ਮਾਂ ਸ਼ਬਦ ਕਹਿਣ ਨੂੰ ਭਾਵੇਂ ਛੋਟਾ ਜਿਹਾ ਹੈ ਪਰ ਇਸ ਸ਼ਬਦ ਦੀਆਂ ਜਿੰਨੀਆਂ ਪਰਿਭਾਸ਼ਾਵਾਂ ਦਿੱਤੀਆਂ ਜਾਣ, ਓਨੀਆਂ ਹੀ ਥੋੜ੍ਹੀਆਂ ਹਨ। ਮਾਂ ਆਦਿ ਕਾਲ ਤੋਂ ਤਿਆਗ, ਮਮਤਾ ਤੇ ਪਿਆਰ ਦੀ ਮੂਰਤ ਹੈ। ਇਨਸਾਨ ਦੁਨੀਆ ’ਚ ਆਉਂਦਿਆਂ ਹੀ ਰਿਸ਼ਤਿਆਂ ਅਤੇ ਇਨ੍ਹਾਂ ਨਾਲ ਜੁੜੇ ਮੋਹ ਦੀਆਂ ਤੰਦਾਂ ’ਚ ਬੱਝ ਜਾਂਦਾ ਹੈ ਅਤੇ ਸਭ ਤੋਂ ਪਿਆਰ ਭਰੀ ਤੰਦ ਮਾਂ ਦੇ ਰਿਸ਼ਤੇ ਦੀ ਹੁੰਦੀ ਹੈ। ਮਾਂ ਨਾਲ ਬੱਚੇ ਦਾ ਰਿਸ਼ਤਾ ਦੁਨੀਆ ਵਿਚ ਆਉਣ ਤੋਂ ਪਹਿਲਾਂ ਹੀ ਜੁੜ ਜਾਂਦਾ ਹੈ। ਜਦੋਂ ਬੱਚਾ ਬੋਲਣਾ ਸਿੱਖਦਾ ਹੈ ਤਾਂ ਉਸ ਦੇ ਮੂੰਹ ’ਚੋਂ ਨਿਕਲਣ ਵਾਲਾ ਪਹਿਲਾ ਸ਼ਬਦ ਵੀ ਜ਼ਿਆਦਾਤਰ ‘ਮਾਂ’ ਹੀ ਹੁੰਦਾ ਹੈ। ਮਾਂ ਦੀਆਂ ਲੋਰੀਆਂ ’ਚ ਸਵਰਗ ਵਰਗਾ ਆਨੰਦ ਹੈ, ਜਿਸ ਦੇ ਪਵਿੱਤਰ ਚਰਨਾਂ ਵਿੱਚੋਂ ਜੰਨਤ ਦਾ ਦੁਆਰ ਖੁੱਲ੍ਹਦਾ ਹੈ। ਬੱਚੇ ਲਈ ਮਾਂ ਦੀ ਜ਼ੁਬਾਨ ’ਤੇ ਅਸੀਸਾਂ, ਅੱਖਾਂ ਵਿਚ ਸੁਪਨੇ, ਦਿਲ ’ਚ ਮਮਤਾ ਅਤੇ ਰਹਿਮ, ਸੋਚਾਂ ’ਚ ਫ਼ਿਕਰ ਅਤੇ ਖ਼ੂਨ ਵਿਚ ਅਜੀਬ ਜਿਹੀ ਤੜਪ ਹਮੇਸ਼ਾ ਬਣੀ ਰਹਿੰਦੀ ਹੈ। ਉਹ ਔਲਾਦ ਦੇ ਖ਼ੁਸ਼ ਹੋਣ ’ਤੇ ਹੱਸਦੀ ਹੈ ਤੇ ਦੁੱਖ ਆਉਣ ’ਤੇ ਅੱਖਾਂ ਭਰ ਲੈਂਦੀ ਹੈ। ਜਦੋਂ ਅਸੀਂ ਕਿਸੇ ਦੱੁਖ ’ਚੋਂ ਗੁਜ਼ਰਦੇ ਹਾਂ ਤਾਂ ਸਾਡੀ ਜ਼ੁਬਾਨ ’ਤੇ ਆਪ ਮੁਹਾਰੇ ਹੀ ਮਾਂ ਸ਼ਬਦ ਆ ਜਾਂਦਾ ਹੈ। ਕਿਸੇ ਵੀ ਔਰਤ ਦੀ ਸੰਪੂਰਨਤਾ ਉਸ ਦੇ ਮਾਂ ਬਣਨ ’ਚ ਮੰਨੀ ਜਾਂਦੀ ਹੈ।

ਬੱਚੇ ਦਿੰਦੇ ਹਨ ਤੋਹਫ਼ੇ

ਇਸ ਦਿਵਸ ਦੀ ਸਫਲਤਾ ਦਾ ਕਾਰਨ ਮਾਂ ਨਾਲ ਜੁੜੀਆਂ ਭਾਵਨਾਵਾਂ ਹਨ। ਮਾਵਾਂ ਨੂੰ ਤਾਂ ਭਾਰਤ ’ਚ ਪਹਿਲਾਂ ਹੀ ਪੂਜਿਆ ਜਾਂਦਾ ਹੈ। ਇਹ ਦਿਨ ਸਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਮਾਂ ਦਾ ਸਾਡੇ ਜੀਵਨ ’ਚ ਕੀ ਮਹੱਤਵ ਹੈ। ਮਾਂ ਨੇ ਸਾਨੂੰ ਜਨਮ ਦਿੱਤਾ, ਨਿਰਸਵਾਰਥ ਹੋ ਕੇ ਪਾਲਣ-ਪੋਸ਼ਣ ਕੀਤਾ। ਜਦੋਂ ਸਾਨੂੰ ਹੋਸ਼ ਵੀ ਨਹੀਂ ਹੁੰਦੀ ਤਾਂ ਮਾਂ ਸਾਡੀ ਹਰ ਤਰ੍ਹਾਂ ਹਿਫਾਜ਼ਤ ਕਰਦੀ ਹੈ। ਮਾਂ ਤੋਂ ਵੀ ਵਧੇਰੇ ਮਹਾਨ ਉਸ ਦੀ ਮਮਤਾ ਹੈ, ਜੋ ਉਸ ਦੇ ਜੀਵਨਕਾਲ ’ਚ ਕਦੇ ਖ਼ਤਮ ਨਹੀਂ ਹੁੰਦੀ। ਇਸ ਦਿਨ ਛੋਟੇ ਬੱਚੇ ਆਪਣੀ ਮਾਂ ਲਈ ਕਾਰਡ ਬਣਾਉਂਦੇ ਹਨ ਤੇ ਆਪਣੀਆਂ ਭਾਵਨਾਵਾਂ ਉਸ ’ਚ ਪ੍ਰਗਟ ਕਰਦੇ ਹਨ। ਕੁਝ ਧੀਆਂ ਆਪਣੀ ਮਾਂ ਨੂੰ ਇਸ ਦਿਨ ਰਸੋਈ ਤੋਂ ਛੁੱਟੀ ਦੇ ਦਿੰਦੀਆਂ ਹਨ ਤੇ ਖ਼ੁਦ ਮਾਂ ਲਈ ਸੁਆਦੀ ਪਕਵਾਨ ਬਣਾਉਂਦੀਆਂ ਹਨ। ਬੱਚੇ ਆਪਣੀਆਂ ਮਾਵਾਂ ਨੂੰ ਵੰਨ-ਸੁਵੰਨੇ ਤੋਹਫ਼ੇ ਦਿੰਦੇ ਹਨ ਤੇ ਮਾਵਾਂ ਕੋਲੋਂ ਕੇਕ ਵੀ ਕਟਵਾਉਂਦੇ ਹਨ।

ਮਦਰਜ਼ ਡੇਅ

ਦੁਨੀਆ ਭਰ ਵਿਚ ਮਈ ਮਹੀਨੇ ਦਾ ਦੂਸਰਾ ਐਤਵਾਰ ‘ਮਦਰਜ਼ ਡੇਅ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਬੱਚੇ ਆਪਣੀਆਂ ਮਾਵਾਂ ਨੂੰ ਤੋਹਫ਼ੇ ਦਿੰਦੇ ਹਨ ਪਰ ਮਾਂ ਨੂੰ ਤੋਹਫ਼ਿਆਂ ਤੋਂ ਵੱਧ ਬੱਚਿਆਂ ਦੇ ਪਿਆਰ ਤੇ ਸਨੇਹ ਦੀ ਲੋੜ ਹੁੰਦੀ ਹੈ। ਖ਼ਾਸ ਤੌਰ ’ਤੇ ਉਮਰ ਦੇ ਆਖ਼ਰੀ ਪੜਾਅ ਵਿਚ ਬੱਚਿਆਂ ਵੱਲੋਂ ਆਪਣੇ ਮਾਤਾ-ਪਿਤਾ ਨੂੰ ਦਿੱਤਾ ਗਿਆ ਪਿਆਰਸਤਿਕਾਰ ਤੇ ਖ਼ੁਸ਼ਗਵਾਰ ਮਾਹੌਲ ਉਨ੍ਹਾਂ ਦੀ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੰਦਾ ਹੈ। ਮਾਂ ਦਿਵਸ ਮਨਾਉਣਾ ਹੀ ਕਾਫ਼ੀ ਨਹੀਂ।

ਆਓ, ਇਸ ਦਿਨ ਤੋਹਫ਼ਿਆਂ ਨਾਲ ਉਨ੍ਹਾਂ ਦੀਆਂ ਇੱਛਾਵਾਂ ਨੂੰ ਜਾਣਨ ਦੀ ਕੋਸ਼ਿਸ਼ ਕਰੀਏ ਕਿਉਂਕਿ ਮਾਂ ਦਾ ਦਿਲ ਇੰਨਾ ਵਿਸ਼ਾਲ ਹੁੰਦਾ ਹੈ ਕਿ ਉਹ ਸਾਡੀ ਵੱਡੀ ਤੋਂ ਵੱਡੀ ਗ਼ਲਤੀ ਨੂੰ ਵੀ ਹੱਸ ਕੇ ਨਜ਼ਰ-ਅੰਦਾਜ਼ ਕਰ ਦਿੰਦੀ ਹੈ ਅਤੇ ਸਾਡੇ ਥੋੜ੍ਹੇ ਜਿਹੇ ਪਿਆਰ ਬਦਲੇ ਮਮਤਾ ਦਾ ਸਾਗਰ ਉਛਾਲ ਦਿੰਦੀ ਹੈ।

ਮਾਰਗ ਦਰਸ਼ਨ ਕਰਦੀ ਹੈ ਮਾਂ

ਮਾਂ ਕੇਵਲ ਮਾਂ ਨਾ ਰਹਿ ਕੇ ਬੱਚੇ ਦੀ ਪਹਿਲੀ ਗੁਰੂ ਵੀ ਹੁੰਦੀ ਹੈ, ਜਿਸ ਤੋਂ ਗ੍ਰਹਿਣ ਕੀਤੀ ਮੁੱਢਲੀ ਸਿੱਖਿਆ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਵਿੱਚੋਂ ਲੰਘਦਿਆਂ ਸਾਡਾ ਮਾਰਗ ਦਰਸ਼ਨ ਕਰਦੀ ਹੈ। ਮਾਂ ਵੱਲੋਂ ਦਿੱਤੀ ਸਹੀ ਸਿੱਖਿਆ ਬੱਚਿਆਂ ਨੂੰ ਚੰਗਾ ਨਾਗਰਿਕ ਬਣਨ ’ਚ ਵੀ ਮਦਦ ਕਰਦੀ ਹੈ। ਮਾਂ ਆਪਣੇ ਨਿੱਜੀ ਸੁੱਖਾਂ ਨੂੰ ਤਿਆਗ ਕੇ ਪੂਰਾ ਜੀਵਨ ਆਪਣੇ ਬੱਚਿਆਂ ਦੇ ਬਚਪਨ ਤੇ ਉਨ੍ਹਾਂ ਦੇ ਭਵਿੱਖ ਨੂੰ ਸੰਵਾਰਨ ਲਈ ਲਾ ਦਿੰਦੀ ਹੈ ਅਤੇ ਉਸ ਦੇ ਆਪਣੇ ਸੁਪਨੇ ਆਪਣੇ ਬੱਚਿਆਂ ਨਾਲ ਜੁੜੇ ਰਹਿੰਦੇ ਹਨ।

Posted By: Harjinder Sodhi