- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਕਤ ਦੀ ਮੰਗ ਹੈ ਕਿ ਅਸੀਂ ਮਲੇਰੀਆ ਦੇ ਖ਼ਾਤਮੇ ਲਈ ਨਵੇਂ ਢੰਗ ਲੱਭੀਏ। ਖੋਜ ਕਰਤਿਆਂ ਨੇ ਸੁਝਾਅ ਦਿੱਤਾ ਹੈ ਕਿ ਹੁਣ ਸਾਨੂੰ ‘ਅਗਲੀ ਪੀੜ੍ਹੀ ਦੀਆਂ ਮੱਛਰਦਾਨੀਆਂ’ (ਜਿਵੇਂ ਪਾਈਰੇਥਰਾਇਡ-ਪਾਈਪੇਰੋਨਿਲ ਬਿਊਟੋਕਸਾਈਡ ਨੈੱਟ (ਪੀਬੀਓ) ਤੇ ਡੂਅਲ-ਐਕਟਿਵ-ਇੰਗ੍ਰੀਡੀਐਂਟ ਇੰਸੈਕਟੀਸਾਈਡ-ਟ੍ਰੀਟਡ ਨੈੱਟ (ਆਈਟੀਐੱਨ) ਨੂੰ ਅਪਣਾਉਣਾ ਹੋਵੇਗਾ।

ਨਵੀਂ ਦਿੱਲੀ (ਪੀਟੀਆਈ) : ਮਲੇਰੀਆ ਅਜਿਹੀ ਬਿਮਾਰੀ ਹੈ, ਜੋ ਕਿ ਸਾਲਾਂ ਤੋਂ ਪਤਾ ਨਹੀਂ ਕਿੰਨੇ ਮਾਸੂਮਾਂ ਦੀ ਜ਼ਿੰਦਗੀ ਅਤੇ ਪਰਿਵਾਰਾਂ ਦੀ ਖੁਸ਼ੀਆਂ ਚੋਰੀ ਕਰ ਰਹੀ ਹੈ। ਇਸ ਖ਼ਤਰਨਾਕ ਬਿਮਾਰੀ ਖ਼ਿਲਾਫ਼ ਜੰਗ ਵਿਚ ‘ਕੀਟਨਾਸ਼ਕ ਯੁਕਤ ਮੱਛਰਦਾਨੀਆਂ’ (ਇੰਸੈਕਟੀਸਾਈਡ-ਟ੍ਰੀਟਡ ਨੈੱਟਸ-ਆਈਟੀਐੱਨ) ਹਮੇਸ਼ਾ ਬੇਹੱਦ ਸਧਾਰਨ, ਸਸਤਾ ਤੇ ਮਜ਼ਬੂਤ ਸੁਰੱਖਿਆ ਕਵਚ ਰਹੀਆਂ ਹਨ। ਦੂਜੇ ਪਾਸੇ ਹਾਲ ਹੀ ਵਿਚ ਹੋਏ ਕੌਮਾਂਤਰੀ ਵਿਸ਼ਲੇਸ਼ਣ ਨੇ ਸਾਨੂੰ ਖ਼ੁਸ਼ ਹੋਣ ਦੇ ਨਾਲ-ਨਾਲ ਗੰਭੀਰਤਾ ਨਾਲ ਸੁਚੇਤ ਰਹਿਣ ਦੀ ਚਿਤਾਵਨੀ ਦਿੱਤੀ ਹੈ। 12 ਮੁਲਕਾਂ (ਭਾਰਤ, ਚੀਨ ਸਮੇਤ ਏਸ਼ੀਆ ਤੇ ਅਫ਼ਰੀਕਾ ਦੇ ਦੇਸ਼) ਉੱਤੇ ਹੋਏ ਅਧਿਐਨਾਂ ਦਾ ਵਿਸ਼ਲੇਸ਼ਣ ਦੱਸਦਾ ਹੈ ਕਿ ਇਹ ਸੁਰੱਖਿਆ ਕਵਚ ਹੀ ਹੁਣ ਖ਼ਤਰੇ ਵਿਚ ਹੈ। ਮੱਛਰਾਂ ਵਿਚ ਕੀਟਨਾਸ਼ਕਾਂ ਖ਼ਿਲਾਫ਼ ਵੱਧਦੀ ਰੋਧਕਤਾ (ਰਜਿਸਟੈਂਸ) ਇਸ ਜੀਵਨ ਰੱਖਿਆ ਸਾਧਨ ਦੇ ਅਸਰ ਨੂੰ ਘਟਾ ਰਹੀ ਹੈ।
ਉਮੀਦ ਦੀ ਕਿਰਨ : ਲੱਖਾਂ ਜ਼ਿੰਦਗੀਆਂ ਦਾ ਸਹਾਰਾ :
ਆਸਟ੍ਰੇਲੀਆ ਦੀ ਜੇਮਸ ਕੁੱਕ ਯੂਨੀਵਰਸਿਟੀ ਤੇ ਨਾਈਜੀਰੀਆ ਦੀ ਯੂਨੀਵਰਸਿਟੀ ਆਫ਼ ਜੋਸ ਦੇ ਖੋਜਕਰਤਾ ਡਾ. ਗਬੇਮੀਨੀਆਈ ਓਟੋਲੋਰੀਨ ਦੇ ਅਗਵਾਈ ਵਿਚ ਕੁੱਲ 25 ਅਧਿਐਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਇਸ ਵਿਚ 19 ਅਧਿਐਨ ਮਲੇਰੀਆ ਦੇ ਮਾਮਲਿਆਂ ਉੱਤੇ ਅਤੇ 6 ਅਧਿਐਨ ਇਸ ਕਾਰਨ ਹੋਣ ਵਾਲੀਆਂ ਮੌਤਾਂ ’ਤੇ ਅਧਾਰਤ ਸਨ। ਇਸ ਵਿਸ਼ਲੇਸ਼ਣ ਤੋਂ ਇਹ ਸੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਮੱਛਰਦਾਨੀਆਂ ਨੇ ਮਲੇਰੀਆ ਨੂੰ ਰੋਕਣ ਵਿਚ ਇਤਿਹਾਸਕ ਭੂਮਿਕਾ ਨਿਭਾਈ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ ਏਸ਼ੀਆ ਵਿਚ ਇਨ੍ਹਾਂ ਮੱਛਰਦਾਨੀਆਂ ਦੀ ਵਰਤੋਂ ਨਾਲ ਮਲੇਰੀਆ ਦੇ ਮਾਮਲਿਆਂ ਵਿਚ 68 ਫ਼ੀਸਦ ਦੀ ਗਿਰਾਵਟ ਆਈ ਤੇ ਮੌਤਾਂ ਵਿਚ 18 ਫ਼ੀਸਦ ਦੀ ਕਮੀ ਦਰਜ ਕੀਤੀ ਗਈ। ਅਫ਼ਰੀਕਾ ਵਿਚ ਇਸ ਨੇ ਮਲੇਰੀਆ ਦੇ ਮਾਮਲਿਆਂ ਨੂੰ 29 ਤੋਂ 40 ਫ਼ੀਸਦ ਤੱਕ ਘਟਾਉਣ ਵਿਚ ਸਫਲਤਾ ਪ੍ਰਾਪਤ ਕੀਤੀ। ਇਹ ਅੰਕੜੇ ਸਿਰਫ਼ ਗਿਣਤੀ ਨਹੀਂ ਹਨ ਬਲਕਿ ਉਨ੍ਹਾਂ ਲੱਖਾਂ ਚਿਹਰਿਆਂ ਦੀ ਮੁਸਕਾਨ ਹਨ, ਜਿਨ੍ਹਾਂ ਨੂੰ ਇਸ ਨੇ ਜੀਵਨਦਾਨ ਦਿੱਤਾ ਹੈ।
ਖ਼ਤਰੇ ਦੀ ਘੰਟੀ, ਬਦਲ ਰਿਹੈ ਮੱਛਰਾਂ ਦਾ ਵਿਵਹਾਰ : ਡਾ. ਓਟੋਲੋਰੀਨ ਨੇ ਕਿਹਾ ਹੈ ਕਿ ਇਹ ਅਧਿਐਨ ਜਿੱਥੇ ਇਹ ਸਾਬਤ ਕਰਦਾ ਹੈ ਕਿ ਮੱਛਰਦਾਨੀਆਂ ਮਲੇਰੀਆ ਦੇ ਖ਼ਿਲਾਫ਼ ਸਾਡਾ ਸਭ ਤੋਂ ਕਾਰਗ਼ਰ ਹਥਿਆਰ ਹਨ, ਉਥੇ ਇਹ ਚਿਤਾਵਨੀ ਵੀ ਹੈ ਕਿ ਅਸੀਂ ਹੱਥ ’ਤੇ ਹੱਥ ਰੱਖ ਕੇ ਨਹੀਂ ਬੈਠ ਸਕਦੇ। ਚਿੰਤਾ ਦੀ ਗੱਲ ਇਹ ਹੈ ਕਿ ਮੱਛਰ ਹੁਣ ਇਸ ਕੀਟਨਾਸ਼ਕ ਦੇ ਆਦੀ ਹੋ ਚੁੱਕੇ ਹਨ ਤੇ ਉਨ੍ਹਾਂ ਨੇ ਆਪਣਾ ਵਿਵਹਾਰ ਬਦਲ ਲਿਆ ਹੈ। ਜੋ ਸਾਧਨ ਮਨੁੱਖਾਂ ਨੂੰ ਬਚਾਉਂਦਾ ਆ ਰਿਹਾ ਹੈ, ਹੋ ਸਕਦਾ ਹੈ ਉਹ ਦੂਜੀ ਜਗ੍ਹਾ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਿਹਾ ਹੋਵੇ। ਸਥਾਨਕ ਕਾਰਕ ਜਿਵੇਂ ਮੱਛਰਾਂ ਦੀਆਂ ਵੱਖ-ਵੱਖ ਪ੍ਰਜਾਤੀਆਂ, ਕੀਟਨਾਸ਼ਕ ਸਹਿਣ ਕਰਨ ਦੀ ਉਨ੍ਹਾਂ ਦੀ ਤਾਕਤ ਤੇ ਲੋਕਾਂ ਵੱਲੋਂ ਮੱਛਰਦਾਨੀ ਦੀ ਸਹੀ ਢੰਗ ਨਾਲ ਵਰਤੋਂ ਨਾ ਕਰਨਾ, ਇਸ ਦੇ ਅਸਰ ਨੂੰ ਪ੍ਰਭਾਵਤ ਕਰ ਰਿਹਾ ਹੈ।
ਸਮੇਂ ਦੀ ਮੰਗ : ਵਕਤ ਦੀ ਮੰਗ ਹੈ ਕਿ ਅਸੀਂ ਮਲੇਰੀਆ ਦੇ ਖ਼ਾਤਮੇ ਲਈ ਨਵੇਂ ਢੰਗ ਲੱਭੀਏ। ਖੋਜ ਕਰਤਿਆਂ ਨੇ ਸੁਝਾਅ ਦਿੱਤਾ ਹੈ ਕਿ ਹੁਣ ਸਾਨੂੰ ‘ਅਗਲੀ ਪੀੜ੍ਹੀ ਦੀਆਂ ਮੱਛਰਦਾਨੀਆਂ’ (ਜਿਵੇਂ ਪਾਈਰੇਥਰਾਇਡ-ਪਾਈਪੇਰੋਨਿਲ ਬਿਊਟੋਕਸਾਈਡ ਨੈੱਟ (ਪੀਬੀਓ) ਤੇ ਡੂਅਲ-ਐਕਟਿਵ-ਇੰਗ੍ਰੀਡੀਐਂਟ ਇੰਸੈਕਟੀਸਾਈਡ-ਟ੍ਰੀਟਡ ਨੈੱਟ (ਆਈਟੀਐੱਨ) ਨੂੰ ਅਪਣਾਉਣਾ ਹੋਵੇਗਾ। ਨਾਲ ਹੀ, ਘਰਾਂ ਵਿਚ ਕੀਟਨਾਸ਼ਕ ਦਾ ਛਿੜਕਾਅ ਤੇ ਕੰਧਾਂ ’ਤੇ ਕੀਟਨਾਸ਼ਕ ਦੀ ਪਰਤ ਚੜ੍ਹਾਉਣ ਵਰਗੀਆਂ ਤਕਨੀਕਾਂ ਨੂੰ ਇਸ ਦਾ ਹਿੱਸਾ ਬਣਾਉਣਾ ਹੋਵੇਗਾ ਤਾਂ ਜੋ ਇਸ ਖ਼ਤਰਨਾਕ ਬਿਮਾਰੀ ਨੂੰ ਹਮੇਸ਼ਾ ਲਈ ਹਰਾਇਆ ਜਾ ਸਕੇ।