- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਨ੍ਹਾਂ ਲੋਕਾਂ ਦੇ ਸਰੀਰ ਵਿੱਚ ਪਹਿਲਾਂ ਹੀ ਆਇਰਨ ਦੀ ਮਾਤਰਾ ਲੋੜ ਨਾਲੋਂ ਜ਼ਿਆਦਾ ਹੈ, ਜਾਂ ਜੋ ਆਇਰਨ ਨਾਲ ਜੁੜੀ ਕਿਸੇ ਖਾਸ ਬੀਮਾਰੀ ਜਾਂ ਸਿਹਤ ਸਮੱਸਿਆ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਲੋਹੇ ਦੇ ਬਰਤਨਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅੱਜ-ਕੱਲ੍ਹ ਸਾਡੀ ਰਸੋਈ ਵਿੱਚ ਇੱਕ ਵੱਡੀ ਅਤੇ ਚੰਗੀ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ। ਲੋਕ ਮਾਡਰਨ (ਆਧੁਨਿਕ) ਬਰਤਨਾਂ ਦੀ ਜਗ੍ਹਾ ਵਾਪਸ ਆਪਣੇ ਪੁਰਾਣੇ ਅਤੇ ਰਵਾਇਤੀ ਬਰਤਨਾਂ ਵੱਲ ਪਰਤ ਰਹੇ ਹਨ। ਇਨ੍ਹਾਂ ਵਿੱਚ ਸਭ ਤੋਂ ਵੱਧ ਰੁਝਾਨ 'ਲੋਹੇ ਦੀ ਕੜਾਹੀ' ਦਾ ਵਧ ਰਿਹਾ ਹੈ।
ਦਾਦੀ-ਨਾਨੀ ਦੇ ਜ਼ਮਾਨੇ ਤੋਂ ਮੰਨਿਆ ਜਾਂਦਾ ਰਿਹਾ ਹੈ ਕਿ ਲੋਹੇ ਦੀ ਕੜਾਹੀ 'ਚ ਬਣਿਆ ਖਾਣਾ ਨਾ ਸਿਰਫ਼ ਸੁਆਦ 'ਚ ਲਾਜਵਾਬ ਹੁੰਦਾ ਹੈ, ਸਗੋਂ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਆਓ, ਦਿੱਲੀ ਦੇ ਮੈਕਿਓਰ ਹਸਪਤਾਲ ਦੇ ਕੰਸਲਟੈਂਟ ਮੈਡੀਸਨ, ਡਾਕਟਰ ਪ੍ਰਤੀਕ ਕਾਦਯਾਨ ਤੋਂ ਜਾਣਦੇ ਹਾਂ ਕਿ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ।
ਜਦੋਂ ਅਸੀਂ ਲੋਹੇ ਦੀ ਕੜਾਹੀ 'ਚ ਖਾਣਾ ਪਕਾਉਂਦੇ ਹਾਂ ਤਾਂ ਬਰਤਨ 'ਚੋਂ ਕੁਦਰਤੀ ਰੂਪ 'ਚ ਥੋੜ੍ਹੀ ਮਾਤਰਾ 'ਚ ਆਇਰਨ ਨਿਕਲ ਕੇ ਸਾਡੇ ਭੋਜਨ 'ਚ ਘੁਲ ਜਾਂਦਾ ਹੈ। ਇਹ ਪ੍ਰਕਿਰਿਆ ਸਰੀਰ ਵਿੱਚ ਆਇਰਨ ਦੀ ਕਮੀ ਨੂੰ ਪੂਰਾ ਕਰਨ 'ਚ ਕਾਫ਼ੀ ਮਦਦ ਕਰ ਸਕਦੀ ਹੈ। ਖਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਇਹ ਬਹੁਤ ਫਾਇਦੇਮੰਦ ਹੈ, ਜਿਨ੍ਹਾਂ ਨੂੰ ਆਇਰਨ ਦੀ ਕਮੀ ਜਾਂ ਐਨੀਮੀਆ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਇਕ ਦਿਲਚਸਪ ਗੱਲ ਇਹ ਵੀ ਹੈ ਕਿ ਜਦੋਂ ਤੁਸੀਂ ਇਸ ਕੜਾਹੀ 'ਚ ਟਮਾਟਰ, ਇਮਲੀ ਜਾਂ ਕੋਈ ਹੋਰ ਖੱਟੀਆਂ ਚੀਜ਼ਾਂ ਪਾ ਕੇ ਖਾਣਾ ਪਕਾਉਂਦੇ ਹੋ ਤਾਂ ਭੋਜਨ ਵਿਚ ਆਇਰਨ ਦੀ ਮਾਤਰਾ ਥੋੜ੍ਹੀ ਹੋਰ ਵੱਧ ਜਾਂਦੀ ਹੈ।
ਲੋਹੇ ਦੀ ਕੜਾਹੀ ਦੀ ਇੱਕ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਗਰਮੀ ਨੂੰ ਬਹੁਤ ਲੰਬੇ ਸਮੇਂ ਤਕ ਆਪਣੇ ਅੰਦਰ ਬਣਾਈ ਰੱਖਦੀ ਹੈ। ਇਸ ਵਜ੍ਹਾ ਕਰਕੇ ਇਸ ਵਿੱਚ ਖਾਣਾ ਬਹੁਤ ਵਧੀਆ ਤਰੀਕੇ ਨਾਲ ਅਤੇ ਇੱਕ ਸਮਾਨ ਪਕਦਾ ਹੈ। ਇਹੀ ਕਾਰਨ ਹੈ ਕਿ ਲੋਹੇ ਦੇ ਬਰਤਨ ਵਿੱਚ ਬਣੀਆਂ ਸਬਜ਼ੀਆਂ, ਪਰੌਂਠੇ ਅਤੇ ਹੋਰ ਰਵਾਇਤੀ ਪਕਵਾਨਾਂ ਦਾ ਸੁਆਦ ਦੁੱਗਣਾ ਹੋ ਜਾਂਦਾ ਹੈ।
ਇੰਨਾ ਹੀ ਨਹੀਂ, ਜੇਕਰ ਮਜ਼ਬੂਤੀ ਦੀ ਗੱਲ ਕਰੀਏ ਤਾਂ ਲੋਹੇ ਦੀ ਕੜਾਹੀ ਅੱਜ-ਕੱਲ੍ਹ ਦੇ ਨਾਨ-ਸਟਿਕ ਬਰਤਨਾਂ ਦੀ ਤੁਲਨਾ ਵਿੱਚ ਕਿਤੇ ਜ਼ਿਆਦਾ ਮਜ਼ਬੂਤ ਅਤੇ ਸਾਲੋ-ਸਾਲ ਚੱਲਣ ਵਾਲੀ ਹੁੰਦੀ ਹੈ।
ਡਾਕਟਰ ਪ੍ਰਤੀਕ ਕਾਦਯਾਨ ਅਨੁਸਾਰ, ਆਮ ਤੌਰ 'ਤੇ ਲੋਹੇ ਦੀ ਕੜਾਹੀ ਵਿੱਚ ਪਕਾਉਣਾ ਸਿਹਤਮੰਦ ਹੈ, ਪਰ ਹਰ ਵਿਅਕਤੀ ਨੂੰ ਜ਼ਿਆਦਾ ਆਇਰਨ ਦੀ ਲੋੜ ਨਹੀਂ ਹੁੰਦੀ।
ਜਿਨ੍ਹਾਂ ਲੋਕਾਂ ਦੇ ਸਰੀਰ ਵਿਚ ਪਹਿਲਾਂ ਹੀ ਆਇਰਨ ਦੀ ਮਾਤਰਾ ਲੋੜ ਨਾਲੋਂ ਜ਼ਿਆਦਾ ਹੈ, ਜਾਂ ਜੋ ਆਇਰਨ ਨਾਲ ਜੁੜੀ ਕਿਸੇ ਖਾਸ ਬੀਮਾਰੀ ਜਾਂ ਸਿਹਤ ਸਮੱਸਿਆ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਲੋਹੇ ਦੇ ਬਰਤਨਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਲੋਹੇ ਦੀ ਕੜਾਹੀ ਦਾ ਜੇਕਰ ਸਹੀ ਤਰੀਕੇ ਨਾਲ ਰੱਖ-ਰਖਾਅ ਨਾ ਕੀਤਾ ਜਾਵੇ ਤਾਂ ਇਹ ਖ਼ਰਾਬ ਵੀ ਹੋ ਸਕਦੀ ਹੈ। ਇਸ ਲਈ ਇਸਦੀ ਵਰਤੋਂ 'ਚ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ:
ਸੁੱਕਾ ਰੱਖੋ: ਵਰਤੋਂ ਕਰਨ ਅਤੇ ਧੋਣ ਤੋਂ ਬਾਅਦ ਕੜਾਹੀ ਨੂੰ ਚੰਗੀ ਤਰ੍ਹਾਂ ਸੁਕਾਉਣਾ ਬਹੁਤ ਜ਼ਰੂਰੀ ਹੈ। ਜੇਕਰ ਇਸ ਵਿੱਚ ਪਾਣੀ ਜਾਂ ਨਮੀ ਰਹਿ ਗਈ, ਤਾਂ ਇਸ ਨੂੰ ਜੰਗਾਲ ਲੱਗ ਸਕਦਾ ਹੈ।
ਤੇਲ ਲਗਾਓ: ਕੜਾਹੀ ਦੀ ਕੁਆਲਿਟੀ ਨੂੰ ਲੰਬੇ ਸਮੇਂ ਤੱਕ ਬਣਾਈ ਰੱਖਣ ਲਈ, ਸਮੇਂ-ਸਮੇਂ 'ਤੇ ਇਸ ਦੇ ਅੰਦਰੂਨੀ ਹਿੱਸੇ ਵਿੱਚ ਹਲਕਾ ਜਿਹਾ ਤੇਲ ਲਗਾ ਕੇ ਇਸ ਨੂੰ 'ਗਰੀਸ' ਕਰਦੇ ਰਹਿਣਾ ਚਾਹੀਦਾ ਹੈ।
ਲੋਹੇ ਦੀ ਕੜਾਹੀ ਸਿਰਫ਼ ਇਕ ਬਰਤਨ ਨਹੀਂ, ਸਗੋਂ ਸਿਹਤ ਅਤੇ ਸੁਆਦ ਦਾ ਇਕ ਬਿਹਤਰੀਨ ਸੁਮੇਲ ਹੈ। ਸਹੀ ਦੇਖਭਾਲ ਅਤੇ ਥੋੜ੍ਹੀ ਜਿਹੀ ਸਾਵਧਾਨੀ ਦੇ ਨਾਲ, ਇਹ ਤੁਹਾਡੀ ਰਸੋਈ ਦਾ ਸਭ ਤੋਂ ਭਰੋਸੇਮੰਦ ਸਾਥੀ ਬਣ ਸਕਦੀ ਹੈ।