- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੈਰਾਨਗੀ ਇਸ ਗੱਲ ਦੀ ਹੈ ਕਿ ਇਸ ਨੂੰ ਬਾਅਦ ’ਚ ਮੰਨ ਲਿਆ ਗਿਆ। ਪੂਰੇ ਵਿਸ਼ਵ ’ਚ ਤੇਲ ਅਤੇ ਗੈਸ ਦੀਆਂ ਕੀਮਤਾਂ ਦੇ ਵਾਧੇ ਨਾਲ ਅਮਰੀਕਾ ਸਮੇਤ ਵੱਖ-ਵੱਖ ਦੇਸ਼ਾਂ ਦੇ ਅਰਥਚਾਰਿਆਂ ਦੇ ਮੰਦਹਾਲੀ ਦੇ ਦੌਰ ਵੱਲ ਵਧਣ ਦੇ ਦਬਾਅ ਹੇਠ 108 ਦਿਨਾਂ ਬਾਅਦ ਅਮਰੀਕਾ ਨੂੰ ਜੰਗਬੰਦੀ ਲਈ ਮਜ਼ਬੂਰ ਹੋਣਾ ਪਿਆ। ਸੋਮਵਾਰ ਸਵੇਰ ਈਰਾਨ ਦੇ ਪ੍ਰਸ਼ਾਸਨ ਨੇ ਪੂਰੇ ਦੇਸ਼ ਦੇ ਸ਼ਹਿਰਾਂ ’ਚ ‘ਈਰਾਨ ਤੇਰਾ ਧੰਨਵਾਦ’ ਦੇ ਪੋਸਟਰ ਲਗਾਉਂਦੇ ਚਹਿਲ ਪਹਿਲ ਦਾ ਆਗਾਜ਼ ਕੀਤਾ।

- ਦਰਬਾਰਾ ਸਿੰਘ ਕਾਹਲੋਂ
ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਅਨੁਸਾਰ ਅਮਰੀਕਾ-ਇਰਾਨ ਦਰਮਿਆਨ ਸ਼ਾਂਤੀ ਸਮਝੌਤੇ ’ਤੇ ਡਿਜੀਟਲ ਦਸਤਖ਼ਤ ਕਰ ਦਿੱਤੇ ਗਏ ਹਨ। ਅਮਰੀਕਾ ਵੱਲੋਂ ਦਸਤਖ਼ਤ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਪਰਾਸ਼ਟਰਪਤੀ ਜੇਡੀ ਵੈਂਸ ਨੇ ਕੀਤੇ ਹਨ ਜਦਕਿ ਇਰਾਨ ਵੱਲੋਂ ਦਸਤਖ਼ਤ ਇਸ ਦੀ ਪਾਰਲੀਮੈਂਟ ਦੇ ਸਪੀਕਰ ਇਕ ਤਾਕਤਵਰ ਆਗੂ ਵਜੋਂ ਇਸ ਜੰਗ ਦੌਰਾਨ ਉਭਰੇ ਮੁਹੰਮਦ ਘਾਲੀਬਾਫ ਨੇ ਕੀਤੇ ਹਨ। ਵਿਧੀਵਤ ਤੌਰ ’ਤੇ ਇਸ ਦਸਤਾਵੇਜ਼ ’ਤੇ ਦਸਤਖ਼ਤ ਸ਼ੁੱਕਰਵਾਰ 19 ਜੂਨ ਨੂੰ ਜਨੇਵਾ (ਸਵਿਟਜਰਲੈਂਡ) ਵਿਖੇ ਕੀਤੀ ਜਾਣਗੇ। ਇਸ ਰਸਮ ਦੀ ਮੇਜ਼ਬਾਨੀ ਵਿੱਚੋਲੀਆ ਰਾਸ਼ਟਰ ਪਾਕਿਸਤਾਨ ਕਰੇਗਾ। ਉਪ ਰਾਸ਼ਟਰਪਤੀ ਜੇਡੀ ਵੈਂਸ ਅਮਰੀਕੀ ਡੈਲੀਗੇਸ਼ਨ ਦੀ ਅਗਵਾਈ ਕਰਨਗੇ ਜਦਕਿ ਇਰਾਨੀਅਨ ਡੈਲੀਗੇਸ਼ਨ ’ਚ ਸਪੀਕਰ ਮੁਹੰਮਦ ਬਾਗਰ ਗਾਲੀਬਾਫ ਅਤੇ ਵਿਦੇਸ਼ ਮੰਤਰੀ ਅੱਬਾਸ ਅਰਾਗਾਚੀ ਸ਼ਾਮਲ ਰਹਿਣਗੇ। ਜੀ -7ਦੀ ਮਸਰੂਫੀਅਤ ਕਰਕੇ ਰਾਸ਼ਟਰਪਤੀ ਟਰੰਪ ਨੇ ਦੱਸਿਆ ਕਿ ਉਹ ਸ਼ਾਇਦ ਉਸ ਰਸਮ ’ਚ ਹਾਜ਼ਰ ਨਾ ਰਹਿ ਸਕਣ। ਅਮਰੀਕੀ ਰਾਸ਼ਟਰਪਤੀ ਦਾ ਈਰਾਨ ਨਾਲ ਸ਼ਾਂਤੀ ਸਮਝੌਤੇ ਬਾਰੇ ਇਹ 39ਵਾਂ ਐਲਾਨ ਸੀ ਪਰ ਵਿਸ਼ਵ ਬਿਰਾਦਰੀ ਨੂੰ ਇਸ ’ਤੇ ਇਸ ਕਰਕੇ ਯਕੀਨ ਹੋਇਆ ਕਿਉਂਕਿ ਪਹਿਲੀ ਵਾਰ ਇਰਾਨ ਦੀ ਸੁਪਰੀਮ ਰਾਸ਼ਟਰੀ ਸੁਰੱਖਿਆ ਕੌਂਸਲ ਦੇ ਸਕੱਤਰੇਤ ਅਨੁਸਾਰ ਜੰਗ ਅਤੇ ਫ਼ੌਜੀ ਕਾਰਵਾਈਆਂ ਸਭ ਮੁਹਾਜਾਂ ਸਮੇਤ ਲੈਬਨਾਨ ਦੇ ਸੋਮਵਾਰ ਰਾਤ ਤੋਂ ਖ਼ਤਮ ਹੋ ਜਾਣ ਦੇ ਐਲਾਨ ਕਰਕੇ ਹੋਇਆ। ਇਵੇਂ 28 ਫਰਵਰੀ ਤੋਂ ਅਮਰੀਕਾ ਅਤੇ ਇਸਰਾਈਲ ਵੱਲੋਂ ਈਰਾਨ ’ਤੇ ਕੀਤੇ ਤਾਬੜ-ਤੋੜ ਹਮਲੇ ਨਾਲ ਸ਼ੁਰੂ ਇਹ ਜੰਗ, ਜਿਸ ’ਚ ਪਹਿਲੇ ਦਿਨ ਹੀ ਇਰਾਨ ਦੇ ਸੁਪਰੀਮ ਆਗੂ ਅਯਾਤੁੱਲਾ ਖਾਮਨੇਈ ਅਤੇ ਹੋਰ 44 ਉੱਚ ਪੱਧਰੀ ਆਗੂ ਅਤੇ ਅਹੁੱਦੇਦਾਰ ਮਾਰੇ ਗਏ ਸਨ, ਦਾ ਅੰਤ ਆਖਰ 108 ਦਿਨਾਂ ਬਾਅਦ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਅਨੁਸਾਰ 60 ਦਿਨਾਂ ਲਈ ਜੰਗਬੰਦੀ ਲਾਗੂ ਕੀਤੀ ਜਾਏਗੀ ਪਰ ਇਹ ਕੋਈ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਜਿੱਤ ਨਹੀਂ ਕਹੀ ਜਾ ਸਕੇਗੀ, ਜਿਵੇਂ ਕਿ ਉਸਨੇ ਆਪਣੇ 80ਵੇਂ ਜਨਮ ਦਿਨ ’ਤੇ ਐਤਵਾਰ ਨੂੰ ਵ੍ਹਾਈਟ ਹਾਊਸ ਵਿਖੇ ਐਲਾਨ ਕੀਤਾ। ਇਸ ਨੇ ਕਿਵੇਂ ਇਰਾਨ ਅਤੇ ਲਿਬਨਾਨ ’ਚ ਤਬਾਹੀ ਮਚਾਈ, ਹਜ਼ਾਰਾਂ ਲੋਕ ਮਾਰੇ ਗਏ (ਇਹਨਾਂ ’ਚ 7 ਤੋਂ 12 ਸਾਲ ਦੀਆਂ ਇਕ ਸਕੂਲ ਦੀਆਂ 120 ਬੱਚੀਆਂ ਵੀ ਸ਼ਾਮਿਲ ਹਨ) ਲੱਖਾਂ ਲੋਕ ਘਰਾਂ ਤੋਂ ਬੇਘਰ ਭੁੱਖੇ ਭਾਣੇ ਰਹਿਣ ਲਈ ਮਜ਼ਬੂਰ ਹੋਏ। ਇਹ ਯਕੀਨੀ ਤੌਰ ’ਤੇ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਨਾ ਕਾਬਲੇ ਮੁਆਫੀ ਜੰਗੀ ਅਪਰਾਧ ਹੈ ਪਰ ਇਸ ਜੰਗ ’ਚ, ਜਿਵੇਂ ਈਰਾਨ ਨੇ ਨਾ ਸਿਰਫ਼ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਦਾ ਮੂੰਹ ਤੋੜ ਜਵਾਬ ਜਾਰੀ ਰੱਖਿਆ ਬਲਕਿ ਖਾੜੀ ਦੇਸ਼ਾਂ, ਜਿਵੇਂ ਕਿ ਯੂਏਈ, ਉਮਾਨ, ਕਤਰ, ਅਬੂਧਾਬੀ, ਕੁਵੈਤ, ਸਊਦੀ ਅਰਬ ਅਤੇ ਬਹਿਰੀਨ ਆਦਿ ਦੇਸ਼ਾਂ ’ਚ ਅਮਰੀਕਾ ਦੇ 16 ਤੋਂ 20 ਫ਼ੌਜੀ ਅੱਡੇ ਤਬਾਹ ਕਰਕੇ ਰੱਖ ਦਿੱਤੇ। ਉਸਨੇ ਇਨ੍ਹਾਂ ਗੁਆਂਢੀ ਦੇਸ਼ਾਂ ਨੂੰ ਅਹਿਸਾਸ ਕਰਾਉਣ ਦਾ ਯਤਨ ਕੀਤਾ ਕਿ ਉਨ੍ਹਾਂ ਦੀ ਸੁਰੱਖਿਆ ਅਮਰੀਕਾ ਨਹੀਂ ਇਰਾਨ ਇਨ੍ਹਾਂ ਦੇਸ਼ਾਂ ਦੀ ਇਕਜੁੱਟਤਾ ਰਾਹੀਂ ਮਜ਼ਬੂਤੀ ਨਾਲ ਕਰ ਸਕਦਾ ਹੈ।
ਇਸ ਸਮਝੌਤੇ ’ਚ ਦੋ ਪ੍ਰਮੁੱਖ ਨੁਕਤੇ ਪੂਰੀ ਤਰ੍ਹਾਂ ਸਪਸ਼ਟ ਨਹੀਂ ਕੀਤੇ ਗਏ। ਪਹਿਲਾ ਕਿ ਹੋਰਮੁਜ਼ ਜਲਡਮਰੂ ’ਚ ਆਵਾਜਾਈ ਦੀ ਪੁਜੀਸ਼ਨ ਅਤੇ ਟੋਲ ਟੈਕਸ ਸਬੰਧੀ, ਦੂਸਰਾ ਈਰਾਨ ਤੇ ਪਰਮਾਣੂ ਪ੍ਰੋਗਰਾਮ ਦਾ ਭਵਿੱਖ ਬਾਰੇ।
ਰਾਸ਼ਟਰਪਤੀ ਟਰੰਪ ਨੇ ਆਪਣੇ ਟਰੁਥ ਸੋਸ਼ਲ ਅਕਾਊਂਟ ’ਤੇ ਲਿਖਿਆ ਕਿ ਹੋਰਮਜ਼ ਜਲਡਮਰੂ ’ਚੋਂ ਤੇਲ ਦੇ ਭਰੇ ਟੈਂਕਰਾਂ ਨੇ ਆਵਾਜਾਈ ਸ਼ੁਰੂ ਕਰ ਦਿੱਤੀ ਹੈ ਭਾਵੇਂ ਕਈ ਸਮੁੰਦਰੀ ਜਹਾਜ਼ਾਂ ਦੇ ਲਾਂਘੇ ਦੇ ਰਸਤੇ ਨੂੰ ਅਜੇ ਸਾਫ ਕਰਨਾ ਬਾਕੀ ਹੈ। ਇਸੇ ਦੌਰਾਨ ਪਲ-ਪਲ ਬਿਆਨ ਬਦਲਣ ਅਤੇ ਰੋਜ਼ਾਨਾ 21 ਝੂਠ ਬੋਲਣ ਵਾਲੇ ਟਰੰਪ ਨੇ ਐਲਾਨ ਕੀਤਾ ਕਿ ਸ਼ੁੱਕਰਵਾਰ 19 ਜੂਨ ਨੂੰ ਹਰਮੋਜ਼ ਜਲਡਮਰੂ ਪੂਰੀ ਤਰ੍ਹਾਂ ਖੁੱਲ੍ਹ ਜਾਵੇਗਾ (ਜਿਵੇਂ ਕੋਈ ਅਲਾਦੀਨ ਦਾ ਚਿਰਾਗ ਸਮੁੰਦਰ ’ਚ ਵਿਛਾਈਆਂ ਮਾਈਨਾ ਸਾਫ ਕਰ ਦੇਵੇਗਾ)।
ਜੀ-7 ਸਿਖ਼ਰ ਸੰਮੇਲਨ ਲਈ ਫਰਾਂਸ ਪਹੁੰਚੇ ਟਰੰਪ ਨੇ ਫਰਾਂਸੀਸੀ ਹਮਰੁਤਬਾ ਇਮੈਨੁਅਲ ਮੈਕਰਾਂ ਨੂੰ ਚੁੰਢੀ ਵੱਢਦੇ ਕਿਹਾ ਕਿ ਸਾਨੂੰ ਹੋਰਮੁਜ਼ ਜਲਡਮਰੂ ਖੁੱਲ੍ਹਾ ਰੱਖਣ ਲਈ ਕਿਸੇ ਮਦਦ ਦੀ ਲੋੜ ਨਹੀਂ, ਜਿਵੇਂ ਕਿ ਬਰਤਾਨੀਆ ਤੇ ਫਰਾਂਸ ਨੇ ਇਸ ਨੂੰ ਖੁੱਲ੍ਹੇ ਰੱਖਣ ਲਈ ਸਾਂਝੇ ਸਮੁੰਦਰੀ ਮਿਸ਼ਨ ਦੀ ਪੇਸ਼ਕਸ਼ ਕੀਤੀ ਸੀ। ਹੈਰਾਨਗੀ ਇਸ ਗੱਲ ਦੀ ਹੈ ਕਿ ਇਸ ਨੂੰ ਬਾਅਦ ’ਚ ਮੰਨ ਲਿਆ ਗਿਆ।
ਪੂਰੇ ਵਿਸ਼ਵ ’ਚ ਤੇਲ ਅਤੇ ਗੈਸ ਦੀਆਂ ਕੀਮਤਾਂ ਦੇ ਵਾਧੇ ਨਾਲ ਅਮਰੀਕਾ ਸਮੇਤ ਵੱਖ-ਵੱਖ ਦੇਸ਼ਾਂ ਦੇ ਅਰਥਚਾਰਿਆਂ ਦੇ ਮੰਦਹਾਲੀ ਦੇ ਦੌਰ ਵੱਲ ਵਧਣ ਦੇ ਦਬਾਅ ਹੇਠ 108 ਦਿਨਾਂ ਬਾਅਦ ਅਮਰੀਕਾ ਨੂੰ ਜੰਗਬੰਦੀ ਲਈ ਮਜ਼ਬੂਰ ਹੋਣਾ ਪਿਆ। ਸੋਮਵਾਰ ਸਵੇਰ ਈਰਾਨ ਦੇ ਪ੍ਰਸ਼ਾਸਨ ਨੇ ਪੂਰੇ ਦੇਸ਼ ਦੇ ਸ਼ਹਿਰਾਂ ’ਚ ‘ਈਰਾਨ ਤੇਰਾ ਧੰਨਵਾਦ’ ਦੇ ਪੋਸਟਰ ਲਗਾਉਂਦੇ ਚਹਿਲ ਪਹਿਲ ਦਾ ਆਗਾਜ਼ ਕੀਤਾ।
ਇਸ ਜੰਗਬੰਦੀ ਦਾ ਮੂਲ ਆਧਾਰ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਵਾਲੀ ਸਥਿਤੀ ਦੀ ਬਹਾਲੀ, ਜਿਸ ’ਚ ਹੋਰਮੁਜ਼ ਜਲਡਮਰੂ ਰਾਹੀਂ ਤੇਲ-ਗੈਸ ਆਵਾਜਾਈ ਦਾ ਖੋਲ੍ਹਣਾ ਅਤੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਬਾਰੇ ਕਿਸੇ ਠੋਸ ਨਤੀਜੇ ਤੇ ਪੁੱਜਣਾ ਹੈ।
11 ਜੂਨ ਨੂੰ ਇਜ਼ਾਰਾਈਲ ਦੇ ਪ੍ਰਧਾਨ ਮੰਤਰੀ ਨੇ ਇਰਾਨ ਦੇ ਬੈਲਿਸਟਿਕ ਮਿਜ਼ਾਈਲਾਂ ’ਤੇ ਇਸ ਸਮਝੌਤੇ ਤਹਿਤ ਪਾਬੰਦੀ ਆਇਦ ਕਰਨ ਦੀ ਸ਼ਰਤ ਰੱਖੀ ਸੀ, ਜੋ ਈਰਾਨ ਨੇ ਨਾਮਨਜ਼ੂਰ ਕਰ ਦਿੱਤੀ। ਇਹ ਸਮਝੌਤੇ ’ਚੋਂ ਈਰਾਨ ਦੀਆਂ ਪ੍ਰਾਕਸੀ ਸ਼ਕਤੀਆਂ, ਜਿਵੇਂ ਕਿ ਹਿਜਬੁੱਲਾ, ਹਮਸ, ਹਾਊਦੀ, ਇਰਾਕੀ ਪੀਐੱਮਯੂ ਬਾਹਰ ਰਹਿਣਗੀਆਂ।
ਇਹ ਸਮਝੌਤੇ ਅਧੀਨ ਈਰਾਨ ਸਨ 2018 ਵਾਲੀ ਗ਼ਲਤੀ ਮੁੜ ਨਹੀਂ ਦੁਹਰਾਉਣਾ ਚਾਹੁੰਦਾ, ਜਿਸ ਅਨੁਸਾਰ ਉਸਨੇ ਓਬਾਮਾ ਨਾਲ ਸਮਝੌਤੇ ਤਹਿਤ ਸਨ 2015 ’ਚ ਆਪਣੇ ਪਰਮਾਣੂ ਪ੍ਰੋਗਰਾਮ ਦੇ ਭਵਿੱਖ ਬਾਰੇ ਗ਼ੈਰ-ਜ਼ਰੂਰੀ ਵਚਨਬਧਤਾਵਾਂ ਮੰਨੀਆਂ ਸਨ ਪਰ ਡੋਨਾਲਡ ਟਰੰਪ ਵੱਲੋਂ ਇਹ ਸਮਝੌਤੇ ’ਚੋਂ ਕਿਨਾਰਾ ਕਰ ਲੈਣ ਨਾਲ ਇਹ ਖ਼ਤਮ ਹੋ ਗਿਆ ਸੀ। ਇਸ ਵਾਰ ਉਸ ਵੱਲੋਂ ਹਰ ਚੀਜ਼ ਪੁਖ਼ਤਾ ਅਤੇ ਬਦਨਾਮ ਨਾਲ ਜੰਗਬੰਦੀ ਯਕੀਨੀ ਬਣਾਈ ਜਾਏਗੀ ।
ਇਸ ਸਮਝੌਤੇ ਤਹਿਤ ਅਗਲੇ 60 ਦਿਨ ਕੜੀ ਤਕਨੀਕੀ ਗੱਲਬਾਤ ਜਾਰੀ ਰਹੇਗੀ, ਜਿਸ ’ਚ ਵੱਡੇ ਤਨਾਜੇ ਵਿਚਾਰੇ ਜਾਣਗੇ, ਜਿਨ੍ਹਾਂ ’ਚ ਈਰਾਨੀ ਪਰਮਾਣੂ ਪ੍ਰੋਗਰਾਮ ਸ਼ਾਮਿਲ ਹੋਵੇਗਾ। ਇਸ ’ਚ ਈਰਾਨ ਵਿਰੁੱਧ ਆਰਥਿਕ ਪਾਬੰਦੀਆਂ ਦਾ ਹਟਾਇਆ ਜਾਣਾ ਸ਼ਾਮਿਲ ਹੋਵੇਗਾ। ਈਰਾਨ ਨੂੰ ਅਮਰੀਕਾ ਵੱਲੋਂ ਉਸਦੀਆਂ ਜ਼ਬਤ ਕੀਤੀਆਂ ਜਾਇਦਾਦਾਂ ਵਾਪਸ ਕੀਤੀਆਂ ਜਾਣਗੀਆਂ। ਕਰੀਬ 300 ਅਰਬ ਡਾਲਰ ਈਰਾਨ ਦੀ ਮੁੜ ਉਸਾਰੀ ਲਈ ਜਾਰੀ ਕੀਤੇ ਜਾਣਗੇ।
ਇਸ ਜੰਗ ਨੇ ਅਮਰੀਕਾ ਦੀ ਫ਼ੌਜੀ ਅਤੇ ਆਰਥਿਕ ਕਮਜ਼ੋਰੀ ਨੂੰ ਵਿਸ਼ਵ ਭਾਈਚਾਰੇ ਅੰਦਰ ਖੋਲ੍ਹ ਕੇ ਰੱਖ ਦਿੱਤਾ ਹੈ ਅਤੇ ਇਕ ਨਵੇਂ ਕੌਮਾਂਤਰੀ ਨਿਜ਼ਾਮ ਦੇ ਨਿਰਮਾਣ ਦੀ ਨੀਂਹ ਰੱਖ ਦਿੱਤੀ ਹੈ। ਅਮਰੀਕਾ ਦਾ ਯੁੱਧਨੀਤਕ ਕੰਟਰੋਲ ਪੂਰੇ ਵਿਸ਼ਵ ’ਚ ਸੁੰਗੜ ਰਿਹਾ ਹੈ। ਨਾਟੋ, ਯੂਰਪੀਅਨ ਯੂਨੀਅਨ, ਅਰਬ ਅਮੀਰਾਤ, ਏਸ਼ੀਅਨ ਅਤੇ ਅਫਰੀਕਨ ਆਜ਼ਾਦਾਨਾ ਸੋਚ ਵਾਲੇ ਰਾਸ਼ਟਰ ਲਾਂਭੇ ਹੋ ਚੁੱਕੇ ਹਨ। ਇਸ ਜੰਗਬੰਦੀ ਲਈ ਇਜ਼ਰਾਈਲ ਨੂੰ ਸ਼ਾਮਿਲ ਕਰਨਾ ਅਮਰੀਕਾ ਲਈ ਵੱਡੀ ਚੁਣੌਤੀ ਹੋਵੇਗਾ, ਜੋ ਲਿਬਨਾਨ ਦੇ ਕਬਜ਼ੇ ਹੇਠ ਕੀਤੇ ਇਲਾਕੇ ਛੱਡਣਾ ਨਹੀਂ ਚਾਹੁੰਦਾ ਅਤੇ ਇਸ ਨੂੰ ਇਕ ਬਫਰ ਰਾਜ ਵਜੋਂ ਵਰਤਣਾ ਚਾਹੁੰਦਾ ਹੈ, ਭਾਵ ਸੱਪ ਦੇ ਮੂੰਹ ’ਚ ਕੋਹੜ ਕਿਰਲੀ! ਇਸੇ ਕਰਕੇ ਇਹ ਟਿੱਪਣੀ ਅਤੀ ਮਹੱਤਵਪੂਰਨ ਹੈ ਕਿ ਅਸਲ ’ਚ ਇਸ ਸਮਝੌਤੇ ਦਾ ਲਾਭ ਤਾਂ ਹੀ ਹੋਏਗਾ ਜੇਕਰ ਟਰੰਪ ਇਸ ਨੂੰ ਆਪਣੇ ਮਿੱਤਰਾਂ ਅਤੇ ਦੁਸ਼ਮਣਾਂ ’ਤੇ ਲਾਗੂ ਕਰਨ ’ਚ ਸਫ਼ਲ ਹੋ ਸਕੇਗਾ।
ਇਸੇ ਦੌਰਾਨ ਈਰਾਨ ਨੇ ਸਪਸ਼ਟ ਕੀਤਾ ਹੈ ਕਿ ਇਸ ਦਾ ਪਰਮਾਣੂ ਪ੍ਰੋਗਰਾਮ ਸ਼ਾਂਤੀ ਅਤੇ ਵਿਕਾਸ ਮੰਤਵਾਂ ਲਈ ਹੈ ਅਤੇ ਉਹ ਜਨਤਕ ਤੌਰ ’ਤੇ ਇਸ ਨੂੰ ਨਹੀਂ ਛੱਡੇਗਾ। ਇਸ ਸਮੇਂ ਦੱਸਿਆ ਜਾਂਦਾ ਹੈ ਕਿ ਉਸ ਦਾ ਪਰਮਾਣੂ ਜਖੀਰਾ ਤਿੰਨ ਪਰਮਾਣੂ ਟਿਕਾਣਿਆ ਹੇਠ ਦੱਬਿਆ ਪਿਆ ਹੈ, ਜਿਸ ਨੂੰ ਪਿਛਲੇ ਸਾਲ ਅਮਰੀਕਾ ਨੇ ਪੂਰੀ ਤਰ੍ਹਾਂ ਤਬਾਹ ਕਰਨ ਦਾ ਦਾਅਵਾ ਕੀਤਾ ਸੀ। ਹਾਸੋਹੀਣੀ ਗੱਲ ਇਹ ਵੀ ਹੈ ਕਿ ਜਿੰਨਾ ਪਰਮਾਣੂ ਟਿਕਾਣਿਆਂ ਨੂੰ ਅਮਰੀਕਾ ਵੱਲੋਂ ਪਿਛਲੇ ਸਾਲ ਪੂਰੀ ਤਰ੍ਹਾਂ ਤਬਾਹ ਕਾਰਨ ਦਾ ਵਿਸ਼ਵ ਭਾਈਚਾਰੇ ਸਾਹਮਣੇ ਦਾਅਵਾ ਕੀਤਾ ਸੀ ਉਸ ਬਾਰੇ ਹੁਣ ਵਾਰ-ਵਾਰ ਰਟ ਲਗਾ ਕੇ ਆਪਣਾ ਮੂੰਹ ਕਾਲਾ ਕਿਉਂ ਕਰ ਰਿਹਾ ਹੈ?
ਇਹ ਸਮਝੌਤੇ ਦੇ ਸੰਦਰਭ ’ਚ ਬਰਤਾਨੀਆ, ਜਰਮਨੀ, ਇਟਲੀ ਅਤੇ ਫਰਾਂਸ ਨੇ ਇਕ ਬਿਆਨ ’ਚ ਕਿਹਾ ਹੈ ਕਿ ਉਹ ਈਰਾਨੀ ਪਰਮਾਣੂ ਪ੍ਰੋਗਰਾਮ ਬਾਰੇ ਸਪਸ਼ਟ ਅਤੇ ਤਸਦੀਕਸ਼ੁਧਾ ਕਦਮਾ ਬਾਅਦ ਉਸ ਵਿਰੁੱਧ ਆਰਥਿਕ ਪਾਬੰਦੀਆਂ ਉਠਾ ਲੈਣਗੇ।
ਅਮਰੀਕਾ ਦੀ ਮੂਰਖਾਨਾ ਗੱਲ ਦੇਖੋ ਕਿ 28 ਫਰਵਰੀ ਤੋਂ ਪਹਿਲਾਂ ਜੋ ਪਰਮਾਣੂ ਪ੍ਰਗਰਾਮ ਬਾਰੇ ਇਰਾਨ ਨੇ ਉਸ ਅੱਗੇ ਸ਼ਰਤਾਂ ਪੇਸ਼ ਕੀਤੀਆਂ ਸਨ, ਹਜ਼ਾਰਾਂ ਬੇਗੁਨਾਹ ਲੋਕਾਂ ਨੂੰ ਮਾਰਨ, ਵੱਡਾ ਆਰਥਿਕ ਨੁਕਸਾਨ ਕੀਤੇ ਜਾਣ ਅਤੇ ਆਪਣਾ ਕੁਲਮਿਲਾ ਕੇ ਕਰੀਬ ਇੱਕ ਟ੍ਰੀਲੀਅਨ ਡਾਲਰ ਦਾ ਨੁਕਸਾਨ ਕਰਾਉਣ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਮੁੜ ਉਹਨਾਂ ਨੂੰ ਪ੍ਰਾਪਤ ਨਾ ਕਰ ਸਕਿਆ।
ਆਪਣੇ 80ਵੇਂ ਜਨਮ ਦਿਨ ’ਤੇ ਟਰੰਪ ਨੇ ਫਿਰ ਝੂਠ ਦੇ ਸਹਾਰੇ ਆਪਣੀ ਨੈਤਿਕ ਹਾਰ ਨੂੰ ਛੁਪਾਉਂਦੇ ਕਿਹਾ ਕਿ ਉਸਨੇ ਈਰਾਨ ਨੂੰ ਪਰਮਾਣੂ ਪ੍ਰੋਗਰਾਮ ਬਾਰੇ ਸ਼ਰਤਾਂ ਛੱਡਣ ਅਤੇ ਖਾੜੀ ਦੇਸ਼ਾਂ ਦੀ ਮੁਆਵਜ਼ੇ ਬਦਲੇ ਰਾਖੀ ਕਰਨ ਲਈ ਵਿਵਸ਼ ਕੀਤਾ ਹੈ। ਸੱਚ ਇਹ ਹੈ ਕਿ ਈਰਾਨ ਨੇ ਇਸ ਨੂੰ ਮੱਧ ਪੂਰਬ ਵਿਵਸਥਾ ਤੋਂ ਲਾਂਭੇ ਕਰਨ ਅਤੇ ਸ਼ਰਤਾਂ ਤੇ ਹੋਰਮੁਜ਼ ਜਲਡਮਰੂ ਖੋਲ੍ਹਣ ਲਈ ਮਜ਼ਬੂਰ ਕੀਤਾ ਹੈ।
ਇਹ ਸਮਝੌਤੇ ਦਾ ਦੱਬੀ ਜ਼ੁਬਾਨ ’ਚ ਇਰਾਨ ਦੀ ਇਸ ਜੰਗ ਦੌਰਾਨ ਤਾਕਤਵਰ ਬਣ ਕੇ ਉਭਰੀ ਇਸਲਾਮਿਕ ਕ੍ਰਾਂਤੀਕਾਰੀ ਗਾਰਡਸ ਸ਼ਕਤੀ ਕਰ ਰਹੀ ਹੈ। ਮਾਰਕ ਸਟੋਨ ਅਨੁਸਾਰ ਇਹ ਸਿਰਫ ਸ਼ੁਰੂਆਤ ਦਾ ਅੰਤ ਹੈ। ਡੋਮੀਨਕ ਵਾਗਰੋਨ ਅਨੁਸਾਰ ਇਹ ਸਮਝੌਤਾ ਟਰੰਪ ਟੀਮ ਵੱਲੋਂ ਆਪਣੀ ਹਾਰ ਦੀ ਸਪਸ਼ਟ ਸਵੀਕ੍ਰਿਤੀ ਹੈ। ਕਈ ਲੋਕ ਇਸ ਨੂੰ ਟਰੰਪ ਵੱਲੋਂ ਇਕ ਗ਼ੈਰ-ਕਾਨੂੰਨੀ ਜੰਗ ’ਚੋਂ ਮੂੰਹ ਛੁਪਾ ਕੇ ਨਿਕਲਣ ਲਈ ਰਚਿਆ ਅਡੰਬਰ ਦਰਸਾਉਂਦੇ ਹਨ। ਕੁਝ ਵੀ ਹੋਵੇ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਦੇ ਆਗੂਆਂ ਨੇ ਇਸ ਸਮਝੌਤੇ ਪ੍ਰਤੀ ਆਪਣੀ ਖੁਸ਼ੀ ਅਤੇ ਸਮਰਥਨ ਦਾ ਇਜ਼ਹਾਰ ਕੀਤਾ ਹੈ। ਪੂਰੇ ਵਿਸ਼ਵ ਨੇ ਇਸ ਸਮਝੌਤੇ ਉਪਰੰਤ ਵਾਰ-ਵਾਰ ਤੀਸਰੇ ਵਿਨਾਸ਼ਕਾਰੀ ਵਿਸ਼ਵ ਯੁੱਧ ਦੀ ਦਸਤਕ ਨੂੰ ਵਿਰਾਮ ਲੱਗਣ ’ਤੇ ਸੁਖ ਦਾ ਸਾਹ ਲਿਆ ਹੈ।
(ਲੇਖਕ ਪੰਜਾਬ ਦੇ ਸਾਬਕਾ ਰਾਜ ਸੂਚਨਾ ਕਮਿਸ਼ਨਰ, +12898292929)