- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜਿਕ ਸਿੱਖਿਆ ਸਾਡੇ ਸਕੂਲੀ ਪਾਠਕ੍ਰਮ ਦਾ ਸਭ ਤੋਂ ਮਹੱਤਵਪੂਰਨ ਵਿਸ਼ਾ ਹੈ। ਇਹ ਸਾਨੂੰ ਸਾਡੇ ਅਤੀਤ ਨਾਲ ਜੋੜਦਾ ਹੈ, ਵਰਤਮਾਨ ਨੂੰ ਸਮਝਣ ਦੀ ਸਮਝ ਦਿੰਦਾ ਹੈ ਤੇ ਭਵਿੱਖ ਲਈ ਜ਼ਿੰਮੇਵਾਰ ਨਾਗਰਿਕ ਬਣਨ ਦਾ ਰਾਹ ਦਿਖਾਉਂਦਾ ਹੈ। ਇਤਿਹਾਸ, ਭੂਗੋਲ, ਨਾਗਰਿਕ ਸ਼ਾਸਤਰ ਅਤੇ ਅਰਥ-ਸ਼ਾਸਤਰ ਵਰਗੇ ਵਿਸ਼ੇ ਰਲ ਕੇ ਸਮਾਜਿਕ ਸਿੱਖਿਆ ਦਾ ਨਿਰਮਾਣ ਕਰਦੇ ਹਨ।

ਸਮਾਜਿਕ ਸਿੱਖਿਆ ਸਾਡੇ ਸਕੂਲੀ ਪਾਠਕ੍ਰਮ ਦਾ ਸਭ ਤੋਂ ਮਹੱਤਵਪੂਰਨ ਵਿਸ਼ਾ ਹੈ। ਇਹ ਸਾਨੂੰ ਸਾਡੇ ਅਤੀਤ ਨਾਲ ਜੋੜਦਾ ਹੈ, ਵਰਤਮਾਨ ਨੂੰ ਸਮਝਣ ਦੀ ਸਮਝ ਦਿੰਦਾ ਹੈ ਤੇ ਭਵਿੱਖ ਲਈ ਜ਼ਿੰਮੇਵਾਰ ਨਾਗਰਿਕ ਬਣਨ ਦਾ ਰਾਹ ਦਿਖਾਉਂਦਾ ਹੈ। ਇਤਿਹਾਸ, ਭੂਗੋਲ, ਨਾਗਰਿਕ ਸ਼ਾਸਤਰ ਅਤੇ ਅਰਥ-ਸ਼ਾਸਤਰ ਵਰਗੇ ਵਿਸ਼ੇ ਰਲ ਕੇ ਸਮਾਜਿਕ ਸਿੱਖਿਆ ਦਾ ਨਿਰਮਾਣ ਕਰਦੇ ਹਨ। ਇਹ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਜ਼ਿਆਦਾਤਰ ਵਿਦਿਆਰਥੀ ਇਸ ਵਿਸ਼ੇ ਨੂੰ ਬੋਰਿੰਗ, ਰੱਟਾ ਵਿਸ਼ਾ ਜਾਂ ਸਿਰਫ਼ ਤਰੀਕਾਂ ਅਤੇ ਨਾਂ ਯਾਦ ਕਰਨ ਵਾਲਾ ਸਮਝਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ਬੱਚੇ ਇਮਤਿਹਾਨ ਪਾਸ ਕਰਨ ਲਈ ਇਸ ਨੂੰ ਰੱਟ ਲੈਂਦੇ ਹਨ ਪਰ ਉਨ੍ਹਾਂ ਦੀ ਨਾ ਤਾਂ ਦੇਸ਼-ਦੁਨੀਆਂ ਦੀ ਸਮਝ ਵਿਕਸਿਤ ਹੁੰਦੀ ਹੈ ਅਤੇ ਨਾ ਹੀ ਸਮਾਜਿਕ ਚੇਤਨਾ। ਇਸ ਲਈ ਅਧਿਆਪਕਾਂ ਤੇ ਮਾਪਿਆਂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਬੱਚਿਆਂ ਵਿਚ ਇਸ ਵਿਸ਼ੇ ਪ੍ਰਤੀ ਰੌਚਕਤਾ ਕਿਵੇਂ ਪੈਦਾ ਕੀਤੀ ਜਾਵੇ।
ਕਿੱਥੇ ਹੈ ਸਮੱਸਿਆ ਦੀ ਜੜ੍ਹ?
ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਬੱਚੇ ਸਮਾਜਿਕ ਸਿੱਖਿਆ ਤੋਂ ਕਿਉਂ ਭੱਜਦੇ ਹਨ। ਮੁੱਖ ਕਾਰਨ ਇਹ ਹਨ:
ਪੜ੍ਹਾਉਣ ਦਾ ਰਵਾਇਤੀ ਢੰਗ: ਅੱਜ ਵੀ ਬਹੁਤ ਸਾਰੇ ਸਕੂਲਾਂ ਵਿਚ ਅਧਿਆਪਕ ਸਿਰਫ਼ ਕਿਤਾਬ ਪੜ੍ਹ ਕੇ ਸੁਣਾ ਦਿੰਦੇ ਹਨ ਤੇ ਬੱਚਿਆਂ ਨੂੰ ਬਲੈਕ ਬੋਰਡ ’ਤੇ ਨੋਟ ਲਿਖਵਾ ਦਿੰਦੇ ਹਨ। ਇਸ ਨਾਲ ਵਿਸ਼ਾ ਨੀਰਸ ਬਣ ਜਾਂਦਾ ਹੈ।
ਜੀਵਨ ਨਾਲ ਜੋੜ ਦੀ ਘਾਟ: ਜਦੋਂ ਬੱਚੇ ਨੂੰ ਇਹ ਸਮਝ ਨਹੀਂ ਆਉਂਦਾ ਕਿ 1857 ਦੀ ਕ੍ਰਾਂਤੀ ਜਾਂ ਸੰਵਿਧਾਨ ਦੀਆਂ ਧਾਰਾਵਾਂ ਦਾ ਉਸ ਦੀ ਅੱਜ ਦੀ ਜ਼ਿੰਦਗੀ ਨਾਲ ਕੀ ਸਬੰਧ ਹੈ ਤਾਂ ਉਹ ਦਿਲਚਸਪੀ ਨਹੀਂ ਲੈਂਦਾ।
ਰੱਟਾ ਪ੍ਰਣਾਲੀ : ਸਾਡੀ ਪ੍ਰੀਖਿਆ ਪ੍ਰਣਾਲੀ ਅਜਿਹੀ ਹੈ, ਜਿੱਥੇ ਸਿਰਫ਼ ਤਰੀਕਾਂ, ਸਾਲ ਤੇ ਪਰਿਭਾਸ਼ਾਵਾਂ ਪੁੱਛੀਆਂ ਜਾਂਦੀਆਂ ਹਨ। ਇਸ ਕਾਰਨ ਅਧਿਆਪਕ ਤੇ ਵਿਦਿਆਰਥੀ ਦੋਵੇਂ ਸਮਝ ਦੀ ਬਜਾਏ ਯਾਦ ਕਰਨ ’ਤੇ ਜ਼ੋਰ ਦਿੰਦੇ ਹਨ।
ਸਰੋਤਾਂ ਦੀ ਘਾਟ: ਨਕਸ਼ੇ, ਗਲੋਬ, ਚਾਰਟ ਜਾਂ ਡਿਜੀਟਲ ਸਮੱਗਰੀ ਦੀ ਵਰਤੋਂ ਨਾ ਹੋਣ ਕਾਰਨ ਵਿਸ਼ਾ ਕੇਵਲ ਕਲਪਨਾ ਬਣ ਕੇ ਰਹਿ ਜਾਂਦਾ ਹੈ।
ਰੌਚਕਤਾ ਪੈਦਾ ਕਰਨ ਦੇ ਵਿਹਾਰਕ ਤਰੀਕੇ
ਕਹਾਣੀ ਕਲਾ ਰਾਹੀਂ ਇਤਿਹਾਸ ਪੜ੍ਹਾਉਣਾ: ਇਤਿਹਾਸ ਤਰੀਕਾਂ ਦਾ ਭੰਡਾਰ ਨਹੀਂ ਸਗੋਂ ਇਨਸਾਨਾਂ ਦੀਆਂ ਕਹਾਣੀਆਂ ਹਨ। ਮਹਾਰਾਜਾ ਰਣਜੀਤ ਸਿੰਘ ਨੂੰ ਸਿਰਫ਼ ਸਿੱਖ ਰਾਜ ਦਾ ਬਾਨੀ ਨਾ ਦੱਸ ਕੇ ਉਸ ਦੀ ਬਹਾਦਰੀ, ਨਿਆਂ-ਪ੍ਰਿਯਤਾ ਤੇ ਧਰਮ-ਨਿਰਪੱਖਤਾ ਦੀਆਂ ਕਹਾਣੀਆਂ ਸੁਣਾਓ। ਭਗਤ ਸਿੰਘ ਨੂੰ ਸ਼ਹੀਦ ਦੱਸਣ ਦੇ ਨਾਲ-ਨਾਲ ਉਸ ਦੀ ਸੋਚ, ਸੁਪਨੇ ਤੇ ਉਸ ਦੀ ਜਵਾਨੀ ਬਾਰੇ ਦੱਸੋ। ਜਦੋਂ ਬੱਚਾ ਇਤਿਹਾਸਕ ਪਾਤਰਾਂ ਨਾਲ ਜੁੜਦਾ ਹੈ ਤਾਂ ਉਹ ਆਪਣੇ ਆਪ ਤਰੀਕਾਂ ਯਾਦ ਰੱਖਣ ਲੱਗਦਾ ਹੈ। ਰੋਲ-ਪਲੇਅ ਕਰਵਾਓ, ਜਿੱਥੇ ਬੱਚੇ ਅਕਬਰ, ਗਾਂਧੀ ਜੀ ਜਾਂ ਰਾਣੀ ਲਕਸ਼ਮੀ ਬਾਈ ਬਣ ਕੇ ਸੰਵਾਦ ਕਰਨ।
ਭੂਗੋਲ ਨੂੰ ਪ੍ਰਯੋਗਸ਼ਾਲਾ ਬਣਾਓ: ਭੂਗੋਲ ਕਿਤਾਬ ਵਿਚ ਪੜ੍ਹਨ ਵਾਲਾ ਨਹੀਂ, ਘੁੰਮ ਕੇ ਦੇਖਣ ਵਾਲਾ ਵਿਸ਼ਾ ਹੈ।
ਨਕਸ਼ਾ ਪੜ੍ਹਨ ਦੇ ਮੁਕਾਬਲੇ: ਬੱਚਿਆਂ ਨੂੰ ਦੁਨੀਆ ਦਾ ਨਕਸ਼ਾ ਦਿਓ ਤੇ ਪੁੱਛੋ ਕਿ ਜੇ ਉਹ ਭਾਰਤ ਤੋਂ ਅਮਰੀਕਾ ਜਹਾਜ਼ ਰਾਹੀਂ ਜਾਣ ਤਾਂ ਕਿਹੜੇ-ਕਿਹੜੇ ਸਮੁੰਦਰ ਪਾਰ ਕਰਨਗੇ।
ਮੌਸਮ ਕੇਂਦਰ: ਸਕੂਲ ਵਿਚ ਛੋਟਾ ਜਿਹਾ ਮੌਸਮ ਕੇਂਦਰ ਬਣਾਓ, ਜਿੱਥੇ ਬੱਚੇ ਰੋਜ਼ਾਨਾ ਤਾਪਮਾਨ, ਵਰਖਾ ਤੇ ਹਵਾ ਦੀ ਦਿਸ਼ਾ ਨੋਟ ਕਰਨ।
ਫੀਲਡ ਟ੍ਰਿਪ: ਨੇੜਲੀ ਨਦੀ, ਪਹਾੜੀ, ਫੈਕਟਰੀ ਜਾਂ ਖੇਤ ਦਾ ਦੌਰਾ ਕਰਵਾਓ ਤੇ ਉੱਥੇ ਦੇ ਭੂਗੋਲਿਕ ਕਾਰਨ ਸਮਝਾਓ ਕਿ ਉਹ ਫੈਕਟਰੀ ਉੱਥੇ ਹੀ ਕਿਉਂ ਲੱਗੀ ਹੈ।
ਨਾਗਰਿਕ ਸ਼ਾਸਤਰ ਨੂੰ ਜੀਵੰਤ ਬਣਾਓ
ਨਾਗਰਿਕ ਸ਼ਾਸਤਰ ਸਿਰਫ਼ ਸੰਵਿਧਾਨ ਦੀਆਂ ਧਾਰਾਵਾਂ ਨਹੀਂ ਸਗੋਂ ਸਾਡੇ ਰੋਜ਼ਾਨਾ ਦੇ ਹੱਕਾਂ ਤੇ ਫ਼ਰਜ਼ਾਂ ਦੀ ਗੱਲ ਹੈ।
ਬਾਲ ਸੰਸਦ: ਕਲਾਸ ਵਿਚ ਹੀ ਬਾਲ ਸੰਸਦ ਬਣਾਓ। ਪ੍ਰਧਾਨ ਮੰਤਰੀ, ਸਪੀਕਰ ਤੇ ਵਿਰੋਧੀ ਧਿਰ ਚੁਣੋ। ਸਕੂਲ ਦੀ ਕੋਈ ਸਮੱਸਿਆ, ਜਿਵੇਂ ਲੰਚ ਬ੍ਰੇਕ ਵਧਾਈ ਜਾਵੇ, ਉੱਤੇ ਬਹਿਸ ਕਰਵਾਓ ਤੇ ਵੋਟਿੰਗ ਕਰਵਾਓ। ਇਸ ਨਾਲ ਬੱਚੇ ਲੋਕਤੰਤਰ ਨੂੰ ਜੀਅ ਕੇ ਸਮਝਣਗੇ।
ਖ਼ਬਰਾਂ ਦੀ ਚਰਚਾ: ਰੋਜ਼ਾਨਾ 10 ਮਿੰਟ ਅਖ਼ਬਾਰ ਦੀਆਂ ਮੁੱਖ ਖ਼ਬਰਾਂ ’ਤੇ ਚਰਚਾ ਕਰੋ। ਕਿਸਾਨੀ ਕਾਨੂੰਨ ਕੀ ਸਨ? ਚੋਣਾਂ ਕਿਵੇਂ ਹੁੰਦੀਆਂ ਹਨ? ਇਸ ਨਾਲ ਪਾਠਕ੍ਰਮ ਤੇ ਅਸਲ ਜ਼ਿੰਦਗੀ ਦਾ ਸਬੰਧ ਜੁੜੇਗਾ।
ਗ੍ਰਾਮ ਪੰਚਾਇਤ ਦਾ ਦੌਰਾ: ਬੱਚਿਆਂ ਨੂੰ ਨੇੜਲੀ ਪੰਚਾਇਤ ਜਾਂ ਨਗਰ ਕੌਂਸਲ ਦੀ ਮੀਟਿੰਗ ਦਿਖਾਉਣ ਲੈ ਕੇ ਜਾਓ।
ਤਕਨਾਲੋਜੀ ਦੀ ਸਹੀ ਵਰਤੋਂ
ਅੱਜ ਦਾ ਬੱਚਾ ਡਿਜੀਟਲ ਯੁੱਗ ਦਾ ਬੱਚਾ ਹੈ। ਉਸ ਨੂੰ ਕਿਤਾਬ ਨਾਲੋਂ ਸਕਰੀਨ ਜ਼ਿਆਦਾ ਖਿੱਚਦੀ ਹੈ।
ਡਾਕੂਮੈਂਟਰੀ ਤੇ ਫਿਲਮਾਂ: ਭਾਰਤ ਇਕ ਖੋਜ, ਲਗਾਨ ਜਾਂ ਸਰਦਾਰ ਊਧਮ ਵਰਗੀਆਂ ਫਿਲਮਾਂ ਦੇ ਚੁਣੇ ਹੋਏ ਹਿੱਸੇ ਦਿਖਾ ਕੇ ਇਤਿਹਾਸ ਸਮਝਾਇਆ ਜਾ ਸਕਦਾ ਹੈ।
ਵਰਚੁਅਲ ਟੂਰ: ਗੂਗਲ ਅਰਥ ਰਾਹੀਂ ਬੱਚਿਆਂ ਨੂੰ ਤਾਜ ਮਹਿਲ, ਮਿਸਰ ਦੇ ਪਿਰਾਮਿਡ ਜਾਂ ਐਮਾਜ਼ਾਨ ਦੇ ਜੰਗਲਾਂ ਦੀ ਸੈਰ ਕਰਵਾਓ।
ਕੁਇਜ਼ ਤੇ ਗੇਮਾਂ: ਕਾਹੂਟ, ਕੁਇਜ਼ਜ਼ ਵਰਗੇ ਐਪਸ ਰਾਹੀਂ ਆਨਲਾਈਨ ਕੁਇਜ਼ ਕਰਵਾਓ। ਬੱਚੇ ਖੇਡ-ਖੇਡ ਵਿਚ ਸਿੱਖਣਗੇ।
ਪ੍ਰੋਜੈਕਟ ਤੇ ਸਰਵੇਖਣ
ਬੱਚਿਆਂ ਨੂੰ ਸਿਰਫ਼ ਸੁਣਨ ਵਾਲਾ ਨਾ ਬਣਾਓ ਸਗੋਂ ਕਰਨ ਵਾਲਾ ਬਣਾਓ। ਆਪਣੇ ਇਲਾਕੇ ਦੇ ਬਜ਼ੁਰਗਾਂ ਤੋਂ 1947 ਦੀ ਵੰਡ ਦੀਆਂ ਕਹਾਣੀਆਂ ਇਕੱਠੀਆਂ ਕਰੋ ਜਾਂ ਤੁਹਾਡੇ ਸ਼ਹਿਰ ਵਿਚ ਟ੍ਰੈਫਿਕ ਦੀ ਸਮੱਸਿਆ ਕਿਉਂ ਹੈ? 10 ਲੋਕਾਂ ਦਾ ਸਰਵੇਖਣ ਕਰੋ ਵਰਗੇ ਪ੍ਰੋਜੈਕਟ ਦਿਓ। ਇਸ ਨਾਲ ਉਹ ਖੋਜ ਕਰਨਾ ਸਿੱਖਣਗੇ ਤੇ ਵਿਸ਼ੇ ਨਾਲ ਨਿੱਜੀ ਜੁੜਾਅ ਬਣੇਗਾ।
ਅਧਿਆਪਕ ਤੇ ਮਾਪਿਆਂ ਦੀ ਭੂਮਿਕਾ
ਅਧਿਆਪਕ ਨੂੰ ਖ਼ੁਦ ਇਸ ਵਿਸ਼ੇ ਦਾ ਸ਼ੌਕੀਨ ਹੋਣਾ ਪਵੇਗਾ। ਜੇ ਅਧਿਆਪਕ ਕਲਾਸ ਵਿਚ ਜੋਸ਼ ਨਾਲ ਪੜ੍ਹਾਏਗਾ ਤਾਂ ਬੱਚੇ ਆਪਣੇ ਆਪ ਖਿੱਚੇ ਚਲੇ ਆਉਣਗੇ। ਇਹ ਟਾਪਿਕ ਇਮਤਿਹਾਨ ਵਿਚ ਨਹੀਂ ਆਉਣਾ ਕਹਿਣ ਦੀ ਬਜਾਏ ਇਹ ਤੁਹਾਡੀ ਜ਼ਿੰਦਗੀ ਵਿਚ ਕੰਮ ਆਉਣਾ ਹੈ ਕਹੋ। ਮਾਪੇ ਬੱਚਿਆਂ ਨੂੰ ਘੁੰਮਾਉਣ ਲੈ ਕੇ ਜਾਣ, ਜਿਵੇਂ ਅਜਾਇਬ ਘਰ, ਕਿਲ੍ਹੇ, ਵਿਧਾਨ ਸਭਾ। ਘਰ ਵਿਚ ਖ਼ਬਰਾਂ ’ਤੇ ਚਰਚਾ ਕਰਨ। ਜਦੋਂ ਬੱਚਾ ਪੁੱਛੇ ਕਿ ਪੈਟਰੋਲ ਮਹਿੰਗਾ ਕਿਉਂ ਹੋ ਗਿਆ’? ਤਾਂ ਉਸ ਨੂੰ ਅਰਥ ਸ਼ਾਸਤਰ ਦੀ ਭਾਸ਼ਾ ਵਿਚ ਨਹੀਂ ਸਗੋਂ ਸਧਾਰਨ ਉਦਾਹਰਣ ਨਾਲ ਸਮਝਾਓ।
ਸਮਾਜਿਕ ਸਿੱਖਿਆ ਰੱਟਾ ਵਿਸ਼ਾ ਨਹੀਂ ਸਗੋਂ ਸਮਝ ਵਾਲਾ ਵਿਸ਼ਾ ਹੈ। ਇਹ ਸਾਨੂੰ ਦੱਸਦਾ ਹੈ ਕਿ ਅਸੀਂ ਕੌਣ ਹਾਂ, ਕਿੱਥੋਂ ਆਏ ਹਾਂ ਤੇ ਕਿੱਥੇ ਜਾ ਰਹੇ ਹਾਂ। ਜੇ ਅਸੀਂ ਪੜ੍ਹਾਉਣ ਦਾ ਢੰਗ ਬਦਲ ਦੇਈਏ, ਵਿਸ਼ੇ ਨੂੰ ਕਿਤਾਬ ਤੋਂ ਕੱਢ ਕੇ ਜ਼ਿੰਦਗੀ ਨਾਲ ਜੋੜ ਦੇਈਏ, ਤਾਂ ਹਰ ਬੱਚਾ ਇਸ ਵਿਸ਼ੇ ਨੂੰ ਪਿਆਰ ਕਰਨ ਲੱਗੇਗਾ। ਇਕ ਜਾਗਰੂਕ ਨਾਗਰਿਕ ਬਣਾਉਣ ਲਈ ਜ਼ਰੂਰੀ ਹੈ ਕਿ ਬੱਚੇ ਇਤਿਹਾਸ ਤੋਂ ਸਬਕ ਲੈਣ, ਭੂਗੋਲ ਤੋਂ ਆਪਣੇ ਸਰੋਤ ਪਛਾਣਨ ਤੇ ਨਾਗਰਿਕ ਸ਼ਾਸਤਰ ਤੋਂ ਆਪਣੇ ਹੱਕਾਂ ਲਈ ਲੜਨਾ ਸਿੱਖਣ। ਜਿਸ ਦਿਨ ਕਲਾਸ ਦਾ ਹਰ ਬੱਚਾ ਪੁੱਛੇਗਾ ਮੈਡਮ ਅੱਜ ਸਮਾਜਿਕ ਸਿੱਖਿਆ ਦਾ ਪੀਰੀਅਡ ਕਦੋਂ ਹੈ? ਉਸ ਦਿਨ ਸਮਝ ਲੈਣਾ ਕਿ ਅਸੀਂ ਸਫਲ ਹੋ ਗਏ ਹਾਂ।
- ਰੁਪਿੰਦਰ ਕੌਰ