- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ’ਚ ਕੋਈ ਸ਼ੱਕ ਨਹੀਂ ਕਿ ਆਧੁਨਿਕ ਯੁੱਗ ਵਿਚ ਮੋਬਾਈਲ ਫੋਨ ਤੇ ਸੋਸ਼ਲ ਮੀਡੀਆ ਕਾਰਨ ਬੱਚੇ ਦਿਨੋਂ-ਦਿਨ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਨ। ਅਜਿਹੇ ’ਚ ਅਸੀਂ ਬੱਚਿਆਂ ਨੂੰ ਕੁਦਰਤ ਦੇ ਨੇੜੇ ਕਿਵੇਂ ਲਿਆ ਸਕਦੇ ਹਾਂ, ਤਾਂ ਜੋ ਉਹ ਵੀ ਇਸ ਦੀ ਮਹੱਤਤਾ ਨੂੰ ਸਮਝ ਸਕਣ।

ਇਸ ’ਚ ਕੋਈ ਸ਼ੱਕ ਨਹੀਂ ਕਿ ਆਧੁਨਿਕ ਯੁੱਗ ਵਿਚ ਮੋਬਾਈਲ ਫੋਨ ਤੇ ਸੋਸ਼ਲ ਮੀਡੀਆ ਕਾਰਨ ਬੱਚੇ ਦਿਨੋਂ-ਦਿਨ ਕੁਦਰਤ ਤੋਂ ਦੂਰ ਹੁੰਦੇ ਜਾ ਰਹੇ ਹਨ। ਅਜਿਹੇ ’ਚ ਅਸੀਂ ਬੱਚਿਆਂ ਨੂੰ ਕੁਦਰਤ ਦੇ ਨੇੜੇ ਕਿਵੇਂ ਲਿਆ ਸਕਦੇ ਹਾਂ, ਤਾਂ ਜੋ ਉਹ ਵੀ ਇਸ ਦੀ ਮਹੱਤਤਾ ਨੂੰ ਸਮਝ ਸਕਣ।
ਵੱਧਦਾ ਤਾਪਮਾਨ ਆਲਮੀ ਸਮੱਸਿਆ
ਪ੍ਰਦੂਸ਼ਣ ਕਾਰਨ ਵੱਧਦਾ ਤਾਪਮਾਨ ਵਿਸ਼ਵ-ਵਿਆਪੀ ਸਮੱਸਿਆ ਬਣ ਚੁੱਕਿਆ ਹੈ। ਜੇ ਆਲਮੀ ਤਪਸ਼ ਇਸੇ ਰਫ਼ਤਾਰ ਨਾਲ ਵਧਦੀ ਗਈ ਤਾਂ ਗਲੇਸ਼ੀਅਰ ਖ਼ਤਮ ਹੋ ਜਾਣਗੇ, ਸਮੁੰਦਰਾਂ ’ਚ ਪਾਣੀ ਵਧ ਜਾਵੇਗਾ, ਜਿਸ ਨਾਲ ਸਮੁੰਦਰ ਕੰਢੇ ਵਸਣ ਵਾਲੇ ਕਰੋੜਾਂ ਲੋਕਾਂ ਦਾ ਖ਼ਾਤਮਾ ਹੋ ਜਾਵੇਗਾ। ਦਰੱਖ਼ਤਾਂ ਦੀ ਕਟਾਈ ਲਗਾਤਾਰ ਬੇਰਹਿਮੀ ਨਾਲ ਹੋ ਰਹੀ ਹੈ, ਜੋ ਵਾਤਾਵਰਨ ਪ੍ਰਦੂਸ਼ਣ ਲਈ ਸਭ ਤੋ ਵੱਧ ਜ਼ਿੰਮੇਵਾਰ ਹੈ। ਮੋਟਰ ਵਾਹਨਾਂ ਨੇ ਜਿੱਥੇ ਮਨੁੱਖੀ ਜੀਵਨ ਦੀ ਰਫ਼ਤਾਰ ਨੂੰ ਤੇਜ਼ ਕੀਤਾ ਅਤੇ ਅਨੇਕਾਂ ਸਹੂਲਤਾਂ ਪ੍ਰਦਾਨ ਕੀਤੀਆਂ, ਉੱਥੇ ਇਨ੍ਹਾਂ ਨਾਲ ਹੋਣ ਵਾਲੇ ਪ੍ਰਦੂਸ਼ਣ ਕਾਰਨ ਅਨੇਕਾਂ ਭਿਆਨਕ ਬਿਮਾਰੀਆਂ ਪੈਦਾ ਹੋ ਰਹੀਆਂ ਹਨ।
ਪਾਰਕ ਜਾਂ ਸੈਰ ਲਈ ਲਿਜਾਓ
ਸਵੇਰ ਜਾਂ ਸ਼ਾਮ ਕਿਸੇ ਵੀ ਸਮੇਂ ਬੱਚੇ ਨੂੰ ਪਾਰਕ ਵਿਚ ਸੈਰ ਕਰਨ ਲਈ ਲਿਜਾਓ, ਜਿੱਥੇ ਉਹ ਵੱਖ-ਵੱਖ ਕਿਸਮਾਂ ਦੇ ਦਰੱਖ਼ਤ, ਪੌਦੇ, ਅਸਮਾਨ, ਪੰਛੀ, ਸੂਰਜ ਆਦਿ ਦੇਖ ਸਕਣ ਅਤੇ ਉਤਸੁਕਤਾ ਨਾਲ ਸਵਾਲ ਪੁੱਛਣ। ਸੂਰਜ ਚੜ੍ਹਦਾ ਜਾਂ ਡੁੱਬਦਾ ਦੇਖਣ, ਪੰਛੀਆਂ ਦੀ ਚਹਿਚਹਾਟ ਸੁਣਨ ਅਤੇ ਹੋਰ ਬੱਚਿਆਂ ਨੂੰ ਮਿੱਟੀ ਤੇ ਘਾਹ ਵਿਚ ਖੇਡਦਿਆਂ ਦੇਖਣ। ਜੇ ਤੁਸੀਂ ਪਾਰਕ ਵਿਚ ਨਹੀਂ ਜਾ ਸਕਦੇ ਤਾਂ ਆਪਣੇ ਬੱਚੇ ਨੂੰ ਛੱਤ ਜਾਂ ਬਾਲਕੋਨੀ ਵਿਚ ਲਿਜਾਓ ਤੇ ਉਸ ਨੂੰ ਕੁਦਰਤ ਦਾ ਅਨੁਭਵ ਕਰਵਾਓ। ਅਜਿਹਾ ਕਰਨ ਨਾਲ ਉਹ ਸਰੀਰਕ ਤੇ ਮਾਨਸਿਕ ਤੌਰ ’ਤੇ ਤੰਦਰੁਸਤ ਹੋਣਗੇ।
ਸੋਸ਼ਲ ਮੀਡੀਆ ਤੋਂ ਰੱਖੋ ਦੂਰ
ਜਦੋਂ ਬੱਚਿਆਂ ਦਾ ਜ਼ਿਆਦਾ ਸਮਾਂ ਸਕਰੀਨ ’ਤੇ ਲੰਘਦਾ ਹੈ ਤਾਂ ਉਨ੍ਹਾਂ ਦਾ ਦਿਮਾਗ਼ ਵਿਸਥਾਰ ਨਾਲ ਸੋਚਣ ਦੀ ਸਮਰੱਥਾ ਗੁਆ ਦਿੰਦਾ ਹੈ, ਉਹ ਕਿਸੇ ਕੰਮ ਵਿਚ ਦਿਲਚਸਪੀ ਨਹੀਂ ਦਿਖਾਉਂਦੇ। ਉਹ ਸੋਸ਼ਲ ਮੀਡੀਆ ਦੇ ਆਦੀ ਹੋ ਜਾਂਦੇ ਹਨ, ਜਿਸ ਕਾਰਨ ਉਹ ਕੁਦਰਤ ਤੋਂ ਪੂਰੀ ਤਰ੍ਹਾਂ ਕੱਟੇ ਜਾਂਦੇ ਹਨ। ਇਸ ਲਈ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਇੰਟਰਨੈੱਟ ਤੋਂ ਜਿੰਨਾ ਹੋ ਸਕੇ, ਦੂਰ ਰੱਖਣ ਦੀ ਕੋਸ਼ਿਸ਼ ਕਰੋ।
ਬੂਟੇ ਲਗਵਾਓ
ਬੱਚਿਆਂ ਨੂੰ ਪੌਦਿਆਂ ਦੀ ਨਰਸਰੀ ਵਿਚ ਲਿਜਾਓ ਅਤੇ ਉਨ੍ਹਾਂ ਨੂੰ ਆਪਣੀ ਪਸੰਦ ਦੇ ਬੂਟੇ ਖ਼ਰੀਦਣ ਲਈ ਕਹੋ। ਇਸ ਨਾਲ ਉਹ ਇਸ ਕੰਮ ਵਿਚ ਦਿਲਚਸਪੀ ਲੈਣਗੇ ਤੇ ਘਰ ਜਾਂ ਬਗ਼ੀਚੇ ਵਿਚ ਇਨ੍ਹਾਂ ਨੂੰ ਲਗਾਉਣਗੇ ਤੇ ਰੋਜ਼ਾਨਾ ਪਾਣੀ ਦੇਣ ਦਾ ਕੰਮ ਕਰਨਗੇ। ਫਿਰ ਇਨ੍ਹਾਂ ਬੂਟਿਆਂ ਨੂੰ ਵਧਦਿਆਂ ਦੇਖ ਕੇ ਉਨ੍ਹਾਂ ਨੂੰ ਜੋ ਕੁਦਰਤੀ ਖੁਸ਼ੀ ਮਿਲੇਗੀ, ਉਹ ਉਨ੍ਹਾਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕਰੇਗੀ।
ਪਿਕਨਿਕ ’ਤੇ ਲਿਜਾਓ
ਬੱਚੇ ਨੂੰ ਚਿੜੀਆਘਰ ਵਿਚ ਲਿਜਾਣ ਨਾਲ ਉਹ ਵੱਖ-ਵੱਖ ਜਾਨਵਰਾਂ ਤੇ ਪੌਦਿਆਂ ਨੂੰ ਨੇੜਿਓਂ ਦੇਖਦਾ ਹੈ ਅਤੇ ਉਤਸੁਕਤਾ ਨਾਲ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛਦਾ ਹੈ। ਜਦੋਂ ਉਹ ਪਿਕਨਿਕ ’ਤੇ ਜਾਂਦੇ ਹਨ, ਤਾਂ ਉਨ੍ਹਾਂ ਨੂੰ ਘਰ ਦੇ ਬਾਹਰ ਦਿਲਚਸਪ ਅਨੁਭਵ ਹੁੰਦਾ ਹੈ, ਜਿੱਥੇ ਉਹ ਖੁੱਲ੍ਹ ਕੇ ਖਾਂਦੇ ਅਤੇ ਖੇਡਦੇ ਹਨ। ਇਹ ਸਭ ਕਰਨ ਨਾਲ ਬੱਚਿਆਂ ਦੇ ਬੌਧਿਕ ਵਿਕਾਸ ਵਿਚ ਮਦਦ ਮਿਲਦੀ ਹੈ ਅਤੇ ਉਹ ਕੁਦਰਤ ਨਾਲ ਜੁੜਨ ਦੇ ਹੋਰ ਫ਼ਾਇਦਿਆਂ ਤੋਂ ਵੀ ਰੂਬਰੂ ਹੁੰਦੇ ਹਨ।
ਰਾਤ ਨੂੰ ਸੌਂਦੇ ਸਮੇਂ ਕਰੋ ਗੱਲਾਂ
ਸੌਣ ਦੇ ਸਮੇਂ ਬੱਚਿਆਂ ਨੂੰ ਕੁਦਰਤ ਨਾਲ ਜੁੜੇ ਦਿਲਚਸਪ ਤੱਥ ਦੱਸੋ ਤੇ ਉਨ੍ਹਾਂ ਦੀਆਂ ਭਾਵਨਾਵਾਂ ਪੁੱਛੋ। ਉਨ੍ਹਾਂ ਨੂੰ ਸੂਰਜ, ਚੰਦ, ਤਾਰੇ, ਰੁੱਖ-ਪੌਦੇ, ਜਾਨਵਰਾਂ, ਪਹਾੜਾਂ, ਬਰਫ਼, ਨਦੀਆਂ, ਸਮੁੰਦਰ ਆਦਿ ਬਾਰੇ ਜਾਣਕਾਰੀ ਦਿਓ ਅਤੇ ਇਨ੍ਹਾਂ ਬਾਰੇ ਉਨ੍ਹਾਂ ਦੀ ਕਲਪਨਾ ਵੀ ਸੁਣੋ। ਇਸ ਤਰ੍ਹਾਂ ਕਰਨ ਨਾਲ ਉਹ ਸੌਂਦੇ ਹੋਏ ਵੀ ਇਸੇ ਤਰ੍ਹਾਂ ਦੇ ਸੁਪਨੇ ਦੇਖਣਗੇ ਤੇ ਕੁਦਰਤ ਪ੍ਰਤੀ ਉਤਸੁਕਤਾ ਵੀ ਉਨ੍ਹਾਂ ਦੇ ਮਨ ਵਿਚ ਬਣੀ ਰਹੇਗੀ।