- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਵੀ ਚੇਤਿਆਂ ’ਚ ਉਹ ਮਿੱਠੀ ਕਸਕ ਜਿਊਂਦੀ ਹੈ, ਜਦੋਂ ਕਿਸੇ ਬਹੁਤ ਹੀ ਖ਼ਾਸ ਤੇ ਅਜ਼ੀਜ਼ ਖ਼ਤ ਦੀ ਆਸ ਹਰ ਰੋਜ਼ ਲੱਗੀ ਰਹਿੰਦੀ ਪਰ ਉਹ ਚਿੱਠੀ ਨਾ ਆਉਂਦੀ ਜਿਸ ਦੀ ਸਭ ਤੋਂ ਵੱਧ ਉਡੀਕ ਹੁੰਦੀ ਸੀ ਪਰ ਫਿਰ ਵੀ, ਮਨ ਨਿਰਾਸ਼ ਨਹੀਂ ਸੀ ਹੁੰਦਾ, ਇਕ ਅਜੀਬ ਜਿਹਾ ਸਬਰ ਹੁੰਦਾ ਕਿ ਅੱਜ ਨਹੀਂ ਤਾਂ ਕੱਲ੍ਹ, ਜਾਂ ਆਉਣ ਵਾਲੇ ਕਿਸੇ ਨਵੇਂ ਦਿਨ ਉਹ ਸੁਨੇਹਾ ਜਨਕ ਸਿੰਘ ਜੀ ਦੇ ਜ਼ਰੀਏ ਮੇਰੇ ਬੂਹੇ ’ਤੇ ਜ਼ਰੂਰ ਦਸਤਕ ਦੇਵੇਗਾ ਪਰ ਵਕਤ ਦੀ ਫ਼ਿਰਕੀ ਕਦੋਂ ਬਦਲੀ, ਪਤਾ ਹੀ ਨਹੀਂ ਲੱਗਿਆ।

ਨਵਦੀਪ ਸਿੰਘ ਝੁਨੀਰ
ਜ਼ਿੰਦਗੀ ਦੇ ਸਫ਼ਰ ’ਚ ਕੁਝ ਇਨਸਾਨ ਅਜਿਹੇ ਮਿਲਦੇ ਹਨ, ਜਿਨ੍ਹਾਂ ਨਾਲ ਸਾਡੀ ਕੋਈ ਪਰਿਵਾਰਕ ਸਾਂਝ ਨਹੀਂ ਹੁੰਦੀ ਪਰ ਉਹ ਆਪਣੀ ਸਾਦਗੀ ਅਤੇ ਸਾਫ਼ਗੋਈ ਸਦਕਾ ਸਾਡੇ ਮਨ ਨੂੰ ਮੋਹ ਲੈਂਦੇ ਹਨ ਅਤੇ ਸਾਡੇ ਚੇਤਿਆਂ ਦਾ ਇਕ ਅਹਿਮ ਹਿੱਸਾ ਬਣ ਜਾਂਦੇ ਹਨ। ਮੇਰੇ ਜੀਵਨ ’ਚ ਅਜਿਹਾ ਹੀ ਇਕ ਨਿੱਘਾ ਅਤੇ ਸਾਦਗੀ ਭਰਿਆ ਰਿਸ਼ਤਾ ਸਾਡੇ ਪਿੰਡ ਦੇ ਡਾਕੀਏ ਜਨਕ ਸਿੰਘ ਚੈਨੇਵਾਲਾ ਨਾਲ ਰਿਹਾ ਹੈ।
ਅੱਜ ਜਦੋਂ ਮੈਂ ਇਕ ਅਧਿਆਪਕ ਵਜੋਂ ਜ਼ਿੰਦਗੀ ਦੇ ਇਸ ਮੁਕਾਮ ’ਤੇ ਖੜ੍ਹ ਕੇ ਜਾਂ ਮੋਬਾਈਲ ਫ਼ੋਨਾਂ ਤੇ ਵ੍ਹਟਸਐਪ ਸੁਨੇਹਿਆਂ ਦੇ ਇਸ ਡਿਜੀਟਲ ਯੁੱਗ ’ਚੋਂ ਪਿੱਛੇ ਮੁੜ ਕੇ ਵੇਖਦਾ ਹਾਂ, ਤਾਂ ਲੱਗਦਾ ਹੈ ਕਿ ਅਸੀਂ ਸਿਰਫ਼ ਸਨੇਹ-ਭਿੱਜੀਆਂ ਚਿੱਠੀਆਂ ਹੀ ਨਹੀਂ ਗੁਆਈਆਂ, ਸਗੋਂ ਉਡੀਕ ਅਤੇ ਸਬਰ ਦੀ ਉਹ ਨਿਆਮਤ, ਰਿਸ਼ਤਿਆਂ ਦੀ ਉਹ ਸੁਭਾਵਿਕ ਗਰਮਾਹਟ ਅਤੇ ਕਾਗਜ਼ ’ਤੇ ਲਿਖੇ ਜਜ਼ਬਾਤਾਂ ਦੀ ਉਹ ਖ਼ੁਸ਼ਬੂ ਵੀ ਕਿਤੇ ਪਿੱਛੇ ਛੱਡ ਆਏ ਹਾਂ।
ਮੇਰੇ ਅੰਦਰ ਅਤੀਤ ਦੀਆਂ ਇਨ੍ਹਾਂ ਯਾਦਾਂ ਦਾ ਸਰਮਾਇਆ ਮੇਰੇ ਬਚਪਨ ਦੇ ਦਿਨਾਂ ਵਿਚਲੇ ਰੇਡੀਓ ਸੁਣਨ ਦੇ ਸ਼ੌਕ ਤੋਂ ਇਕੱਠਾ ਹੋਣਾ ਸ਼ੁਰੂ ਹੋਇਆ ਸੀ। ਗੱਲ 1998 ਦੀ ਹੈ, ਜਦੋਂ ਮੈਂ ਆਪਣੀ ਇਕ ਦੁਕਾਨ ਸ਼ੁਰੂ ਕੀਤੀ ਸੀ ਅਤੇ ਦੁਕਾਨ ’ਤੇ ਕੰਮ ਕਰਦਿਆਂ ਰੇਡੀਓ ਸੁਣਨ ਦਾ ਇਹ ਸ਼ੌਕ ਹੋਰ ਵੀ ਗੂੜ੍ਹਾ ਹੋ ਗਿਆ। ਮੈਂ ਆਕਾਸ਼ਵਾਣੀ ਨੂੰ ਲਗਾਤਾਰ ਖ਼ਤ ਲਿਖਣੇ ਸ਼ੁਰੂ ਕੀਤੇ ਅਤੇ ‘ਦੇਸ ਪੰਜਾਬ’ ਦੇ ਪ੍ਰੋਗਰਾਮ ‘ਰਾਬਤਾ’ ਤੋਂ ਸ਼ੁਰੂ ਹੋਈ ਇਹ ਸਾਂਝ ਹੌਲੀ-ਹੌਲੀ ਗੂੜ੍ਹੀਆਂ ਕਲਮੀ ਦੋਸਤੀਆਂ ’ਚ ਬਦਲ ਗਈ। ਚੜ੍ਹਦੇ ਅਤੇ ਲਹਿੰਦੇ ਪੰਜਾਬ ’ਚ ਮੇਰੇ ਅਜਿਹੇ ਕਲਮੀ ਦੋਸਤ ਬਣ ਗਏ ਸਨ, ਜਿਨ੍ਹਾਂ ਨਾਲ ਮੇਰਾ ਰਿਸ਼ਤਾ ਸਿਰਫ਼ ਸ਼ਬਦਾਂ ਦਾ ਨਹੀਂ, ਸਗੋਂ ਰੂਹਾਨੀ ਭਾਵਨਾਵਾਂ ਦਾ ਸੀ। ਹਰ ਰੋਜ਼ ਕਿਸੇ ਨਾ ਕਿਸੇ ਦੋਸਤ ਦੀ ਚਿੱਠੀ, ਕੋਈ ਨਵਾਂ ਸਾਹਿਤਿਕ ਰਸਾਲਾ ਜਾਂ ਹਫ਼ਤਾਵਾਰੀ ਅਖ਼ਬਾਰ ਮੇਰੇ ਪਤੇ 'ਤੇ ਆਉਣਾ ਹੀ ਹੁੰਦਾ ਸੀ, ਜਿਸ ਨੇ ਮੇਰੀ ਜ਼ਿੰਦਗੀ ਵਿੱਚ ਇੱਕ ਅਨੋਖਾ ਉਤਸ਼ਾਹ ਭਰਿਆ ਹੋਇਆ ਸੀ।
ਇਸ ਰੋਜ਼ਾਨਾ ਦੇ ਸਿਲਸਿਲੇ ਨੂੰ ਮੇਰੇ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੇ ਪਿੰਡ ਦੇ ਬਜ਼ੁਰਗ ਡਾਕੀਆ ਜਨਕ ਸਿੰਘ ਚੈਨੇਵਾਲਾ ਨਿਭਾਉਂਦੇ ਸਨ। ਉਮਰ ਪੱਖੋਂ ਭਾਵੇਂ ਉਹ ਮੇਰੇ ਪਿਤਾ ਜੀ ਦੇ ਹਾਣੀ ਸਨ ਪਰ ਡਾਕ ਦੇ ਇਸ ਲਗਾਤਾਰ ਗੇੜ ਨੇ ਸਾਡੀ ਉਮਰ ਦੇ ਫ਼ਰਕ ਨੂੰ ਮਿਟਾ ਕੇ ਇਕ ਗੂੜ੍ਹੀ ਨੇੜਤਾ ਬਣਾ ਦਿੱਤੀ ਸੀ। ਦੁਕਾਨ ’ਤੇ ਬੈਠਿਆਂ ਜਦੋਂ ਦੂਰੋਂ ਹੀ ਜਨਕ ਸਿੰਘ ਜੀ ਦਾ ਸਾਈਕਲ ਅਤੇ ਖ਼ਾਕੀ ਝੋਲਾ ਨਜ਼ਰ ਆਉਣਾ, ਤਾਂ ਮੇਰੇ ਮਨ ਨੂੰ ਇੱਕ ਅਜੀਬ ਜਿਹਾ ਚਾਅ ਚੜ੍ਹ ਜਾਣਾ ਕਿ ‘ਅੱਜ ਮੇਰੀ ਡਾਕ ’ਚ ਨਵਾਂ ਕੀ ਆਇਆ ਹੋਵੇਗਾ?’
ਜਨਕ ਸਿੰਘ ਜੀ ਵੀ ਜਿਵੇਂ ਆਪਣਾ ਸਰਕਾਰੀ ਫ਼ਰਜ਼ ਨਹੀਂ, ਸਗੋਂ ਕੋਈ ਪਰਿਵਾਰਕ ਸਾਂਝ ਨਿਭਾ ਰਹੇ ਹੁੰਦੇ ਸਨ। ਉਹ ਮੁਸਕਰਾਉਂਦੇ ਹੋਏ ਮੇਰੀ ਦੁਕਾਨ ’ਤੇ ਰੁਕਦੇ, ਮੇਰੀਆਂ ਅੱਖਾਂ ਵਿਚਲੀ ਉਤਸੁਕਤਾ ਨੂੰ ਪੜ੍ਹਦੇ ਹੋਏ ਡਾਕ ਮੇਰੇ ਹਵਾਲੇ ਕਰ ਦਿੰਦੇ। ਫਿਰ ਸਾਡੀਆਂ ਲੰਬੀਆਂ ਗੱਲਾਂ ਦਾ ਸਿਲਸਿਲਾ ਸ਼ੁਰੂ ਹੁੰਦਾ। ਉਹ ਮੇਰੇ ਕੋਲ ਘੰਟਿਆਂ ਬੱਧੀ ਬੈਠਦੇ, ਚਾਹ-ਪਾਣੀ ਪੀਂਦੇ ਅਤੇ ਸੁਖ-ਸਾਂਦ ਪੁੱਛਦੇ ਉਹ ਕਦੋਂ ਮੈਨੂੰ ਮੇਰੇ ਪਰਿਵਾਰ ਦੇ ਇੱਕ ਮੈਂਬਰ ਭਾਸਣ ਲੱਗ ਗਏ, ਪਤਾ ਹੀ ਨਹੀਂ ਲੱਗਿਆ।
ਉਸ ਸੁਨਹਿਰੀ ਦੌਰ ’ਚ ਚਿੱਠੀਆਂ ਸਿਰਫ਼ ਕਾਗਜ਼ ਦੇ ਬੇਜਾਨ ਪੰਨੇ ਨਹੀਂ ਹੁੰਦੀਆਂ ਸਨ, ਬਲਕਿ ਉਨ੍ਹਾਂ ਦੀ ਹਰ ਇਕ ਇਬਾਰਤ ’ਚ ਲਿਖਣ ਵਾਲੇ ਦੀ ਰੂਹ ਧੜਕਦੀ ਸੀ। ਕਿਸੇ ਦੀ ਲਿਖਾਈ ਦੇ ਟੇਢੇ-ਮੇਢੇ ਅੱਖਰਾਂ ’ਚੋਂ ਉਸ ਦਾ ਸੁਭਾਅ ਝਲਕਦਾ, ਸਿਆਹੀ ਦੀ ਮਹਿਕ ’ਚੋਂ ਅਪਣੱਤ ਦਾ ਅਹਿਸਾਸ ਹੁੰਦਾ ਅਤੇ ਕਾਗਜ਼ ਦੀਆਂ ਤਹਿਆਂ ’ਚ ਉਂਗਲਾਂ ਦੇ ਪੋਟਿਆਂ ਦੀ ਛੋਹ ਤੇ ਭਾਵਨਾਵਾਂ ਲੁਕੀਆਂ ਹੁੰਦੀਆਂ ਸਨ। ਇੱਕੋ ਚਿੱਠੀ ਨੂੰ ਵਾਰ-ਵਾਰ ਪੜ੍ਹਿਆ ਜਾਂਦਾ, ਹਿੱਕ ਨਾਲ ਲਾ ਕੇ ਸੰਭਾਲਿਆ ਜਾਂਦਾ ਅਤੇ ਇਕਾਂਤ ਵਿੱਚ ਬੈਠ ਕੇ ਮੁੜ-ਮੁੜ ਖੋਲ੍ਹਦਿਆਂ ਉਸ ਦੇ ਲਫ਼ਜ਼ਾਂ ਦਾ ਰਸ ਮਾਣਿਆ ਜਾਂਦਾ ਸੀ।
ਅੱਜ ਵੀ ਚੇਤਿਆਂ ’ਚ ਉਹ ਮਿੱਠੀ ਕਸਕ ਜਿਊਂਦੀ ਹੈ, ਜਦੋਂ ਕਿਸੇ ਬਹੁਤ ਹੀ ਖ਼ਾਸ ਤੇ ਅਜ਼ੀਜ਼ ਖ਼ਤ ਦੀ ਆਸ ਹਰ ਰੋਜ਼ ਲੱਗੀ ਰਹਿੰਦੀ ਪਰ ਉਹ ਚਿੱਠੀ ਨਾ ਆਉਂਦੀ ਜਿਸ ਦੀ ਸਭ ਤੋਂ ਵੱਧ ਉਡੀਕ ਹੁੰਦੀ ਸੀ ਪਰ ਫਿਰ ਵੀ, ਮਨ ਨਿਰਾਸ਼ ਨਹੀਂ ਸੀ ਹੁੰਦਾ, ਇਕ ਅਜੀਬ ਜਿਹਾ ਸਬਰ ਹੁੰਦਾ ਕਿ ਅੱਜ ਨਹੀਂ ਤਾਂ ਕੱਲ੍ਹ, ਜਾਂ ਆਉਣ ਵਾਲੇ ਕਿਸੇ ਨਵੇਂ ਦਿਨ ਉਹ ਸੁਨੇਹਾ ਜਨਕ ਸਿੰਘ ਜੀ ਦੇ ਜ਼ਰੀਏ ਮੇਰੇ ਬੂਹੇ ’ਤੇ ਜ਼ਰੂਰ ਦਸਤਕ ਦੇਵੇਗਾ ਪਰ ਵਕਤ ਦੀ ਫ਼ਿਰਕੀ ਕਦੋਂ ਬਦਲੀ, ਪਤਾ ਹੀ ਨਹੀਂ ਲੱਗਿਆ। ਸਾਲ 2004 ’ਚ ਮੇਰੀ ਜ਼ਿੰਦਗੀ ’ਚ ‘ਕੰਪਿਊਟਰ’ ਦੀ ਆਮਦ ਹੋਈ ਅਤੇ ਤਕਨਾਲੋਜੀ ਦੇ ਇਸ ਨਵੇਂ ਰੰਗ ਨੇ ਮੇਰਾ ਬਹੁਤਾ ਸਮਾਂ ਆਪਣੇ ਵੱਲ ਖਿੱਚ ਲਿਆ। ਨਤੀਜਾ ਇਹ ਹੋਇਆ ਕਿ ਰੇਡੀਓ ਸੁਣਨ ਅਤੇ ਖ਼ਤ ਲਿਖਣ ਦੇ ਉਸ ਸਿਲਸਿਲੇ ਵਿੱਚ ਹੌਲੀ-ਹੌਲੀ ਇਕ ਖੜੋਤ ਆ ਗਈ ਅਤੇ ਚਿੱਠੀਆਂ ਦਾ ਆਉਣ-ਜਾਣ ਘਟਣ ਲੱਗ ਪਿਆ। ਜ਼ਿੰਦਗੀ ਦੇ ਇਸ ਸਫ਼ਰ ਵਿੱਚ ਅਗਲਾ ਵੱਡਾ ਮੋੜ ਸਾਲ 2009 ’ਚ ਆਇਆ, ਜਦੋਂ ਮੈਂ ‘ਬੀ.ਐੱਡ.’ ਕਰਨ ਲਈ ਬਰੇਟੇ ਚਲਾ ਗਿਆ। ਪੜ੍ਹਾਈ ਦੇ ਰੁਝੇਵੇਂ ਅਤੇ ਜ਼ਿੰਦਗੀ ਦੀ ਨਵੀਂ ਦੌੜ ਕਾਰਨ ਚਿੱਠੀਆਂ ਲਿਖਣ ਅਤੇ ਰੇਡੀਓ ਸੁਣਨ ਦਾ ਉਹ ਪੁਰਾਣਾ ਅਧਿਆਏ ਬਿਲਕੁਲ ਹੀ ਬੰਦ ਹੋ ਗਿਆ।
ਇਸੇ ਦੌਰਾਨ ਵਕਤ ਦੇ ਬਦਲਦੇ ਦੌਰ ਦੇ ਨਾਲ, ਪਿੰਡ ਦੇ ਹਰ ਦਿਲ ਅਜ਼ੀਜ਼ ਬਜ਼ੁਰਗ ਡਾਕੀਆ ਜਨਕ ਸਿੰਘ ਜੀ ਵੀ ਆਪਣੀ ਸੇਵਾਮੁਕਤੀ ਲੈ ਕੇ ਡਾਕ ਵਿਭਾਗ ਤੋਂ ਵਿਦਾ ਹੋ ਗਏ ਪਰ ਇਸ ਸਭ ਦੇ ਬਾਵਜੂਦ, ਦਿਲ ਦੇ ਕਿਸੇ ਅਣਗੌਲੇ ਕੋਨੇ ’ਚ ਰੇਡੀਓ ਸੁਣਨ ਦੀ ਉਹ ਮਿੱਠੀ ਕਸਕ ਅਤੇ ਚਿੱਠੀਆਂ ਦੀ ਪੁਰਾਣੀ ਖ਼ੁਸ਼ਬੂ ਹਾਲੇ ਵੀ ਰਹਿ-ਰਹਿ ਕੇ ਕੜਵੱਲ ਪਾ ਰਹੀ ਸੀ, ਜੋ ਮੈਨੂੰ ਮੁੜ-ਮੁੜ ਆਪਣੇ ਅਤੀਤ ਵੱਲ ਖਿੱਚਦੀ ਸੀ।
ਅੱਜ ਵੀ ਜਦੋਂ ਮੈਂ ਆਪਣੀ ਮਾਂ-ਬੋਲੀ ’ਚ ਕੁਝ ਲਿਖ ਰਿਹਾ ਹੁੰਦਾ ਹਾਂ, ਤਾਂ ਮੇਰੀ ਕਲਮ ਅਤੀਤ ਦੇ ਉਸ ਸੁਨਹਿਰੀ ਪੰਨੇ ’ਤੇ ਅਟਕ ਜਾਂਦੀ ਹੈ। ਮੈਨੂੰ ਮੇਰੇ ਬੀਤੇ ਵੇਲਿਆਂ ਦਾ ਉਹ ਦੌਰ ਸ਼ਿੱਦਤ ਨਾਲ ਯਾਦ ਆਉਂਦਾ ਹੈ ਜਿਸ ’ਚ ਜਨਕ ਸਿੰਘ ਚਿੱਠੀਆਂ ਦੇ ਰੂਪ ’ਚ ਮੇਰੇ ਲਈ ਪੂਰੀ ਕਾਇਨਾਤ ਸਮੇਟ ਲਿਆਇਆ ਕਰਦੇ ਸਨ।
ਅੱਜ ਮੈਨੂੰ ਨਹੀਂ ਪਤਾ ਕਿ ਮੇਰੇ ਸਤਿਕਾਰਯੋਗ ਜਨਕ ਸਿੰਘ ਜੀ ਕਿੱਥੇ ਰਹਿ ਰਹੇ ਹਨ ਅਤੇ ਆਪਣੀ ਉਮਰ ਦੇ ਇਸ ਪੜਾਅ 'ਤੇ ਕਿਸ ਹਾਲ ਵਿੱਚ ਹਨ। ਕਈ ਵਾਰ ਅੱਜ ਵੀ ਦਿਲ ਲੋਚਦਾ ਹੈ ਕਿ ਕਾਸ਼! ਕਿਤੇ ਦੂਰੋਂ ਉਸੇ ਪੁਰਾਣੇ ਸਾਈਕਲ ਦੀ ਘੰਟੀ ਸੁਣਾਈ ਦੇਵੇ ਅਤੇ ਖ਼ਾਕੀ ਵਰਦੀ ਵਾਲੇ ਜਨਕ ਸਿੰਘ ਜੀ ਮੁਸਕਰਾਉਂਦੇ ਹੋਏ ਸਾਹਮਣੇ ਆ ਕੇ ਕਹਿਣ, ‘ਲਓ ਮਾਸਟਰ ਜੀ, ਅੱਜ ਵੀ ਤੁਹਾਡੀ ਇੱਕ ਚਿੱਠੀ ਆਈ ਹੈ।’
ਅੱਜ ਮੈਂ ਯਾਦਾਂ ਦੇ ਇਸ ਝਰੋਖੇ ਵਿੱਚੋਂ ਉਸ ਖ਼ੂਬਸੂਰਤ ਦੌਰ ਅਤੇ ਆਪਣੇ ਪਿਤਾ ਸਮਾਨ ਬਜ਼ੁਰਗ ਡਾਕੀਏ ਚੈਨੇਵਾਲਾ ਪ੍ਰਤੀ ਆਪਣਾ ਅਥਾਹ ਮੋਹ, ਸਤਿਕਾਰ ਅਤੇ ਸ਼ੁਕਰਾਨਾ ਪ੍ਰਗਟ ਕਰਦਾ ਹਾਂ। ਜਨਕ ਸਿੰਘ ਜੀ, ਤੁਸੀਂ ਦੁਨੀਆ ਦੇ ਜਿਸ ਵੀ ਕੋਨੇ ’ਚ ਹੋਵੋ, ਇਹ ਕਲਮ ਅੱਜ ਤੁਹਾਡੀ ਤੰਦਰੁਸਤੀ, ਲੰਮੀ ਉਮਰ ਅਤੇ ਸਲਾਮਤੀ ਦੀ ਦੁਆ ਮੰਗਦੀ ਹੈ। ਤੁਹਾਡੀ ਦਿੱਤੀ ਹੋਈ ਉਹ ਉਡੀਕ ਅਤੇ ਸਿਖਾਇਆ ਹੋਇਆ ਸਬਰ ਅੱਜ ਵੀ ਮੇਰੇ ਅੰਦਰ ਇੱਕ ਅਧਿਆਪਕ ਦੇ ਰੂਪ ਵਿੱਚ ਜ਼ਿੰਦਾ ਹੈ। ਤੁਹਾਡੇ ਨਾਲ ਉਨ੍ਹਾਂ ਵਕਤਾਂ ਦੀ ਸਾਂਝ ਇਹੀ ਦੱਸਦੀ ਹੈ ਕਿ ਕੁਝ ਰਿਸ਼ਤੇ ਵਕਤ ਦੇ ਬਦਲਣ ਨਾਲ ਪੁਰਾਣੇ ਨਹੀਂ ਹੁੰਦੇ, ਉਹ ਉਮਰ ਭਰ ਸਾਡੀ ਰੂਹ ਦਾ ਨਿੱਘ ਬਣੇ ਰਹਿੰਦੇ ਹਨ।