- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਈ ਵਾਰ ਜ਼ਿੰਦਗੀ ਦੀ ਭੱਜ-ਦੌੜ ’ਚ ਅਚਾਨਕ ਕੋਈ ਯਾਦ ਮਨ ਦੇ ਬੂਹੇ ’ਤੇ ਦਸਤਕ ਦੇ ਜਾਂਦੀ ਹੈ ਤੇ ਇਨਸਾਨ ਪਲਾਂ ’ਚ ਹੀ ਆਪਣੇ ਬਚਪਨ ਦੇ ਵਿਹੜੇ ਵਿਚ ਪਹੁੰਚ ਜਾਂਦਾ ਹੈ। ਫਿਰ ਅੱਖਾਂ ਅੱਗੇ ਉਹੀ ਕੱਚੇ ਰਾਹ, ਉਹੀ ਖੁੱਲ੍ਹੇ ਵਿਹੜੇ, ਉਹੀ ਚਰਖਿਆਂ ਦੀ ਘੂੰ-ਘੂੰ ਤੇ ਉਹੀ ਤਾਰਿਆਂ ਨਾਲ ਭਰਿਆ ਅਸਮਾਨ ਘੁੰਮਣ ਲੱਗ ਪੈਂਦਾ ਹੈ।

ਕਈ ਵਾਰ ਜ਼ਿੰਦਗੀ ਦੀ ਭੱਜ-ਦੌੜ ’ਚ ਅਚਾਨਕ ਕੋਈ ਯਾਦ ਮਨ ਦੇ ਬੂਹੇ ’ਤੇ ਦਸਤਕ ਦੇ ਜਾਂਦੀ ਹੈ ਤੇ ਇਨਸਾਨ ਪਲਾਂ ’ਚ ਹੀ ਆਪਣੇ ਬਚਪਨ ਦੇ ਵਿਹੜੇ ਵਿਚ ਪਹੁੰਚ ਜਾਂਦਾ ਹੈ। ਫਿਰ ਅੱਖਾਂ ਅੱਗੇ ਉਹੀ ਕੱਚੇ ਰਾਹ, ਉਹੀ ਖੁੱਲ੍ਹੇ ਵਿਹੜੇ, ਉਹੀ ਚਰਖਿਆਂ ਦੀ ਘੂੰ-ਘੂੰ ਤੇ ਉਹੀ ਤਾਰਿਆਂ ਨਾਲ ਭਰਿਆ ਅਸਮਾਨ ਘੁੰਮਣ ਲੱਗ ਪੈਂਦਾ ਹੈ। ਬਚਪਨ ਦੀਆਂ ਯਾਦਾਂ ਅਜਿਹੀ ਪੂੰਜੀ ਹਨ, ਜੋ ਸਮੇਂ ਦੇ ਨਾਲ ਪੁਰਾਣੀਆਂ ਨਹੀਂ ਹੁੰਦੀਆਂ ਸਗੋਂ ਹੋਰ ਵੀ ਕੀਮਤੀ ਹੋ ਜਾਂਦੀਆਂ ਹਨ।
ਦਾਦੀ ਸੁਣਾਉਂਦੀ ਸੀ ਲੋਕ-ਕਥਾਵਾਂ
ਉਹ ਸਮਾਂ ਵੀ ਕੀ ਸਮਾਂ ਸੀ, ਜਦੋਂ ਗਰਮੀਆਂ ਦੀਆਂ ਰਾਤਾਂ ਵਿਚ ਤਾਰਿਆਂ ਦੀ ਲੋਏ ਹੇਠ ਦਾਤੀ ਵਾਲੇ ਪੱਖੇ ਅੱਗੇ ਇੱਕੋ ਪਾਲ ’ਚ ਮੰਜੇ ਡਾਹ ਕੇ ਸਾਰਾ ਟੱਬਰ ਸੌਂਦਾ ਸੀ। ਦਿਨ ਭਰ ਦੀ ਥਕਾਵਟ ਤੋਂ ਬਾਅਦ ਆਥਣੇ ਰੋਟੀ-ਟੁੱਕ ਖਾ ਕੇ ਦਾਦੀ ਦੇ ਆਲੇ-ਦੁਆਲੇ ਬੈਠ ਜਾਣਾ ਜਿਵੇਂ ਰੋਜ਼ਾਨਾ ਦੀ ਰਸਮ ਹੁੰਦੀ ਸੀ। ਦਾਦੀ ਜਦੋਂ ਪੂਰਨ ਭਗਤ, ਰੂਪ-ਬਸੰਤ ਜਾਂ ਹੋਰ ਲੋਕ-ਕਥਾਵਾਂ ਸੁਣਾਉਂਦੀ ਤਾਂ ਕਹਾਣੀ ਦੇ ਪਾਤਰ ਆਪਣੇ ਹੀ ਪਰਿਵਾਰ ਦਾ ਹਿੱਸਾ ਜਾਪਣ ਲੱਗਦੇ। ਕਿਸੇ ਜਜ਼ਬਾਤੀ ਮੋੜ ’ਤੇ ਅੱਖਾਂ ਨਮ ਹੋ ਜਾਂਦੀਆਂ ਤੇ ਹੁੰਗਾਰੇ ਭਰਦੇ-ਭਰਦੇ ਕਦੋਂ ਨੀਂਦ ਆ ਜਾਂਦੀ, ਇਸ ਦਾ ਪਤਾ ਹੀ ਨਾ ਲੱਗਦਾ। ਸਵੇਰੇ ਚਿੜੀਆਂ ਦੀ ਚਹਿਕ ਤੇ ਤਾਜ਼ੀ ਹਵਾ ਦੇ ਬੁੱਲੇ ਨਵੀਂ ਸਵੇਰ ਦਾ ਸੁਨੇਹਾ ਲੈ ਕੇ ਆਉਂਦੇ ਸਨ। ਉਸ ਵੇਲੇ ਘਰਾਂ ਦੇ ਛੱਤੜਿਆਂ ਵਿਚ ਬਣੇ ਚਿੜੀਆਂ ਦੇ ਆਲ੍ਹਣੇ ਸਿਰਫ਼ ਪੰਛੀਆਂ ਦੇ ਟਿਕਾਣੇ ਨਹੀਂ ਸਨ ਸਗੋਂ ਘਰਾਂ ਦੀ ਰੌਣਕ ਹੁੰਦੇ ਸਨ। ਘਰਾਂ ਦੇ ਉੱਚੇ ਦਰਵਾਜ਼ਿਆਂ ਹੇਠ ਬੈਠੀਆਂ ਬੀਬੀਆਂ ਚਰਖਾ ਕੱਤਦੀਆਂ, ਤਾਣੀ ਤਣਦੀਆਂ ਤੇ ਲੋਕ-ਗੀਤ ਗਾਉਂਦੀਆਂ। ਉਹ ਸਿਰਫ਼ ਸੂਤ ਹੀ ਨਹੀਂ ਸੀ ਕੱਤਦੀਆਂ ਸਗੋਂ ਰਿਸ਼ਤਿਆਂ ਦੀਆਂ ਡੋਰਾਂ ਵੀ ਮਜ਼ਬੂਤ ਕਰਦੀਆਂ ਸਨ। ਹਾਸੇ-ਠੱਠੇ ਤੇ ਨੋਕ-ਝੋਕ ਦੇ ਵਿਚਕਾਰ ਸਮਾਂ ਇਸ ਤਰ੍ਹਾਂ ਲੰਘਦਾ ਸੀ, ਜਿਵੇਂ ਪਲਾਂ ਨੂੰ ਖੰਭ ਲੱਗ ਗਏ ਹੋਣ।
ਜੀਵਨ ਦਾ ਅਨਮੋਲ ਹਿੱਸਾ ਸਨ ਖੇਡਾਂ
ਬਚਪਨ ਦੀਆਂ ਖੇਡਾਂ ਵੀ ਜੀਵਨ ਦਾ ਅਨਮੋਲ ਹਿੱਸਾ ਸਨ। ਪੀਲ-ਪਲਾਂਗਣ, ਗੁੱਲੀ-ਡੰਡਾ, ਕੋਟਲਾ ਛਪਾਕੀ ਤੇ ਕੱਚ ਦੀਆਂ ਗੋਲੀਆਂ ਖੇਡਦਿਆਂ ਸਾਰਾ ਦਿਨ ਲੰਘ ਜਾਂਦਾ। ਅੱਜ ਦੇ ਬੱਚੇ ਮੋਬਾਈਲ ਸਕਰੀਨਾਂ ’ਚ ਕੈਦ ਹੋ ਕੇ ਫ੍ਰੀ ਫਾਇਰ ਅਤੇ ਪੱਬਜ਼ੀ ਦੀ ਦੁਨੀਆ ’ਚ ਗੁਆਚ ਗਏ ਹਨ। ਖੇਡਾਂ ਤਾਂ ਬਦਲ ਗਈਆਂ ਪਰ ਨਾਲ ਹੀ ਬਚਪਨ ਦੀ ਮਾਸੂਮੀਅਤ ਵੀ ਕਿਤੇ ਪਿੱਛੇ ਰਹਿ ਗਈ ਹੈ। ਆਧੁਨਿਕਤਾ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਪਰ ਇਸ ਦੀ ਕੀਮਤ ਵੀ ਘੱਟ ਨਹੀਂ ਲਈ। ਇਸ ਨੇ ਸਾਡੇ ਕੋਲੋਂ ਉਹ ਮਾਵਾਂ ਖੋਹ ਲਈਆਂ, ਜੋ ਖ਼ੁਦ ਗਿੱਲੇ ਪਾਸੇ ਸੌਂ ਕੇ ਬੱਚੇ ਨੂੰ ਸੁੱਕੇ ਪਾਸੇ ਪਾਉਂਦੀਆਂ ਸਨ। ਇਸ ਨੇ ਸਾਡੇ ਕੋਲੋਂ ਉਹ ਸਾਂਝੇ ਵਿਹੜੇ, ਉਹ ਚਰਖਿਆਂ ਦੀਆਂ ਮਹਿਫ਼ਲਾਂ, ਉਹ ਦਾਦੀਆਂ ਦੀਆਂ ਬਾਤਾਂ ਤੇ ਉਹ ਨਿੱਘੇ ਰਿਸ਼ਤੇ ਵੀ ਹੌਲੀ-ਹੌਲੀ ਖੋਹ ਲਏ ਹਨ। ਅੱਜ ਘਰ ਵੱਡੇ ਹੋ ਗਏ ਹਨ ਪਰ ਦਿਲਾਂ ਦੇ ਵਿਹੜੇ ਸੁੰਨ੍ਹੇ ਪੈ ਗਏ ਹਨ।
ਮੁੜ ਬਚਪਨ ’ਚ ਜਾਣ ਨੂੰ ਲੋਚਦਾ ਮਨ
ਜਦੋਂ ਵੀ ਬਚਪਨ ਦੀ ਕੋਈ ਯਾਦ ਮਨ ’ਚ ਝਾਤੀ ਮਾਰਦੀ ਹੈ ਤਾਂ ਅੰਦਰੋਂ ਹੂਕ ਉੱਠਦੀ ਹੈ। ਲੱਗਦਾ ਹੈ ਜਿਵੇਂ ਸਮਾਂ ਮੁੱਠੀ ਵਿੱਚੋਂ ਰੇਤ ਵਾਂਗ ਕਿਰ ਗਿਆ ਹੋਵੇ। ਫਿਰ ਮਨ ਆਖਦਾ ਹੈ, ‘ਬਚਪਨ ਕਰ ਗਿਆ ਝਾਤੀ, ਓ ਰੱਬਾ! ਕਿੱਥੇ ਜਾਨ ਫਸਾ’ਤੀ।’ ਸੱਚਮੁੱਚ ਬਚਪਨ ਜ਼ਿੰਦਗੀ ਦਾ ਉਹ ਸੁਨਹਿਰੀ ਅਧਿਆਇ ਹੈ, ਜਿਸ ਦੀ ਮਹਿਕ ਉਮਰ ਭਰ ਮਨ ਦੇ ਸਫ਼ਿਆਂ ’ਚ ਵਸੀ ਰਹਿੰਦੀ ਹੈ। ਜਦੋਂ ਵੀ ਇਹ ਯਾਦ ਆਉਂਦਾ ਹੈ, ਦਿਲ ਦੇ ਤਾਰ ਆਪਣੇ ਆਪ ਛਿੜ ਪੈਂਦੇ ਹਨ ਤੇ ਮਨ ਮੁੜ ਉਸੇ ਮਾਸੂਮ ਦੁਨੀਆ ’ਚ ਪਰਤ ਜਾਣ ਲਈ ਤਰਸਣ ਲੱਗ ਪੈਂਦਾ ਹੈ।
- ਮਨਜੀਤ ਸਿੰਘ ਧਾਲੀਵਾਲ