- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿੰਦਗੀ ਹਰ ਪਲ, ਹਰ ਘੜੀ, ਹਰ ਮੋੜ ’ਤੇ ਹੋ ਰਹੇ ਸ਼ੋਖ ਤੇ ਤਲਖ਼ ਅਨੁਭਵਾਂ ਤੋਂ ਕੁਝ ਨਾ ਕੁਝ ਸਿੱਖਣ ਦਾ ਹੀ ਨਾਂ ਹੈ। ਕਹਿੰਦੇ ਹਨ ਕਿ ਜ਼ਿੰਦਗੀ ਸਿੱਖਣਾ ਹੈ ਤੇ ਸਿੱਖਣਾ ਹੀ ਜ਼ਿੰਦਗੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸਿੱਖਣ ਦੀ ਚਾਹਤ ਮਨੁੱਖ ਨੂੰ ਕਦੇ ਬੁੱਢਾ ਨਹੀਂ ਹੋਣ ਦਿੰਦੀ। ਜਿਵੇਂ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਬਿਲਕੁਲ ਉਸੇ ਤਰ੍ਹਾਂ ਜ਼ਿੰਦਗੀ ਦੇ ਤਜਰਬਿਆ ਲਈ ਵੀ ਕੋਈ ਫੀਤਾ ਜਾਂ ਮਾਪਦੰਡ ਨਹੀਂ ਹੈ।

ਜ਼ਿੰਦਗੀ ਹਰ ਪਲ, ਹਰ ਘੜੀ, ਹਰ ਮੋੜ ’ਤੇ ਹੋ ਰਹੇ ਸ਼ੋਖ ਤੇ ਤਲਖ਼ ਅਨੁਭਵਾਂ ਤੋਂ ਕੁਝ ਨਾ ਕੁਝ ਸਿੱਖਣ ਦਾ ਹੀ ਨਾਂ ਹੈ। ਕਹਿੰਦੇ ਹਨ ਕਿ ਜ਼ਿੰਦਗੀ ਸਿੱਖਣਾ ਹੈ ਤੇ ਸਿੱਖਣਾ ਹੀ ਜ਼ਿੰਦਗੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਸਿੱਖਣ ਦੀ ਚਾਹਤ ਮਨੁੱਖ ਨੂੰ ਕਦੇ ਬੁੱਢਾ ਨਹੀਂ ਹੋਣ ਦਿੰਦੀ। ਜਿਵੇਂ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਬਿਲਕੁਲ ਉਸੇ ਤਰ੍ਹਾਂ ਜ਼ਿੰਦਗੀ ਦੇ ਤਜਰਬਿਆ ਲਈ ਵੀ ਕੋਈ ਫੀਤਾ ਜਾਂ ਮਾਪਦੰਡ ਨਹੀਂ ਹੈ। ਜ਼ਿੰਦਗੀ ਦੇ ਤਜਰਬੇ ਕਿਸੇ ਬੰਦ ਕਮਰੇ ਜਾਂ ਜਮਾਤੀ ਆਕਾਰ ’ਚ ਨਹੀਂ ਸਿੱਖੇ ਜਾਂਦੇ ਸਗੋਂ ਇਹ ਤਾਂ ਸਾਡੀ ਜ਼ਿੰਦਗੀ ਦੇ ਅਸਲ ਥੰਮ੍ਹ ਹੁੰਦੇ ਹਨ। ਇਹ ਉਹ ਘਟਨਾਵਾਂ ਹੁੰਦੀਆਂ ਹਨ, ਜਿਹੜੀਆਂ ਅਸੀਂ ਆਪਣੇ ਵਿਹਾਰ ਤੇ ਹੋਰਾਂ ਦੇ ਸਾਡੇ ਪ੍ਰਤੀ ਵਿਹਾਰ ਤੋਂ ਸਿੱਖਦੇ ਹਾਂ। ਮਨੁੱਖ ਦਾ ਜਨਮ ਹੀ ਸਿੱਖਣ ਲਈ ਹੋਇਆ ਹੈ ਤੇ ਉਹ ਸਾਰੀ ਉਮਰ ਸਿੱਖਦਾ ਹੀ ਰਹਿੰਦਾ ਹੈ। ਇਹ ਸਾਰੀਆਂ ਸਿੱਖਿਆਵਾਂ ਉਸ ਦੇ ਹਾਲਾਤਾਂ ਅਨੁਸਾਰ ਮਿਲੇ ਅਨੁਭਵਾਂ ਦਾ ਹੀ ਨਤੀਜਾ ਹੁੰਦੀਆ ਹਨ।
ਅਧਿਆਪਕ ਵਾਂਗ ਮਾਰਗ ਦਰਸ਼ਨ ਕਰਦੇ ਤਜਰਬੇ
ਬੇਸ਼ੱਕ ਗਿਆਨ ਤੇ ਜਾਣਕਾਰੀ ਕਿਤਾਬਾਂ ਦੀ ਪੜ੍ਹਾਈ ਨਾਲ ਵੱਧਦੀ ਹੈ। ਇਸ ਦੀ ਸਿਖਲਾਈ ਦਾ ਸਮਾਂ ਮਨੁੱਖ ਦੇ ਸਕੂਲੀ ਜੀਵਨ ਤੋਂ ਸ਼ੁਰੂ ਹੋ ਕੇ ਕਾਲਜਾਂ, ਯੂਨੀਵਰਸਿਟੀਆਂ ਤੱਕ ਵੱਖ-ਵੱਖ ਵਿਸ਼ਿਆ ’ਚ ਮੁਹਾਰਤ, ਸਰਟੀਫਿਕੇਟਾਂ ਤੇ ਡਿਗਰੀਆਂ ਲੈਣ ਤੱਕ ਹੀ ਹੈ ਪਰ ਜ਼ਿੰਦਗੀ ਦੀ ਡਿਗਰੀ ਲਈ ਮਨੁੱਖ ਦੇ ਸੱਚੇ ਤੇ ਅਸਲ ਸਾਥੀ ਉਸ ਦੇ ਤਜਰਬੇ ਹੀ ਹੁੰਦੇ ਹਨ। ਤਜਰਬੇ ਸੱਚੇ, ਮਿਹਨਤੀ ਤੇ ਸਿਰੜੀ ਅਧਿਆਪਕ ਦੀ ਤਰ੍ਹਾਂ ਸਾਡਾ ਮਾਰਗ-ਦਰਸ਼ਨ ਕਰਦੇ ਹਨ। ਆਮ ਘਰਾਂ ’ਚ ਗਲਤੀ ’ਤੇ ਵਰਜਣਾ ਜਾਂ ਸਮਝਾਉਣਾ ਵੱਡਿਆ ਦਾ ਤਜਰਬਾ ਹੀ ਹੁੰਦਾ ਹੈ, ਜੋ ਸਾਨੂੰ ਗ਼ਲਤ ਰਸਤਿਆਂ ’ਤੇ ਤੁਰਨ ਤੋਂ ਪਹਿਲਾਂ ਹੀ ਰੋਕਦਾ ਹੈ। ਉਸ ਸਮੇਂ ਉਨ੍ਹਾਂ ਦਾ ਵਰਜਣਾ ਸਾਨੂੰ ਬੁਰਾ ਜ਼ਰੂਰ ਲੱਗਦਾ ਹੈ ਪਰ ਸਮੇਂ ਦੇ ਨਾਲ-ਨਾਲ ਤਜਰਬਾ ਹੀ ਜਿੱਤਦਾ ਜਾਂਦਾ ਹੈ।
ਸਿੱਖਣ ਦੇ ਅਨੁਭਵਾਂ ਤੋਂ ਮਿਲਦਾ ਆਤਮ-ਵਿਸ਼ਵਾਸ
ਆਤਮ-ਵਿਸ਼ਵਾਸ਼ ਵੀ ਸਾਨੂੰ ਸਿੱਖਣ ਦੇ ਅਨੁਭਵਾਂ ਤੋਂ ਹੀ ਮਿਲਦਾ ਹੈ। ਤਜਰਬਾ ਇਕ ਕਦੇ ਨਾ ਰੁਕਣ ਵਾਲਾ ਵਰਤਾਰਾ ਹੈ, ਜਿਸ ਰਾਹੀਂ ਮਨੁੱਖ ਆਤਮ-ਵਿਸ਼ਵਾਸੀ, ਫ਼ੈਸਲਿਆਂ ’ਚ ਦ੍ਰਿੜਤਾ ਰੱਖਣ ਵਾਲਾ ਕਾਮਯਾਬ ਵਿਅਕਤੀ ਬਣਦਾ ਹੈ। ਤਜਰਬਿਆ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਰਿਵਾਰਕ ਰਿਸ਼ਤੇ ਤੇ ਦੋਸਤ ਸਾਨੂੰ ਹਾਂ-ਪੱਖੀ ਤਜਰਬੇ ਦੇ ਕੇ ਜੀਵਨ ਵਿਚ ਸੋਧ ਕਰਦੇ ਹਨ। ਤਜਰਬੇ ਤੋਂ ਬਗ਼ੈਰ ਵਪਾਰੀ, ਡਾਕਟਰ, ਇੰਨਜੀਨੀਅਰ, ਅਧਿਆਪਕ ਚਾਹੇ ਕਿੰਨੇ ਵੀ ਯੋਗ ਹੋਣ, ਉਹ ਕਾਮਯਾਬ ਨਹੀਂ ਹੋ ਸਕਦੇ। ਤਜਰਬਿਆਂ ਦੀ ਇਕ ਵਿਸ਼ੇਸ਼ਤਾ ਬੜੀ ਅਜੀਬ ਹੈ ਕਿ ਭੈੜੇ ਤਜਰਬੇ ਵੀ ਬਹੁਤ ਕੁਝ ਸਹੀ ਸਿਖਾ ਜਾਂਦੇ ਹਨ। ਇਹ ਸਾਡੀ ਜ਼ਿੰਦਗੀ ਦੇ ਅਸਲ ਅਧਿਆਪਕ ਹੀ ਹੁੰਦੇ ਹਨ। ਤਜਰਬਾ ਉਹ ਚਾਬੀ ਹੈ, ਜਿਸ ਨਾਲ ਹਰ ਜਿੰਦਰੇ ਨੂੰ ਖੋਲ੍ਹਿਆ ਜਾ ਸਕਦਾ ਹੈ। ਅਨੁਭਵ ਨਾਲ ਅਸੀਂ ਜ਼ਿੰਦਗੀ ਦੀਆਂ ਕਠਿਨਾਈਆਂ ਦਾ ਖਿੜੇ ਮੱਥੇ ਸਾਹਮਣਾ ਕਰਨ ਦੇ ਯੋਗ ਹੁੰਦੇ ਹਾਂ। ਦਿਨ-ਰਾਤ ਦੇ ਅਨੁਭਵ ਤੋਂ ਅਸੀਂ ਬਦਲਾਅ ਦੇ ਨਿਯਮ ’ਤੇ ਪੱਕੇ ਹੋ ਜਾਂਦੇ ਹਾਂ ਕਿ ਕੁਝ ਵੀ ਸਦਾ ਰਹਿਣ ਵਾਲਾ ਨਹੀਂ, ਭਾਵੇਂ ਸੁੱਖ ਹੋਵੇ ਜਾਂ ਦੁੱਖ। ਇਹ ਸਭ ਸਥਿਰ ਨਹੀਂ। ‘ਕਾਲੀ ਰਾਤ ਗ਼ਮ ਦੀ ਹੈ ਜੋ ਹੁਣ ਕੁਝ ਕਹਿਣ ਵਾਲੀ ਨਾ। ਚਾਨਣ ਸਵੇਰ ਦੇ ਸਾਹਵੇ ਇਹ ਟਿਕ ਕੇ ਬਹਿਣ ਵਾਲੀ ਨਾ।’
ਬਹੁਤ ਕੁਝ ਸਿੱਖਦਾ ਮਨੁੱਖ
ਤਜਰਬਿਆਂ ਰਾਹੀਂ ਜ਼ਿੰਦਗੀ ਦੀਆਂ ਹਕੀਕਤਾਂ ਨੂੰ ਸਵੀਕਾਰ ਕਰਦਿਆਂ ਮਨੁੱਖ ਬਹੁਤ ਕੁਝ ਸਿੱਖਦਾ ਹੈ ਤੇ ਸਿੱਖਦਾ ਰਹਿੰਦਾ ਹੈ । ਜਿੰਨੀ ਮਨੁੱਖ ਦੀ ਸਿੱਖਣ ਦੀ ਤਾਂਘ ਵੱਧਦੀ ਹੈ, ਉਸ ਦਾ ਜੀਵਨ ਨਿੱਖਰਦਾ ਤੇ ਸੰਵਰਦਾ ਹੈ। ਆਪਣੇ ਇਸੇ ਸੁਭਾਅ ਕਰਕੇ ਹੀ ਉਹ ਪਰਬਤਾਂ ਦੀਆਂ ਚੋਟੀਆਂ ਤੱਕ ਨੂੰ ਸਰ ਕਰਨ ’ਚ ਕਾਮਯਾਬ ਹੁੰਦਾ ਹੈ। ਸਿੱਖਣ ਦੀ ਲਾਲਸਾ ਨਾਲ ਹੀ ਬੁਲੰਦੀਆਂ ਛੂਹੀਆਂ ਜਾਂਦੀਆਂ ਹਨ। ਇਸੇ ਲਈ ਕਿਹਾ ਜਾਂਦਾ ਕਿ ਜ਼ਿੰਦਗੀ ਸਿੱਖਣਾ ਹੈ ਤੇ ਸਿੱਖਦੇ ਰਹਿਣਾ ਹੀ ਜ਼ਿੰਦਗੀ ਹੈ। ਇਹ ਤਜਰਬੇ ਜਾਂ ਅਨੁਭਵ ਹੀ ਸਦਾ ਨਾਲ ਰਹਿਣ ਵਾਲੀ ਪੂੰਜੀ ਹੈ, ਜਿਸ ਦੀ ਵਰਤੋਂ ਹਰ ਉਚਿਤ ਮੌਕੇ ’ਤੇ ਕਰ ਕੇ ਜ਼ਿੰਦਗੀ ਕਾਮਯਾਬ ਬਣਾਈ ਜਾ ਸਕਦੀ ਹੈ।
- ਰਣਜੀਤ ਕੌਰ ਬਾਜਵਾ