- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਈਗ੍ਰੇਨ (Migraine) ਮਨੁੱਖ ’ਚ ਪਾਇਆ ਜਾਣ ਵਾਲਾ ਆਮ ਰੋਗ ਹੈ। ਵਿਸ਼ਵ ਦੀ 42 ਫ਼ੀਸਦੀ ਆਬਾਦੀ ਇਸ ਰੋਗ ਤੋਂ ਪ੍ਰਭਾਵਿਤ ਹੈ। ਹਰ ਉਮਰ ਦਾ ਵਿਅਕਤੀ ਇਸ ਦਾ ਸ਼ਿਕਾਰ ਹੋ ਸਕਦਾ ਹੈ। ਇਸ ਦਾ ਦਰਦ ਬਹੁਤ ਤੇਜ਼ ਹੁੰਦਾ ਹੈ। ਇਸ ਲਈ ਲਾਪਰਵਾਹੀ ਵਰਤਣ ਦੀ ਥਾਂ ਇਸ ਦਾ ਇਲਾਜ ਕਰਨਾ ਜ਼ਰੂਰੀ ਹੋ ਜਾਂਦਾ ਹੈ। ਸਾਧਾਰਨ ਦਵਾਈ ਲੈਣ ਨਾਲ ਦਰਦ ਨੂੰ ਕੋਈ ਲਾਭ ਨਹੀਂ ਹੁੰਦਾ।

ਮਾਈਗ੍ਰੇਨ (Migraine) ਮਨੁੱਖ ’ਚ ਪਾਇਆ ਜਾਣ ਵਾਲਾ ਆਮ ਰੋਗ ਹੈ। ਵਿਸ਼ਵ ਦੀ 42 ਫ਼ੀਸਦੀ ਆਬਾਦੀ ਇਸ ਰੋਗ ਤੋਂ ਪ੍ਰਭਾਵਿਤ ਹੈ। ਹਰ ਉਮਰ ਦਾ ਵਿਅਕਤੀ ਇਸ ਦਾ ਸ਼ਿਕਾਰ ਹੋ ਸਕਦਾ ਹੈ। ਇਸ ਦਾ ਦਰਦ ਬਹੁਤ ਤੇਜ਼ ਹੁੰਦਾ ਹੈ। ਇਸ ਲਈ ਲਾਪਰਵਾਹੀ ਵਰਤਣ ਦੀ ਥਾਂ ਇਸ ਦਾ ਇਲਾਜ ਕਰਨਾ ਜ਼ਰੂਰੀ ਹੋ ਜਾਂਦਾ ਹੈ। ਸਾਧਾਰਨ ਦਵਾਈ ਲੈਣ ਨਾਲ ਦਰਦ ਨੂੰ ਕੋਈ ਲਾਭ ਨਹੀਂ ਹੁੰਦਾ। ਇਸ ਹਾਲਤ ਵਿਚ ਮਨੁੱਖ ਕੋਈ ਕੰਮ ਨਹੀਂ ਕਰ ਸਕਦਾ ਤੇ ਨਾ ਹੀ ਉਸ ਨੂੰ ਕਿਸੇ ਦੀ ਗੱਲ ਚੰਗੀ ਲੱਗਦੀ ਹੈ।
ਕਾਰਨ
ਇਸ ਰੋਗ ਬਾਰੇ ਪੱਕੇ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਖਾਣ-ਪੀਣ 'ਚ ਗੜਬੜੀ ਤੇ ਕੁਝ ਸਰੀਰਕ ਦੋਸ਼ ਇਸ ਰੋਗ ਨੂੰ ਹੱਲਾਸ਼ੇਰੀ ਦਿੰਦੇ ਹਨ। ਤਲਿਆ ਤੇ ਭਾਰੀ ਭੋਜਨ ਨਾਲ ਵੀ ਦਰਦ ਹੋ ਸਕਦਾ ਹੈ। ਥਾਇਰਾਇਡ ਗ੍ਰੰਥੀ 'ਚ ਖ਼ਰਾਬੀ ਵੀ ਇਸ ਰੋਗ ਦਾ ਕਾਰਨ ਬਣ ਸਕਦੀ ਹੈ। ਇਸ ਦਾ ਬਹੁਤਾ ਸਬੰਧ ਤਣਾਅ ਨਾਲ ਹੀ ਹੈ। ਇਸ ਲਈ ਤਣਾਅ ਤੋਂ ਬਚਣਾ ਜ਼ਰੂਰੀ ਹੋ ਜਾਂਦਾ ਹੈ। ਜਿਹੜੇ ਲੋਕ ਦਿਮਾਗ਼ੀ ਕੰਮਾਂ ਵਿਚ ਵਧੇਰੇ ਗ੍ਰਸਤ ਰਹਿੰਦੇ ਹਨ, ਉਨ੍ਹਾਂ ਨੂੰ ਇਹ ਤਕਲੀਫ਼ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ।
ਲੱਛਣ : ਮਾਈਗਰੇਨ ਦੇ ਰੋਗੀਆਂ ’ਚ ਇਹ ਲੱਛਣ ਆਮ ਵੇਖੇ ਜਾ ਸਕਦੇ ਹਨ :-
- ਦਿਲ ਘਬਰਾਉਣਾ।
- ਉਲਟੀ ਆਉਣਾ।
- ਚਿਹਰਾ ਪੀਲਾ ਪੈ ਜਾਣਾ।
- ਅੱਖਾਂ ਅੱਗੇ ਹਨੇਰਾ ਛਾ ਜਾਣਾ।
- ਚੱਕਰ ਆਉਣੇ।
- ਪਸੀਨਾ ਤੇ ਪਿਸ਼ਾਬ ਦਾ ਵਾਰ-ਵਾਰ ਆਉਣਾ।
ਬਚਾਅ ਲਈ ਉਪਾਅ
ਜਿਸ ਸਮੇਂ ਮਾਈਗ੍ਰੇਨ (Migraine) ਦਾ ਦੌਰਾ ਪਵੇ ਤਾਂ ਰੋਗੀ ਨੂੰ ਚਾਹੀਦਾ ਹੈ ਕਿ ਉਹ ਬਗ਼ੈਰ ਸਿਰਹਾਣੇ ਦੇ ਸਿੱਧਾ ਲੇਟ ਜਾਵੇ। ਮਾਈਗ੍ਰੇਨ ਦਾ ਰੋਗੀ ਰੋਸ਼ਨੀ ਬਰਦਾਸ਼ਤ ਨਹੀਂ ਕਰ ਸਕਦਾ। ਇਸ ਲਈ ਉਸ ਨੂੰ ਹਨੇਰੇ ਵਾਲੇ ਕਮਰੇ ’ਚ ਸਿੱਧਾ ਲੰਮਾ ਪਾ ਦੇਣਾ ਚਾਹੀਦਾ ਹੈ। ਇਸ ਹਾਲਤ ਵਿਚ ਜੇ ਸਿਰ, ਧੌਣ ਪਿੱਠ ਤੇ ਮੋਢਿਆਂ ਦੀ ਮਾਲਿਸ਼ ਕੀਤੀ ਜਾਵੇ ਤਾਂ ਰੋਗੀ ਨੂੰ ਆਰਾਮ ਮਿਲਦਾ ਹੈ। ਜੇ ਰੋਗੀ ਨੂੰ ਲੱਗੇ ਕਿ ਉਸ ਨੂੰ ਬਹੁਤ ਤੇਜ਼ ਤੇ ਬਰਦਾਸ਼ਤ ਤੋਂ ਬਾਹਰ ਸਿਰ ਦਰਦ ਹੋ ਰਿਹਾ ਹੈ ਤਾਂ ਉਸ ਦੇ ਸਿਰ 'ਤੇ ਠੰਢੇ ਪਾਣੀ ਦੀਆਂ ਪੱਟੀਆਂ ਰੱਖੋ। ਇਹ ਪੱਟੀਆਂ ਸਿਰ ਦਰਦ (Headache) ਨੂੰ ਘੱਟ ਕਰਨ ਵਿਚ ਸਹਾਈ ਹੋ ਸਕਦੀਆਂ ਹਨ। ਮਾਈਗ੍ਰੇਨ ਦੇ ਰੋਗੀ ਨੂੰ ਤਣਾਅ ਹੈ ਤਾਂ ਉਹ ਆਪਣੇ ਮਨ ਦੀਆਂ ਗੱਲਾਂ ਕਿਸੇ ਦੂਸਰੇ ਨੂੰ ਕਹਿ ਦੇਵੇ, ਨਹੀਂ ਤਾਂ ਸਿਰ ਦਰਦ ਤੋਂ ਰਾਹਤ ਨਹੀਂ ਮਿਲੇਗੀ। ਜੇ ਕਿਸੇ ਵਿਅਕਤੀ ਨੂੰ ਭੀੜ ਤੇ ਸ਼ੋਰ-ਸ਼ਰਾਬੇ ਵਾਲੇ ਮਾਹੌਲ 'ਚ ਮਾਈਗ੍ਰੇਨ ਦਾ ਦੌਰਾ ਪੈਣ ਦਾ ਸ਼ੱਕ ਹੋਵੇ ਤਾਂ ਉਸ ਨੂੰ ਇਸ ਤਰ੍ਹਾਂ ਦੀਆਂ ਥਾਵਾਂ ’ਤੇ ਜਾਣ ਤੋਂ ਬਚਣਾ ਚਾਹੀਦਾ ਹੈ। ਜੇ ਰੋਗੀ ਨੂੰ ਅੱਖਾਂ ਦੇ ਕਿਸੇ ਰੋਗ ਤੋਂ ਮਾਈਗ੍ਰੇਨ ਦਾ ਦਰਦ ਹੁੰਦਾ ਹੈ ਤਾਂ ਉਸ ਨੂੰ ਅੱਖਾਂ ਦੇ ਕਿਸੇ ਮਾਹਿਰ ਡਾਕਟਰ ਤੋਂ ਅੱਖਾਂ ਦਾ ਚੈੱਕਅਪ ਕਰਾਉਣਾ ਚਾਹੀਦਾ ਹੈ।
ਖਾਣ-ਪੀਣ 'ਚ ਸਾਵਧਾਨੀ
ਇਸ ਰੋਗ 'ਚ ਰੋਗੀ ਨੂੰ ਸੰਤੁਲਿਤ ਤੇ ਹਲਕਾ ਭੋਜਨ ਕਰਨਾ ਚਾਹੀਦਾ ਹੈ। ਬਹੁਤਾ ਮਿੱਠਾ, ਛਿਲਕੇ ਵਾਲੀਆਂ ਦਾਲਾਂ, ਤੇਜ਼ ਮਿਰਚ, ਮਸਾਲੇ ਅਤੇ ਤਲਿਆ-ਭੁੰਨਿਆ ਭੋਜਨ ਖਾਣ ਤੋਂ ਬਚਣਾ ਚਾਹੀਦਾ ਹੈ। ਰੋਗੀ ਨੂੰ ਖ਼ਾਲੀ ਪੇਟ ਨਹੀਂ ਰਹਿਣਾ ਚਾਹੀਦਾ। ਸਵੇਰ ਦਾ ਨਾਸ਼ਤਾ ਤੇ ਦੁਪਹਿਰ ਦਾ ਭੋਜਨ ਛੱਡਣਾ ਨਹੀਂ ਚਾਹੀਦਾ, ਰਾਤ ਦਾ ਭੋਜਨ ਬਿਲਕੁਲ ਹਲਕਾ ਹੋਣਾ ਚਾਹੀਦਾ ਹੈ। ਹਰ ਭੋਜਨ ਸਮੇਂ ਅਨੁਸਾਰ ਖਾ ਲੈਣਾ ਚਾਹੀਦਾ ਹੈ। ਦੇਰ ਨਾਲ ਕੀਤਾ ਭੋਜਨ ਵੀ ਇਸ ਰੋਗ ਦਾ ਕਾਰਨ ਬਣ ਸਕਦਾ ਹੈ। ਦੁੱਧ ਵਿਚ ਜਲੇਬੀ ਪਾ ਕੇ ਖਾਣਾ ਇਸ ’ਚ ਲਾਭਕਾਰੀ ਮੰਨਿਆ ਗਿਆ ਹੈ। ਜੇ ਰੋਗੀ ਨੂੰ ਕਿਸੇ ਖ਼ੁਰਾਕੀ ਪਦਾਰਥ ਖਾਣ ਨਾਲ ਇਸ ਰੋਗ ਦਾ ਅਟੈਕ ਹੁੰਦਾ ਹੈ ਤਾਂ ਉਸ ਦਾ ਐਲਰਜੀ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਕਿਉਂਕਿ ਕਿਸੇ ਖ਼ਾਸ ਚੀਜ਼ ਦੀ ਐਲਰਜੀ ਤੋਂ ਵੀ ਮਾਈਗ੍ਰੇਨ ਹੋ ਸਕਦਾ ਹੈ।
ਉਪਾਅ
- ਰੋਗੀ ਨੂੰ ਸਮੇਂ-ਸਮੇਂ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ। ਕਈ ਵਾਰ ਖ਼ੂਨ ਦਾ ਵੱਧ ਦਬਾਅ ਵੀ ਇਸ ਰੋਗ ਦਾ ਕਾਰਨ ਬਣ ਜਾਂਦਾ ਹੈ।
- ਤੇਜ਼ ਧੁੱਪ ਤੋਂ ਬਚਾਅ ਜ਼ਰੂਰੀ ਹੈ। ਗਰਮ ਮੌਸਮ ਵਿਚ ਵਗਦੀ ਲੂ ਤੇ ਗਰਮ ਹਵਾਵਾਂ ਮਾਈਗ੍ਰੇਨ ਦੇ ਰੋਗੀ ਲਈ ਬਿਲਕੁਲ ਚੰਗੀਆਂ ਨਹੀਂ। ਜੇ ਰੋਗੀ ਨੂੰ ਧੁੱਪ ’ਚ ਕਿਧਰੇ ਜਾਣਾ ਪਵੇ ਤਾਂ ਛਤਰੀ ਤੇ ਧੁੱਪ ਦੇ ਚਸ਼ਮੇ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ।
- ਸਿਰ ਦੇ ਜਿਸ ਪਾਸੇ ਦਰਦ ਹੋਵੇ, ਉਸ ਪਾਸੇ ਨੱਕ 'ਚ ਸਰ੍ਹੋਂ ਦੇ ਤੇਲ ਦੀਆਂ ਦੋ ਤੋਂ-ਤਿੰਨ ਬੂੰਦਾਂ ਪਾਓ, ਇਹ ਬਹੁਤ ਲਾਭਕਾਰੀ ਹਨ।
- ਕਾਲੀ ਮਿਰਚ ਪੀਸ ਕੇ ਇਸ ਵਿਚ ਥੋੜ੍ਹਾ ਜਿਹਾ ਦੇਸੀ ਘਿਓ ਮਿਲਾ ਲਓ। ਇਸ ਦੇ ਸੇਵਨ ਨਾਲ ਵੀ ਰੋਗੀ ਨੂੰ ਕੁਝ ਰਾਹਤ ਮਿਲਦੀ ਹੈ।
- ਖ਼ਾਲੀ ਪੇਟ ਅੰਗੂਰਾਂ ਦਾ ਰਸ ਪੀਣ ਨਾਲ ਵੀ ਮਾਈਗ੍ਰੇਨ ਦੀ ਤਕਲੀਫ਼ ਘਟਦੀ ਹੈ।
- ਮਾਈਗ੍ਰੇਨ ਲਾਇਲਾਜ ਨਹੀਂ। ਚੰਗੇ ਡਾਕਟਰ ਨੂੰ ਮਿਲ ਕੇ ਇਸ ਰੋਗ ਤੋਂ ਛੁਟਕਾਰਾ ਮਿਲ ਸਕਦਾ ਹੈ। ਜੇ ਰੋਗ ਬਹੁਤ ਵਧ ਗਿਆ ਹੈ ਤੇ ਡਾਕਟਰ ਦੀ ਸਮਝ ਤੋਂ ਬਾਹਰ ਹੈ ਤਾਂ ਇਸ ਰੋਗ 'ਚ ਬਹੁਤੀਆਂ ਦਵਾਈਆਂ ਲੈਣੀਆਂ ਠੀਕ ਨਹੀਂ ਹਨ। ਸਾਵਧਾਨੀ ਹੀ ਇਸ ਦਾ ਇਲਾਜ ਹੈ।
- ਸੁਖਮੰਦਰ ਸਿੰਘ ਤੂਰ