- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਚਪਨ ਦੀਆਂ ਖ਼ੁਸ਼ਗਵਾਰ ਸੋਨ ਰੰਗੀਆਂ ਯਾਦਾਂ ਜ਼ਿੰਦਗੀ ਦਾ ਸਰਮਾਇਆ ਹੁੰਦੀਆਂ ਹਨ। ਇਨ੍ਹਾਂ ਨੂੰ ਯਾਦ ਕਰ ਕੇ ਮਾਸੂਮੀਅਤ, ਪੁਰਾਣੇ ਆੜੀਆਂ ਨਾਲ ਖੇਡਾਂ, ਹਰ ਗ਼ਮ ਤੋਂ ਬੇਗ਼ਾਨਗੀ, ਛੋਟੀਆਂ-ਛੋਟੀਆਂ ਗੱਲਾਂ ’ਤੇ ਲੜਨਾ-ਝਗੜਨਾ ਤੇ ਥੋੜ੍ਹੀ ਦੇਰ ਬਾਅਦ ਫੇਰ ਜੱਫੀਆਂ ਪਾ ਲੈਣੀਆਂ, ਛੋਟੀਆਂ ਗੱਲਾਂ ਦੀ ਵੱਡੀ ਖ਼ੁਸ਼ੀ ਤੇ ਭਵਿੱਖ ਦੀ ਬੇਫ਼ਿਕਰੀ ਵਰਗੀਆਂ ਗੱਲਾਂ ਇਕ ਰੀਲ ਵਾਂਗ ਅੱਖਾਂ ਅੱਗੇ ਘੁੰਮ ਜਾਂਦੀਆਂ ਹਨ।

ਬਚਪਨ ਦੀਆਂ ਖ਼ੁਸ਼ਗਵਾਰ ਸੋਨ ਰੰਗੀਆਂ ਯਾਦਾਂ ਜ਼ਿੰਦਗੀ ਦਾ ਸਰਮਾਇਆ ਹੁੰਦੀਆਂ ਹਨ। ਇਨ੍ਹਾਂ ਨੂੰ ਯਾਦ ਕਰ ਕੇ ਮਾਸੂਮੀਅਤ, ਪੁਰਾਣੇ ਆੜੀਆਂ ਨਾਲ ਖੇਡਾਂ, ਹਰ ਗ਼ਮ ਤੋਂ ਬੇਗ਼ਾਨਗੀ, ਛੋਟੀਆਂ-ਛੋਟੀਆਂ ਗੱਲਾਂ ’ਤੇ ਲੜਨਾ-ਝਗੜਨਾ ਤੇ ਥੋੜ੍ਹੀ ਦੇਰ ਬਾਅਦ ਫੇਰ ਜੱਫੀਆਂ ਪਾ ਲੈਣੀਆਂ, ਛੋਟੀਆਂ ਗੱਲਾਂ ਦੀ ਵੱਡੀ ਖ਼ੁਸ਼ੀ ਤੇ ਭਵਿੱਖ ਦੀ ਬੇਫ਼ਿਕਰੀ ਵਰਗੀਆਂ ਗੱਲਾਂ ਇਕ ਰੀਲ ਵਾਂਗ ਅੱਖਾਂ ਅੱਗੇ ਘੁੰਮ ਜਾਂਦੀਆਂ ਹਨ। ਕਿਸੇ ਸ਼ਾਇਰ ਨੇ ਬਚਪਨ ਦੀ ਖ਼ੂਬਸੂਰਤ ਤਸਵੀਰ ਖਿੱਚੀ ਹੈ :
ਕਯਾ ਖ਼ੂਬ ਬਚਪਨ ਕਾ ਜ਼ਮਾਨਾ ਥਾ,
ਜਿਸ ਮੇਂ ਖੁਸ਼ੀਓਂ ਕਾ ਨਾ ਠਿਕਾਨਾ ਥਾ।
ਨਾ ਰੋਨੇ ਕੀ ਕੋਈ ਵਜਹ ਥੀ,
ਨਾ ਹਸਨੇ ਕਾ ਕੋਈ ਬਹਾਨਾ ਥਾ।
ਚਾਹਤ ਚਾਂਦ ਕੋ ਪਕੜਨੇ ਕੀ ਥੀ,
ਮਗਰ ਦਿਲ ਤਿਤਲੀ ਕਾ ਦੀਵਾਨਾ ਥਾ।
ਹਾਥ ਮੇਂ ਕਾਗ਼ਜ਼ ਕੀ ਨਾਵ ਥੀ,
ਔਰ ਮੌਸਮ ਬੜਾ ਸੁਹਾਨਾ ਥਾ।
ਕਯੂੰ ਹੋ ਗਯੇ ਹਮ ਇਤਨੇ ਬੜੇ,
ਅੱਛਾ ਤੋ ਵੋ ਬਚਪਨ ਕਾ ਜ਼ਮਾਨਾ ਥਾ।
ਖ਼ਾਸ ਤਰ੍ਹਾਂ ਦਾ ਸਕੂਨ ਦਿੰਦੀਆਂ ਯਾਦਾਂ
ਬਚਪਨ ਦੀਆਂ ਹੁਸੀਨ ਯਾਦਾਂ ਖ਼ਾਸ ਤਰ੍ਹਾਂ ਦਾ ਸੁਕੂਨ ਤਾਂ ਦਿੰਦੀਆਂ ਹੀ ਹਨ, ਕਈ ਵਾਰ ਸਬਕ ਵੀ ਦੇ ਜਾਂਦੀਆਂ ਹਨ। ਜ਼ਿੰਦਗੀ ਦੇ ਤੀਜੇ ਪਹਿਰ ਵਿਚ ਵਿਚਰਦਿਆਂ ਇਹ ਯਾਦਾਂ ਖ਼ੁਸ਼ੀ ਦਾ ਅਹਿਸਾਸ ਵੀ ਕਰਵਾਉਂਦੀਆਂ ਹਨ ਤੇ ਤਾਜ਼ਗੀ ਵੀ ਬਖ਼ਸ਼ਦੀਆਂ ਹਨ। ਬਹੁਤ ਸਾਰੀਆਂ ਅਜਿਹੀਆਂ ਯਾਦਾਂ ਦੇ ਅਤੀਤ ਨਾਲ ਮੈਂ ਜਦੋਂ ਰੂਬਰੂ ਹੁੰਦਾ ਹਾਂ ਤਾਂ ਖ਼ੁਸ਼ੀ ਦਾ ਅਹਿਸਾਸ ਤਾਂ ਹੁੰਦਾ ਹੀ ਹੈ ਤੇ ਉਸ ਸਮੇਂ ਦੀ ਤੁਲਨਾ ਮੈਂ ਅੱਜ ਦੇ ਦੌਰ ਨਾਲ ਵੀ ਕਰਨ ਲੱਗਦਾ ਹਾਂ। ਮੇਰਾ ਬਚਪਨ ਬੜਾ ਤੰਗੀਆਂ-ਤੁਰਸ਼ੀਆਂ ਵਾਲਾ ਰਿਹਾ ਹੈ। ਸਾਈਕਲ ਤੱਕ ਮੇਰੇ ਲਈ ਸੁਪਨਾ ਸੀ। ਅੰਦਰੋ-ਅੰਦਰੀ ਹਸਰਤ ਰਹਿੰਦੀ ਕਿ ਸਕੂਲ ਦੇ ਸਾਥੀਆਂ ਵਾਂਗ ਮੇਰੇ ਕੋਲ ਵੀ ਸਾਈਕਲ ਹੋਵੇ ਤੇ ਮੈਂ ਭਜਾਉਂਦਾ ਫਿਰਾਂ। ਅੱਜ ਦੇ ਦੌਰ ਵਿਚ ਜਦੋਂ ਮੈਂ ਸਾਈਕਲ ਬਾਰੇ ਸੋਚਦਾ ਹਾਂ ਤਾਂ ਮਨ ਵਿਚ ਇਹ ਵੀ ਆਉਂਦਾ ਹੈ ਕਿ ਬਹੁਤਾਤ ਗਿਣਤੀ ਸਾਈਕਲ ਦਾ ਸਾਥ ਕਿਉਂ ਛੱਡਦੀ ਜਾਂਦੀ ਹੈ। ਅੱਜ ਘਰ ਦੇ ਜਿੰਨੇ ਮੈਂਬਰ, ਉਨ੍ਹਾਂ ਕੋਲ ਕਾਰਾਂ-ਮੋਟਰਸਾਈਕਲ ਤਾਂ ਜ਼ਰੂਰ ਹੋਣਗੇ ਪਰ ਉਨ੍ਹਾਂ ਘਰਾਂ ਵਿਚ ਸਾਈਕਲ ਬਹੁਤ ਘੱਟ ਵੇਖਣ ਨੂੰ ਮਿਲੇਗਾ। ਹੁਣ ਤਕ ਮੈਂ ਸਾਈਕਲ ਬਹੁਤ ਚਲਾਇਆ ਹੈ। ਸਕੂਲ ਦੀ ਪੜ੍ਹਾਈ ਤੋਂ ਲੈ ਕੇ ਨੌਕਰੀ ਕਰਨ ਤੱਕ। ਅੱਜ ਜਦੋਂ ਗੁਰਦਾਸ ਮਾਨ ਦਾ ਗਾਇਆ ਗੀਤ ਸਾਈਕਲ ਸੁਣਦਾ ਹਾਂ ਤਾਂ ਲਗਪਗ 48 ਸਾਲ ਪਹਿਲਾਂ ਦੀਆਂ ਯਾਦਾਂ ’ਚ ਗੁਆਚ ਜਾਂਦਾ ਹਾਂ। ਉਦੋਂ ਮੈਂ ਆਤਮਾ ਰਾਮ ਕੁਮਾਰ ਸਭਾ ਸਕੂਲ ਪਟਿਆਲਾ ਦਾ ਛੇਵੀਂ ਜਮਾਤ ਦਾ ਵਿਦਿਆਰਥੀ ਸੀ। ਮੈਂ ਸਕੂਲ ਪੈਦਲ ਜਾਂਦਾ ਸੀ ਕਿਉਂਕਿ ਸੈਫਾਬਾਦੀ ਗੇਟ ਨੇੜਲੇ ਮੁਹੱਲਾ ਅਰੋੜਿਆਂ ’ਚ ਸਥਿਤ ਸਾਡੇ ਘਰ ਤੋਂ ਸਕੂਲ ਦੀ ਦੂਰੀ ਮਸਾਂ ਇਕ ਕਿਲੋਮੀਟਰ ਸੀ। ਪਿਤਾ ਜੀ ਕੋਲ ਉਸ ਵੇਲੇ ਨਾਮੀ ਕੰਪਨੀ 'ਹਰਕੁਲੀਜ਼' ਦਾ ਸਾਈਕਲ ਸੀ।
ਕਈ ਵਾਰ ਤਮੰਨਾ ਹੋਈ ਕਿ ਉਨ੍ਹਾਂ ਦਾ ਸਾਈਕਲ ਚਲਾਵਾਂ ਤੇ ਸਿੱਖਣ ਦੀ ਕੋਸ਼ਿਸ਼ ਕਰਾਂ ਪਰ ਉਨ੍ਹਾਂ ਦੇ ਗੁੱਸੇ ਤੋਂ ਡਰ ਜਾਂਦਾ। ਮੇਰੇ ਸਕੂਲ ਜਾਣ ਤੋਂ ਪਹਿਲਾਂ ਹੀ ਪਿਤਾ ਜੀ ਆਪਣੇ ਕੰਮ ਨੂੰ ਰਵਾਨਾ ਹੋ ਜਾਂਦੇ ਸਨ। ਮੇਰੀ ਜਮਾਤ ਦੇ ਦੂਰੋਂ ਆਉਣ ਵਾਲੇ ਕੁਝ ਸਾਥੀ ਆਪਣੀਆਂ ਸਾਈਕਲਾਂ ’ਤੇ ਸਕੂਲ ਆਉਂਦੇ। ਮੇਰੇ ਅੰਦਰ ਵੀ ਹਸਰਤ ਮਚਲਦੀ ਕਿ ਮੇਰੇ ਕੋਲ ਵੀ ਸਾਈਕਲ ਹੋਵੇ, ਚਲਾਉਣਾ ਆ ਜਾਵੇ ਤੇ ਫੇਰ ਮੈਂ ਉਸ ਨੂੰ ਖ਼ੂਬ ਭਜਾਵਾਂ। ਘਰ ਦੀ ਆਰਥਿਕ ਹਾਲਤ ਤੋਂ ਮੈਂ ਜਾਣੂ ਸੀ। ਪਿਤਾ ਜੀ ਮੈਨੂੰ ਸਾਈਕਲ ਲੈ ਕੇ ਦੇਣ ਦੇ ਸਮਰੱਥ ਨਹੀਂ ਸਨ। ਮੈਂ ਆਪਣਾ ਸਾਈਕਲ ਹੀ ਚਲਾਉਣਾ ਚਾਹੁੰਦਾ ਸਾਂ, ਇਸ ਕਰਕੇ ਕਦੇ ਵੀ ਕਿਸੇ ਸਹਿਪਾਠੀ ਤੋਂ ਮੈਂ ਸਾਈਕਲ ਨਹੀਂ ਸੀ ਮੰਗਿਆ। ਇਕ ਦਿਨ ਮੇਰੇ ਪਿਤਾ ਜੀ ਦੁਪਹਿਰ ਕੁ ਵੇਲੇ ਘਰ ਆ ਗਏ, ਰੋਟੀ ਖਾਣ ਮਗਰੋਂ ਸੌਂ ਗਏ। ਮੈਂ ਸਕੂਲੋਂ ਆਇਆ ਵੇਖਿਆ ਕਿ ਸਾਈਕਲ ਖੜ੍ਹਾ ਹੈ। ਸਾਈਕਲ ਚਲਾਉਣ ਦੀ ਇੱਛਾ ਜਾਗ ਪਈ। ਮਾਤਾ ਜੀ ਦੇ ਮਨ੍ਹਾ ਕਰਨ ਦੇ ਬਾਵਜੂਦ ਮੈਂ ਸਾਈਕਲ ਬਾਹਰ ਨੂੰ ਲੈ ਤੁਰਿਆ। ਚਲਾਉਣਾ ਆਉਂਦਾ ਨਹੀਂ ਸੀ, ਇਸ ਲਈ ਕਿੰਨੀ ਦੇਰ ਮੈਂ ਸਾਈਕਲ ਦੇ ਨਾਲ-ਨਾਲ ਭੱਜਦਾ ਰਿਹਾ ਤੇ ਆਖ਼ਰਕਾਰ ਡਰਦੇ-ਡਰਦੇ ਹੌਸਲਾ ਕਰ ਹੀ ਲਿਆ। ਕੈਂਚੀ ਚਲਾਉਣ ਦੀ ਕੋਸ਼ਿਸ਼ ਕੀਤੀ। ਕਈ ਵਾਰੀ ਡਿੱਗਿਆ, ਸੱਟਾਂ ਵੀ ਲੱਗੀਆਂ ਪਰ ਪ੍ਰਵਾਹ ਨਾ ਮੰਨੀ। ਸਾਈਕਲ ਚਲਾਉਣ ਦਾ ਭੂਤ ਸਵਾਰ ਸੀ। ਤਿੰਨ ਕੁ ਘੰਟੇ ਮੇਰੀ ਕੋਸ਼ਿਸ਼ ਜਾਰੀ ਰਹੀ ਤੇ ਜਦੋਂ ਮੈਂ ਕੈਂਚੀ ਚਲਾਉਣ 'ਚ ਸਫਲ ਹੋ ਗਿਆ ਤਾਂ ਅਪਾਰ ਖ਼ੁਸ਼ੀ ਹੋਈ ਸੀ ਤੇ ਮੁਹੱਲੇ ’ਚ ਰੌਲਾ ਪਾਉਂਦਾ ਆਇਆ ਸਾਂ, 'ਓਏ ਪੱਪੂ, ਓ ਚੰਨੇ, ਮੈਨੂੰ ਸਾਈਕਲ ਚਲਾਉਣਾ ਆ ਗਿਆ ਓਏ।’
ਘਰ ਪਹੁੰਚਿਆ ਤਾਂ ਮਾਤਾ ਜੀ ਨੇ ਬਾਜ਼ਾਰੋਂ ਘਿਉ-ਖੰਡ ਲਿਆਉਣ ਲਈ ਪੈਸੇ ਫੜਾ ਦਿੱਤੇ। ਫੇਰ ਚਾਅ ਚੜ੍ਹ ਗਿਆ ਸਾਈਕਲ ਦੁਬਾਰਾ ਚਲਾਉਣਾ ਦਾ। ਕੈਂਚੀ ਮਾਰਦਾ ਜਦੋਂ ਟੋਕੇ ਵਾਲੀ ਪੁਲੀ ਕੋਲ ਪਹੁੰਚਿਆ ਤਾਂ ਮੁਹੱਲੇ ਦੇ ਦੋ ਦੋਸਤ ਮਿਲ ਗਏ। ਉਨ੍ਹਾਂ ਨੂੰ ਸਾਈਕਲ ਚਲਾਉਣ ਦੀ ਮੁਹਾਰਤ ਵਿਖਾਉਣ ਲੱਗ ਪਿਆ। ਖ਼ੁਸ਼ੀ ’ਚ ਏਨਾ ਖੀਵਾ ਹੋਇਆ ਕਿ ਬਾਜ਼ਾਰੋਂ ਘਿਉ-ਖੰਡ ਲਿਆਉਣੀ ਹੀ ਭੁੱਲ ਗਿਆ ਤੇ ਇਹ ਵੀ ਭੁੱਲ ਗਿਆ ਕਿ ਜੇਬ ਵਿਚਲੇ ਪੈਸੇ ਕਾਹਦੇ ਲਈ ਨੇ ਤੇ ਕਿਸ ਨੇ ਦਿੱਤੇ ਨੇ। ਖ਼ੁਸ਼ੀ ’ਚ ਏਨਾ ਦਿਆਲ ਹੋਇਆ ਕਿ ਦੋਵਾਂ ਦੋਸਤਾਂ ਨੂੰ ਗੋਲ-ਗੱਪੇ ਤੇ ਟਿੱਕੀਆਂ ਖਵਾ ਦਿੱਤੀਆਂ, ਖ਼ੁਦ ਵੀ ਚਾਟ-ਪਾਪੜੀ ਦਾ ਸੁਆਦ ਲਿਆ ਪਰ ਘਰ ਜਾ ਕੇ ਉਦੋਂ ਹੱਕਾ-ਬੱਕਾ ਹੋ ਗਿਆ, ਜਦੋਂ ਮਾਤਾ ਜੀ ਨੇ ਘਿਉ-ਖੰਡ ਬਾਰੇ ਪੁੱਛਿਆ। ਪਿਤਾ ਜੀ ਉੱਠ ਬੈਠੇ ਸਨ ਤੇ ਮਾਤਾ ਜੀ ਚਾਹ ਬਣਾਉਣ ਦੀ ਤਿਆਰੀ ’ਚ ਸਨ। ਮੇਰੀ ਇਸ ਹਰਕਤ ’ਤੇ ਪਿਤਾ ਜੀ ਬਹੁਤ ਗੁੱਸੇ ਹੋਏ ਤੇ ਇਕ ਥੱਪੜ ਵੀ ਜੜ੍ਹ ਦਿੱਤਾ, ਅੱਖਾਂ ਵਿਚ ਹੰਝੂ ਲਈ ਮੈਂ ਬੁੱਤ ਬਣਿਆ ਖੜ੍ਹਾ ਸਾਂ। ਮਾਤਾ ਜੀ ਮੇਰੇ ਬਚਾਅ ’ਚ ਆਏ ਤੇ ਮੈਨੂੰ ਗਲ਼ ਨਾਲ ਲਾਇਆ। ਮੈਨੂੰ ਗੁਰਦਾਸ ਮਾਨ ਦੇ 'ਸਾਈਕਲ' ਵਾਲੇ ਗੀਤ ਦੀਆਂ ਸਤਰਾਂ ਯਾਦ ਆ ਗਈਆਂ, ‘ਪਿਉ ਤੋਂ ਕੁੱਟ ਖਾਧੀ, ਬੇਬੇ ਨੇ ਗਲ਼ ਲਾਇਆ।’
ਸਮਾਂ ਬੀਤਦਾ ਗਿਆ, ਪੜ੍ਹਾਈ ਵਿਚ ਮੈਂ ਹੁਸ਼ਿਆਰ ਸੀ। ਜਦੋਂ ਮੈਂ ਦਸਵੀਂ ’ਚ ਹੋਇਆ ਤਾਂ ਮੇਰਾ ਵਜ਼ੀਫ਼ਾ ਲੱਗ ਗਿਆ। ਮੈਂ ਉਸ ਵਜ਼ੀਫ਼ੇ 'ਚੋਂ ਬੱਚਤ ਕਰ ਕੇ ਨਵਾਂ ਸਾਈਕਲ ਖ਼ਰੀਦਿਆ ਤਾਂ ਪਿਤਾ ਜੀ ਬੜੇ ਖ਼ੁਸ਼ ਹੋਏ ਸਨ ਤੇ ਉਨ੍ਹਾਂ ਗਲ਼ ਨਾਲ ਲਾ ਕੇ ਅਸ਼ੀਰਵਾਦ ਵੀ ਦਿੱਤਾ ਸੀ। ਸਾਈਕਲ ’ਤੇ ਮੈਂ ਪਟਿਆਲਾ ਦੇ ਮੁਲਤਾਨੀ ਮੱਲ ਮੋਦੀ ਕਾਲਜ ਪੜ੍ਹਨ ਜਾਂਦਾ ਰਿਹਾ ਤੇ ਡਿਗਰੀ ਮੁਕੰਮਲ ਕੀਤੀ। ਸੰਨ 1990 ’ਚ ਆਕਾਸ਼ਵਾਣੀ ਜਲੰਧਰ ਵਿਖੇ ਬਤੌਰ ਅਨਾਊਂਸਰ ਜੁਆਇਨ ਕੀਤਾ ਤਾਂ ਉੱਥੇ ਵੀ ਸਾਈਕਲ ’ਤੇ ਹੀ ਦਫ਼ਤਰ ਜਾਂਦਾ ਰਿਹਾ। ਸੰਨ 1993 ਤੱਕ ਮੈਂ ਬਹੁਤ ਸਾਈਕਲ ਚਲਾਇਆ। ਦਿਨ ਬਦਲੇ ਹੁਣ ਕਾਰ ਲੈ ਲਈ ਹੈ ਪਰ ਸਾਈਕਲ ਨਾਲ ਬਿਤਾਏ ਤੇ ਹੰਢਾਏ ਦਿਨ ਨਹੀਂ ਭੁੱਲਦੇ। ਭਾਵੇਂ ਕਈ ਮਿੱਤਰ ਮਜ਼ਾਕ ਕਰਦਿਆਂ ਕਹਿੰਦੇ ਨੇ ‘ਕੀ ਗੱਲ ਭਾਈ ਸਾਈਕਲ ’ਤੇ ਆ ਗਿਐਂ’ ਪਰ ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਕਾਰਾਂ-ਮੋਟਰ ਸਾਈਕਲਾਂ ਤੋਂ ਉਤਰ ਕੇ ਕਦੇ ਸਾਈਕਲ ਦੀ ਸਵਾਰੀ ਦਾ ਸਵਾਦ ਲਓ, ਫੇਰ ਪਤਾ ਲੱਗੇਗਾ। ਯਕੀਨ ਮੰਨਿਓ, ਸਾਈਕਲ ਚਲਾਉਣ ਦੀ ਆਦਤ ਨੇ ਮੈਨੂੰ ਕਾਫ਼ੀ ਹੱਦ ਤੱਕ ਫਿੱਟ ਰੱਖਿਆ ਹੋਇਆ ਹੈ। ਸੋ ਮਿੱਤਰੋ ਸਵੇਰੇ ਜਾਂ ਸ਼ਾਮ ਸਾਈਕਲ ਚਲਾਉਣ ਲਈ ਸਮਾਂ ਜ਼ਰੂਰ ਕੱਢਿਆ ਕਰੋ। ਸਾਈਕਲ ਚਲਾਉਣ ਦੀ ਕਸਰਤ ਤੁਹਾਨੂੰ ਸੌ ਫ਼ੀਸਦ ਫ਼ਾਇਦਾ ਹੀ ਦੇਵੇਗੀ, ਇਸ ਗੱਲ ਦੀ ਗਰੰਟੀ ਹੈ।
- ਪਰਮਜੀਤ ਸਿੰਘ ਪਰਵਾਨਾ
98722-09399