- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਾਲਾਂਕਿ, ਕਲੀਨਿਕਲ ਐਪੀਜੈਨੇਟਿਕਸ ਜਰਨਲ ’ਚ ਛਪੇ ਅਧਿਐਨ ’ਚ ਇਹ ਨਹੀਂ ਦੇਖਿਆ ਗਿਆ ਕਿ ਕੀ ਇਨ੍ਹਾਂ ਐਪੀਜੈਨੇਟਿਕ ਨਿਸ਼ਾਨਾਂ ਦਾ ਬੱਚਿਆਂ ਦੀ ਇਮਿਊਨਿਟੀ ਜਾਂ ਵਿਕਾਸ ’ਤੇ ਕੋਈ ਅਸਰ ਪਿਆ ਸੀ।

ਮੈਡ੍ਰਿਡ (ਪੀਟੀਆਈ) : ਇਕ ਅਧਿਐਨ ਦੌਰਾਨ ਖ਼ੂਨ ਦੇ ਨਮੂਨਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਜਿਹੜੇ ਬੱਚਿਆਂ ਨੂੰ ਘੱਟ ਤੋਂ ਘੱਟ ਸ਼ੁਰੂਆਤੀ ਤਿੰਨ ਮਹੀਨਿਆਂ ਤੱਕ ਸਿਰਫ ਮਾਂ ਦਾ ਦੁੱਧ ਪਿਆਇਆ ਗਿਆ, ਉਨ੍ਹਾਂ ’ਚ ਐਪੀਜੈਨੇਟਿਕ ਮਾਰਕਰ (ਡੀਐੱਨਏ ’ਚ ਹੋਣ ਵਾਲੇ ਕੈਮੀਕਲ ਬਦਲਾਅ) ਪਾਏ ਗਏ। ਇਹ ਬਰਾਬਰੀ ਉਨ੍ਹਾਂ ਬੱਚਿਆਂ ਨਾਲ ਕੀਤੀ ਗਈ, ਜਿਨ੍ਹਾਂ ਨੂੰ ਮਾਂ ਦਾ ਦੁੱਧ ਨਹੀਂ ਪਿਆਇਆ ਗਿਆ ਸੀ। ਐਪੀਜੈਨੇਟਿਕਸ, ਜੀਂਸ ਤੇ ਵਾਤਾਵਰਣ ਵਿਚਾਲੇ ਤਾਲਮੇਲ ਨਾਲ ਜੁੜਿਆ ਹੈ। ਇਨ੍ਹਾਂ ਦੇ ਆਪਸੀ ਅਸਰ ਨਾਲ ਹੀ ਕੋਈ ਵਿਹਾਰ ਦਿਖਾਈ ਦਿੰਦਾ ਹੈ।
ਸਪੇਨ ਦੇ ਬਾਰਸੀਲੋਨਾ ਇੰਸਟੀਚਿਊਟ ਫਾਰ ਗਲੋਬਲ ਹੈਲਥ ਤੇ ਬ੍ਰਿਟੇਨ ਦੀ ਐਕਸੈਟਰ ਤੇ ਬ੍ਰਿਸਟਲ ਯੂਨੀਵਰਸਿਟੀ ਦੇ ਖੋਜੀਆਂ ਨੇ 3421 ਬੱਚਿਆਂ ’ਚ ਡੀਐੱਨਏ ਮਿਥਾਈਲੇਸ਼ਨ ਦੀ ਐਪੀਜੈਨੇਟਿਕ ਪ੍ਰਕਿਰਿਆ ਦਾ ਵਿਸ਼ਲੇਸ਼ਣ ਕੀਤਾ। ਟੀਮ ਨੇ ਪਾਇਆ ਕਿ ਜਿਹੜੇ ਬੱਚਿਆਂ ਨੂੰ ਘੱਟ ਤੋਂ ਘੱਟ ਤਿੰਨ ਮਹੀਨੇ ਤੱਕ ਸਿਰਫ ਮਾਂ ਦਾ ਦੁੱਧ ਪਿਆਇਆ ਗਿਆ ਸੀ, ਉਨ੍ਹਾਂ ’ਚ ਇਮਿਊਨਿਟੀ ਤੇ ਵਿਕਾਸ ਦੀਆਂ ਪ੍ਰਕਿਰਿਆਵਾਂ ਨਾਲ ਜੁੜੇ ਜੀਂਸ ’ਤੇ ਡੀਐੱਨਏ ਮਿਥਾਈਲੇਸ਼ਨ ਦੇ ਨਿਸ਼ਾਨ, ਉਨ੍ਹਾਂ ਬੱਚਿਆਂ ਦੇ ਮੁਕਾਬਲੇ ਔਸਤਨ ਵੱਧ ਸੀ, ਜਿਨ੍ਹਾਂ ਨੂੰ ਮਾਂ ਦਾ ਦੁੱਧ ਨਹੀਂ ਪਿਆਇਆ ਗਿਆ ਸੀ।
ਹਾਲਾਂਕਿ, ਕਲੀਨਿਕਲ ਐਪੀਜੈਨੇਟਿਕਸ ਜਰਨਲ ’ਚ ਛਪੇ ਅਧਿਐਨ ’ਚ ਇਹ ਨਹੀਂ ਦੇਖਿਆ ਗਿਆ ਕਿ ਕੀ ਇਨ੍ਹਾਂ ਐਪੀਜੈਨੇਟਿਕ ਨਿਸ਼ਾਨਾਂ ਦਾ ਬੱਚਿਆਂ ਦੀ ਇਮਿਊਨਿਟੀ ਜਾਂ ਵਿਕਾਸ ’ਤੇ ਕੋਈ ਅਸਰ ਪਿਆ ਸੀ।
ਡੀਐੱਨਏ ਮਿਥਾਈਲੇਸ਼ਨ ਇਕ ਆਫ ਸਵਿੱਚ ਦੀ ਤਰ੍ਹਾਂ ਕੰਮ ਕਰਦਾ ਹੈ ਤੇ ਕਿਸੇ ਜੀਨ ਨੂੰ ਖ਼ੁਦ ਨੂੰ ਜ਼ਾਹਿਰ ਕਰਨ ਤੋਂ ਰੋਕਦਾ ਹੈ। ਇਸ ਪ੍ਰਕਿਰਿਆ ਨੂੰ ਭਰੂਣ ਦੇ ਵਿਕਾਸ ਤੇ ਜੀਨੋਮਿਕ ਸਥਿਰਤਾ ਤੇ ਦੂਜੇ ਕੰਮਾਂ ਲਈ ਜ਼ਰੂਰੀ ਮੰਨਿਆ ਗਿਆ ਹੈ। ਖੋਜੀ ਡੋਰੇਟਾ ਕਾਰਾਮਾਸ਼ੀ ਨੇ ਕਿਹਾ ਕਿ ਹਾਲਾਂਕਿ ਇਹ ਸਾਬਿਤ ਹੋ ਚੁੱਕਾ ਹੈ ਕਿ ਦੁੱਧ ਚੁੰਘਾਉਣ ਨਾਲ ਬੱਚੇ ਦੀ ਸਿਹਤ ’ਤੇ ਬਿਹਤਰ ਅਸਰ ਪੈਂਦਾ ਹੈ। ਜਿਵੇਂ ਕਿ ਬਿਹਤਰ ਦਿਮਾਗ਼ ਦਾ ਵਿਕਾਸ ਤੇ ਮਜ਼ਬੂਤ ਇਮਿਊਨ ਸਿਸਟਮ ਪਰ ਇਸ ਪਿੱਛੇ ਜੈਵਿਕ ਤਰੀਕਿਆਂ ਨੂੰ ਹਾਲੇ ਪੂਰੀ ਤਰ੍ਹਾਂ ਨਾਲ ਨਹੀਂ ਸਮਝਿਆ ਜਾ ਸਕਿਆ ਹੈ ਤੇ ਐਪੀਜੈਨੇਟਿਕਸ ਇਸ ਵਿਚ ਸੰਭਾਵੀ ਭੂਮਿਕਾ ਨਿਭਾਉਣ ਵਾਲਾ ਕਾਰਨ ਬਣ ਕੇ ਉੱਭਰ ਰਿਹਾ ਹੈ।