- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Black Coffee 'ਚ ਭਰਪੂਰ ਮਾਤਰਾ 'ਚ ਕੈਫੀਨ ਪਾਇਆ ਜਾਂਦਾ ਹੈ, ਜੋ ਸਿੱਧਾ ਸਾਡੇ ਸੈਂਟਰਲ ਨਰਵਸ ਸਿਸਟਮ ਨੂੰ ਐਕਟਿਵ ਕਰ ਦਿੰਦਾ ਹੈ। ਇਹੀ ਕਾਰਨ ਹੈ ਕਿ ਇਸ ਨੂੰ ਪੀਣ ਦੇ ਤੁਰੰਤ ਬਾਅਦ ਤੁਸੀਂ ਖੁਦ ਨੂੰ ਜ਼ਿਆਦਾ ਚੁਸਤ ਅਤੇ ਊਰਜਾਵਾਨ ਮਹਿਸੂਸ ਕਰਦੇ ਹੋ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ: ਅੱਜ-ਕੱਲ੍ਹ ਫਿਟਨੈਸ ਦਾ ਕਰੇਜ਼ ਕਾਫ਼ੀ ਵਧ ਗਿਆ ਹੈ ਅਤੇ ਲੋਕ ਆਪਣੀ ਐਕਸਰਸਾਈਜ਼ ਪਰਫਾਰਮੈਂਸ ਨੂੰ ਬਿਹਤਰ ਬਣਾਉਣ ਲਈ ਕਈ ਤਰ੍ਹਾਂ ਦੇ ਪ੍ਰੀ-ਵਰਕਆਊਟ ਡ੍ਰਿੰਕਸ ਦੀ ਵਰਤੋਂ ਕਰਦੇ ਹਨ। ਇਨ੍ਹਾਂ 'ਚੋਂ ਸਭ ਤੋਂ ਮਸ਼ਹੂਰ ਤੇ ਆਸਾਨ ਵਿਕਲਪ ਹੈ- ਬਲੈਕ ਕੌਫੀ।
ਤੁਸੀਂ ਅਕਸਰ ਫਿਟਨੈਸ ਟ੍ਰੇਨਰਾਂ ਨੂੰ ਵੀ ਜਿਮ ਜਾਣ ਤੋਂ ਪਹਿਲਾਂ ਬਲੈਕ ਕੌਫੀ ਪੀਣ ਦੀ ਸਲਾਹ ਦਿੰਦੇ ਹੋਏ ਸੁਣਿਆ ਹੋਵੇਗਾ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਸਰੀਰ 'ਤੇ ਕਿਵੇਂ ਅਸਰ ਪਾਉਂਦੀ ਹੈ? ਆਓ, ਦਿੱਲੀ ਦੇ ਪੀਐੱਸਆਰਆਈ (PSRI) ਹਸਪਤਾਲ ਦੀ ਹੈੱਡ ਆਫ਼ ਡਾਇਟੈਟਿਕਸ, ਡਾ. ਸ਼ਾਲਿਨੀ ਬਲਿਸ ਤੋਂ ਸਮਝਦੇ ਹਾਂ ਕਿ ਜਿਮ ਤੋਂ ਪਹਿਲਾਂ ਬਲੈਕ ਕੌਫੀ ਪੀਣਾ ਕਿੰਨਾ ਸਹੀ ਹੈ ਅਤੇ ਇਸ ਦੇ ਕੀ ਫਾਇਦੇ ਜਾਂ ਨੁਕਸਾਨ ਹੋ ਸਕਦੇ ਹਨ।
ਬਲੈਕ ਕੌਫੀ 'ਚ ਭਰਪੂਰ ਮਾਤਰਾ 'ਚ ਕੈਫੀਨ ਪਾਇਆ ਜਾਂਦਾ ਹੈ, ਜੋ ਸਿੱਧਾ ਸਾਡੇ ਸੈਂਟਰਲ ਨਰਵਸ ਸਿਸਟਮ ਨੂੰ ਐਕਟਿਵ ਕਰ ਦਿੰਦਾ ਹੈ। ਇਹੀ ਕਾਰਨ ਹੈ ਕਿ ਇਸ ਨੂੰ ਪੀਣ ਦੇ ਤੁਰੰਤ ਬਾਅਦ ਤੁਸੀਂ ਖੁਦ ਨੂੰ ਜ਼ਿਆਦਾ ਚੁਸਤ ਅਤੇ ਊਰਜਾਵਾਨ ਮਹਿਸੂਸ ਕਰਦੇ ਹੋ। ਕੈਫੀਨ ਤੁਹਾਡੀ ਥਕਾਵਟ ਨੂੰ ਦੂਰ ਭਜਾਉਂਦੀ ਹੈ ਜਿਸ ਨਾਲ ਤੁਸੀਂ ਜਿਮ ਵਿਚ ਬਿਨਾਂ ਥੱਕੇ, ਜ਼ਿਆਦਾ ਸਮੇਂ ਤਕ ਅਤੇ ਦੁੱਗਣੀ ਤਾਕਤ ਨਾਲ ਆਪਣੀ ਐਕਸਰਸਾਈਜ਼ ਪੂਰੀ ਕਰ ਪਾਉਂਦੇ ਹੋ।
ਜੇਕਰ ਤੁਸੀਂ ਜਿਮ ਜਾਣ ਤੋਂ ਲਗਪਗ 30 ਤੋਂ 60 ਮਿੰਟ ਪਹਿਲਾਂ ਇੱਕ ਕੱਪ ਬਲੈਕ ਕੌਫੀ ਪੀਂਦੇ ਹੋ ਤਾਂ ਤੁਹਾਨੂੰ ਆਪਣੇ ਵਰਕਆਊਟ 'ਚ ਇਹ ਬਿਹਤਰੀਨ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ:
ਸਟੈਮੀਨਾ ਤੇ ਪਰਫਾਰਮੈਂਸ 'ਚ ਸੁਧਾਰ: ਇਹ ਤੁਹਾਡੀ ਸਹਿਣਸ਼ਕਤੀ ਨੂੰ ਵਧਾਉਂਦੀ ਹੈ ਤੇ ਮਾਸਪੇਸ਼ੀਆਂ ਤਕ ਊਰਜਾ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਦੀ ਹੈ।
ਵਜ਼ਨ ਘਟਾਉਣ 'ਚ ਮਦਦਗਾਰ: ਬਲੈਕ ਕੌਫੀ ਸਰੀਰ 'ਚ ਮੌਜੂਦ ਜ਼ਿੱਦੀ ਫੈਟ ਨੂੰ ਊਰਜਾ ਦੇ ਰੂਪ 'ਚ ਵਰਤਣ 'ਚ ਮਦਦ ਕਰਦੀ ਹੈ। ਵਜ਼ਨ ਘੱਟ ਕਰਨ ਵਾਲਿਆਂ ਲਈ ਇਹ ਇਕ ਸ਼ਾਨਦਾਰ ਵਿਕਲਪ ਹੈ।
ਕੈਲੋਰੀ ਦੀ ਨੋ ਟੈਂਸ਼ਨ: ਜੇਕਰ ਤੁਸੀਂ ਕੌਫੀ 'ਚ ਦੁੱਧ, ਖੰਡ ਜਾਂ ਕਰੀਮ ਨਹੀਂ ਮਿਲਾਉਂਦੇ ਹੋ ਤਾਂ ਇਸ ਵਿਚ ਕੈਲੋਰੀ ਨਾ ਦੇ ਬਰਾਬਰ ਹੁੰਦੀ ਹੈ। ਇਹ ਉਨ੍ਹਾਂ ਲੋਕਾਂ ਲਈ ਬਿਲਕੁਲ ਸਹੀ ਹੈ ਜੋ ਆਪਣੀ ਕੈਲੋਰੀ ਇਨਟੇਕ ਨੂੰ ਕੰਟਰੋਲ 'ਚ ਰੱਖਣਾ ਚਾਹੁੰਦੇ ਹਨ।
ਦਿਮਾਗੀ ਇਕਾਗਰਤਾ: ਇਹ ਤੁਹਾਡੇ ਮਾਨਸਿਕ ਫੋਕਸ ਨੂੰ ਵਧਾਉਂਦੀ ਹੈ, ਜਿਸ ਨਾਲ ਵਰਕਆਊਟ ਦੌਰਾਨ ਤੁਹਾਡਾ ਪੂਰਾ ਧਿਆਨ ਸਿਰਫ਼ ਆਪਣੀ ਐਕਸਰਸਾਈਜ਼ 'ਤੇ ਰਹਿੰਦਾ ਹੈ।
ਹਰ ਚੀਜ਼ ਹਰ ਕਿਸੇ ਨੂੰ ਸੂਟ ਨਹੀਂ ਕਰਦੀ। ਬਲੈਕ ਕੌਫੀ ਨਾਲ ਵੀ ਅਜਿਹਾ ਹੀ ਹੈ। ਜੇਕਰ ਤੁਸੀਂ ਕੈਫੀਨ ਪ੍ਰਤੀ ਸੰਵੇਦਨਸ਼ੀਲ ਹੋ ਜਾਂ ਇਸ ਦੀ ਜ਼ਿਆਦਾ ਮਾਤਰਾ ਵਿੱਚ ਵਰਤੋਂ ਕਰਦੇ ਹੋ, ਤਾਂ ਤੁਹਾਨੂੰ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ:
ਸਰੀਰਕ ਬੇਚੈਨੀ: ਕੁਝ ਲੋਕਾਂ ਨੂੰ ਇਸ ਨੂੰ ਪੀਣ ਤੋਂ ਬਾਅਦ ਘਬਰਾਹਟ, ਦਿਲ ਦੀ ਧੜਕਣ ਤੇਜ਼ ਹੋਣਾ, ਹੱਥਾਂ 'ਚ ਕੰਬਣੀ ਜਾਂ ਬਹੁਤ ਜ਼ਿਆਦਾ ਪਸੀਨਾ ਆਉਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਪੇਟ ਦੀਆਂ ਦਿੱਕਤਾਂ: ਖਾਲੀ ਪੇਟ ਬਲੈਕ ਕੌਫੀ ਪੀਣ ਨਾਲ ਐਸਿਡਿਟੀ, ਗੈਸ ਜਾਂ ਪੇਟ 'ਚ ਜਲਨ ਹੋ ਸਕਦੀ ਹੈ। ਜਿਨ੍ਹਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਗੈਸਟ੍ਰਿਕ ਸਮੱਸਿਆਵਾਂ ਹਨ, ਉਨ੍ਹਾਂ ਨੂੰ ਖਾਸ ਸਾਵਧਾਨੀ ਵਰਤਣੀ ਚਾਹੀਦੀ ਹੈ।
ਨੀਂਦ 'ਚ ਵਿਘਨ : ਜੇਕਰ ਤੁਸੀਂ ਸ਼ਾਮ ਜਾਂ ਰਾਤ ਦੇ ਸਮੇਂ ਵਰਕਆਊਟ ਕਰਦੇ ਹੋ, ਤਾਂ ਕੌਫੀ ਪੀਣ ਨਾਲ ਤੁਹਾਡੀ ਨੀਂਦ ਉੱਡ ਸਕਦੀ ਹੈ। ਨੀਂਦ ਪੂਰੀ ਨਾ ਹੋਣ ਕਾਰਨ ਸਰੀਰ ਦੀ ਰਿਕਵਰੀ ਅਤੇ ਪੂਰੀ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਹੈ।
ਡਾ. ਸ਼ਾਲਿਨੀ ਬਲਿਸ ਅਨੁਸਾਰ, ਜ਼ਿਆਦਾਤਰ ਸਿਹਤਮੰਦ ਲੋਕਾਂ ਲਈ ਸੀਮਤ ਮਾਤਰਾ 'ਚ ਬਲੈਕ ਕੌਫੀ ਪੀਣਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਆਪਣੀ ਐਕਸਰਸਾਈਜ਼ ਤੋਂ ਅੱਧਾ ਜਾਂ ਇੱਕ ਘੰਟਾ ਪਹਿਲਾਂ ਸਿਰਫ਼ ਇਕ ਕੱਪ ਕੌਫੀ ਪੀਣਾ ਹੀ ਕਾਫ਼ੀ ਹੁੰਦਾ ਹੈ।
ਜੇਕਰ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ, ਦਿਲ ਨਾਲ ਜੁੜੀ ਕੋਈ ਬਿਮਾਰੀ, ਐਂਗਜ਼ਾਇਟੀ ਜਾਂ ਕੋਈ ਹੋਰ ਸਿਹਤ ਸਮੱਸਿਆ ਹੈ, ਤਾਂ ਆਪਣੀ ਡਾਈਟ ਵਿੱਚ ਕੈਫੀਨ ਸ਼ਾਮਲ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਤੋਂ ਸਲਾਹ ਜ਼ਰੂਰ ਲਓ।