- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਵ ਸਿਹਤ ਦਿਵਸ ਹਰ ਸਾਲ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਉਦੇਸ਼ ਦੁਨੀਆ ਭਰ ’ਚ ਸਿਹਤ ਸਬੰਧੀ ਜਾਗਰੂਕਤਾ ਪੈਦਾ ਕਰਨਾ ਹੈ। ਵਿਸ਼ਵ ਸਿਹਤ ਦਿਵਸ ਦੀ ਸ਼ੁਰੂਆਤ ਵਿਸ਼ਵ ਸਿਹਤ ਸੰਸਥਾ ਵੱਲੋਂ ਸਿਹਤ ਸਬੰਧੀ ਹਾਲਤਾਂ ਨੂੰ ਸੁਧਾਰਨ ਤੇ ਸੰਸਾਰ ਭਰ ’ਚ ਜ਼ਰੂਰੀ ਸਿਹਤ ਬਦਲਾਅ ਲਿਆਉਣ ਲਈ ਕੀਤੀ ਗਈ ਸੀ।

ਵਿਸ਼ਵ ਸਿਹਤ ਦਿਵਸ ਹਰ ਸਾਲ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਉਦੇਸ਼ ਦੁਨੀਆ ਭਰ ’ਚ ਸਿਹਤ ਸਬੰਧੀ ਜਾਗਰੂਕਤਾ ਪੈਦਾ ਕਰਨਾ ਹੈ। ਵਿਸ਼ਵ ਸਿਹਤ ਦਿਵਸ ਦੀ ਸ਼ੁਰੂਆਤ ਵਿਸ਼ਵ ਸਿਹਤ ਸੰਸਥਾ ਵੱਲੋਂ ਸਿਹਤ ਸਬੰਧੀ ਹਾਲਤਾਂ ਨੂੰ ਸੁਧਾਰਨ ਤੇ ਸੰਸਾਰ ਭਰ ’ਚ ਜ਼ਰੂਰੀ ਸਿਹਤ ਬਦਲਾਅ ਲਿਆਉਣ ਲਈ ਕੀਤੀ ਗਈ ਸੀ।
2025 ’ਚ ਇਸ ਦਿਵਸ ਦਾ ਵਿਸ਼ੇਸ਼ ਟੀਚਾ ਹੈ, ‘ਸਿਹਤਮੰਦ ਸ਼ੁਰੂਆਤ-ਆਸਵੰਦ ਭਵਿੱਖ।’ ਇਸ ਸਾਲ ਦੀ ਥੀਮ ਸਾਨੂੰ ਇਹ ਸਮਝਾਉਂਦੀ ਹੈ ਕਿ ਜੀਵਨ ਦੀ ਸ਼ੁਰੂਆਤ ਤੋਂ ਹੀ ਸਿਹਤਮੰਦ ਰਹਿਣਾ ਕਿਵੇਂ ਸੰਪੂਰਨ ਤੇ ਖੁਸ਼ਹਾਲ ਭਵਿੱਖ ਦੀ ਬੁਨਿਆਦ ਰੱਖ ਸਕਦਾ ਹੈ। ਅੱਜ ਦੇ ਸਮੇਂ ਵਿਚ ਵਿਸ਼ਵ ਭਰ ’ਚ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਤੇ ਮੁਸ਼ਕਲਾਂ ਆ ਰਹੀਆਂ ਹਨ, ਜਿਵੇਂ ਮੋਟਾਪਾ, ਸ਼ੂਗਰ, ਮਾਨਸਿਕ ਅਤੇ ਸੰਕ੍ਰਾਮਿਕ ਬਿਮਾਰੀਆਂ। ਜੇ ਹਰ ਵਿਅਕਤੀ ਅਤੇ ਸਮਾਜ ਸਿਹਤਮੰਦ ਸ਼ੁਰੂਆਤਾਂ ਦੀ ਅਹਿਮੀਅਤ ਸਮਝੇ ਤੇ ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਸਿਹਤਮੰਦ ਜੀਵਨਸ਼ੈਲੀ ਅਪਣਾਉਣ, ਤਾਂ ਅਸੀਂ ਆਸਵੰਦ ਭਵਿੱਖ ਦੀ ਉਮੀਦ ਰੱਖ ਸਕਦੇ ਹਾਂ। ਜੇ ਤੁਸੀਂ ਤੰਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੀ ਖ਼ੁਰਾਕ ’ਤੇ ਪੂਰਾ ਧਿਆਨ ਦੇਣਾ ਪਵੇਗਾ ਕਿਉਂਕਿ ਖਾਣ-ਪੀਣ ਦਾ ਸਿਹਤ ’ਤੇ ਡੂੰਘਾ ਅਸਰ ਪੈਂਦਾ ਹੈ। ਅੱਜ ਦੇ ਦੌਰ ਵਿਚ ਕੁਝ ਵੀ ਖਾਣ-ਪੀਣ ਦੀ ਆਦਤ ਤੇਜ਼ੀ ਨਾਲ ਵੱਧ ਰਹੀ ਹੈ, ਜੋ ਸਿਹਤ ਲਈ ਨੁਕਸਾਨਦੇਹ ਹੋ ਸਕਦੀ ਹੈ। ਜੇ ਅਸੀਂ ਹਰ ਰੋਜ਼ ਸੰਤੁਲਿਤ ਖ਼ੁਰਾਕ ਖਾਂਦੇ ਹਾਂ ਤਾਂ ਇਸ ਨਾਲ ਨਾ ਸਿਰਫ਼ ਸਾਨੂੰ ਭਰਪੂਰ ਪੋਸ਼ਣ ਮਿਲਦਾ ਹੈ ਸਗੋਂ ਸਾਡਾ ਇਮਿਊਨ ਸਿਸਟਮ ਵੀ ਮਜ਼ਬੂਤ ਹੁੰਦਾ ਹੈ, ਜੋ ਬਿਮਾਰੀਆਂ ਨਾਲ ਲੜਨ ਵਿਚ ਸਾਡੀ ਮਦਦ ਕਰਦਾ ਹੈ।
ਸਿਹਤਮੰਦ ਸ਼ੁਰੂਆਤ
ਜੀਵਨ ਦੀ ਸ਼ੁਰੂਆਤ ਨਵੇਂ ਸੰਸਾਰ ’ਚ ਕਦਮ ਰੱਖਣ ਵਰਗੀ ਹੁੰਦੀ ਹੈ। ਇਕ ਬੱਚੇ ਦੇ ਜਨਮ ਤੋਂ ਬਾਅਦ ਉਸ ਲਈ ਸਿਹਤਮੰਦ ਆਦਤਾਂ ਦਾ ਵਿਕਾਸ ਕਰਨਾ ਵੀ ਬੜਾ ਜ਼ਰੂਰੀ ਹੈ। ਮਾਤਾ-ਪਿਤਾ ਤੇ ਸੰਭਾਲ ਕਰਨ ਵਾਲੇ ਲੋਕਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਬੱਚਿਆਂ ਨੂੰ ਸਿਹਤਮੰਦ ਖ਼ੁਰਾਕ ਤੇ ਸਿਹਤਮੰਦ ਜੀਵਨਸ਼ੈਲੀ ਵਾਲੀਆਂ ਆਦਤਾਂ ਸਿਖਾਉਣ, ਜਿਵੇਂ ਸੰਤੁਲਿਤ ਖਾਣ-ਪੀਣ, ਸਰੀਰਕ ਵਰਜ਼ਿਸ਼ ਤੇ ਕੁਦਰਤ ਨਾਲ ਜੁੜਨਾ।
ਕੁਝ ਅਹਿਮ ਪਹਿਲੂ
ਪੋਸ਼ਣ : ਸ਼ੁਰੂਆਤ ’ਚ ਮਾਂ ਦਾ ਦੁੱਧ ਬੱਚੇ ਲਈ ਸਭ ਤੋਂ ਮਦਦਗਾਰ ਹੈ। ਇਸ ਨਾਲ ਨਵਜਾਤ ਸਰੀਰ ਨੂੰ ਜ਼ਰੂਰੀ ਪੋਸ਼ਣ ਮਿਲਦਾ ਹੈ। ਮਾਂ ਦਾ ਪਹਿਲਾ ਦੁੱਧ ਬੱਚੇ ਲਈ ਵਰਦਾਨ ਹੁੰਦਾ ਹੈ। ਬੱਚੇ ਨੂੰ ਛੇ ਮਹੀਨੇ ਦੀ ਉਮਰ ਤਕ ਸਿਰਫ਼ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ।
ਸੰਤੁਲਿਤ ਭੋਜਨ : ਬੱਚਿਆਂ ਨੂੰ ਸਹੀ ਮਾਤਰਾ ਵਿਚ ਭੋਜਨ, ਪਾਣੀ, ਫਲ, ਸਬਜ਼ੀਆਂ ਖਾਣ ਲਈ ਉਤਸ਼ਾਹਿਤ ਕੀਤਾ ਜਾਵੇ। ਉਸ ਨੂੰ ਬਚਪਨ ਤੋਂ ਹੀ ਘਰ ਦੀਆਂ ਬਣੀਆਂ ਚੀਜ਼ਾਂ ਖਾਣ ਦੀ ਆਦਤ ਪਾਉਣੀ ਚਾਹੀਦੀ ਹੈ। ਛੇ ਮਹੀਨੇ ਦੀ ਉਮਰ ਤੋਂ ਬਾਅਦ ਮਾਂ ਦੇ ਦੁੱਧ ਦੇ ਨਾਲ-ਨਾਲ ਤਰਲ, ਅਰਧ ਠੋਸ ਤੇ ਠੋਸ ਦੇ ਕ੍ਰਮ ਵਿਚ ਦਾਲਾਂ ਦਾ ਪਾਣੀ, ਦਾਲ-ਸਬਜ਼ੀ ਆਦਿ ਖਾਣ ਲਈ ਦਿੱਤੀ ਜਾਵੇ, ਤਾਂ ਜੋ ਬੱਚੇ ਨੂੰ ਇਨ੍ਹਾਂ ਦੇ ਸਵਾਦ ਦਾ ਅਹਿਸਾਸ ਹੋਵੇ। ਫਾਸਟ ਫੂਡ, ਐਨਰਜੀ ਡਰਿੰਕ ਆਦਿ ਤੋਂ ਪਰਹੇਜ਼ ਕੀਤਾ ਜਾਵੇ।
ਸਰੀਰਕ ਗਤੀਵਿਧੀਆਂ : ਬੱਚੇ ਦੀ ਤੰਦਰੁਸਤੀ ਲਈ ਖਾਣ-ਪੀਣ ਦੇ ਨਾਲ-ਨਾਲ ਸਰੀਰਕ ਗਤੀਵਿਧੀਆਂ ਵੱਲ ਵੀ ਉਤਸ਼ਾਹਿਤ ਕੀਤਾ ਜਾਵੇ। ਖੇਡਾਂ ਨਾਲ ਜਿੱਥੇ ਤੰਦਰੁਸਤੀ ਮਿਲਦੀ ਹੈ, ਉੱਥੇ ਹੀ ਸਮਾਜਿਕ ਤੌਰ ’ਤੇ ਮਿਲਵਰਤਨ ਦੀ ਭਾਵਨਾ ਵੀ ਪ੍ਰਫੁੱਲਤ ਹੁੰਦੀ ਹੈ।
ਮਨੋਵਿਗਿਆਨਿਕ ਤੇ ਸਮਾਜਿਕ ਆਦਤਾਂ: ਬੱਚਿਆਂ ਨੂੰ ਸਮਾਜਿਕ, ਮਨੋਵਿਗਿਆਨਿਕ ਤੇ ਨੈਤਿਕ ਮੁੱਲਾਂ ਨੂੰ ਪੜ੍ਹਾਈ ਜਾਂ ਗੱਲਾਂ ਰਾਹੀਂ ਸਿਖਾਉਣ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ਵਿਚ ਸੁਧਾਰ ਹੁੰਦਾ ਹੈ ਅਤੇ ਭਵਿੱਖ ’ਚ ਉਹ ਜ਼ਿੰਮੇਵਾਰ ਨਾਗਰਿਕ ਵਜੋਂ ਵਿਚਰਦਾ ਹੈ।
ਹੋਰ ਮਹੱਤਵਪੂਰਨ ਪੱਖ
ਜਦੋਂ ਸਿਹਤਮੰਦ ਸ਼ੁਰੂਆਤ ਹੋ ਜਾਂਦੀ ਹੈ, ਤਾਂ ਇਹ ਆਸਵੰਦ ਤੇ ਸਮਰੱਥ ਭਵਿੱਖ ਦੀ ਸੰਭਾਵਨਾ ਨੂੰ ਜਨਮ ਦਿੰਦੀ ਹੈ। ਸਿਹਤਮੰਦ ਜੀਵਨ ਦੀ ਸ਼ੁਰੂਆਤ ਨਾ ਸਿਰਫ਼ ਵਿਅਕਤੀ ਦੀ ਸਿਹਤ ਸਗੋਂ ਸਮੂਹ ਸਮਾਜ ਤੇ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਸੁਧਾਰ ਲਈ ਵੀ ਲਾਭਕਾਰੀ ਹੁੰਦੀ ਹੈ।
ਨਾ ਖਾਓ ਜੰਕ ਫੂਡ
ਆਪਣੀ ਖ਼ੁਰਾਕ ’ਚ ਤਾਜ਼ੇ ਫਲ, ਸਬਜ਼ੀਆਂ, ਫਲੀਆਂ, ਦਾਲਾਂ, ਸਾਬਤ ਅਨਾਜ, ਸੁੱਕੇ ਮੇਵੇ ਅਤੇ ਬੀਜਾਂ ਆਦਿ ਸਾਰੀਆਂ ਚੀਜ਼ਾਂ ਨੂੰ ਸ਼ਾਮਿਲ ਕਰੋ। ਰੋਜ਼ ਥੋੜ੍ਹੀ ਮਾਤਰਾ ’ਚ ਡਰਾਈ ਫਰੂਟ ਦਾ ਸੇਵਨ ਵੀ ਕਰੋ। ਸਬਜ਼ੀਆਂ ਤੇ ਫਲਾਂ ਨੂੰ ਉਨ੍ਹਾਂ ਦੇ ਕੁਦਰਤੀ ਰੂਪ (ਕੱਚਾ) ’ਚ ਖਾਣਾ ਬਹੁਤ ਵਧੀਆ ਰਹਿੰਦਾ ਹੈ। ਇਸ ਨਾਲ ਸਰੀਰ ਨੂੰ ਜ਼ਰੂਰੀ ਐਂਜ਼ਾਈਮ ਮਿਲਦੇ ਹਨ। ਸਰੀਰ ਜਿੰਨੇ ਜ਼ਿਆਦਾ ਪੋਸ਼ਕ ਤੱਤਾਂ ਨੂੰ ਸਰੀਰ ’ਚ ਸਮਾਏਗਾ, ਓਨਾ ਹੀ ਸਿਹਤਮੰਦ ਰਹੇਗਾ। ਜੰਕ ਤੇ ਤਲਿਆ ਹੋਇਆ ਭੋਜਨ ਖਾਣ ਤੋਂ ਬਚੋ ਕਿਉਂਕਿ ਇਸ ’ਚ ਕੈਲੋਰੀ ਦੀ ਮਾਤਰਾ ਕਾਫ਼ੀ ਹੁੰਦੀ ਹੈ ਤੇ ਪੋਸ਼ਕ ਤੱਤ ਬਿਲਕੁਲ ਨਹੀਂ ਹੁੰਦੇ। ਇਸ ਦਾ ਗਲਾਈਸੈਮਿਕ ਇੰਡੈਕਸ ਵੀ ਜ਼ਿਆਦਾ ਹੁੰਦਾ ਹੈ, ਜਿਸ ਨਾਲ ਖਾਣ ਤੋਂ ਬਾਅਦ ਖ਼ੂਨ ’ਚ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵੱਧ ਸਕਦਾ ਹੈ।
ਬਹੁਤ ਸਾਰੀਆਂ ਉੱਭਰ ਰਹੀਆਂ ਸਮੱਸਿਆਵਾਂ
ਸਿਹਤਮੰਦ ਸ਼ੁਰੂਆਤ ਦਾ ਮਤਲਬ ਸਿਰਫ਼ ਖ਼ੁਸ਼ਹਾਲ ਜੀਵਨ ਹੀ ਨਹੀਂ ਸਗੋਂ ਆਪਣੇ ਸਰੀਰ ਤੇ ਮਾਨਸਿਕ ਸੁੱਖ-ਸ਼ਾਂਤੀ ਦਾ ਵੀ ਸੁਨਹਿਰੀ ਮੌਕਾ ਹੈ। ਅੱਜ-ਕੱਲ੍ਹ ਵਿਸ਼ਵ ’ਚ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਉੱਭਰੀਆਂ ਹਨ। ਲੋਕਾਂ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੀ ਜੀਵਨਸ਼ੈਲੀ ਨੂੰ ਵਧੀਆ ਬਣਾਉਣ ਲਈ ਕੁਝ ਅਹਿਮ ਕਦਮ ਉਠਾਉਣ। ਇਸ ’ਚ ਕੁਝ ਮਹੱਤਵਪੂਰਨ ਬਿੰਦੂ ਹਨ:
ਕਸਰਤ : ਹਰ ਰੋਜ਼ ਵਿਆਯਾਮ ਕਰਨਾ ਸਿਹਤ ਲਈ ਫ਼ਾਇਦੇਮੰਦ ਹੈ। ਇਸ ਨਾਲ ਸਰੀਰ ਦੀ ਚਰਬੀ ਘੱਟ ਹੁੰਦੀ ਹੈ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ।
ਸਿਹਤਮੰਦ ਖ਼ੁਰਾਕ: ਸਿਹਤਮੰਦ ਖਾਣਾ ਸਰੀਰ ਦੀ ਮਜ਼ਬੂਤੀ ਲਈ ਜ਼ਰੂਰੀ ਹੈ। ਹਰ ਤਰ੍ਹਾਂ ਦੇ ਫਲ, ਸਬਜ਼ੀਆਂ ਅਤੇ ਪੋਸ਼ਕ ਤੱਤਾਂ ਨਾਲ ਭਰਪੂਰ ਖ਼ੁਰਾਕ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ।
ਮਨੋਵਿਗਿਆਨਿਕ ਸਿਹਤ: ਮਾਨਸਿਕ ਸਿਹਤ ਲਈ ਯੋਗ ਅਤੇ ਧਿਆਨ ਦੇ ਅਭਿਆਸਾਂ ਨੂੰ ਅਪਣਾ ਕੇ ਜੀਵਨ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ। ਇਸ ਨਾਲ ਸਰੀਰ ਊਰਜਾਵਾਨ ਵੀ ਰਹਿੰਦਾ ਹੈ।
ਪੂਰੀ ਨੀਂਦ: ਜਿੰਨਾ ਜ਼ਿਆਦਾ ਆਰਾਮ ਮਿਲਦਾ ਹੈ, ਉਸ ਨਾਲ ਮਨ ਤੇ ਸਰੀਰ ਨੂੰ ਤਾਜ਼ਗੀ ਮਿਲਦੀ ਹੈ ਅਤੇ ਸਿਹਤ ਤੰਦਰੁਸਤ ਰਹਿੰਦੀ ਹੈ।
ਇਸ ਤਰ੍ਹਾਂ ਸਪੱਸ਼ਟ ਹੈ ਕਿ ਸਿਹਤਮੰਦ ਜ਼ਿੰਦਗੀ ਜਿਊਣ ਲਈ ਤੰਦਰੁਸਤ ਜੀਵਨਸ਼ੈਲੀ ਅਪਣਾਉਣ ਦੀ ਲੋੜ ਹੈ ਤੇ ਚੰਗੀਆਂ ਆਦਤਾਂ ਦੀ ਸ਼ੁਰੂਆਤ ਕਰਨ ਦੀ ਲੋੜ ਹੈ।
• ਨਰਿੰਦਰ ਪਾਲ ਸਿੰਘ