ਆਵਾਜ਼ ਪ੍ਰਦੂਸ਼ਣ ਅਜੋਕੇ ਸਮੇਂ ਦੀ ਇਕ ਗੰਭੀਰ ਸਮੱਸਿਆ ਹੈ। ਵਿਗਿਆਨ ਵਿਚ ਆਵਾਜ਼ ਦੀ ਤੀਬਰਤਾ ਨੂੰ ‘ਡੇਸੀਬਲ’ ਨਾਂ ਦੀ ਇਕਾਈ ਵਿਚ ਮਾਪਿਆ ਜਾਂਦਾ ਹੈ। ਸਾਡੇ ਆਲੇ-ਦੁਆਲੇ ਦੀਆਂ ਧੁਨੀਆਂ ਉਨ੍ਹਾਂ ਦੇ ਸਰੋਤ ’ਤੇ ਨਿਰਭਰ ਕਰਦੀਆਂ ਹਨ ਜਿਵੇਂ ਚੱਲਦੀ ਘੜੀ ਦੀ ਟਿਕ-ਟਿਕ ਦੀ ਆਵਾਜ਼ ਦੀ ਤੀਬਰਤਾ 20 ਡੇਸੀਬਲ, ਘੁਸਰ-ਮੁਸਰ ਦੀ ਤੀਬਰਤਾ 30 ਡੇਸੀਬਲ, ਫਰਿੱਜ ਦੇ ਚੱਲਣ ਦੀ ਤੀਬਰਤਾ 40 ਡੇਸੀਬਲ, ਆਮ ਗੱਲਬਾਤ ਜਾਂ ਏਸੀ ਚੱਲਣ ਦੀ ਆਵਾਜ਼ ਦਾ ਪੱਧਰ 60 ਡੇਸੀਬਲ ਅਤੇ ਵਾਸ਼ਿੰਗ ਮਸ਼ੀਨ ਦੀ ਆਵਾਜ਼ 70 ਡੇਸੀਬਲ ਦੇ ਪੱਧਰ ਦੀ ਹੁੰਦੀ ਹੈ।

ਆਵਾਜ਼ ਪ੍ਰਦੂਸ਼ਣ ਅਜੋਕੇ ਸਮੇਂ ਦੀ ਇਕ ਗੰਭੀਰ ਸਮੱਸਿਆ ਹੈ। ਵਿਗਿਆਨ ਵਿਚ ਆਵਾਜ਼ ਦੀ ਤੀਬਰਤਾ ਨੂੰ ‘ਡੇਸੀਬਲ’ ਨਾਂ ਦੀ ਇਕਾਈ ਵਿਚ ਮਾਪਿਆ ਜਾਂਦਾ ਹੈ। ਸਾਡੇ ਆਲੇ-ਦੁਆਲੇ ਦੀਆਂ ਧੁਨੀਆਂ ਉਨ੍ਹਾਂ ਦੇ ਸਰੋਤ ’ਤੇ ਨਿਰਭਰ ਕਰਦੀਆਂ ਹਨ ਜਿਵੇਂ ਚੱਲਦੀ ਘੜੀ ਦੀ ਟਿਕ-ਟਿਕ ਦੀ ਆਵਾਜ਼ ਦੀ ਤੀਬਰਤਾ 20 ਡੇਸੀਬਲ, ਘੁਸਰ-ਮੁਸਰ ਦੀ ਤੀਬਰਤਾ 30 ਡੇਸੀਬਲ, ਫਰਿੱਜ ਦੇ ਚੱਲਣ ਦੀ ਤੀਬਰਤਾ 40 ਡੇਸੀਬਲ, ਆਮ ਗੱਲਬਾਤ ਜਾਂ ਏਸੀ ਚੱਲਣ ਦੀ ਆਵਾਜ਼ ਦਾ ਪੱਧਰ 60 ਡੇਸੀਬਲ ਅਤੇ ਵਾਸ਼ਿੰਗ ਮਸ਼ੀਨ ਦੀ ਆਵਾਜ਼ 70 ਡੇਸੀਬਲ ਦੇ ਪੱਧਰ ਦੀ ਹੁੰਦੀ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ 70 ਡੇਸੀਬਲ ਇਕਾਈ ਤੱਕ ਦੀ ਆਵਾਜ਼ ਨੂੰ ਜੀਵਾਂ ਲਈ ਸੁਰੱਖਿਅਤ ਦੱਸਿਆ ਗਿਆ ਹੈ ਅਤੇ ਇਸ ਤੋਂ ਉੱਪਰ ਦੇ ਪੱਧਰ ਦੀ ਆਵਾਜ਼ ਨੂੰ ਜੀਵਾਂ ਲਈ ਵੱਖ-ਵੱਖ ਤਰੀਕਿਆਂ ਨਾਲ ਨੁਕਸਾਨਦੇਹ ਦੱਸਿਆ ਗਿਆ ਹੈ। ਮਾਹਰਾਂ ਅਨੁਸਾਰ ਚੱਲ ਰਹੇ ਮੋਟਰਸਾਈਕਲ ਦੀ ਧੁਨੀ 95 ਡੇਸੀਬਲ, ਨੇੜੇ ਆਉਂਦੀ ਰੇਲ ਗੱਡੀ ਦੀ 100 ਡੇਸੀਬਲ, ਉੱਚੀ ਵੱਜ ਰਹੇ ਰੇਡੀਓ, ਟੈਲੀਵਿਜ਼ਨ ਅਤੇ ਸਪੀਕਰ ਦੀ ਤੀਬਰਤਾ 110 ਡੇਸੀਬਲ ਤੋਂ ਵੱਧ (ਭਾਵ ਯੰਤਰ ਦੀ ਆਵਾਜ਼ ਵਧਣ ਨਾਲ ਉਸ ਦੀ ਪ੍ਰਦੂਸ਼ਣ ਤੀਬਰਤਾ ਹੋਰ ਵਧ ਜਾਂਦੀ ਹੈ) ਅਤੇ ਪਟਾਕਿਆਂ ਦੀ ਤੀਬਰਤਾ 140 ਡੇਸੀਬਲ ਮਾਪੀ ਗਈ ਹੈ। ਧੁਨੀ ਪ੍ਰਦੂਸ਼ਣ ਵੱਖ-ਵੱਖ ਤਰੀਕਿਆਂ ਨਾਲ ਮਨੁੱਖੀ ਜੀਵਨ ’ਤੇ ਮਾੜੇ ਪ੍ਰਭਾਵ ਪਾਉਂਦਾ ਹੈ ਜਿਵੇਂ ਕਿ ਉੱਚੀ ਆਵਾਜ਼ ਦੇ ਪ੍ਰਭਾਵ ਹੇਠ ਲੰਬਾ ਸਮਾਂ ਰਹਿਣ ਨਾਲ ਬਲੱਡ ਪ੍ਰੈਸ਼ਰ ਵਧ ਜਾਂਦਾ ਹੈ। ਬੱਚਿਆਂ ਵਿਚ 120 ਡੇਸੀਬਲ ਅਤੇ ਵੱਡਿਆਂ ਵਿਚ 140 ਡੇਸੀਬਲ ਦੀ ਧੁਨੀ ਸੁਣਨ ਸ਼ਕਤੀ ਨੂੰ ਘੱਟ ਕਰ ਸਕਦੀ ਹੈ ਜਾਂ ਪੱਕੇ ਤੌਰ ’ਤੇ ਖ਼ਤਮ ਕਰ ਸਕਦੀ ਹੈ। ਰੇਲਗੱਡੀਆਂ, ਸੜਕੀ ਆਵਾਜਾਈ ਤੇ ਹਵਾਈ ਜਹਾਜ਼ਾਂ ਦੀ ਆਵਾਜ਼ ਮਨੁੱਖ ਦੀ ਨੀਂਦ ਨੂੰ ਪ੍ਰਭਾਵਤ ਕਰਦੀ ਹੈ ਜਿਸ ਨਾਲ ਰੋਜ਼ਾਨਾ ਜ਼ਿੰਦਗੀ ਦੇ ਕੰਮਕਾਜ ਪ੍ਰਭਾਵਤ ਹੁੰਦੇ ਹਨ ਤੇ ਇਹ ਸਥਿਤੀ ਭਿਆਨਕ ਬਿਮਾਰੀਆਂ ਨੂੰ ਜਨਮ ਵੀ ਦੇ ਸਕਦੀ ਹੈ। ਧੁਨੀ ਪ੍ਰਦੂਸ਼ਣ ਦੇ ਬੱਚਿਆਂ ਦੀ ਸਿਹਤ ’ਤੇ ਜ਼ਿਆਦਾ ਮਾੜੇ ਅਸਰ ਵੇਖਣ ਨੂੰ ਮਿਲਦੇ ਹਨ। ਅਮਰੀਕਾ ਵਿਚ ਕੀਤੇ ਗਏ ਇਕ ਸਰਵੇਖਣ ਵਿਚ ਉੱਚੀ ਆਵਾਜ਼ ’ਚ ਸੰਗੀਤ ਸੁਣਨ ਵਾਲੇ 6 ਤੋਂ 19 ਸਾਲ ਦੇ 12.5 ਫ਼ੀਸਦ ਬੱਚਿਆਂ ਦੀ ਸੁਣਨ ਸ਼ਕਤੀ ਬੇਹੱਦ ਖ਼ਤਰਨਾਕ ਪੱਧਰ ਤੱਕ ਘਟ ਗਈ ਸੀ। ਇਸ ਤੋਂ ਇਲਾਵਾ ਧੁਨੀ ਪ੍ਰਦੂਸ਼ਣ ਦਾ ਬੱਚਿਆਂ ਦੇ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਵਿਕਾਸ ’ਤੇ ਵੀ ਮਾੜਾ ਅਸਰ ਪੈਂਦਾ ਹੈ। ਬੱਚੇ ਸੁਭਾਅ ਪੱਖੋਂ ਚਿੜਚਿੜੇ ਅਤੇ ਗੁੱਸੇ ਵਾਲੇ ਹੋ ਜਾਂਦੇ ਹਨ। ਉਨ੍ਹਾਂ ਦੀ ਯਾਦ ਸ਼ਕਤੀ, ਇਕਾਗਰਤਾ, ਵਿਵਹਾਰ ਤੇ ਬਰਦਾਸ਼ਤ ਕਰਨ ਦੀ ਸਮਰੱਥਾ ਕਾਫ਼ੀ ਹੱਦ ਤੱਕ ਘਟ ਸਕਦੀਆਂ ਹਨ। ਬੱਚੇ ਮਾਨਸਿਕ ਤੌਰ ’ਤੇ ਬੇਚੈਨ ਅਤੇ ਗੁੱਸੇ ਵਾਲੇ ਹੋ ਸਕਦੇ ਹਨ। ਧੁਨੀ ਪ੍ਰਦੂਸ਼ਣ ਕਰਕੇ ਬਜ਼ੁਰਗਾਂ ਅਤੇ ਰੋਗੀਆਂ ਦੀ ਸ਼ਾਂਤੀ ਭੰਗ ਹੁੰਦੀ ਹੈ, ਯਾਦ ਸ਼ਕਤੀ ਘਟਦੀ ਹੈ ਅਤੇ ਰੋਗ ਰੱਖਿਆ ਪ੍ਰਣਾਲੀ ਕਮਜ਼ੋਰ ਪੈਂਦੀ ਹੈ ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਬੁਰੀ ਤਰ੍ਹ ਪ੍ਰਭਾਵਤ ਹੁੰਦੀ ਹੈ। ਧੁਨੀ ਪ੍ਰਦੂਸ਼ਣ ਨਾਲ ਸਾਲਾਨਾ ਇਮਤਿਹਾਨਾਂ ਅਤੇ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਕਾਰਜ ਸਮਰੱਥਾ ਅਤੇ ਕਾਰਗੁਜ਼ਾਰੀ ਬੁਰੀ ਤਰ੍ਹਾਂ ਪ੍ਰਭਾਵਤ ਹੁੰਦੀ ਹੈ ਤੇ ਭਵਿੱਖ ਦਾ ਪ੍ਰੋਫੈਸ਼ਨਲ ਕਰੀਅਰ ਵੀ ਦਾਅ ’ਤੇ ਲੱਗ ਸਕਦਾ ਹੈ। ਮੁੱਕਦੀ ਗੱਲ ਇਹ ਹੈ ਕਿ ਜੇ ਆਮ ਲੋਕ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ, ਵਾਹਨਾਂ ਲਈ ਹਵਾ ਪ੍ਰਦੂਸ਼ਣ ਅਤੇ ਧੁਨੀ ਪ੍ਰਦੂਸ਼ਣ ਸਬੰਧੀ ਬਣਾਏ ਗਏ ਮਿਆਰੀ ਮਾਪਦੰਡਾਂ ਦੀ ਪਾਲਣਾ ਕਰਨ ਤਾਂ ਇਹ ਗੰਭੀਰ ਸਮੱਸਿਆ ਸਹਿਜੇ ਹੀ ਹੱਲ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਜੇ ਪ੍ਰਸ਼ਾਸਨਿਕ ਪੱਧਰ ’ਤੇ ਵੀ ਪਟਾਕੇ ਪਾਉਂਦੇ ਦੋਪਹੀਆ ਵਾਹਨਾਂ, ਦੇਸੀ ਜਾਂ ਜੁਗਾੜੂ ਢੰਗ ਨਾਲ ਤਿਆਰ ਕੀਤੇ ਟਰਾਂਸਪੋਰਟ ਵਾਹਨਾਂ ਅਤੇ ਬਹੁਤ ਜ਼ਿਆਦਾ ਪੁਰਾਣੇ ਹੋ ਚੁੱਕੇ ਵਾਹਨਾਂ ਦਾ ਪੱਕਾ ਹੱਲ ਕੱਢ ਕੇ ਅਤੇ ਆਧੁਨਿਕ ਤਕਨਾਲੋਜੀ ਦੀ ਵਰਤੋਂ ਸਦਕਾ ਇਨ੍ਹਾਂ ਨੂੰ ਘੱਟ ਧੁਨੀ ਪੈਦਾ ਕਰਨ ਵਾਲੇ ਵਾਹਨ ਬਣਾਇਆ ਜਾਵੇ ਤੇ ਆਮ ਜਨਤਾ ਨੂੰ ਆਵਾਜ਼ ਪ੍ਰਦੂਸ਼ਣ ਦੇ ਹਾਨੀਕਾਰਕ ਸਿੱਟਿਆਂ ਪ੍ਰਤੀ ਜਾਣੂ ਕਰਵਾ ਕੇ ਇਸ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਪ੍ਰੇਰਿਆ ਜਾਵੇ ਤਾਂ ਇਸ ਸਮੱਸਿਆ ’ਤੇ ਕਾਫ਼ੀ ਹੱਦ ਤੱਕ ਕਾਬੂ ਪਾਇਆ ਜਾ ਸਕਦਾ ਹੈ ।
-ਅਸ਼ਵਨੀ ਚਤਰਥ, ਬਟਾਲਾ। ਮੋਬਾਈਲ : 62842-20595