋ ਜਾਂਦੇ ਹਨ।
ਯੋਗ ਸਾਨੂੰ ਆਪਣੇ ਆਪ ਨਾਲ ਜੋੜਦਾ ਹੈ। ਅੱਜ ਅਸੀਂ ਸਭ ਬਾਹਰਲੀ ਦੁਨੀਆ ’ਚ ਖੋਏ ਹੋਏ ਹਾਂ। ਸਾਨੂੰ ਆਪਣੇ ਮਨ ਦੀ ਅਵਾਜ਼ ਸੁਣਨੀ ਹੀ ਭੁੱਲ ਗਈ ਹੈ। ਯੋਗ ਤੇ ਧਿਆਨ ਨਾਲ ਅਸੀਂ ਆਪਣੀਆਂ ਭਾਵਨਾਵਾਂ ਨੂੰ ਸਮਝਣਾ ਸਿੱਖਦੇ ਹਾਂ। ਸਾਡੇ ਅੰਦਰ ਸਬਰ, ਦਇਆ ਤੇ ਹਮਦਰਦੀ ਵਰਗੇ ਗੁਣ ਪੈਦਾ ਹੁੰਦੇ ਹਨ। ਅਸੀਂ ਦੂਜਿਆਂ ਦਾ ਦਰਦ ਸਮਝਣ ਲੱਗਦੇ ਹਾਂ। ਇਸ ਨਾਲ ਪਰਿਵਾਰ ਵਿਚ ਪਿਆਰ ਵਧਦਾ ਹੈ ਤੇ ਸਮਾਜ ’ਚ ਭਾਈਚਾਰਾ ਕਾਇਮ ਹੁੰਦਾ ਹੈ। ਇਹੀ ਸਭ ਤੋਂ ਵੱਡੀ ਇਨਸਾਨੀਅਤ ਹੈ। ਕੋਰੋਨਾ ਮਹਾਮਾਰੀ ਨੇ ਸਾਨੂੰ ਸਿਖਾ ਦਿੱਤਾ ਕਿ ਸਭ ਤੋਂ ਵੱਡਾ ਧਨ ਸਿਹਤ ਹੈ। ਪੈਸਾ, ਗੱਡੀ, ਬੰਗਲਾ ਸਭ ਧਰੇ ਰਹਿ ਗਏ। ਜਿਸ ਦੀ ਰੋਗ-ਪ੍ਰਤੀਰੋਧਕ ਸ਼ਕਤੀ ਮਜ਼ਬੂਤ ਸੀ ਉਹੀ ਬਚਿਆ। ਜਦੋਂ ਸਾਰੀ ਦੁਨੀਆ ਘਰਾਂ ਵਿਚ ਬੰਦ ਸੀ, ਤਦ ਲੱਖਾਂ ਲੋਕਾਂ ਨੇ ਯੋਗ ਨੂੰ ਆਪਣਾ ਸਾਥੀ ਬਣਾਇਆ। ਫੇਫੜਿਆਂ ਨੂੰ ਤਾਕਤ ਦੇਣ ਲਈ ਰੋਜ਼ ਕਪਾਲਭਾਤੀ ਤੇ ਅਨੁਲੋਮ-ਵਿਲੋਮ ਕੀਤਾ। ਤਣਾਅ ਤੇ ਡਰ ਨੂੰ ਘਟਾਉਣ ਲਈ ਧਿਆਨ ਲਾਇਆ। ਬਜ਼ੁਰਗਾਂ ਨੇ ਕੁਰਸੀ ’ਤੇ ਬੈਠ ਕੇ ਸੌਖੇ ਆਸਣ ਕੀਤੇ। ਡਾਕਟਰਾਂ ਨੇ ਵੀ ਮੰਨਿਆ ਕਿ ਯੋਗ ਕਰਨ ਵਾਲੇ ਮਰੀਜ਼ ਜਲਦੀ ਠੀਕ ਹੋਏ ਤੇ ਉਨ੍ਹਾਂ ਨੂੰ ਆਕਸੀਜਨ ਦੀ ਲੋੜ ਘੱਟ ਪਈ। ਹੁਣ ਤਾਂ ਵੱਡੇ-ਵੱਡੇ ਹਸਪਤਾਲਾਂ ਵਿਚ ਵੀ ਦਵਾਈ ਦੇ ਨਾਲ-ਨਾਲ ਯੋਗ
ਥੈਰੇਪੀ ਦਿੱਤੀ ਜਾਂਦੀ ਹੈ।
ਜੇ ਹਰ ਗਲੀ, ਹਰ ਪਾਰਕ ਵਿਚ ਸਵੇਰੇ ਲੋਕ ਇਕੱਠੇ ਹੋ ਕੇ ਯੋਗ ਕਰਨ ਤਾਂ ਉਹ ਇਕ-ਦੂਜੇ ਨਾਲ ਜੁੜਨਗੇ। ਲੜਾਈ-ਝਗੜੇ ਆਪੇ ਮੁੱਕ ਜਾਣਗੇ। ਨਫ਼ਰਤ ਦੀ ਥਾਂ ਪਿਆਰ ਲੈ ਲਵੇਗਾ। ਨਸ਼ਾ, ਹਿੰਸਾ ਤੇ ਅਪਰਾਧ ਘੱਟ ਜਾਣਗੇ। ਇਸ ਲਈ ਯੋਗ ਇਕ ਵਿਅਕਤੀ ਤੋਂ ਸ਼ੁਰੂ ਹੋ ਕੇ ਪੂਰੇ ਵਿਸ਼ਵ ਨੂੰ ਸ਼ਾਂਤੀ ਦਾ ਸੁਨੇਹਾ ਦਿੰਦਾ ਹੈ। ਇਹੀ ‘ਸਾਰੀ ਦੁਨੀਆਂ ਇਕ ਪਰਿਵਾਰ’ ਦਾ ਸੰਕਲਪ ਹੈ। ਬਹੁਤ ਲੋਕ ਸੋਚਦੇ ਹਨ ਕਿ ਯੋਗ ਬਹੁਤ ਮੁਸ਼ਕਲ ਹੈ। ਬਜ਼ੁਰਗ ਸੋਚਦੇ ਹਨ ਕਿ ਇਹ ਸਿਰਫ਼ ਜਵਾਨਾਂ ਲਈ ਹੈ ਪਰ ਇਹ ਸੱਚ ਨਹੀਂ। ਯੋਗ ਹਰ ਉਮਰ, ਹਰ ਸਰੀਰ ਲਈ ਹੈ। ਯੋਗ ਦੀ ਸ਼ੁਰੂਆਤ ਬਹੁਤ ਸੌਖੇ ਆਸਣਾਂ ਨਾਲ ਹੋ ਸਕਦੀ ਹੈ। ਸਵੇਰੇ ਜਲਦੀ ਉੱਠੋ। ਖ਼ਾਲੀ ਪੇਟ ਦੋ-ਤਿੰਨ ਗਲਾਸ ਕੋਸਾ ਪਾਣੀ ਪੀਓ। ਖੁੱਲ੍ਹੀ ਹਵਾ ਵਿਚ, ਕਿਸੇ ਪਾਰਕ ਜਾਂ ਛੱਤ ’ਤੇ ਦਰੀ ਵਿਛਾਓ। ਪਹਿਲਾਂ ਪੰਜ ਮਿੰਟ ਸੁਖ ਆਸਣ ਵਿਚ ਬੈਠ ਕੇ ਡੂੰਘੇ ਸਾਹ ਲਓ। ਆਪਣੇ ਸਾਹ ’ਤੇ ਧਿਆਨ ਦਿਓ। ਫਿਰ ਤਾੜ ਆਸਣ ਕਰੋ। ਇਸ ਨਾਲ ਸਰੀਰ ਦੀ ਲੰਬਾਈ ਵਧਦੀ ਹੈ। ਤ੍ਰਿਕੋਣ ਆਸਣ ਨਾਲ ਕਮਰ ਦਾ ਦਰਦ ਦੂਰ ਹੁੰਦਾ ਹੈ। ਭੁਜੰਗ ਆਸਣ ਰੀੜ੍ਹ ਦੀ ਹੱਡੀ ਲਈ ਵਧੀਆ ਹੈ। ਵਜ੍ਰ ਆਸਣ ਖਾਣੇ ਤੋਂ ਬਾਅਦ ਵੀ ਕਰ ਸਕਦੇ ਹੋ, ਇਹ ਪਾਚਣ ਠੀਕ ਕਰਦਾ ਹੈ। ਅੰਤ ਵਿਚ ਦਸ ਮਿੰਟ ਸ਼ਵ ਆਸਣ ਵਿਚ ਲੇਟ ਕੇ ਸਰੀਰ ਨੂੰ ਬਿਲਕੁਲ ਢਿੱਲਾ ਛੱਡ ਦਿਓ।
ਯਾਦ ਰੱਖੋ, ਯੋਗ ਕੋਈ ਮੁਕਾਬਲਾ ਨਹੀਂ ਹੈ। ਤੁਹਾਨੂੰ ਕਿਸੇ ਨਾਲੋਂ ਵੱਧ ਕਰਨ ਦੀ ਜਾਂ ਕਿਸੇ ਦੀ ਰੀਸ ਕਰਨ ਦੀ ਲੋੜ ਨਹੀਂ। ਜਿੰਨਾ ਤੁਹਾਡਾ ਸਰੀਰ ਸਾਥ ਦੇਵੇ, ਉਨਾਂ ਹੀ ਕਰੋ। ਦਰਦ ਨਹੀਂ ਹੋਣਾ ਚਾਹੀਦਾ। ਰੋਜ਼ ਵੀਹ ਮਿੰਟ ਨਾਲ ਸ਼ੁਰੂ ਕਰੋ। ਹੌਲੀ-ਹੌਲੀ ਸਮਾਂ ਤੇ ਆਸਣ ਵਧਾਓ। ਕਿਸੇ ਯੋਗ ਸਿਖਿਅਕ ਤੋਂ ਸਿੱਖ ਕੇ ਕਰਨਾ ਸਭ ਤੋਂ ਵਧੀਆ ਹੈ। ਬੱਚਿਆਂ ਨੂੰ ਬਚਪਨ ਤੋਂ ਹੀ ਯੋਗ ਦੀ ਆਦਤ ਪਾਓ। ਸਕੂਲਾਂ ਵਿਚ ਰੋਜ਼ ਪ੍ਰਾਰਥਨਾ ਤੋਂ ਬਾਅਦ ਦਸ ਮਿੰਟ ਯੋਗ ਜ਼ਰੂਰ ਹੋਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦੀ ਇਕਾਗਰਤਾ ਵਧੇਗੀ। ਉਹ ਸਰੀਰਕ ਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਨਗੇ। ਮੋਬਾਈਲ ਤੇ ਟੀਵੀ ਦੀ ਲੱਤ ਛੁੱਟੇਗੀ। ਉਹ ਕੁਦਰਤ ਨਾਲ ਜੁੜਨਗੇ। ਬਜ਼ੁਰਗਾਂ ਲਈ ਯੋਗ ਬੁਢਾਪੇ ਦਾ ਸਹਾਰਾ ਹੈ। ਕੁਰਸੀ ’ਤੇ ਬੈਠ ਕੇ ਵੀ ਗਰਦਨ, ਮੋਢੇ ਤੇ ਹੱਥਾਂ ਦੇ ਸੌਖੇ ਆਸਣ ਕੀਤੇ ਜਾ ਸਕਦੇ ਹਨ। ਪ੍ਰਾਣਾਯਾਮ ਨਾਲ ਉਨ੍ਹਾਂ ਦੇ ਫੇਫੜੇ ਤੰਦਰੁਸਤ ਰਹਿੰਦੇ ਹਨ। ਸਭ ਤੋਂ ਵੱਡੀ ਗੱਲ, ਯੋਗ ਨਾਲ ਉਨ੍ਹਾਂ
ਦਾ ਇਕੱਲਾਪਨ ਦੂਰ ਹੁੰਦਾ ਹੈ। ਜਦੋਂ ਉਹ ਪਾਰਕ ਵਿਚ ਦੂਜਿਆਂ ਨਾਲ ਯੋਗ ਕਰਦੇ ਹਨ ਤਾਂ ਉਨ੍ਹਾਂ ਨੂੰ ਨਵੇਂ ਦੋਸਤ ਮਿਲਦੇ ਹਨ।
21 ਜੂਨ ਨੂੰ ਦੁਨੀਆ ਭਰ ਵਿਚ ਕਰੋੜਾਂ ਲੋਕ ਇਕੱਠੇ ਹੋ ਕੇ ਯੋਗ ਕਰਨਗੇ। ਇੰਡੀਆ ਗੇਟ ਦੇ ਸਾਹਮਣੇ ਤੋਂ ਲੈ ਕੇ ਨਿਊਯਾਰਕ ਦੇ ਟਾਈਮਜ਼ ਸਕੁਏਅਰ ਤੱਕ, ਸਭ ਥਾਂ ‘ਯੋਗ’ ਦੀ ਗੂੰਜ ਹੋਵੇਗੀ। ਤੁਸੀਂ ਵੀ ਇਸ ਮਹਾਨ ਲੜੀ ਦਾ ਹਿੱਸਾ ਬਣੋ। ਆਪਣੇ ਪਰਿਵਾਰ, ਦੋਸਤਾਂ ਤੇ ਗੁਆਂਢੀਆਂ ਨਾਲ ਮਿਲ ਕੇ ਯੋਗ ਕਰੋ। ਅੱਜ ਤੋਂ ਹੀ ਪ੍ਰਣ ਕਰੋ ਕਿ ਰੋਜ਼ ਘੱਟੋ-ਘੱਟ ਪੰਦਰਾਂ ਮਿੰਟ ਯੋਗ ਜ਼ਰੂਰ ਕਰਨਾ ਹੈ। ਆਪਣੇ ਦਿਨ ਦੀ ਸ਼ੁਰੂਆਤ ਮੋਬਾਈਲ ਨਾਲ ਨਹੀਂ, ਸਗੋਂ ਪ੍ਰਾਣਾਯਾਮ ਨਾਲ ਕਰੋ। ਰਾਤ ਨੂੰ ਸੌਣ ਤੋਂ ਪਹਿਲਾਂ ਪੰਜ ਮਿੰਟ ਧਿਆਨ ਲਾਓ। ਇਹ ਛੋਟੀਆਂ-ਛੋਟੀਆਂ ਆਦਤਾਂ ਤੁਹਾਡੀ ਜ਼ਿੰਦਗੀ ਬਦਲ ਦੇਣਗੀਆਂ।
ਸਰੀਰ ਨੂੰ ਤੰਦਰੁਸਤ ਰੱਖਦੇ ਆਸਣ
ਯੋਗ ਸਿਰਫ਼ ਕਸਰਤ ਜਾਂ ਸਰੀਰ ਨੂੰ ਮੋੜਨ ਦਾ ਨਾਂ ਨਹੀਂ ਹੈ। ‘ਯੋਗ’ ਸ਼ਬਦ ਸੰਸਕ੍ਰਿਤ ਦੀ ‘ਯੁਜ’ ਧਾਤੂ ਤੋਂ ਬਣਿਆ ਹੈ ਜਿਸ ਦਾ ਮਤਲਬ ਹੈ ‘ਜੋੜਨਾ’। ਯੋਗ ਸਰੀਰ, ਮਨ ਤੇ ਵਿਚਾਰਾਂ ਨੂੰ ਸੰਤੁਲਨ ਵਿਚ ਲਿਆਉਣ ਦਾ ਵਿਗਿਆਨ ਹੈ। ਇਹ ਸਾਹ, ਆਸਣ ਤੇ ਧਿਆਨ ਦਾ ਸੰਗਮ ਹੈ। ਪ੍ਰਾਚੀਨ ਭਾਰਤੀ ਗਿਆਨ ਪਰੰਪਰਾ ਵਿਚ ਯੋਗ ਨੂੰ ਅੱਠ ਅੰਗਾਂ ਵਿਚ ਵੰਡਿਆ ਗਿਆ ਹੈ। ਇਹ ਅੰਗ ਹਨ ਯਮ, ਨਿਯਮ, ਆਸਣ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ ਤੇ ਸਮਾਧੀ। ਯਮ ਸਾਨੂੰ ਸੱਚ ਬੋਲਣਾ, ਅਹਿੰਸਾ ਤੇ ਇਮਾਨਦਾਰੀ ਸਿਖਾਉਂਦੇ ਹਨ। ਨਿਯਮ ਸਾਨੂੰ ਸਫ਼ਾਈ, ਸੰਤੋਖ ਤੇ ਸਵੈ-ਅਨੁਸ਼ਾਸਨ ਦਾ ਮਾਰਗ ਦਿਖਾਉਂਦੇ ਹਨ। ਆਸਣ ਸਰੀਰ ਨੂੰ ਤੰਦਰੁਸਤ ਰੱਖਦੇ ਹਨ। ਪ੍ਰਾਣਾਯਾਮ ਸਾਹ ਨੂੰ ਕਾਬੂ ਕਰਨਾ ਸਿਖਾਉਂਦਾ ਹੈ। ਬਾਕੀ ਅੰਗ ਮਨ ਨੂੰ ਇਕਾਗਰ ਤੇ ਸ਼ਾਂਤ ਕਰਦੇ ਹਨ। ਅੱਜ ਅਸੀਂ ਸਿਰਫ਼ ਆਸਣ ਤੇ ਪ੍ਰਾਣਾਯਾਮ ਨੂੰ ਹੀ ਯੋਗ ਸਮਝਦੇ ਹਾਂ ਪਰ ਇਹ ਤਾਂ ਯੋਗ ਦੇ ਸਮੁੰਦਰ ਦੀ ਸ਼ੁਰੂਆਤ ਹੈ।
2026 ਦਾ ਥੀਮ
ਸਾਲ 2026 ਦਾ ਥੀਮ ਹੈ ‘ਆਪਣੇ ਤੇ ਸਮਾਜ ਲਈ ਯੋਗ’। ਇਸ ਸਾਲ ਦਾ ਥੀਮ ਸਾਨੂੰ ਬਹੁਤ ਡੂੰਘਾ ਸੁਨੇਹਾ ਦਿੰਦਾ ਹੈ। ਇਹ ਸਿਖਾਉਂਦਾ ਹੈ ਕਿ ਯੋਗ ਸਿਰਫ਼ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਨਹੀਂ ਕਰਨਾ। ਜਦੋਂ ਵਿਅਕਤੀ ਤੰਦਰੁਸਤ ਹੁੰਦਾ ਹੈ ਤਾਂ ਉਸ ਦਾ ਪਰਿਵਾਰ ਖ਼ੁਸ਼ ਰਹਿੰਦਾ ਹੈ। ਪਰਿਵਾਰ ਖ਼ੁਸ਼ ਹੁੰਦਾ ਹੈ ਤਾਂ ਮੁਹੱਲਾ ਤਰੱਕੀ ਕਰਦਾ ਹੈ। ਜਦੋਂ ਮੁਹੱਲੇ ਤਰੱਕੀ ਕਰਦੇ ਹਨ ਤਾਂ ਸ਼ਹਿਰ ਤੇ ਦੇਸ਼ ਅੱਗੇ ਵਧਦਾ ਹੈ।
ਇਸ ਦਿਨ ‘ਕਰੋ ਯੋਗ, ਰਹੋ ਨਿਰੋਗ’ ਦਾ ਨਾਅਰਾ ਸਿਰਫ਼ ਬੋਲਣ ਲਈ ਨਹੀਂ ਸਗੋਂ ਜਿਊਣ ਲਈ ਅਪਣਾਈਏ। ਆਪਣੇ ਬੱਚਿਆਂ ਨੂੰ ਜਾਇਦਾਦ ਨਹੀਂ ਸਗੋਂ ਸਿਹਤ ਦੀ ਵਿਰਾਸਤ ਦੇ ਕੇ ਜਾਈਏ। ਤੇ ਉਹ ਵਿਰਾਸਤ ਹੈ ਯੋਗ। •