- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
Punjabi Theatre : ਪੰਜਾਬੀ ਰੰਗਮੰਚ ਤੋਂ ਸ਼ੁਰੂ ਹੋ ਕੇ ਫਿਲਮਾਂ ਵਿਚ ਚਾਚੀ ਅਤਰੋ ਦੇ ਕਿਰਦਾਰ ਨੂੰ ਅਮਰ ਕਰਨ ਵਾਲੇ ਸਰੂਪ ਪਰਿੰਦਾ (Saroop parinda) ਦਾ ਜਨਮ ਬਠਿੰਡਾ ਵਿਖੇ ਹੋਇਆ। ਬਚਪਨ ’ਚ ਪਿੰਡ ਵਿਚ ਹੋਣ ਵਾਲੀ ਰਾਮਲੀਲ੍ਹਾ ’ਚ ਭਾਗ ਲੈਂਦਿਆਂ ਹੌਲੀ-ਹੌਲੀ ਐਕਟਿੰਗ ਤੇ ਰੰਗਮੰਚ ਦਾ ਸ਼ੌਕ (Acting and theater hobby) ਉਸ ਲਈ ਜਨੂੰਨ ਬਣ ਗਿਆ।

ਪੰਜਾਬੀ ਰੰਗਮੰਚ (Punjabi Theatre) ਤੋਂ ਸ਼ੁਰੂ ਹੋ ਕੇ ਫਿਲਮਾਂ ਵਿਚ ਚਾਚੀ ਅਤਰੋ ਦੇ ਕਿਰਦਾਰ ਨੂੰ ਅਮਰ ਕਰਨ ਵਾਲੇ ਸਰੂਪ ਪਰਿੰਦਾ (Saroop parinda) ਦਾ ਜਨਮ ਬਠਿੰਡਾ ਵਿਖੇ ਹੋਇਆ। ਬਚਪਨ ’ਚ ਪਿੰਡ ਵਿਚ ਹੋਣ ਵਾਲੀ ਰਾਮਲੀਲ੍ਹਾ ’ਚ ਭਾਗ ਲੈਂਦਿਆਂ ਹੌਲੀ-ਹੌਲੀ ਐਕਟਿੰਗ ਤੇ ਰੰਗਮੰਚ ਦਾ ਸ਼ੌਕ (Acting and theater hobby) ਉਸ ਲਈ ਜਨੂੰਨ ਬਣ ਗਿਆ। ਮਾਪਿਆਂ ਨੇ ਉਸ ਦਾ ਨਾਂ ਸਰੂਪ ਸਿੰਘ (Saroop Singh) ਰੱਖਿਆ। ਬਚਪਨ ਤੋਂ ਹੀ ਰੰਗਮੰਚ ਨਾਲ ਜੁੜੇ ਸਰੂਪ ਪਰਿੰਦਾ ਜਦੋਂ ਮਹਿੰਦਰ ਸਿੰਘ ਬਾਵਰਾ ਦੇ ਥੀਏਟਰ ਕਲੱਬ ਨਾਲ ਜੁੜੇ ਤਾਂ ਉੱਥੇ ਪਹਿਲਾਂ ਤੋਂ ਹੀ ਸਰੂਪ ਸਿੰਘ ਪੰਛੀ ਨਾਂ ਦਾ ਅਦਾਕਾਰ ਕੰਮ ਕਰਦਾ ਸੀ। ਇਸ ਤਰ੍ਹਾਂ ਹੌਲੀ-ਹੌਲੀ ਸਰੂਪ ਸਿੰਘ ਦਾ ਨਾਂ ਵੀ ਸਰੂਪ ਪਰਿੰਦਾ ਹੋ ਗਿਆ।
ਪਬਲਿਕ ਰਿਲੇਸ਼ਨ ਵਿਭਾਗ ’ਚ ਮਿਲੀ ਨੌਕਰੀ
ਉਸ ਦੀ ਕਾਮੇਡੀ ਦੇਖ ਕੇ ਇਕ ਵਾਰ ਇਕ ਮੰਤਰੀ ਨੇ ਉਸ ਨੂੰ ਪੰਜ ਰੁਪਏ ਇਨਾਮ ਦੇ ਨਾਲ ਪੰਜਾਬ ਦੇ ਪਬਲਿਕ ਰਿਲੇਸ਼ਨ ਵਿਭਾਗ (Public Relations Department) ਵਿਚ ਨੌਕਰੀ ਦੇ ਦਿੱਤੀ। ਨੌਕਰੀ ਦੌਰਾਨ ਵੀ ਉਹ ਆਪਣੀ ਅਦਾਕਾਰੀ ਨੂੰ ਪੂਰਾ ਸਮਾਂ ਦਿੰਦਾ ਰਹੇ। ਇਸੇ ਦਾ ਨਤੀਜਾ ਹੈ ਕਿ ਅੱਜ ਅਸੀਂ ਸਰੂਪ ਪਰਿੰਦਾ ਨੂੰ ਭੁਲਾ ਕੇ ਚਾਚੀ ਅਤਰੋ (Chachi Atro) ਨੂੰ ਆਪਣੇ ਦਿਲਾਂ ’ਚ ਵਸਾ ਚੁੱਕੇ ਹਾਂ। ਉਨ੍ਹਾਂ ਪੰਜ ਦਹਾਕੇ ਪੰਜਾਬੀ ਰੰਗਮੰਚ ਦੀ ਸੇਵਾ ਕੀਤੀ। ਘੱਟ-ਪੜ੍ਹੇ ਲਿਖੇ ਹੋਣ ਦੇ ਬਾਵਜੂਦ ਪੰਜਾਬੀ ਬੋਲੀ ’ਤੇ ਉਸ ਦੀ ਪਕੜ ਬਹੁਤ ਵਧੀਆ ਸੀ। ਉਹ ਪੇਂਡੂ ਔਰਤਾਂ ਦੀ ਤਰ੍ਹਾਂ ਗੱਲਬਾਤ ਕਰਦਾ। ਉਸ ਦੀ ਬੋਲੀ ਤੇ ਰਹਿਣ-ਸਹਿਣ ਵਿੱਚੋਂ ਪਿੰਡਾਂ ਦੀ ਨੁਹਾਰ ਬਾਖ਼ੂਬੀ ਝਲਕਦੀ ਦਿਖਾਈ ਦਿੰਦੀ ਸੀ। ਇਸ ਦੌਰਾਨ ਉਹ ਪੰਜਾਬੀ ਇੰਡਸਟਰੀ ਦੇ ਥੀਏਟਰ ਤੇ ਫਿਲਮਾਂ ਦੇ ਬਿਹਤਰੀਨ ਕਲਾਕਾਰਾਂ ਦੇ ਸੰਪਰਕ ਵਿਚ ਆਇਆ।
ਪੰਜਾਬੀ ਫਿਲਮਾਂ ਨੂੰ ਦਿੱਤੀ ਨਵੀਂ ਪਛਾਣ
ਉਸ ਨੇ ਜਸਵਿੰਦਰ ਭੱਲਾ, ਮੇਹਰ ਮਿੱਤਲ, ਰਾਣਾ ਰਣਵੀਰ, ਭਗਵੰਤ ਮਾਨ, ਗੁਰਪ੍ਰੀਤ ਘੁੱਗੀ, ਯੋਗਰਾਜ ਤੇ ਗੁੱਗੂ ਗਿੱਲ ਵਰਗੇ ਸੁਪਰਹਿੱਟ ਕਲਾਕਾਰਾਂ ਨਾਲ ਕੰਮ ਕਰ ਕੇ ਪੰਜਾਬੀ ਸਿਨੇਮਾ ਨੂੰ ਚਾਰ ਚੰਨ ਲਾਉਂਦਿਆਂ ਨਵੀਂ ਪਛਾਣ ਦਿੱਤੀ। 1980 ’ਚ ਸਰੂਪ ਪਰਿੰਦਾ ਜਦੋਂ ਜਸਵਿੰਦਰ ਭੱਲਾ ਨਾਲ ਹਿੰਦੀ ਫਿਲਮ ‘ਸਾਸੋਂ ਕੀ ਸਰਗਮ’ ਕਰ ਰਿਹਾ ਸੀ ਤਾਂ ਭੱਲਾ ਸਾਬ੍ਹ ਨੇ ਕਿਹਾ ਕਿ ਆਪਾਂ ਜਲੰਧਰ ਦੂਰਦਰਸ਼ਨ ’ਤੇ ਸੀਰੀਅਲ ਸ਼ੁਰੂ ਕਰਨਾ ਚਾਹੁੰਦੇ ਹਾਂ, ਤੁਸੀਂ ਆਪਣਾ ਨਾਂ ਸੰਤੋ-ਬੰਤੋ ਜਾਂ ਕੋਈ ਹੋਰ ਕਿਉਂ ਨਹੀਂ ਰੱਖਦੇ। ਉਦੋਂ ਉਸ ਨੂੰ ਯਾਦ ਆਇਆ ਕਿ ਉਸ ਦੇ ਗੁਆਂਢ ਵਿਚ ਦੋ ਸਕੀਆਂ ਭੈਣਾਂ ਰਹਿੰਦੀਆਂ ਹਨ, ਜਿਨ੍ਹਾਂ ਦਾ ਨਾਂ ਅਤਰੋ-ਚਤਰੋ ਸੀ। ਉਨ੍ਹਾਂ ਨੂੰ ਦੇਖ ਕੇ ਹੀ ਉਸ ਨੇ ਆਪਣਾ ਨਾਂ ਅਤਰੋ ਅਤੇ ਆਪਣੇ ਗੁਆਂਢੀ ਦੇਸ ਰਾਜ ਸ਼ਰਮਾ ਦਾ ਨਾਂ ਚਤਰੋ ਰੱਖਿਆ।
ਅਤਰੋ-ਚਤਰੋ ਦੀ ਜੋੜੀ ਨੇ ਖ਼ੂਬ ਨਾਮ ਕਮਾਇਆ
80 ਦੇ ਦਹਾਕੇ ’ਚ ਪੰਜਾਬੀ ਸਿਨੇਮਾ ’ਚ ਅਤਰੋ-ਚਤਰੋ ਦੀ ਜੋੜੀ ਨੇ ਖ਼ੂਬ ਨਾਮ ਕਮਾਇਆ। ਇਕ ਵਾਰ ਉਨ੍ਹਾਂ ਦੀ ਅਦਾਕਾਰੀ ਤੋਂ ਖ਼ੁਸ਼ ਹੋ ਕੇ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਚਿੱਠੀ ਲਿਖ ਕੇ ਉਨ੍ਹਾਂ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ। ਉਨ੍ਹਾਂ ਦੇ ਨਾਂ ’ਤੇ ਅੰਮ੍ਰਿਤਸਰ ’ਚ ਕੱਪੜੇ ਵੀ ਆਏ, ਜੋ ਪੂਰੇ ਪੰਜਾਬ ਵਿਚ ਪ੍ਰਸਿੱਧ ਹੋਏ।
ਬਿਹਤਰੀਨ ਅਦਾਕਾਰੀ ਦਾ ਲੋਹਾ ਮੰਨਵਾਇਆ
ਆਪਣੇ ਜੀਵਨ ਦੌਰਾਨ ਉਨ੍ਹਾਂ ਨੇ ਤੀਹ ਫੀਚਰ ਤੇ ਪੰਜਾਹ ਟੈਲੀ ਫਿਲਮਾਂ ਦੇ ਕੇ ਪੂਰੀ ਦੁਨੀਆ ਵਿਚ ਆਪਣੀ ਬਿਹਤਰੀਨ ਅਦਾਕਾਰੀ (Best acting) ਦਾ ਲੋਹਾ ਮੰਨਵਾਇਆ। ਉਨ੍ਹਾਂ ਦੀਆਂ ਪ੍ਰਸਿੱਧ ਫੀਚਰ ਫਿਲਮਾਂ ਵਿਚ ਪੁੱਤ ਜੱਟਾਂ ਦੇ, ਜੱਟ ਤੇ ਜ਼ਮੀਨ, ਯਾਰੀ ਜੱਟ ਦੀ, ਪਟੋਲਾ, ਜੱਟ ਸੂਰਮੇ ਅਤੇ ਸੈਦਨ ਜੋਗਣ ਦੇ ਨਾਲ-ਨਾਲ ਅਤਰੋ ਡਾਰਲਿੰਗ ਆਈ ਲਵ ਯੂ, ਗੂੰਗੇ ਦਾ ਵਿਆਹ, ਬਾਪੂ ਦਾ ਵਿਆਹ, ਮੋਮੋਠੱਗਣੀਆਂ, ਛੜਾ ਜੇਠ, ਅਤਰੋ ਚੱਕ ਦੇ ਫੱਟੇ ਤੇ ਅਤਰੋ ਦਾ ਕਾਕਾ ਵਰਗੀਆਂ ਸੁਪਰਹਿੱਟ ਟੈਲੀ ਫਿਲਮਾਂ ਰਾਹੀਂ ਪੰਜਾਬੀ ਸਿਨੇਮਾ ਨੂੰ ਬੁਲੰਦੀਆਂ ’ਤੇ ਪਹੁੰਚਾਉਂਦਿਆਂ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਤੋਂ ਪੂਰੀ ਦੁਨੀਆ ਨੂੰ ਜਾਣੂ ਕਰਵਾਇਆ।
ਕਾਮੇਡੀ ’ਚ ਹੁੰਦਾ ਸੀ ਸੁਨੇਹਾ
ਕਾਮੇਡੀ ਦੇ ਨਾਲ-ਨਾਲ ਉਸ ਨੇ ਪੰਜਾਬੀ ਟੀਵੀ ਨਾਟਕ ਘਰ ਜਵਾਈ, ਨਸੀਹਤ, ਫਲਾਤੋ, ਕੁੱਲ੍ਹੀ ਯਾਰ ਦੀ ਅਤੇ ਇਕ ਕਿਤਾਬ ਮੇਰੇ ਜੀਵਨ ਮੇਰੇ ਹਾਸੇ ਵੀ ਮਾਂ-ਬੋਲੀ ਦੀ ਝੋਲੀ ਪਾਈ। ਉਹ ਸਾਰੀ ਉਮਰ ਲੋਕਾਂ ਦਾ ਮਨੋਰੰਜਨ ਕਰਦੇ ਰਹੇ। ਉਨ੍ਹਾਂ ਦੀ ਕਾਮੇਡੀ ਵਿਚ ਵਿਅੰਗ ਦੇ ਨਾਲ-ਨਾਲ ਸਾਰਥਿਕ ਸੁਨੇਹਾ ਵੀ ਹੁੰਦਾ ਸੀ। ਸਮਾਜ ਦੀ ਦਸ਼ਾ ਨੂੰ ਉਹ ਬਾਖ਼ੂਬੀ ਆਪਣੀ ਅਦਾਕਾਰੀ ਰਾਹੀਂ ਲੋਕਾਂ ਸਾਹਮਣੇ ਪੇਸ਼ ਕਰਦੇ।
ਦੁਨੀਆ ਤੋਂ ਰੁਖ਼ਸਤ
ਲੋਕਾਂ ਨੂੰ ਹਸਾਉਣ ਤੇ ਚਾਚੀ ਅਤਰੋ ਨੂੰ ਅਮਰ ਕਰਨ ਵਾਲਾ ਸਰੂਪ ਪਰਿੰਦਾ 04 ਮਾਰਚ 2016 ਨੂੰ ਪੰਜਾਬੀ ਰੰਗਮੰਚ ਨੂੰ ਅਲਵਿਦਾ ਕਹਿੰਦਿਆਂ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ। ਉਹ ਸਰੀਰਕ ਰੂਪ ’ਚ ਤਾਂ ਭਾਵੇਂ ਸਾਡੇ ਕੋਲ ਨਹੀਂ ਰਹੇ ਪਰ
ਚਾਚੀ ਅਤਰੋ ਦੇ ਕਿਰਦਾਰ ਦੇ ਰੂਪ ਵਿਚ ਹਮੇਸ਼ਾ ਸਾਰਿਆਂ ਦੇ ਦਿਲਾਂ ’ਚ ਜਿਉਂਦੇ ਰਹਿਣਗੇ।
• ਰਜਵਿੰਦਰ ਪਾਲ ਸ਼ਰਮਾ