- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਦਾ ਬਚਪਨ ਮੋਬਾਈਲ ਦੀ ਚਮਕਦਾਰ ਸਕਰੀਨ ’ਚ ਇਸ ਕਦਰ ਕੈਦ ਹੋ ਚੁੱਕਾ ਹੈ ਕਿ ਇਹ ਸਿਰਫ਼ ਇਕ ਆਦਤ ਹੀ ਨਹੀਂ ਰਹੀ ਸਗੋਂ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਹੈਰਾਨੀ ਤੇ ਦੁੱਖ ਦੀ ਗੱਲ ਇਹ ਹੈ ਕਿ ਬੱਚਾ ਅਜੇ ਢੰਗ ਨਾਲ ਬੋਲਣਾ ਵੀ ਨਹੀਂ ਸਿੱਖਦਾ ਪਰ ਮੋਬਾਈਲ ਉਸ ਦੀ ਪਹਿਲੀ ਪਸੰਦ ਬਣ ਜਾਂਦਾ ਹੈ।

ਅੱਜ ਦਾ ਬਚਪਨ ਮੋਬਾਈਲ ਦੀ ਚਮਕਦਾਰ ਸਕਰੀਨ ’ਚ ਇਸ ਕਦਰ ਕੈਦ ਹੋ ਚੁੱਕਾ ਹੈ ਕਿ ਇਹ ਸਿਰਫ਼ ਇਕ ਆਦਤ ਹੀ ਨਹੀਂ ਰਹੀ ਸਗੋਂ ਸਮਾਜ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਹੈਰਾਨੀ ਤੇ ਦੁੱਖ ਦੀ ਗੱਲ ਇਹ ਹੈ ਕਿ ਬੱਚਾ ਅਜੇ ਢੰਗ ਨਾਲ ਬੋਲਣਾ ਵੀ ਨਹੀਂ ਸਿੱਖਦਾ ਪਰ ਮੋਬਾਈਲ ਉਸ ਦੀ ਪਹਿਲੀ ਪਸੰਦ ਬਣ ਜਾਂਦਾ ਹੈ। ਮਾਂ ਦੀ ਮਿੱਠੀ ਲੋਰੀ, ਦਾਦਾ-ਦਾਦੀ ਦੀਆਂ ਲੋਰੀਆਂ, ਸਿਆਣਪ ਭਰੀਆਂ ਕਹਾਣੀਆਂ ਤੇ ਮਿੱਟੀ ਦੀ ਖ਼ੁਸ਼ਬੂ ਨਾਲ ਰੰਗੀਆਂ ਖੇਡਾਂ ਦੀ ਥਾਂ ਹੁਣ ਚਮਕਦੀ ਸਕਰੀਨ ਨੇ ਲੈ ਲਈ ਹੈ।
ਰਵਾਇਤੀ ਖੇਡਾਂ ਦੇ ਨਾਂ ਨਹੀਂ ਜਾਣਦੇ ਬੱਚੇ
ਕਦੇ ਬਚਪਨ ਦੀ ਦੁਨੀਆ ਗਲੀ-ਮੁਹੱਲਿਆਂ ਦੀਆਂ ਰੌਣਕਾਂ ਨਾਲ ਧੜਕਦੀ ਸੀ। ਸ਼ਾਮ ਢਲਦਿਆਂ ਹੀ ਪਿੰਡਾਂ ਤੇ ਸ਼ਹਿਰਾਂ ਦੀਆਂ ਗਲੀਆਂ ਬੱਚਿਆਂ ਦੇ ਹਾਸਿਆਂ ਨਾਲ ਗੂੰਜ ਉੱਠਦੀਆਂ ਸਨ। ਕੋਈ ਗੁੱਲੀ-ਡੰਡਾ ਖੇਡ ਰਿਹਾ ਹੁੰਦਾ ਸੀ, ਕੋਈ ਕੋਟਲਾ ਛਪਾਕੀ, ਕੋਈ ਲੁਕਣ-ਮੀਟੀ ਜਾਂ ਪਿੱਠੂ ਵਿਚ ਮਸਤ ਹੁੰਦਾ ਸੀ। ਚੀਚੋ ਚੀਚ ਪਚੋਲੀਆਂ, ਕਾਵਾਂ ਘੋੜੀ, ਰੱਸਾਕਸ਼ੀ, ਸਟਾਪੂ ਤੇ ਕੀੜ ਕੜਾਂਗ ਵਰਗੀਆਂ ਵਿਰਾਸਤੀ ਖੇਡਾਂ ਸਿਰਫ਼ ਮਨੋਰੰਜਨ ਨਹੀਂ ਸਨ, ਇਹ ਸਾਂਝ, ਦੋਸਤੀ, ਸਹਿਯੋਗ, ਅਨੁਸ਼ਾਸਨ ਤੇ ਸਰੀਰਕ ਤੰਦਰੁਸਤੀ ਦੀਆਂ ਜ਼ਿੰਦਾ ਪਾਠਸ਼ਾਲਾ ਹੁੰਦੀਆਂ ਸਨ। ਮਿੱਟੀ ਨਾਲ ਲਿੱਪੇ ਪੈਰ, ਪਸੀਨੇ ਨਾਲ ਚਮਕਦੇ ਚਿਹਰੇ ਤੇ ਜਿੱਤ-ਹਾਰ ਦੀਆਂ ਮਾਸੂਮ ਖ਼ੁਸ਼ੀਆਂ ਬਚਪਨ ਨੂੰ ਅਸਲ ਅਰਥਾਂ ’ਚ ਜ਼ਿੰਦਾ ਰੱਖਦੀਆਂ ਸਨ ਪਰ ਅੱਜ ਦਾ ਬੱਚਾ ਇਨ੍ਹਾਂ ਖੇਡਾਂ ਦੇ ਨਾਂ ਤੱਕ ਨਹੀਂ ਜਾਣਦਾ। ਉਸ ਦੀ ਦੋਸਤੀ ਹੁਣ ਖੁੱਲ੍ਹੇ ਮੈਦਾਨਾਂ, ਰੁੱਖਾਂ ਦੀ ਛਾਂ ਤੇ ਸਾਥੀਆਂ ਨਾਲ ਨਹੀਂ ਸਗੋਂ ਮੋਬਾਈਲ ਦੀਆਂ ਐਪਾਂ, ਵੀਡੀਓ ਗੇਮਾਂ ਤੇ ਸੋਸ਼ਲ ਮੀਡੀਆ ਨਾਲ ਬਣ ਰਹੀ ਹੈ।
ਕਮਰਿਆਂ ’ਚ ਹੋਏ ਕੈਦ
ਮੋਬਾਈਲ ਨੇ ਬੱਚਿਆਂ ਦੇ ਬਚਪਨ ਉੱਤੇ ਇਸ ਤਰ੍ਹਾਂ ਕਬਜ਼ਾ ਕਰ ਲਿਆ ਹੈ ਕਿ ਉਹ ਖੁੱਲ੍ਹੇ ਅਸਮਾਨ ਦੀ ਥਾਂ ਕਮਰਿਆਂ ’ਚ ਕੈਦ ਹੋ ਰਹੇ ਹਨ। ਹਾਸੇ-ਖੇਡਾਂ ਦੀਆਂ ਆਵਾਜ਼ਾਂ ਦੀ ਥਾਂ ਹੁਣ ਸਕਰੀਨ ਦੇ ਟੱਚ ਤੇ ਵੀਡੀਓਜ਼ ਦੀਆਂ ਧੁਨੀਆਂ ਨੇ ਲੈ ਲਈ ਹੈ। ਇਹ ਹਾਲਤ ਸਿਰਫ਼ ਬੱਚਿਆਂ ਦੀਆਂ ਨਾਜ਼ੁਕ ਅੱਖਾਂ ਹੀ ਨਹੀਂ ਸਗੋਂ ਉਨ੍ਹਾਂ ਦੇ ਦਿਮਾਗ਼ੀ, ਸਰੀਰਕ ਤੇ ਸਮਾਜਿਕ ਵਿਕਾਸ ਉੱਤੇ ਵੀ ਨਾਂਹ-ਪੱਖੀ ਪ੍ਰਭਾਵ ਪਾ ਰਹੀ ਹੈ। ਬੱਚਿਆਂ ’ਚ ਚਿੜਚਿੜਾਪਣ, ਇਕੱਲਾਪਣ, ਧਿਆਨ ਦੀ ਘਾਟ ਤੇ ਰਿਸ਼ਤਿਆਂ ਤੋਂ ਦੂਰ ਹੋਣ ਦੀ ਪ੍ਰਵਿਰਤੀ ਤੇਜ਼ੀ ਨਾਲ ਵੱਧ ਰਹੀ ਹੈ। ਅਸਲ ’ਚ ਮੋਬਾਈਲ ਇਕ ਸਹੂਲਤ ਹੈ ਪਰ ਜਦੋਂ ਇਹ ਬਚਪਨ ਦੀ ਮਾਸੂਮਤਾ ਨੂੰ ਨਿਗਲਣ ਲੱਗ ਪਏ ਤਾਂ ਇਹ ਖ਼ਤਰੇ ਦੀ ਘੰਟੀ ਬਣ ਜਾਂਦਾ ਹੈ।
ਖੋਹ ਰਹੇ ਹਾਂ ਖ਼ੁਸ਼ੀਆਂ
ਅਸੀਂ ਆਪਣੇ ਬੱਚਿਆਂ ਨੂੰ ਆਧੁਨਿਕਤਾ ਤਾਂ ਦੇ ਰਹੇ ਹਾਂ ਪਰ ਉਨ੍ਹਾਂ ਤੋਂ ਉਹ ਖ਼ੁਸ਼ੀਆਂ ਖੋਹ ਰਹੇ ਹਾਂ, ਜੋ ਕੁਦਰਤ ਦੀ ਗੋਦ, ਮਿੱਟੀ ਦੀ ਮਹਿਕ ਤੇ ਸਾਂਝੀਆਂ ਖੇਡਾਂ ਵਿਚ ਮਿਲਦੀ ਸੀ। ਮੋਬਾਈਲ ਦੀ ਸਕਰੀਨ ’ਚ ਗੁੰਮ ਹੁੰਦੇ ਬਚਪਨ ਲਈ ਸਿਰਫ਼ ਬੱਚਿਆਂ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ। ਇਸ ਦੇ ਪਿੱਛੇ ਮਾਪਿਆਂ ਦੀ ਵਿਅਸਤ ਜੀਵਨਸ਼ੈਲੀ ਤੇ ਬਦਲ ਰਹੀਆਂ ਤਰਜੀਹਾਂ ਵੀ ਵੱਡਾ ਕਾਰਨ ਹਨ। ਅੱਜ ਦੇ ਦੌਰ ’ਚ ਮਾਂ-ਬਾਪ ਰੋਜ਼ਾਨਾ ਦੇ ਰੁਝੇਵਿਆਂ, ਨੌਕਰੀਆਂ ਤੇ ਘਰੇਲੂ ਜ਼ਿੰਮੇਵਾਰੀਆਂ ਵਿਚ ਇੰਨੇ ਰੁੱਝ ਚੁੱਕੇ ਹਨ ਕਿ ਬੱਚਿਆਂ ਨੂੰ ਸਮਾਂ ਦੇਣਾ ਔਖਾ ਮਹਿਸੂਸ ਹੁੰਦਾ ਹੈ। ਅਜਿਹੇ ’ਚ ਸਭ ਤੋਂ ਆਸਾਨ ਹੱਲ ਉਨ੍ਹਾਂ ਨੂੰ ਮੋਬਾਈਲ ਫੜਾ ਦੇਣਾ ਸਮਝਿਆ ਜਾਂਦਾ ਹੈ।
ਕੀ ਹੈ ਸਮੇਂ ਦੀ ਲੋੜ
ਬੱਚੇ ਉਹੀ ਸਿੱਖਦੇ ਹਨ, ਜੋ ਉਹ ਆਪਣੇ ਘਰ ਦੇ ਮਾਹੌਲ ਵਿੱਚ ਵੇਖਦੇ ਹਨ। ਜਦੋਂ ਮਾਪੇ ਖ਼ੁਦ ਹਰ ਵੇਲੇ ਮੋਬਾਈਲ ਨਾਲ ਜੁੜੇ ਰਹਿੰਦੇ ਹਨ ਤਾਂ ਬੱਚਿਆਂ ਨੂੰ ਵੀ ਇਹੀ ਜੀਵਨਸ਼ੈਲੀ ਆਮ ਲੱਗਣ ਲੱਗਦੀ ਹੈ। ਨਤੀਜੇ ਵਜੋਂ ਘਰਾਂ ਵਿੱਚ ਇਕੱਠੇ ਬੈਠੇ ਲੋਕਾਂ ਦੇ ਦਿਲਾਂ ਵਿੱਚ ਦੂਰੀਆਂ ਵਧ ਰਹੀਆਂ ਹਨ। ਪਿਆਰ ਭਰੀਆਂ ਗੱਲਾਂ, ਹਾਸੇ ਤੇ ਸਾਂਝੇ ਪਲ ਹੁਣ ਨੋਟੀਫਿਕੇਸ਼ਨਾਂ ਦੀਆਂ ਆਵਾਜ਼ਾਂ ਹੇਠ ਦੱਬਦੇ ਜਾ ਰਹੇ ਹਨ। ਇਹ ਸੱਚ ਹੈ ਕਿ ਮੋਬਾਈਲ ਆਧੁਨਿਕ ਜੀਵਨ ਦੀ ਲੋੜ ਬਣ ਚੁੱਕਿਆ ਹੈ ਪਰ ਜਦੋਂ ਇਹ ਸਹੂਲਤ ਰਿਸ਼ਤਿਆਂ ਤੇ ਬਚਪਨ ਦੀ ਮਾਸੂਮਤਾ ਨੂੰ ਨਿਗਲਣ ਲੱਗ ਪਵੇ ਤਾਂ ਸੋਚਣ ਦੀ ਲੋੜ ਪੈਂਦੀ ਹੈ। ਸਮੇਂ ਦੀ ਲੋੜ ਹੈ ਕਿ ਮਾਪੇ ਤੇ ਸਮਾਜ ਦੋਵੇਂ ਮਿਲ ਕੇ ਬੱਚਿਆਂ ਨੂੰ ਮੁੜ ਆਪਣੇ ਵਿਰਸੇ ਨਾਲ ਜੋੜਣ। ਉਨ੍ਹਾਂ ਨੂੰ ਖੁੱਲ੍ਹੇ ਮੈਦਾਨਾਂ, ਰੁੱਖਾਂ ਦੀ ਛਾਂ, ਕਿਤਾਬਾਂ, ਖਿਡੌਣਿਆਂ ਤੇ ਰੰਗ-ਬਰੰਗੇ ਸੁਪਨਿਆਂ ਨਾਲ ਦੋਸਤੀ ਕਰਵਾਈ ਜਾਵੇ। ਸਕੂਲਾਂ ’ਚ ਵਿਰਾਸਤੀ ਖੇਡਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਤੇ ਘਰਾਂ ਵਿਚ ਮੋਬਾਈਲ ਦੀ ਵਰਤੋਂ ਲਈ ਸਮਾਂ ਨਿਰਧਾਰਤ ਕੀਤਾ ਜਾਵੇ। ਬਚਪਨ ਜਿੰਨਾ ਕੁਦਰਤ, ਖੇਡਾਂ ਤੇ ਸਾਂਝੇ ਪਿਆਰ ਨਾਲ ਜੁੜਿਆ ਹੋਵੇਗਾ, ਉਨ੍ਹਾਂ ਹੀ ਸਿਹਤਮੰਦ, ਖ਼ੁਸ਼ਹਾਲ ਤੇ ਰੋਸ਼ਨ ਭਵਿੱਖ ਤਿਆਰ ਹੋਵੇਗਾ। ਜੇ ਅਸੀਂ ਅੱਜ ਵੀ ਨਾ ਸੰਭਲੇ ਤਾਂ ਕੱਲ੍ਹ ਸਾਡੇ ਕੋਲ ਤਕਨਾਲੋਜੀ ਤਾਂ ਬਹੁਤ ਹੋਵੇਗੀ ਪਰ ਮਿੱਟੀ ਦੀ ਖ਼ੁਸ਼ਬੂ ਨਾਲ ਮਹਿਕਦਾ ਬਚਪਨ ਨਹੀਂ ਹੋਵੇਗਾ।
- ਰਾਜਿੰਦਰ ਸਿੰਘ ਰਾਜਨ