ਵਿਸ਼ਵ ਰੇਬੀਜ਼ ਦਿਵਸ ਪਹਿਲੀ ਰੇਬੀਜ਼ ਵੈਕਸੀਨ ਦੀ ਖੋਜ ਕਰਨ ਵਾਲੇ ਫਰਾਂਸਿਸੀ ਵਿਗਿਆਨੀ ਲੂਈਸ ਪਾਸਚਰ ਦੀ ਬਰਸੀ ਵਾਲੇ ਦਿਨ ਹਰ ਸਾਲ 28 ਸਤੰਬਰ ਨੂੰ ਮਨਾਇਆ ਜਾਂਦਾ ਹੈ, ਜਿਸ ਦਾ ਮਨੋਰਥ ਲੋਕਾਂ ਨੂੰ ਰੇਬੀਜ਼ (ਹਲਕਾਅ) ਬਾਰੇ ਵੱਧ ਤੋਂ ਵੱਧ ਜਾਗਰੂਕ ਕਰਨਾ ਹੈ। ਰੇਬੀਜ਼ (ਹਲਕਾਅ) ਘਾਤਕ ਵਾਇਰਲ ਇਨਫੈਕਸ਼ਨ ਹੈ, ਜੋ ਦਿਮਾਗ਼ ਤੇ ਦਿਮਾਗ਼ੀ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਂਦਾ ਹੈ। ਇਹ ਬਿਮਾਰੀ ਜ਼ੂਨੋਟਿਕ ਹੈ ਯਾਨੀ ਇਕ ਪ੍ਰਜਾਤੀ ਤੋਂ ਦੂਜੀ ’ਚ ਫੈਲ ਸਕਦੀ ਹੈ, ਜਿਵੇਂ ਕੁੱਤਿਆਂ ਤੋਂ ਮਨੁੱਖਾਂ ਵਿਚ, ਆਮ ਤੌਰ ’ਤੇ ਕਿਸੇ ਸੰਕ੍ਰਮਿਤ ਜਾਨਵਰ ਦੇ ਕੱਟਣ ਤੋਂ ਬਾਅਦ। ਜੇ ਹਾਦਸੇ ਤੋਂ ਬਾਅਦ ਤੁਰੰਤ ਇਸ ਤੋਂ ਬਚਾਅ ਲਈ ਉਪਰਾਲਾ ਨਹੀਂ ਕੀਤਾ ਜਾਂਦਾ ਤਾਂ ਮਨੁੱਖ ਲਈ ਰੇਬੀਜ਼ ਹਮੇਸ਼ਾ ਘਾਤਕ ਹੁੰਦਾ ਹੈ। ਇਹ ਵਾਇਰਸ ਕੇਂਦਰੀ ਨਸ ਪ੍ਰਣਾਲੀ ਨੂੰ ਸੰਕ੍ਰਮਿਤ ਕਰਦਾ ਹੈ, ਅੰਤ ’ਚ ਦਿਮਾਗ਼ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਨਤੀਜੇ ਵਜੋਂ ਮੌਤ ਹੋ ਜਾਂਦੀ ਹੈ। ਰੇਬੀਜ਼ ਵਾਇਰਸ ਪੈਰੀਫਿਰਲ ਨਸਾਂ ਰਾਹੀਂ ਦਿਮਾਗ਼ ਤਕ ਜਾਂਦਾ ਹੈ।

ਪੇਂਡੂ ਖੇਤਰਾਂ ’ਚ ਸਾਹਮਣੇ ਆਉਂਦੇ ਜ਼ਿਆਦਾ ਮਾਮਲੇ

ਲਗਭਗ 80 ਫ਼ੀਸਦੀ ਮਨੁੱਖੀ ਮਾਮਲੇ ਪੇਂਡੂ ਖੇਤਰਾਂ ’ਚ ਸਾਹਮਣੇ ਆਉਂਦੇ ਹਨ। ਵਿਸ਼ਵ ਸਿਹਤ ਸੰਸਥਾ ਅਨੁਸਾਰ ਕੁੱਤੇ ਦੇ ਕੱਟਣ ਤੋਂ ਹੋਣ ਵਾਲੇ ਰੇਬੀਜ਼ ਨਾਲ ਹਰ ਸਾਲ ਕਰੀਬ 55 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ, ਜੋ ਮੁੱਖ ਰੂਪ ਵਿਚ ਏਸ਼ੀਆ ਅਤੇ ਅਫ਼ਰੀਕਾ ਨਾਲ ਸਬੰਧਤ ਹੁੰਦੇ ਹਨ। ਭਾਰਤ ਨਾਲ ਸਬੰਧਤ ਅੰਕੜੇ ਪੂਰਨ ਰੂਪ ’ਚ ਮੁਹੱਈਆ ਨਹੀਂ ਹਨ ਪਰ ਕਰੀਬ 18 ਤੋਂ 20 ਹਜ਼ਾਰ ਮੌਤਾਂ ਦਾ ਅੰਦਾਜ਼ਾ ਹੈ। ਇਨ੍ਹਾਂ ’ਚ ਕਰੀਬ 30 ਤੋਂ 60 ਫ਼ੀਸਦੀ 15 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਹਨ।

ਲੱਛਣ

ਰੇਬੀਜ਼ ਸੰਕ੍ਰਮਿਤ ਜਾਨਵਰ ਦੇ ਕੱਟਣ ਉਪਰੰਤ ਬਿਮਾਰੀ ਦੇ ਲੱਛਣ ਸਾਹਮਣੇ ਆਉਣ ਵਿਚ ਕੁਝ ਦਿਨਾਂ ਤੋਂ ਕੁਝ ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ, ਜੋ ਕੱਟ ਵਾਲੀ ਜਗ੍ਹਾ, ਵਾਇਰਸ ਦੀ ਤੀਬਰਤਾ ਅਤੇ ਵਾਇਰਸ ਦੀ ਕੇਂਦਰੀ ਨਸ ਪ੍ਰਣਾਲੀ ਤੋਂ ਦੂਰੀ ’ਤੇ ਨਿਰਭਰ ਕਰਦਾ ਹੈ। ਸ਼ੁਰੂਆਤੀ ਲੱਛਣ ਆਮ ਰੋਗਾਂ ਵਾਂਗ ਮਾਮੂਲੀ ਲਗਦੇ ਹਨ, ਜਿਵੇਂ ਬੁਖ਼ਾਰ, ਸਿਰ ਦਰਦ, ਆਮ ਕਮਜ਼ੋਰੀ ਅਤੇ ਬੇਚੈਨੀ। ਜਿਵੇਂ-ਜਿਵੇਂ ਬਿਮਾਰੀ ਵਧਦੀ ਹੈ, ਖ਼ਾਸ ਲੱਛਣ ਪ੍ਰਗਟ ਹੋਣ ਲਗਦੇ ਹਨ, ਜਿਵੇਂ ਨੀਂਦ ਨਾ ਆਉਣਾ, ਚਿੰਤਾ, ਇਕ ਪਾਸੇ ਦੀ ਕਮਜ਼ੋਰੀ ਜਾਂ ਪਾਸਾ ਮਾਰਿਆ ਜਾਣਾ, ਅਜੀਬ ਅਜੀਬ ਚੀਜ਼ਾਂ ਨਜ਼ਰ ਆਉਣੀਆਂ, ਮੂੰਹ ’ਚੋਂ ਵਧੇਰੇ ਪਾਣੀ ਨਿਕਲਣਾ ਜਾਂ ਲਾਰ ਵਗਣਾ, ਖਾਣਾ ਨਿਗਲਣ ਦੀ ਸਮੱਸਿਆ, ਦੌਰੇ ਪੈਣੇ ਅਤੇ ਪਾਣੀ ਤੋਂ ਡਰ ਲੱਗਣਾ ਆਦਿ। ਜਦੋਂ ਬਿਮਾਰੀ ਅੰਤਿਮ ਪੜਾਅ ’ਤੇ ਹੁੰਦੀ ਹੈ ਤਾਂ ਪਾਣੀ ਦੀ ਆਵਾਜ਼ ਜਿਵੇਂ ਗਲਾਸ ਵਿੱਚ ਪਾਣੀ ਪਾਉਣ ਵੇਲੇ ਜਾਂ ਨਜ਼ਦੀਕ ਕਿਸੇ ਬੱਚੇ ਦੇ ਪਿਸ਼ਾਬ ਦੀ ਆਵਾਜ਼, ਇੱਥੋਂ ਤਕ ਕਿ ਪਾਣੀ ਸ਼ਬਦ ਸੁਣਾਈ ਦੇਣ ’ਤੇ ਵੀ ਮਰੀਜ਼ ਨੂੰ ਦੌਰਾ ਪੈ ਸਕਦਾ ਹੈ। ਇਕ ਵਾਰ ਜਦੋਂ ਵਾਇਰਸ ਦਿਮਾਗ਼ ਵਿਚ ਪੁੱਜ ਜਾਵੇ ਤਾਂ ਬਾਕੀ ਲੱਛਣ ਭਾਵੇਂ ਘਟ ਜਾਣ ਪਰ ਇਸ ਇਨਫੈਕਸ਼ਨ ਦਾ ਕੋਈ ਇਲਾਜ ਨਹੀਂ ਹੈ। ਇਸ ਹਾਲਤ ਵਿਚ ਦੋ ਤੋਂ ਦਸਾਂ ਦਿਨਾਂ ਦੇ ਅੰਦਰ-ਅੰਦਰ ਰੋਗੀ ਦੀ ਮੌਤ ਹੋ ਜਾਂਦੀ ਹੈ। ਮੂੰਹ ਦੇ ਪਾਣੀ (ਲਾਰ) ਵਿਚ ਵਾਇਰਸ ਦੀ ਸਭ ਤੋਂ ਵੱਧ ਘਣਤਾ ਹੁੰਦੀ ਹੈ। ਇਸ ਲਈ ਜਾਨਵਰ ਜਦੋਂ ਵੱਢਦਾ ਹੈ ਤਾਂ ਦੰਦਾਂ ਅਤੇ ਮੂੰਹ ਦੇ ਪਾਣੀ ਨਾਲ ਇਹ ਵਾਇਰਸ ਮਨੁੱਖ ਜਾਂ ਦੂਜੇ ਜਾਨਵਰ ਅੰਦਰ ਦਾਖ਼ਲ ਹੁੰਦੇ ਹਨ। 6 ਜੁਲਾਈ 1885 ਨੂੰ ਲੂਈਸ ਪਾਸਚਰ ਵੱਲੋਂ ਰੇਬੀਜ਼ ਵੈਕਸੀਨ ਦੀ ਖੋਜ ਕੀਤੀ ਗਈ, ਜਿਸ ਤੋਂ ਬਾਅਦ ਰੇਬੀਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ’ਚ ਕਮੀ ਆਉਣੀ ਸ਼ੁਰੂ ਹੋਈ।

ਇਲਾਜ

ਸਭ ਤੋਂ ਪਹਿਲਾਂ ਜ਼ਖ਼ਮੀ ਨੂੰ ਹੌਸਲਾ ਦਿਉ ਤੇ ਸ਼ਾਂਤ ਰੱਖੋ।

ਜ਼ਖ਼ਮ ਨੂੰ ਛੂਹਣ ਤੋਂ ਪਹਿਲਾਂ ਆਪਣੇ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋ ਲਵੋ ਅਤੇ ਦਸਤਾਨੇ ਪਾ ਕੇ ਜ਼ਖ਼ਮ ਦੀ ਸਫ਼ਾਈ ਕਰੋ।

ਜ਼ਖ਼ਮ ਨੂੰ ਸਾਬਣ ਅਤੇ ਸਾਫ਼ ਪਾਣੀ ਨਾਲ ਧੋਵੋ।

ਜ਼ਖ਼ਮ ’ਤੇ ਕਰੀਬ 15 ਮਿੰਟ ਲਈ ਪਾਣੀ ਵਗਣ ਦਿਉ।

ਜ਼ਖ਼ਮ ਉੱਤੇ ਕੋਈ ਐਂਟੀਬਾਇਓਟਿਕ ਕਰੀਮ ਲਗਾਓ ਅਤੇ ਪੱਟੀ ਕਰ ਕੇ ਢਕ ਦਿਓ। ਉਸ ਤੋਂ ਬਾਅਦ ਮੁਕੰਮਲ ਇਲਾਜ ਵਾਸਤੇ ਡਾਕਟਰ ਕੋਲ ਲਿਜਾਓ।

ਜ਼ਖ਼ਮ ਵੱਡਾ ਹੋਵੇ ਤਾਂ ਕਈ ਵਾਰ ਟਾਂਕੇ ਵੀ ਲਾਉਣੇ ਪੈਂਦੇ ਹਨ, ਟੈਟਨਸ ਦਾ ਟੀਕਾ ਲਗਾਇਆ ਜਾਂਦਾ ਹੈ। ਜ਼ਖ਼ਮ ਤੇ ਕੁੱਤੇ ਦੀ ਹਾਲਤ ਵੇਖ ਕੇ ਬਾਕੀ ਇਲਾਜ ਡਾਕਟਰ ਤੈਅ ਕਰਦੇ ਹਨ।

ਰੇਬੀਜ਼ ਮਨੁੱਖਾਂ ਤੇ ਜਾਨਵਰਾਂ ਦੋਵਾਂ ’ਚ ਟੀਕੇ ਨਾਲ ਰੋਕਣਯੋਗ ਬਿਮਾਰੀ ਹੈ। ਮੁੱਢਲੀ ਸਹਾਇਤਾ ਦੇਣ ਉਪਰੰਤ ਤੁਰੰਤ ਡਾਕਟਰੀ ਸਹਾਇਤਾ ਲਈ ਲਿਜਾਇਆ ਜਾਵੇ। ਇਸ ਤੋਂ ਬਚਾਅ ਲਈ ਟੀਕਾ ਪੂਰੀ ਤਰ੍ਹਾਂ ਕਾਰਗਰ ਹੈ। ਇਹ ਟੀਕਾ ਸਰਕਾਰੀ ਸਿਹਤ ਕੇਂਦਰਾਂ ’ਤੇ ਮੁਫ਼ਤ ਲਾਈ ਜਾਂਦੀ ਹੈ।

- ਨਰਿੰਦਰ ਪਾਲ ਸਿੰਘ

Posted By: Harjinder Sodhi