- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿਤਾ ਦਿਵਸ ਹਰ ਦੇਸ਼ ’ਚ ਭਾਵੇਂ ਵੱਖ-ਵੱਖ ਢੰਗਾਂ ਨਾਲ ਮਨਾਇਆ ਜਾਂਦਾ ਹੈ ਪਰ ਇਸ ਦਾ ਮਕਸਦ ਇਕ ਹੀ ਹੁੰਦਾ ਹੈ ‘ਪਿਤਾ ਦਾ ਸਨਮਾਨ।’ ਭਾਰਤੀ ਸੱਭਿਆਚਾਰ ’ਚ ਮਾਤਾ-ਪਿਤਾ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਜਾਂਦਾ ਹੈ। ਅਸਲ ’ਚ ਮਾਤਾ-ਪਿਤਾ ਦੇ ਸਹਿਯੋਗ ਨਾਲ ਹੀ ਬੱਚੇ ਦੀ ਜ਼ਿੰਦਗੀ ਬਣਦੀ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਮਾਂ ਆਪਣੇ ਬੱਚੇ ਨੂੰ 9 ਮਹੀਨੇ ਕੁੱਖ ’ਚ ਪਾਲਦੀ ਹੈ ਪਰ ਪਿਤਾ ਸਾਰੀ ਉਮਰ ਬੱਚੇ ਦੇ ਭਵਿੱਖ ਨੂੰ ਆਪਣੀ ਸੋਚ ’ਚ ਪਾਲ ਕੇ ਰੱਖਦਾ ਹੈ।

ਪਿਤਾ ਦਿਵਸ ਹਰ ਦੇਸ਼ ’ਚ ਭਾਵੇਂ ਵੱਖ-ਵੱਖ ਢੰਗਾਂ ਨਾਲ ਮਨਾਇਆ ਜਾਂਦਾ ਹੈ ਪਰ ਇਸ ਦਾ ਮਕਸਦ ਇਕ ਹੀ ਹੁੰਦਾ ਹੈ ‘ਪਿਤਾ ਦਾ ਸਨਮਾਨ।’ ਭਾਰਤੀ ਸੱਭਿਆਚਾਰ ’ਚ ਮਾਤਾ-ਪਿਤਾ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਜਾਂਦਾ ਹੈ। ਅਸਲ ’ਚ ਮਾਤਾ-ਪਿਤਾ ਦੇ ਸਹਿਯੋਗ ਨਾਲ ਹੀ ਬੱਚੇ ਦੀ ਜ਼ਿੰਦਗੀ ਬਣਦੀ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਮਾਂ ਆਪਣੇ ਬੱਚੇ ਨੂੰ 9 ਮਹੀਨੇ ਕੁੱਖ ’ਚ ਪਾਲਦੀ ਹੈ ਪਰ ਪਿਤਾ ਸਾਰੀ ਉਮਰ ਬੱਚੇ ਦੇ ਭਵਿੱਖ ਨੂੰ ਆਪਣੀ ਸੋਚ ’ਚ ਪਾਲ ਕੇ ਰੱਖਦਾ ਹੈ। ਇਕ ਵਿਅਕਤੀ ਦੇ ਪਿਤਾ ਬਣਦਿਆਂ ਹੀ ਉਸ ਦੀ ਦੁਨੀਆ ਬਦਲ ਜਾਂਦੀ ਹੈ ਤੇ ਕਦੇ ਨਾ ਖ਼ਤਮ ਹੋਣ ਵਾਲੀਆਂ ਜ਼ਿੰਮੇਵਾਰੀਆਂ ਸ਼ੁਰੂ ਹੋ ਜਾਂਦੀਆਂ ਹਨ। ਇਕ ਪਿਤਾ ਧੁੱਪ-ਛਾਂ, ਗਰਮੀ-ਸਰਦੀ ਸਹਿ ਕੇ ਦਿਨ-ਰਾਤ ਮਿਹਨਤ ਕਰ ਕੇ ਆਪਣੇ ਬੱਚਿਆਂ ਦਾ ਭਵਿੱਖ ਸੁਆਰਦਾ ਹੈ। ਇਸੇ ਗੱਲ ਦੀ ਕਦਰ ਕਰਦਿਆਂ ਪਿਤਾ ਦੇ ਸਨਮਾਨ ’ਚ ਮਨਾਇਆ ਜਾਂਦਾ ਹੈ ‘ਫਾਦਰਜ਼ ਡੇਅ’ ਯਾਨੀ ਪਿਤਾ ਦਿਵਸ।
ਜੂਨ ’ਚ ਤੀਜੇ ਐਤਵਾਰ ਜਾਂਦੈ ਮਨਾਇਆ
ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਇਹ ਜੂਨ ਦੇ ਤੀਜੇ ਐਤਵਾਰ ਨੂੰ ਮਨਾਇਆ ਜਾਂਦਾ ਹੈ ਪਰ ਕੁਝ ਦੇਸ਼ਾਂ ’ਚ ਇਸ ਦੀ ਤਰੀਕ ਵੱਖਰੀ ਵੀ ਹੁੰਦੀ ਹੈ (ਜਿਵੇਂ ਸਪੇਨ ਤੇ ਇਟਲੀ ’ਚ 19 ਮਾਰਚ ਨੂੰ ਮਨਾਇਆ ਜਾਂਦਾ ਹੈ)। ਇਸ ਦਿਨ ਨੂੰ ਮਨਾਉਣਾ ਖ਼ਾਸ ਕਰਕੇ ਪੱਛਮੀ ਦੇਸ਼ਾਂ ਦਾ ਰੁਝਾਨ ਹੈ ਪਰ ਹੁਣ ਸਾਡੇ ਦੇਸ਼ ’ਚ ਵੀ ਮਨਾਇਆ ਜਾਣ ਲੱਗਿਆ ਹੈ। ਇਕ ਪਿਤਾ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਰੀ ਉਮਰ ਅਣਥੱਕ ਮਿਹਨਤ ਕਰਦਾ ਹੈ ਪਰ ਬਦਲੇ ’ਚ ਕਦੇ ਕੁਝ ਨਹੀਂ ਮੰਗਦਾ। ਇਸ ਦਿਨ ਬੱਚੇ ਆਪਣੇ ਪਿਤਾ ਨੂੰ ‘ਫਾਦਰਜ਼ ਡੇਅ’ ਦੀ ਵਧਾਈ ਦਿੰਦੇ ਹਨ ਤੇ ਕਈ ਤਰ੍ਹਾਂ ਦੇ ਕਾਰਡ ਅਤੇ ਤੋਹਫ਼ੇ ਦੇ ਕੇ ਉਨ੍ਹਾਂ ਦਾ ਮਾਣ-ਸਨਮਾਨ ਕਰਦੇ ਹਨ।
ਹਰ ਦੁੱਖ ਸਹਿਣ ਨੂੰ ਰਹਿੰਦਾ ਤਿਆਰ
ਪਿਤਾ ਆਪਣੇ ਬੱਚਿਆਂ ਦਾ ਪੂਰਾ ਸੰਸਾਰ ਹੁੰਦਾ ਹੈ। ਉਹ ਆਪਣੇ ਬੱਚੇ ਦੀ ਕਾਮਯਾਬੀ ਲਈ ਹਰ ਦੁੱਖ ਸਹਿਣ ਨੂੰ ਤਿਆਰ ਰਹਿੰਦਾ ਹੈ। ਬੱਚੇ ਦੇ ਜਨਮ ਤੋਂ ਹੀ ਪਿਤਾ ਉਸ ਦੇ ਵੱਡੇ ਹੋਣ, ਸਿੱਖਿਆ, ਨੌਕਰੀ, ਵਿਆਹ ਤੱਕ ਦੇ ਸੁਪਨੇ ਦੇਖ ਲੈਂਦਾ ਹੈ। ਜਦੋਂ ਬੱਚੇ ਦੇ ਸਿਰ ’ਤੇ ਪਿਤਾ ਦਾ ਹੱਥ ਹੁੰਦਾ ਹੈ ਤਾਂ ਉਸ ਨੂੰ ਅੱਧੀ ਸਫਲਤਾ ਉਦੋਂ ਹੀ ਮਿਲ ਜਾਂਦੀ ਹੈ। ਪਿਤਾ ਹੀ ਬੱਚਿਆਂ ਦਾ ਅਧਿਆਪਕ, ਗੁਰੂ, ਮਿੱਤਰ, ਮਾਰਗ-ਦਰਸ਼ਕ ਸਗੋਂ ਉਨ੍ਹਾਂ ਦਾ ਪੂਰਾ ਸੰਸਾਰ ਹੁੰਦਾ ਹੈ। ਦੁਨੀਆ ’ਚ ਸਿਰਫ਼ ਪਿਤਾ ਹੀ ਹੁੰਦਾ ਹੈ, ਜੋ ਆਪਣੇ ਬੱਚੇ ਨੂੰ ਆਪਣੇ ਆਪ ਤੋਂ ਵੱਡਾ ਤੇ ਕਾਮਯਾਬ ਦੇਖਣਾ ਚਾਹੁੰਦਾ ਹੈ। ਜਦੋਂ ਪਿਤਾ ਦਾ ਸਾਥ ਹੋਵੇ ਤਾਂ ਬੱਚਿਆਂ ਲਈ ਕੋਈ ਵੀ ਚੁਣੌਤੀ ਵੱਡੀ ਨਹੀਂ ਹੁੰਦੀ। ਉਹ ਹਰ ਹਾਲਾਤ ਦਾ ਡਟ ਕੇ ਸਾਹਮਣਾ ਕਰਨ ਦਾ ਹੌਸਲਾ ਰੱਖਦਾ ਹੈ। ਪਿਤਾ ਤੋਂ ਬਿਨਾਂ ਬੱਚਿਆਂ ਦਾ ਸੰਸਾਰ ਅਧੂਰਾ ਹੈ।
ਜ਼ਿਦਗੀ ਦਾ ਮਾਰਗ-ਦਰਸ਼ਕ
ਜਦੋਂ ਪਿਤਾ ਬੱਚੇ ਨੂੰ ਛੋਟੇ ਹੁੰਦਿਆਂ ਉਂਗਲੀ ਫੜ ਕੇ ਤੁਰਨਾ ਸਿਖਾਉਂਦਾ ਹੈ, ਉਦੋਂ ਤੋਂ ਹੀ ਪਿਤਾ ਮਾਰਗ-ਦਰਸ਼ਕ ਬਣ ਜਾਂਦਾ ਹੈ ਤੇ ਮਾਰਗ-ਦਰਸ਼ਕ ਦੇ ਰੂਪ ’ਚ ਸਾਰੀ ਜ਼ਿੰਦਗੀ ਬੱਚੇ ਨੂੰ ਸਹੀ ਰਾਹ ਦਿਖਾਉਦਾ ਜਾਂਦਾ ਹੈ। ਹਰ ਪਿਤਾ ਦੇ ਜੀਵਨ ਦਾ ਉਦੇਸ਼ ਹੁੰਦਾ ਹੈ ਕਿ ਉਸ ਦੇ ਬੱਚੇ ਪੜ੍ਹ-ਲਿਖ ਕੇ ਉਸ ਦਾ ਨਾਂ ਰੋਸ਼ਨ ਕਰਨ, ਸਮਾਜ ਤੇ ਦੇਸ਼ ਦੀ ਸੇਵਾ ਕਰਨ ਤੇ ਚੰਗੇ ਨਾਗਰਿਕ ਬਣਨ। ਜੋ ਸੁਪਨੇ ਪਿਤਾ ਨੇ ਆਪਣੇ ਜੀਵਨ ’ਚ ਵੇਖੇ, ਉਹ ਉਸ ਦੇ ਬੱਚੇ ਪੂਰੇ ਕਰਨ ਅਤੇ ਉਸ ਤੋਂ ਵੀ ਜ਼ਿਆਦਾ ਕਾਮਯਾਬ ਇਨਸਾਨ ਬਣਨ। ਇਸ ’ਚ ਪਿਤਾ ਹੀ ਬੱਚਿਆਂ ਦੀ ਮਦਦ ਕਰਦਾ ਹੈ। ਉਹ ਆਪਣੇ ਬੱਚੇ ਨੂੰ ਚੰਗੇ-ਮਾੜੇ ਦੀ ਪਰਖ ਕਰਨਾ, ਮੁਸੀਬਤਾਂ ਦਾ ਸਾਹਮਣਾ ਕਰਨਾ ਸਿਖਾਉਂਦਾ ਹੈ।
ਮੁਸੀਬਤਾਂ ਤੋਂ ਰੱਖਦਾ ਦੂਰ
ਰੱਬ ਨੂੰ ਅਸੀਂ ਵੇਖ ਤਾਂ ਨਹੀ ਸਕਦੇ ਪਰ ਸਾਡਾ ਵਿਸ਼ਵਾਸ ਜ਼ਰੂਰ ਹੁੰਦਾ ਹੈ ਕਿ ਸਾਨੂੰ ਕਿਸੇ ਵੀ ਮੁਸੀਬਤ ਦੀ ਘੜੀ ’ਚੋਂ ਰੱਬ ਹੀ ਬਚਾ ਸਕਦਾ ਹੈ। ਇਸੇ ਤਰ੍ਹਾਂ ਸਾਡੇ ਕੋਲ ਹਮੇਸ਼ਾ ਉਹ ਰੱਬ ਪਿਤਾ ਦੇ ਰੂਪ ’ਚ ਮੌਜੂਦ ਰਹਿੰਦਾ ਹੈ, ਜਿਸ ਦੇ ਹੁੰਦਿਆਂ ਸਾਨੂੰ ਕੋਈ ਫ਼ਿਕਰ ਨਹੀਂ ਹੁੰਦੀ। ਪਿਤਾ ਆਪਣੇ ਬੱਚਿਆਂ ਨੂੰ ਕਦੇ ਦੁਖੀ ਨਹੀਂ ਵੇਖ ਸਕਦਾ। ਆਪਣੇ ਬੱਚਿਆਂ ਦਾ ਖ਼ਿਆਲ ਰੱਖਣਾ, ਉਨ੍ਹਾਂ ਨੂੰ ਦੁਨੀਆ ਦੀ ਹਰ ਮੁਸੀਬਤ ਤੋਂ ਦੂਰ ਰੱਖਣਾ ਪਿਤਾ ਲਈ ਸਭ ਤੋਂ ਅਹਿਮ ਹੁੰਦਾ ਹੈ।
ਸੋਸ਼ਲ ਮੀਡੀਆ ਦੇ ਦਿਖਾਵੇ ਤੋਂ ਪਰ੍ਹੇ
ਅਜੋਕੇ ਡਿਜੀਟਲ ਦੌਰ ’ਚ ਪਿਤਾ ਦਿਵਸ ਮਨਾਉਣ ਦਾ ਤਰੀਕਾ ਕਾਫ਼ੀ ਬਦਲ ਗਿਆ ਹੈ। ਬਹੁਤ ਸਾਰੇ ਨੌਜਵਾਨ ਸੋਸ਼ਲ ਸਾਈਟਾਂ ’ਤੇ ਆਪਣੇ ਪਿਤਾ ਨਾਲ ਤਸਵੀਰਾਂ ਸਾਂਝੀਆਂ ਕਰ ਕੇ ਸੋਚਦੇ ਹਨ ਕਿ ਉਨ੍ਹਾਂ ਦੀ ਜ਼ਿੰਮੇਵਾਰੀ ਪੂਰੀ ਹੋ ਗਈ। ਪਰ ਸੱਚਾਈ ਇਹ ਹੈ ਕਿ ਪਿਤਾ ਦਿਵਸ ਮਨਾਉਣ ਲਈ ਕਿਸੇ ਖ਼ਾਸ ਦਿਨ ਜਾਂ ਫੋਟੋ ਦੀ ਲੋੜ ਨਹੀਂ ਹੁੰਦੀ। ਜਿਸ ਦਿਨ ਅਸੀਂ ਆਪਣੇ ਪਿਤਾ ਨਾਲ ਬੈਠ ਕੇ ਦੋ ਪਲ ਪਿਆਰ ਦੇ ਸਾਂਝੇ ਕਰਦੇ ਹਾਂ, ਉਨ੍ਹਾਂ ਦੇ ਦਿਲ ਦੀ ਗੱਲ ਸੁਣਦੇ ਹਾਂ, ਉਹੀ ਦਿਨ ਅਸਲੀ 'ਫਾਦਰਜ਼ ਡੇਅ' ਹੁੰਦਾ ਹੈ।
ਬੱਚਿਆਂ ਦੀ ਜ਼ਿੰਮੇਵਾਰੀ
ਮਾਤਾ-ਪਿਤਾ ਦੀ ਸੇਵਾ ਕਰਨਾ ਬੱਚਿਆਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਜਿਸ ਪਿਤਾ ਨੇ ਸਾਨੂੰ ਇਹ ਜੀਵਨ ਦਿੱਤਾ ਹੈ, ਜਿਸ ਦੀ ਬਦੌਲਤ ਅਸੀਂ ਕਾਮਯਾਬੀ ਦੇ ਮੁਕਾਮ ’ਤੇ ਪਹੁੰਚੇ ਹਾਂ, ਉਸ ਨੂੰ ਭੁੱਲਣਾ ਜ਼ਿੰਦਗੀ ਦੀ ਵੱਡੀ ਗ਼ਲਤੀ ਹੋਵੇਗੀ। ਅਜੋਕੇ ਸਮੇਂ ਚੰਗੇ ਪਿਤਾ ਤਾਂ ਕਈ ਵੇਖਣ ਨੂੰ ਮਿਲਦੇ ਹਨ ਪਰ ਚੰਗੀ ਸੰਤਾਨ ਬਣਨਾ ਬਹੁਤ ਔਖਾ ਹੈ। ਇਸ ਲਈ ਕਦੇ ਵੀ ਪਿਤਾ ਦਾ ਨਿਰਾਦਰ ਨਹੀ ਕਰਨਾ ਚਾਹੀਦਾ ਸਗੋਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਪਿਤਾ ਦਿਵਸ ਮਨਾਉਣ ਲਈ ਕੋਈ ਖ਼ਾਸ ਦਿਨ ਨਿਸ਼ਚਿਤ ਕਰਨ ਦੀ ਲੋੜ ਨਹੀਂ ਹੈ ਕਿਉਕਿ ਜਦੋਂ ਪਿਤਾ ਦਾ ਹੱਥ ਸਾਡੇ ਸਿਰ ’ਤੇ ਹੁੰਦਾ ਹੈ ਤਾਂ ਹਰ ਦਿਨ ਤਿਉਹਾਰ ਹੁੰਦਾ ਹੈ ਤੇ ਹਰ ਦਿਨ ਫਾਦਰਜ਼ ਡੇਅ ਹੁੰਦਾ ਹੈ। ਪਿਤਾ ਦਿਵਸ ਮਨਾਉਣ ਲਈ ਕਿਸੇ ਕੈਲੰਡਰ ਦੀ ਤਾਰੀਕ ਦੀ ਲੋੜ ਨਹੀਂ ਹੁੰਦੀ। ਜਿਸ ਘਰ ’ਚ ਪਿਤਾ ਮੁਸਕਰਾ ਰਿਹਾ ਹੈ ਤੇ ਬੱਚੇ ਉਸ ਦੀ ਇੱਜ਼ਤ ਕਰ ਰਹੇ ਹਨ, ਉਸ ਘਰ ਵਿਚ ਹਰ ਦਿਨ ਹੀ ਫਾਦਰਜ਼ ਡੇਅ ਹੈ। ਆਪਣੇ ਪਿਤਾ ਦੇ ਜਿਉਂਦੇ ਜੀਅ ਉਨ੍ਹਾਂ ਨੂੰ ਵਕਤ ਦਿਓ, ਉਨ੍ਹਾਂ ਦੀਆਂ ਅੱਖਾਂ ’ਚ ਕਦੇ ਹੰਝੂ ਨਾ ਆਉਣ ਦਿਓ ਕਿਉਂਕਿ ਪਿਤਾ ਉਹ ਅਨਮੋਲ ਸਰਮਾਇਆ ਹੈ, ਜੋ ਚਲੇ ਜਾਣ ਤੋਂ ਬਾਅਦ ਦੁਨੀਆ ਦੀ ਸਾਰੀ ਦੌਲਤ ਦੇ ਕੇ ਵੀ ਵਾਪਸ ਨਹੀਂ ਮਿਲਦਾ।
- ਵਰਸ਼ਾ ਵਰਮਾ