- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਣ ਭਾਰਤੀ ਵਿਗਿਆਨੀਆਂ ਨੇ ਇਸ ਦਿਸ਼ਾ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁੰਬਈ ਸਥਿਤ ਆਈਸੀਐੱਮਆਰ-ਨੈਸ਼ਨਲ ਇੰਸਟੀਚਿਊਟ ਫਾਰ ਰਿਸਰਚ ਆਨ ਵੂਮੈਨਜ਼ ਹੈਲਥ ਅਤੇ ਆਈਆਈਟੀ ਮੁੰਬਈ ਦੇ ਵਿਗਿਆਨੀਆਂ ਨੇ ਮਿਲ ਕੇ ਸਵਦੇਸ਼ੀ ਤਕਨੀਕ ਨਾਲ 'ਪਲੇਸੈਂਟਾ-ਆਨ-ਚਿਪ' ਪਲੇਟਫਾਰਮ ਵਿਕਸਤ ਕੀਤਾ ਹੈ।

ਨਵੀਂ ਦਿੱਲੀ, (ਪੀਟੀਆਈ) : ਗਰਭ ’ਚ ਪਲ ਰਹੇ ਬੱਚੇ ਲਈ ਪਲੇਸੈਂਟਾ ਜੀਵਨਰੇਖਾ ਵਾਂਗ ਕੰਮ ਕਰਦਾ ਹੈ। ਇਹ ਅੰਗ ਮਾਂ ਤੋਂ ਬੱਚੇ ਤੱਕ ਆਕਸੀਜਨ ਤੇ ਪੋਸ਼ਕ ਤੱਤ ਪਹੁੰਚਾਉਂਦਾ ਹੈ, ਬੇਕਾਰ ਪਦਾਰਥ ਬਾਹਰ ਕੱਢਦਾ ਹੈ, ਜ਼ਰੂਰੀ ਹਾਰਮੋਨ ਬਣਾਉਂਦਾ ਹੈ ਅਤੇ ਗਰਭ ’ਚ ਪਲ ਰਹੇ ਸ਼ਿਸ਼ੂ ਦੀ ਸੁਰੱਖਿਆ ਕਰਦਾ ਹੈ। ਇਸ ਦੇ ਬਾਵਜੂਦ ਗਰਭ ਅਵਸਥਾ ਦੌਰਾਨ ਸਿੱਧੇ ਅਧਿਐਨ ਦੀ ਮੁਸ਼ਕਲ ਕਾਰਨ ਪਲੇਸੈਂਟਾ ਬਾਰੇ ਵਿਗਿਆਨੀਆਂ ਦੀ ਜਾਣਕਾਰੀ ਹੁਣ ਤੱਕ ਸੀਮਤ ਰਹੀ ਹੈ।
ਹੁਣ ਭਾਰਤੀ ਵਿਗਿਆਨੀਆਂ ਨੇ ਇਸ ਦਿਸ਼ਾ ’ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਮੁੰਬਈ ਸਥਿਤ ਆਈਸੀਐੱਮਆਰ-ਨੈਸ਼ਨਲ ਇੰਸਟੀਚਿਊਟ ਫਾਰ ਰਿਸਰਚ ਆਨ ਵੂਮੈਨਜ਼ ਹੈਲਥ ਅਤੇ ਆਈਆਈਟੀ ਮੁੰਬਈ ਦੇ ਵਿਗਿਆਨੀਆਂ ਨੇ ਮਿਲ ਕੇ ਸਵਦੇਸ਼ੀ ਤਕਨੀਕ ਨਾਲ 'ਪਲੇਸੈਂਟਾ-ਆਨ-ਚਿਪ' ਪਲੇਟਫਾਰਮ ਵਿਕਸਤ ਕੀਤਾ ਹੈ। ਇਹ ਪ੍ਰਯੋਗਸ਼ਾਲਾ ’ਚ ਮਨੁੱਖੀ ਪਲੇਸੈਂਟਾ ਵਾਂਗ ਕੰਮ ਕਰਦਾ ਹੈ ਅਤੇ ਉਸ ਦੀਆਂ ਮੁੱਖ ਜੈਵਿਕ ਗਤੀਵਿਧੀਆਂ ਨੂੰ ਦੁਹਰਾਉਣ ’ਚ ਸਮਰੱਥ ਹੈ। ਇਸ ਖੋਜ ਨੂੰ ਉੱਘੇ 'ਬਾਇਓਫੈਬ੍ਰਿਕੇਸ਼ਨ ਜਰਨਲ' ’ਚ ਪ੍ਰਕਾਸ਼ਿਤ ਕੀਤਾ ਗਿਆ ਹੈ।
ਵਿਗਿਆਨੀਆਂ ਅਨੁਸਾਰ, ਇਹ ਚਿਪ ਗਰਭ ਅਵਸਥਾ ਦੌਰਾਨ ਹੋਣ ਵਾਲੀਆਂ ਕਈ ਮਹੱਤਵਪੂਰਨ ਪ੍ਰਕਿਰਿਆਵਾਂ, ਜਿਵੇਂ ਕਿ ਹਾਰਮੋਨ ਦਾ ਨਿਰਮਾਣ, ਮਾਂ ਤੋਂ ਭਰੂਣ ਤੱਕ ਗੁਲੂਕੋਜ਼ ਪਹੁੰਚਾਉਣਾ, ਯੂਰੀਆ ਵਰਗੇ ਬੇਕਾਰ ਪਦਾਰਥਾਂ ਨੂੰ ਬਾਹਰ ਕੱਢਣਾ ਤੇ ਪਲੇਸੈਂਟਾ ਦੀ ਸੁਰੱਖਿਆ ਪਰਤ (ਬੈਰੀਅਰ) ਦੇ ਕੰਮਕਾਜ ਦੀ ਨਕਲ ਕਰਦੀ ਹੈ। ਇਹ ਗਰਭਕਾਲੀਨ ਸ਼ੂਗਰ (ਜੈਸਟੇਸ਼ਨਲ ਡਾਇਬੀਟੀਜ਼) ਵਰਗੀਆਂ ਸਥਿਤੀਆਂ ’ਚ ਵੀ ਪਲੇਸੈਂਟਾ ਦੀ ਪ੍ਰਤੀਕਿਰਿਆ ਦਾ ਅਧਿਐਨ ਕਰਨ ’ਚ ਸਮਰੱਥ ਹੈ।
ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਹ ਪਲੇਟਫਾਰਮ ਗਰਭ ਅਵਸਥਾ ਦੀਆਂ ਜਟਿਲਤਾਵਾਂ ਨੂੰ ਬਿਹਤਰ ਢੰਗ ਨਾਲ ਸਮਝਣ, ਇਹ ਜਾਣਨ ’ਚ ਕਿ ਦਵਾਈਆਂ ਪਲੇਸੈਂਟਾ ਦੀ ਔਕੜ ਨੂੰ ਕਿਵੇਂ ਪਾਰ ਕਰਦੀਆਂ ਹਨ ਅਤੇ ਗਰਭਵਤੀ ਔਰਤਾਂ ਲਈ ਸੁਰੱਖਿਅਤ ਇਲਾਜ ਵਿਕਸਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਸ ਨਾਲ ਭਰੂਣ ਦੇ ਵਿਕਾਸ ’ਚ ਰੁਕਾਵਟ, ਪ੍ਰੀ-ਇਕਲੈਂਪਸੀਆ ਅਤੇ ਜੈਸਟੇਸ਼ਨਲ ਡਾਇਬੀਟੀਜ਼ ਵਰਗੀਆਂ ਸਮੱਸਿਆਵਾਂ 'ਤੇ ਖੋਜ ਨੂੰ ਵੀ ਨਵੀਂ ਰਫ਼ਤਾਰ ਮਿਲੇਗੀ।
ਆਈਸੀਐੱਮਆਰ ਦੇ ਵਿਗਿਆਨੀ ਪ੍ਰੋ. ਦੀਪਕ ਮੋਦੀ ਨੇ ਕਿਹਾ ਕਿ ਹਰ ਇਨਸਾਨ ਜਨਮ ਤੋਂ ਪਹਿਲਾਂ ਪਲੇਸੈਂਟਾ 'ਤੇ ਨਿਰਭਰ ਰਹਿੰਦਾ ਹੈ, ਪਰ ਇਹ ਸਭ ਤੋਂ ਘੱਟ ਸਮਝੇ ਜਾਣ ਵਾਲੇ ਅੰਗਾਂ ਵਿਚੋਂ ਇਕ ਹੈ। ਉਹ ਕਹਿੰਦੇ ਹਨ ਕਿ ਇਸ ਤਕਨੀਕ ਨਾਲ ਵਿਗਿਆਨੀਆਂ ਨੂੰ ਇਨਸਾਨਾਂ ਨਾਲ ਜੁੜੇ ਹੋਰ ਅਸਲ ਖੋਜ ਮਾਡਲ ਮਿਲਣਗੇ ਅਤੇ ਜਿੱਥੇ ਸੰਭਵ ਹੋਵੇਗਾ, ਉਥੇ ਪਸ਼ੂਆਂ 'ਤੇ ਹੋਣ ਵਾਲੇ ਪ੍ਰਯੋਗਾਂ ਦੀ ਲੋੜ ਵੀ ਘਟੇਗੀ।
ਵਿਗਿਆਨੀਆਂ ਅਨੁਸਾਰ, ਦੁਨੀਆ ’ਚ ਉਪਲਬਧ ਕਈ 'ਪਲੇਸੈਂਟਾ-ਆਨ-ਚਿਪ' ਪ੍ਰਣਾਲੀਆਂ ਜਟਿਲ ਤੇ ਮਹਿੰਗੀਆਂ ਹਨ, ਜਦਕਿ ਭਾਰਤੀ ਪਲੇਟਫਾਰਮ ਨੂੰ ਸਾਧਾਰਨ, ਕਿਫਾਇਤੀ ਤੇ ਆਮ ਪ੍ਰਯੋਗਸ਼ਾਲਾਵਾਂ ’ਚ ਆਸਾਨੀ ਨਾਲ ਵਰਤੋਂ ਲਈ ਉਪਯੋਗੀ ਬਣਾਇਆ ਗਿਆ ਹੈ। ਇਸ ਨਾਲ ਦੇਸ਼ ’ਚ ਗਰਭ ਅਵਸਥਾ ਤੇ ਜਣੇਪੇ ਨੂੰ ਲੈ ਕੇ ਸਿਹਤ ਨਾਲ ਜੁੜੇ ਖੋਜ ਨੂੰ ਵਿਆਪਕ ਉਤਸ਼ਾਹ ਮਿਲਣ ਦੀ ਉਮੀਦ ਹੈ।