- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਲ 1906 'ਚ ਜਦੋਂ ਔਗਸਟੇ ਡੇਟਰ ਦੀ ਮੌਤ ਹੋ ਗਈ ਤਾਂ ਡਾ. ਅਲਜ਼ਾਈਮਰ ਨੇ ਉਨ੍ਹਾਂ ਦੇ ਦਿਮਾਗ ਨੂੰ ਸੁਰੱਖਿਅਤ ਰੱਖ ਲਿਆ। ਜਦੋਂ ਉਨ੍ਹਾਂ ਨੇ ਮਾਈਕ੍ਰੋਸਕੋਪ ਨਾਲ ਇਸ ਦਾ ਸੂਖ਼ਮ ਅਧਿਐਨ ਕੀਤਾ ਤਾਂ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ। ਉਨ੍ਹਾਂ ਨੇ ਦੇਖਿਆ ਕਿ ਦਿਮਾਗ ਦੇ ਨਰਵ ਸੈੱਲਜ਼ ਅਸਾਧਾਰਨ ਰੂਪ ਵਿੱਚ ਸੁੰਗੜ ਚੁੱਕੇ ਸਨ ਤੇ ਉਨ੍ਹਾਂ ਦੇ ਵਿਚਕਾਰ ਅਜੀਬੋ-ਗਰੀਬ ਪ੍ਰੋਟੀਨ ਜਮ੍ਹਾਂ ਹੋਏ ਸਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅਸੀਂ ਅਕਸਰ ਸੋਚਦੇ ਹਾਂ ਕਿ ਉਮਰ ਵਧਣ ਦੇ ਨਾਲ ਯਾਦਦਾਸ਼ਤ ਦਾ ਕਮਜ਼ੋਰ ਹੋਣਾ ਆਮ ਗੱਲ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਨੂੰ ਪਹਿਲੀ ਵਾਰ ਇਹ ਕਿਸਨੇ ਦੱਸਿਆ ਕਿ ਇਹ ਮਹਿਜ਼ ਬੁਢਾਪੇ ਦਾ ਅਸਰ ਨਹੀਂ, ਬਲਕਿ ਦਿਮਾਗ ਦੀ ਇਕ ਬੇਹੰਦ ਗੰਭੀਰ ਬਿਮਾਰੀ ਹੈ? ਇਸ ਦਾ ਸਿਹਰਾ ਜਾਂਦਾ ਹੈ ਜਰਮਨੀ ਦੇ ਇਕ ਵੱਕਾਰੀ ਮਨੋਚਿਕਿਤਸਕ ਤੇ ਨਿਊਰੋਪੈਥੋਲੋਜਿਸਟ, ਡਾ. ਐਲੋਇਸ ਅਲਜ਼ਾਈਮਰ ਨੂੰ। ਜੀ ਹਾਂ, 20ਵੀਂ ਸਦੀ ਦੀ ਸ਼ੁਰੂਆਤ 'ਚ ਉਨ੍ਹਾਂ ਦੀ ਇਸੇ ਕ੍ਰਾਂਤੀਕਾਰੀ ਖੋਜ ਦੇ ਕਾਰਨ ਅੱਜ ਦੁਨੀਆ ਇਸ ਰਹੱਸਮਈ ਬੀਮਾਰੀ ਨੂੰ 'ਅਲਜ਼ਾਈਮਰ ਰੋਗ' ਦੇ ਨਾਮ ਨਾਲ ਜਾਣਦੀ ਹੈ।
14 ਜੂਨ 1864 ਨੂੰ ਜਰਮਨੀ ਦੇ ਮਾਰਕਬਰੇਟ ਸ਼ਹਿਰ 'ਚ ਜਨਮੇ ਐਲੋਇਸ ਬਚਪਨ ਤੋਂ ਹੀ ਪੜ੍ਹਾਈ-ਲਿਖਾਈ 'ਚ ਬੇਹੰਦ ਹੁਸ਼ਿਆਰ ਸਨ। ਜੀਵ ਵਿਗਿਆਨ (ਬਾਇਓਲੋਜੀ) 'ਚ ਉਨ੍ਹਾਂ ਦੀ ਡੂੰਘੀ ਰੁਚੀ ਸੀ। ਜਰਮਨੀ ਦੀਆਂ ਨਾਮੀ ਯੂਨੀਵਰਸਿਟੀਆਂ ਤੋਂ ਮੈਡੀਕਲ ਦੀ ਪੜ੍ਹਾਈ ਪੂਰੀ ਕਰਨ ਅਤੇ ਡਾਕਟਰੇਟ ਦੀ ਡਿਗਰੀ ਹਾਸਲ ਕਰਨ ਵਾਲੇ ਡਾ. ਅਲਜ਼ਾਈਮਰ ਦਾ ਰੁਝਾਨ ਹਮੇਸ਼ਾ ਤੋਂ ਇਨਸਾਨੀ ਦਿਮਾਗ ਦੀ ਬਣਤਰ ਅਤੇ ਮਾਨਸਿਕ ਬੀਮਾਰੀਆਂ ਦੀ ਅਸਲ ਵਜ੍ਹਾ ਨੂੰ ਸਮਝਣ ਵੱਲ ਰਿਹਾ।
ਸਾਲ 1901 ਦੀ ਗੱਲ ਹੈ, ਜਦੋਂ ਜਰਮਨੀ ਦੇ ਫਰੈਂਕਫਰਟ ਦੇ ਇਕ ਹਸਪਤਾਲ 'ਚ 51 ਸਾਲ ਦੀ ਔਗਸਟੇ ਡੇਟਰ ਨਾਂ ਦੀ ਇਕ ਮਹਿਲਾ ਮਰੀਜ਼ ਨੂੰ ਭਰਤੀ ਕਰਵਾਇਆ ਗਿਆ। ਉਹ ਅਕਸਰ ਚੀਜ਼ਾਂ ਭੁੱਲ ਜਾਂਦੀ ਸੀ, ਆਪਣੇ ਹੀ ਘਰਦਿਆਂ ਨੂੰ ਨਹੀਂ ਪਛਾਣ ਪਾਉਂਦੀ ਸੀ ਤੇ ਬਿਨਾਂ ਕਿਸੇ ਵਜ੍ਹਾ ਦੇ ਲੋਕਾਂ 'ਤੇ ਸ਼ੱਕ ਕਰਿਆ ਕਰਦੀ ਸੀ। ਡਾ. ਅਲਜ਼ਾਈਮਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਲੰਬੇ ਸਮੇਂ ਤਕ ਉਨ੍ਹਾਂ 'ਤੇ ਬਾਰੀਕੀ ਨਾਲ ਅਧਿਐਨ ਕੀਤਾ। ਹਾਲਤ ਇਹ ਸੀ ਕਿ ਜਦੋਂ ਡਾਕਟਰ ਨੇ ਉਨ੍ਹਾਂ ਕੋਲੋਂ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਤੀ ਦਾ ਨਾਂ ਪੁੱਛਿਆ ਤਾਂ ਉਨ੍ਹਾਂ ਨੇ ਦੋਵਾਂ ਹੀ ਸਵਾਲਾਂ ਦੇ ਜਵਾਬ 'ਚ ਸਿਰਫ਼ 'ਔਗਸਟੇ' ਕਿਹਾ। ਇਹ ਅਸਾਧਾਰਨ ਮਾਮਲਾ ਅੱਗੇ ਚੱਲ ਕੇ ਮੈਡੀਕਲ ਇਤਿਹਾਸ 'ਚ 'ਕੇਸ ਔਗਸਟੇ ਡੀ' ਦੇ ਨਾਮ ਨਾਲ ਮਸ਼ਹੂਰ ਹੋਇਆ।
ਸਾਲ 1906 'ਚ ਜਦੋਂ ਔਗਸਟੇ ਡੇਟਰ ਦੀ ਮੌਤ ਹੋ ਗਈ ਤਾਂ ਡਾ. ਅਲਜ਼ਾਈਮਰ ਨੇ ਉਨ੍ਹਾਂ ਦੇ ਦਿਮਾਗ ਨੂੰ ਸੁਰੱਖਿਅਤ ਰੱਖ ਲਿਆ। ਜਦੋਂ ਉਨ੍ਹਾਂ ਨੇ ਮਾਈਕ੍ਰੋਸਕੋਪ ਨਾਲ ਇਸ ਦਾ ਸੂਖ਼ਮ ਅਧਿਐਨ ਕੀਤਾ ਤਾਂ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਏ। ਉਨ੍ਹਾਂ ਨੇ ਦੇਖਿਆ ਕਿ ਦਿਮਾਗ ਦੇ ਨਰਵ ਸੈੱਲਜ਼ ਅਸਾਧਾਰਨ ਰੂਪ ਵਿੱਚ ਸੁੰਗੜ ਚੁੱਕੇ ਸਨ ਤੇ ਉਨ੍ਹਾਂ ਦੇ ਵਿਚਕਾਰ ਅਜੀਬੋ-ਗਰੀਬ ਪ੍ਰੋਟੀਨ ਜਮ੍ਹਾਂ ਹੋਏ ਸਨ।
ਇਸ ਤੋਂ ਪਹਿਲਾਂ ਦੁਨੀਆ 'ਚ ਅਜਿਹੀ ਕੋਈ ਬਣਤਰ ਦਰਜ ਨਹੀਂ ਕੀਤੀ ਗਈ ਸੀ। ਡਾ. ਅਲਜ਼ਾਈਮਰ ਨੇ ਦੁਨੀਆ ਨੂੰ ਪਹਿਲੀ ਵਾਰ ਵਿਗਿਆਨਕ ਸਬੂਤਾਂ ਦੇ ਨਾਲ ਦੱਸਿਆ ਕਿ ਯਾਦਦਾਸ਼ਤ ਦਾ ਖੋਣਾ ਕੇਵਲ ਵਧਦੀ ਉਮਰ ਜਾਂ ਪਾਗਲਪਨ ਦਾ ਨਤੀਜਾ ਨਹੀਂ ਹੈ, ਬਲਕਿ ਇਹ ਦਿਮਾਗ ਦੀਆਂ ਕੋਸ਼ਿਕਾਵਾਂ ਦੇ ਹੌਲੀ-ਹੌਲੀ ਨਸ਼ਟ ਹੋਣ ਵਾਲੀ ਇਕ ਵਿਸ਼ੇਸ਼ ਬਿਮਾਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦਿਮਾਗ ਦੇ ਬਲੱਡ ਵੈਸਲਜ਼ ਨਾਲ ਜੁੜੀਆਂ ਬਿਮਾਰੀਆਂ ਦੇ ਅਸਰ 'ਤੇ ਵੀ ਬਹੁਤ ਰਿਸਰਚ ਕੀਤੀ ਸੀ।
ਨਵੰਬਰ 1906 'ਚ ਡਾ. ਅਲਜ਼ਾਈਮਰ ਨੇ ਟਿਊਬਿੰਗਨ 'ਚ ਦੱਖਣ-ਪੱਛਮੀ ਜਰਮਨ ਮਨੋਚਿਕਿਤਸਕਾਂ ਅਤੇ ਵਿਗਿਆਨੀਆਂ ਦੀ ਇਕ ਵੱਡੀ ਮੀਟਿੰਗ 'ਚ ਆਪਣੀ ਇਸ ਇਤਿਹਾਸਕ ਖੋਜ ਦੀ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਨੂੰ ਪੂਰੀ ਉਮੀਦ ਸੀ ਕਿ ਇਸ ਨਵੀਂ ਬਿਮਾਰੀ 'ਤੇ ਜ਼ੋਰਦਾਰ ਚਰਚਾ ਹੋਵੇਗੀ, ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਉਨ੍ਹਾਂ ਦੇ ਲੈਕਚਰ ਤੋਂ ਬਾਅਦ ਪੂਰਾ ਹਾਲ ਪੂਰੀ ਤਰ੍ਹਾਂ ਸ਼ਾਂਤ ਰਿਹਾ, ਕਿਸੇ ਨੇ ਉਨ੍ਹਾਂ ਨੂੰ ਇਕ ਵੀ ਸਵਾਲ ਨਹੀਂ ਪੁੱਛਿਆ। ਅਸਲ ਵਿੱਚ, ਉਸ ਦੌਰ 'ਚ ਵਿਗਿਆਨੀ ਮਾਨਸਿਕ ਬਿਮਾਰੀਆਂ ਨੂੰ ਸਿਰਫ਼ 'ਪਾਗਲਪਨ' ਨਾਲ ਹੀ ਜੋੜ ਕੇ ਦੇਖਦੇ ਸਨ। ਬਿਨਾਂ ਕਿਸੇ ਪ੍ਰਤੀਕਿਰਿਆ ਜਾਂ ਸ਼ਲਾਘਾ ਦੇ ਉਨ੍ਹਾਂ ਨੂੰ ਸਟੇਜ ਤੋਂ ਉਤਰਨਾ ਪਿਆ।
ਦੁਨੀਆ ਭਾਵੇਂ ਉਸ ਵੇਲੇ ਉਨ੍ਹਾਂ ਦੀ ਇਸ ਮਹਾਨ ਖੋਜ ਦੀ ਅਹਿਮੀਅਤ ਨਹੀਂ ਸਮਝ ਸਕੀ, ਪਰ ਡਾ. ਐਲੋਇਸ ਅਲਜ਼ਾਈਮਰ ਨੇ ਕਦੇ ਹਾਰ ਨਹੀਂ ਮੰਨੀ। ਉਨ੍ਹਾਂ ਨੇ ਲਗਾਤਾਰ ਵਿਗਿਆਨਕ ਰਸਾਲਿਆਂ 'ਚ ਆਪਣੀ ਇਹ ਅਹਿਮ ਰਿਸਰਚ ਪ੍ਰਕਾਸ਼ਿਤ ਕਰਵਾਈ। 19 ਦਸੰਬਰ 1915 ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ, ਦੁਨੀਆ ਨੇ ਹੌਲੀ-ਹੌਲੀ ਉਨ੍ਹਾਂ ਦੇ ਕੰਮ ਦੀ ਅਹਿਮੀਅਤ ਨੂੰ ਸਮਝਿਆ। ਉਨ੍ਹਾਂ ਦੇ ਇਸੇ ਅਣਮੁੱਲੇ ਯੋਗਦਾਨ ਸਦਕਾ ਅੱਜ ਦੁਨੀਆ ਭਰ ਵਿੱਚ ਇਸ ਦਿਮਾਗੀ ਬਿਮਾਰੀ ਨੂੰ ਉਨ੍ਹਾਂ ਦੇ ਨਾਂ 'ਤੇ 'ਅਲਜ਼ਾਈਮਰ' ਕਿਹਾ ਜਾਂਦਾ ਹੈ।