- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ’ਚ ਹਰ ਕੋਈ ਆਪਣੀਆਂ ਜ਼ਿੰਮੇਵਾਰੀਆਂ, ਕੰਮਾਂ ਤੇ ਸੁਪਨਿਆਂ ਨੂੰ ਪੂਰਾ ਕਰਨ ਵਿਚ ਰੁੱਝਿਆ ਹੋਇਆ ਹੈ। ਸਮੇਂ ਦੀ ਕਮੀ, ਤਕਨਾਲੋਜੀ ਦੀ ਵਧਦੀ ਵਰਤੋਂ ਤੇ ਬਦਲਦੇ ਜੀਵਨ ਢੰਗ ਨੇ ਮਨੁੱਖ ਨੂੰ ਬਹੁਤ ਕੁਝ ਦਿੱਤਾ ਹੈ ਪਰ ਕਈ ਵਾਰ ਅਣਜਾਣੇ ਵਿਚ ਸਾਡੇ ਸਭ ਤੋਂ ਕੀਮਤੀ ਰਿਸ਼ਤਿਆਂ ਵਿਚਕਾਰ ਦੂਰੀ ਵੀ ਪੈਦਾ ਕਰ ਦਿੱਤੀ ਹੈ।

ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ’ਚ ਹਰ ਕੋਈ ਆਪਣੀਆਂ ਜ਼ਿੰਮੇਵਾਰੀਆਂ, ਕੰਮਾਂ ਤੇ ਸੁਪਨਿਆਂ ਨੂੰ ਪੂਰਾ ਕਰਨ ਵਿਚ ਰੁੱਝਿਆ ਹੋਇਆ ਹੈ। ਸਮੇਂ ਦੀ ਕਮੀ, ਤਕਨਾਲੋਜੀ ਦੀ ਵਧਦੀ ਵਰਤੋਂ ਤੇ ਬਦਲਦੇ ਜੀਵਨ ਢੰਗ ਨੇ ਮਨੁੱਖ ਨੂੰ ਬਹੁਤ ਕੁਝ ਦਿੱਤਾ ਹੈ ਪਰ ਕਈ ਵਾਰ ਅਣਜਾਣੇ ਵਿਚ ਸਾਡੇ ਸਭ ਤੋਂ ਕੀਮਤੀ ਰਿਸ਼ਤਿਆਂ ਵਿਚਕਾਰ ਦੂਰੀ ਵੀ ਪੈਦਾ ਕਰ ਦਿੱਤੀ ਹੈ। ਇਨ੍ਹਾਂ ਵਿੱਚੋਂ ਸਭ ਤੋਂ ਖ਼ਾਸ ਰਿਸ਼ਤਾ ਬੱਚਿਆਂ ਤੇ ਮਾਪਿਆਂ ਦੀ ਸਾਂਝ ਹੈ। ਇਕ ਸਮਾਂ ਉਹ ਸੀ, ਜਦੋਂ ਪਰਿਵਾਰ ਇਕੱਠੇ ਬੈਠ ਕੇ ਖਾਣਾ ਖਾਂਦੇ ਸਨ, ਦਿਨ ਭਰ ਦੀਆਂ ਗੱਲਾਂ ਸਾਂਝੀਆਂ ਕਰਦੇ ਸਨ ਤੇ ਛੋਟੀਆਂ-ਛੋਟੀਆਂ ਖ਼ੁਸ਼ੀਆਂ ਨੂੰ ਮਿਲ ਕੇ ਮਨਾਉਂਦੇ ਸਨ ਪਰ ਅੱਜ ਦੇ ਦੌਰ ਵਿਚ ਇੱਕੋ ਘਰ ’ਚ ਰਹਿੰਦੇ ਹੋਏ ਵੀ ਕਈ ਵਾਰ ਲੋਕ ਇਕ-ਦੂਜੇ ਤੋਂ ਦੂਰ ਹੋ ਜਾਂਦੇ ਹਨ। ਮਾਪੇ ਆਪਣੇ ਕੰਮਾਂ ਤੇ ਚਿੰਤਾਵਾਂ ਵਿਚ ਰੁੱਝੇ ਹਨ, ਜਦੋਂਕਿ ਬੱਚੇ ਆਪਣੀ ਪੜ੍ਹਾਈ, ਕਰੀਅਰ ਤੇ ਮੋਬਾਈਲ ਦੀ ਦੁਨੀਆ ਵਿਚ ਗੁੰਮ ਹੋ ਜਾਂਦੇ ਹਨ। ਮਾਪਿਆਂ ਤੇ ਬੱਚਿਆਂ ਦਾ ਰਿਸ਼ਤਾ ਸਿਰਫ਼ ਖ਼ੂਨ ਦਾ ਰਿਸ਼ਤਾ ਨਹੀਂ ਹੁੰਦਾ, ਇਹ ਭਰੋਸੇ, ਸਮਝ ਤੇ ਪਿਆਰ ਦਾ ਰਿਸ਼ਤਾ ਹੁੰਦਾ ਹੈ।
ਮਾਪਿਆਂ ਦਾ ਚਾਹੀਦਾ ਸਮਾਂ ਤੇ ਸਾਥ
ਮਾਪੇ ਉਹ ਹੁੰਦੇ ਹਨ, ਜੋ ਆਪਣੇ ਬੱਚਿਆਂ ਦੀ ਖ਼ੁਸ਼ੀ ਲਈ ਆਪਣੀਆਂ ਖ਼ੁਸ਼ੀਆਂ ਨੂੰ ਪਿੱਛੇ ਛੱਡ ਦਿੰਦੇ ਹਨ। ਉਹ ਬੱਚਿਆਂ ਦੇ ਸੁਪਨਿਆਂ ਨੂੰ ਆਪਣਾ ਸੁਪਨਾ ਬਣਾ ਲੈਂਦੇ ਹਨ। ਉਨ੍ਹਾਂ ਦੀ ਹਰ ਮਿਹਨਤ ਦੇ ਪਿੱਛੇ ਇਕ ਹੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਜ਼ਿੰਦਗੀ ਵਿਚ ਅੱਗੇ ਵਧਣ ਅਤੇ ਚੰਗੇ ਇਨਸਾਨ ਬਣਨ ਪਰ ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਬੱਚਿਆਂ ਨੂੰ ਸਿਰਫ਼ ਚੰਗੀਆਂ ਸਹੂਲਤਾਂ ਨਹੀਂ ਸਗੋਂ ਮਾਪਿਆਂ ਦਾ ਸਮਾਂ ਤੇ ਸਾਥ ਵੀ ਚਾਹੀਦਾ ਹੈ। ਕਈ ਵਾਰ ਬੱਚਿਆਂ ਲਈ ਸਭ ਤੋਂ ਵੱਡੀ ਖ਼ੁਸ਼ੀ ਕੋਈ ਮਹਿੰਗਾ ਖਿਡੌਣਾ ਜਾਂ ਤੋਹਫ਼ਾ ਨਹੀਂ ਹੁੰਦੀ ਸਗੋਂ ਉਹ ਪਲ ਹੁੰਦੇ ਹਨ, ਜਦੋਂ ਉਨ੍ਹਾਂ ਦੇ ਮਾਪੇ ਉਨ੍ਹਾਂ ਨਾਲ ਬੈਠਦੇ ਹਨ, ਉਨ੍ਹਾਂ ਦੀਆਂ ਗੱਲਾਂ ਸੁਣਦੇ ਹਨ ਤੇ ਉਨ੍ਹਾਂ ਦੀ ਦੁਨੀਆ ਦਾ ਹਿੱਸਾ ਬਣਦੇ ਹਨ।
ਛੋਟੇ-ਛੋਟੇ ਪਲ ਰਿਸ਼ਤਿਆਂ ਨੂੰ ਬਣਾਉਂਦੇ ਮਜ਼ਬੂਤ
ਬੱਚਿਆਂ ਨਾਲ ਉਨ੍ਹਾਂ ਦੀਆਂ ਮਨਪਸੰਦ ਖੇਡਾਂ ਖੇਡੋ, ਉਨ੍ਹਾਂ ਦੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਮਹਿਸੂਸ ਕਰੋ। ਕਈ ਵਾਰ ਬੱਚਿਆਂ ਨਾਲ ਬਿਤਾਏ ਇਹ ਸਧਾਰਨ ਪਲ ਹੀ ਸਾਡੀ ਵਿਅਸਤ ਜ਼ਿੰਦਗੀ ਵਿਚ ਸਭ ਤੋਂ ਵੱਡੀ ਤਾਜ਼ਗੀ ਲੈ ਕੇ ਆਉਂਦੇ ਹਨ। ਇਹੀ ਛੋਟੇ-ਛੋਟੇ ਪਲ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਂਦੇ ਹਨ। ਬੱਚਿਆਂ ਨੂੰ ਸਿਰਫ਼ ਸਾਡੀ ਕਾਮਯਾਬੀ ਨਹੀਂ ਚਾਹੀਦੀ, ਉਨ੍ਹਾਂ ਨੂੰ ਸਾਡੀ ਮੌਜੂਦਗੀ ਵੀ ਚਾਹੀਦੀ ਹੈ। ਜਦੋਂ ਅਸੀਂ ਉਨ੍ਹਾਂ ਨਾਲ ਉਨ੍ਹਾਂ ਦੀ ਦੁਨੀਆ ਵਿਚ ਸ਼ਾਮਿਲ ਹੁੰਦੇ ਹਾਂ, ਤਾਂ ਉਹ ਆਪਣੇ ਆਪ ਨੂੰ ਮਹੱਤਵਪੂਰਨ ਤੇ ਪਿਆਰ ਭਰਿਆ ਮਹਿਸੂਸ ਕਰਦੇ ਹਨ।
ਭਾਵਨਾਵਾਂ ਨੂੰ ਚਾਹੀਦਾ ਸਮਝਣਾ
ਅੱਜ ਦੇ ਸਮੇਂ ਵਿਚ ਕਈ ਮਾਪੇ ਆਪਣੇ ਬੱਚਿਆਂ ਲਈ ਹਰ ਸੁਵਿਧਾ ਉਪਲੱਬਧ ਕਰਵਾਉਣ ’ਚ ਇੰਨੇ ਵਿਅਸਤ ਹੋ ਜਾਂਦੇ ਹਨ ਕਿ ਕਈ ਵਾਰ ਬੱਚਿਆਂ ਨਾਲ ਗੁਜ਼ਾਰਨ ਵਾਲਾ ਕੀਮਤੀ ਸਮਾਂ ਪਿੱਛੇ ਰਹਿ ਜਾਂਦਾ ਹੈ ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬਚਪਨ ਦੇ ਪਲ ਮੁੜ ਵਾਪਸ ਨਹੀਂ ਆਉਂਦੇ। ਬੱਚੇ ਵੱਡੇ ਹੋ ਜਾਂਦੇ ਹਨ, ਉਨ੍ਹਾਂ ਦੀ ਦੁਨੀਆ ਬਦਲ ਜਾਂਦੀ ਹੈ, ਇਸ ਲਈ ਅੱਜ ਦਾ ਸਮਾਂ ਹੀ ਉਹ ਸਮਾਂ ਹੈ, ਜਿਸ ਵਿਚ ਅਸੀਂ ਉਨ੍ਹਾਂ ਨਾਲ ਪਿਆਰ ਤੇ ਸਾਂਝ ਦਾ ਰਿਸ਼ਤਾ ਮਜ਼ਬੂਤ ਕਰ ਸਕਦੇ ਹਾਂ। ਬੱਚਿਆਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਮਾਪਿਆਂ ਦਾ ਪਿਆਰ ਦੁਨੀਆ ਦਾ ਸਭ ਤੋਂ ਨਿਸ਼ਕਾਮ ਪਿਆਰ ਹੁੰਦਾ ਹੈ। ਮਾਪਿਆਂ ਨੂੰ ਬੱਚਿਆਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਹਨ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਵਿਸ਼ਵਾਸ ਦੇਣਾ ਚਾਹੀਦਾ ਹੈ ਕਿ ਉਹ ਹਰ ਸਥਿਤੀ ’ਚ ਆਪਣੇ ਮਾਪਿਆਂ ਨਾਲ ਗੱਲ ਕਰ ਸਕਦੇ ਹਨ।
ਖ਼ੁਸ਼ਹਾਲ ਪਰਿਵਾਰ
ਅਸਲ ਵਿਚ ਖ਼ੁਸ਼ਹਾਲ ਪਰਿਵਾਰ ਉਹ ਹੁੰਦਾ ਹੈ, ਜਿੱਥੇ ਪਿਆਰ ਦੇ ਨਾਲ ਸਮਾਂ ਵੀ ਦਿੱਤਾ ਜਾਂਦਾ ਹੈ। ਜਿੱਥੇ ਬੱਚੇ ਆਪਣੇ ਸੁਪਨਿਆਂ ਲਈ ਮਿਹਨਤ ਕਰਦੇ ਹਨ ਤੇ ਮਾਪੇ ਉਨ੍ਹਾਂ ਨੂੰ ਪਿਆਰ ਤੇ ਹੌਸਲਾ ਦਿੰਦੇ ਹਨ। ਜਿੱਥੇ ਕਾਮਯਾਬੀ ਦੇ ਨਾਲ ਸੰਸਕਾਰਾਂ ਦੀ ਵੀ ਕਦਰ ਹੁੰਦੀ ਹੈ। ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪੈਸਾ, ਅਹੁਦਾ ਤੇ ਕਾਮਯਾਬੀ ਜ਼ਿੰਦਗੀ ਦੇ ਹਿੱਸੇ ਹਨ ਪਰ ਆਪਣੇ ਬੱਚਿਆਂ ਤੇ ਮਾਪਿਆਂ ਨਾਲ ਬਣਿਆ ਪਿਆਰ ਤੇ ਸਾਂਝ ਹੀ ਅਸਲ ਦੌਲਤ ਹੈ। ਰਿਸ਼ਤਿਆਂ ਨੂੰ ਸਿਰਫ਼ ਸਹੂਲਤਾਂ ਨਹੀਂ, ਸਮਾਂ ਤੇ ਪਿਆਰ ਚਾਹੀਦਾ ਹੈ। ਕਈ ਵਾਰ ਬੱਚਿਆਂ ਨਾਲ ਬਿਤਾਇਆ ਛੋਟਾ ਜਿਹਾ ਪਲ ਵੀ ਸਾਡੀ ਪੂਰੀ ਜ਼ਿੰਦਗੀ ਨੂੰ ਖ਼ੁਸ਼ੀਆਂ ਨਾਲ ਭਰ ਸਕਦਾ ਹੈ।
- ਅਵਨੀਤ ਕੌਰ