- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿੰਨ ਸਾਲਾਂ ਤੱਕ ਸਿਆਣਿਆਂ ਦੇ ਭਰਮਜਾਲ/ਭਰਮਾਉ ਗੱਲਾਂ ’ਚ ਫਸੇ ਰਹੇ, ਉਹ ਲੁੱਟਦੇ ਰਹੇ, ਡਰਾਉਂਦੇ, ਭਰਮਾਉਂਦੇ ਰਹੇ, ਇਹ ਪਰਿਵਾਰ ਲੁੱਟ ਤੇ ਭਰਮ ਦਾ ਸ਼ਿਕਾਰ ਬਣੇ ਰਹੇ। ਬਥੇਰੇ ਧਾਗੇ ਤਵੀਤ ਕਰਵਾਏ, ਰੋਟ ਲਾਏ, ਟੂਣੇ -ਟਾਮਣ ਕੀਤੇ, ਰਾਤ ਨੂੰ ਚੁਰੱਸਤਿਆ ’ਚ ਇਸ਼ਨਾਨ ਕੀਤਾ, ਚਿਰਾਗ ਜਗਾਏ, ਕੜ੍ਹਾਈਆ ਕੀਤੀਆਂ ਪਰ ਉਨ੍ਹਾਂ ਦੇ ਘਰ ਬੱਚਾ ਨਾ ਹੋਇਆ। ਕੁੜੀ ਠੀਕ ਨਾ ਹੋਈ।

- ਮਾਸਟਰ ਪਰਮਵੇਦ।
ਕਈ ਵਾਰ ਕੁੜੀਆਂ ਦੀ ਸਹਿਮਤੀ ਤੋਂ ਬਿਨਾਂ ਮਾਪੇ ਆਪ ਹੀ ਆਪਣੀ ਪਸੰਦ ਦਾ ਰਿਸ਼ਤਾ ਚੁਣ ਲੈਂਦੇ ਹਨ। ਕੁੜੀ ਉਸਨੂੰ ਪਸੰਦ ਕਰੇ ਭਾਵੇਂ ਨਾ ਕਰੇ। ਆਧੁਨਿਕ ਸਮੇਂ ’ਚ ਕੁੜੀਆਂ ਨੂੰ ਪਸੰਦ ਦਾ ਵਰ ਮਿਲਣਾ ਬਹਾਰ ਲਿਆ ਦਿੰਦੀ ਹੈ ਤੇ ਨਾ-ਪਸੰਦ ਨਮੋਸ਼ੀ ਤੇ ਮਾਨਸਿਕ ਨਿਰਾਸ਼ਾ। ਜਿਹੜੇ ਮਾਪੇ ਲੜਕੀ ਦੀ ਸਹਿਮਤੀ ਨਾਲ, ਖੁੱਲ੍ਹੇ ਵਿਚਾਰਾਂ ਨਾਲ ਦਿਲੋਂ ਉਨ੍ਹਾਂ ਦੀ ਰਾਏ ਨਾਲ ਰਿਸ਼ਤਾ ਕਰਦੇ ਹਨ ਤਾਂ ਵਧੀਆ ਨਿਭਣ ਦੇ ਮੌਕੇ ਵੱਧ ਹੁੰਦੇ ਹਨ। ਦੋਵਾਂ ਦੀ ਪਸੰਦ/ਸਹਿਮਤੀ ਤੋਂ ਬਿਨਾਂ ਹੋਏ ਵਿਆਹ, ਕਈ ਵਾਰੀ ਅਸਫਲ ਰਹਿੰਦੇ ਹਨ ਤੇ ਘਰ ਨਰਕ ਬਣ ਜਾਂਦਾ ਹੈ। ਕੁੜੀ ਦੇ ਮਨ ’ਤੇ ਬਹੁਤ ਹੀ ਮਾੜਾ ਅਸਰ ਪੈ ਜਾਂਦਾ ਹੈ ਤੇ ਉਹ ਆਪਣੇ ਮਨ ਨਾਲ ਸਮਝੌਤਾ ਨਾ ਕਰਕੇ ਮਾਨਸਿਕ ਗੁੰਝਲਾਂ ਦਾ ਸ਼ਿਕਾਰ ਹੋ ਜਾਂਦੀ ਹੈ। ਪਿਛਲੇ ਸਮੇਂ ਸਾਡੀ ਤਰਕਸ਼ੀਲ ਸੁਸਾਇਟੀ ਕੋਲ ਇਕ ਐੱਮਏ ਪਾਸ ਲੜਕੀ ਦਾ ਕੇਸ ਆਇਆ, ਜੋ ਵਿਆਹ ਤੋਂ ਬਾਅਦ ਕਰੀਬ ਤਿੰਨ ਸਾਲ ਮੰਜੇ ’ਤੇ ਹੀ ਪਈ ਰਹੀ। ਉਸ ਕੋਲ ਕੋਈ ਬੱਚਾ ਨਹੀਂ ਸੀ। ਕੁੜੀ ਦਾ ਚਿਹਰਾ ਮੁਰਝਾ ਗਿਆ ਸੀ। ਕੁੜੀ ਨੂੰ ਓਪਰੀ ਚੀਜ਼ ਦਾ ਅਸਰ ਸਮਝ ਕੇ ਪਹਿਲਾਂ ਕੁੜੀ ਦੇ ਮਾਪੇ ਅਤੇ ਸਹੁਰੇ ਸਿਆਣਿਆ ਦੇ ਚੱਕਰ ’ਚ ਪਏ ਰਹੇ, ਜਿੱਥੇ ਪਤਾ ਚੱਲਦਾ, ਬਈ ਫਲਾਣਾ ਸਿਆਣਾ, ਫਲਾਣਾ ਬਾਬਾ ਧਾਗੇ ਤਵੀਤ ਦਿੰਦਾ ਹੈ, ਜਿਸ ਨਾਲ ਓਪਰੀ ਸ਼ੈਅ ਦਾ ਅਸਰ ਖ਼ਤਮ ਕੀਤਾ ਜਾਂਦਾ ਹੈ। ਔਲਾਦ ਹੋ ਜਾਂਦੀ ਹੈ, ਬੰਦਾ ਠੀਕ ਹੋ ਜਾਂਦਾ ਹੈ, ਉੱਥੇ ਹੀ ਚਲੇ ਜਾਂਦੇ। ਤਿੰਨ ਸਾਲਾਂ ਤੱਕ ਸਿਆਣਿਆਂ ਦੇ ਭਰਮਜਾਲ/ਭਰਮਾਉ ਗੱਲਾਂ ’ਚ ਫਸੇ ਰਹੇ, ਉਹ ਲੁੱਟਦੇ ਰਹੇ, ਡਰਾਉਂਦੇ, ਭਰਮਾਉਂਦੇ ਰਹੇ, ਇਹ ਪਰਿਵਾਰ ਲੁੱਟ ਤੇ ਭਰਮ ਦਾ ਸ਼ਿਕਾਰ ਬਣੇ ਰਹੇ। ਬਥੇਰੇ ਧਾਗੇ ਤਵੀਤ ਕਰਵਾਏ, ਰੋਟ ਲਾਏ, ਟੂਣੇ -ਟਾਮਣ ਕੀਤੇ, ਰਾਤ ਨੂੰ ਚੁਰੱਸਤਿਆ ’ਚ ਇਸ਼ਨਾਨ ਕੀਤਾ, ਚਿਰਾਗ ਜਗਾਏ, ਕੜ੍ਹਾਈਆ ਕੀਤੀਆਂ ਪਰ ਉਨ੍ਹਾਂ ਦੇ ਘਰ ਬੱਚਾ ਨਾ ਹੋਇਆ। ਕੁੜੀ ਠੀਕ ਨਾ ਹੋਈ।
ਲੜਕੀ ਦੇ ਪੇਕੇ ਅਤੇ ਸਹੁਰਿਆਂ ਨੇ ਹਜ਼ਾਰਾਂ ਰੁਪਏ ਖ਼ਰਚ ਕਰ ਦਿੱਤੇ ਪਰ ਖ਼ਰਚਿਆ ਪੈਸਾ ਰਾਸ ਨਾ ਆਇਆ। ਅੰਤ ਉਹ ਹਾਰ-ਹੰਭ ਕੇ ਸਿਆਣਿਆਂ ਕੋਲੋਂ ਥੱਕ ਕੇ ਘਰ ਬੈਠ ਗਏ। ਕਿਸੇ ਤਰਕਸ਼ੀਲ ਵਿਚਾਰਾਂ ਦੇ ਧਾਰਨੀ ਨਾਲ ਉਨ੍ਹਾਂ ਦਾ ਵਾਹ ਪਿਆ ਤਾਂ ਉਨ੍ਹਾਂ ਨੇ ਤਰਕਸ਼ੀਲਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ। ਪੁੱਛਦੇ-ਪੁਛਾਉਂਦੇ ਲੜਕੀ ਦੇ ਮਾਪੇ ਸਾਡੇ ਕੋਲ ਪਹੁੰਚੇ। ਉਨ੍ਹਾਂ ਨਾਲ ਲੜਕੀ ਵੀ ਸੀ। ਉਨ੍ਹਾਂ ਨਾਲ ਗੱਲ ਕਰਨ ’ਤੇ ਪਤਾ ਲੱਗਾ ਕਿ ਜਦੋਂ ਉਹ ਪੜ੍ਹਦੀ ਸੀ ਤਾਂ ਉਹ ਪੜ੍ਹਾਈ ’ਚ ਬਹੁਤ ਹੁਸ਼ਿਆਰ ਸੀ। ਪਹਿਲੀ ਕਲਾਸ ਤੋਂ ਲੈ ਕੇ ਦਸਵੀਂ ਤੱਕ ਉਹ ਆਪਣੇ ਸਕੂਲ ਚੋਂ ਪਹਿਲੇ ਸਥਾਨ ’ਤੇ ਆਉਂਦੀ ਰਹੀ। ਦਸਵੀਂ ਪਾਸ ਕਰਨ ਤੋਂ ਬਆਦ ੳਸਦੇ ਮਾਪਿਆਂ ਨੇ ਉਸਨੂੰ ਪੜ੍ਹਨੋਂ ਹਟਾ ਲਿਆ। ਲੜਕੀ ਨੂੰ ਬੜੀ ਮਾਯੂਸੀ ਦਾ ਸਾਹਮਣਾ ਕਰਨਾ ਪਿਆ ਪਰ ਹੁਸ਼ਿਆਰ ਹੋਣ ਕਾਰਨ ਉਹ ਟਿਕ ਕੇ ਨਾ ਬੈਠੀ ਅਤੇ ਉਚੇਰੀ ਵਿੱਦਿਆ ਹਾਸਲ ਕਰਨ ਲਈ ਤਰਕੀਬਾਂ ਸੋਚਣ ਲੱਗੀ। ਬੜੀ ਸੋਚ ਵਿਚਾਰ ਤੋਂ ਬਾਅਦ ਉਸਨੇ ਪ੍ਰਾਈਵੇਟ ਗਿਆਨੀ ਦਾ ਇਮਤਿਹਾਨ ਦਿੱਤਾ, ਜਿਸਨੂੰ ਉਹ ਪਹਿਲੇ ਸਾਲ ’ਚ ਹੀ ਪਾਸ ਕਰ ਗਈ ਅਤੇ ਬਾਅਦ ’ਚ ਉਸਨੇ ਐੱਮਏ ਪਹਿਲੇ ਦਰਜੇ ’ਚ ਪਾਸ ਕਰ ਗਈ। ਉਸਦੇ ਮਾਪਿਆਂ ਨੇ ਸੋਚਿਆ ਕਿ ਕੁੜੀ ਬਹੁਤ ਪੜ੍ਹ ਗਈ ਹੈ। ਹੁਣ ਇਸਦਾ ਰਿਸ਼ਤਾ ਕਰ ਦੇਣਾ ਚਾਹੀਦਾ ਹੈ। ਲੜਕੀ ਦੀ ਰਾਇ ਤੋਂ ਬਿਨਾਂ, ਉਨ੍ਹਾਂ ਤਕੜੀ ਜਾਇਦਾਦ ਦੇ ਮਾਲਕ ਦਸਵੀਂ ਪਾਸ ਲੜਕੇ ਨਾਲ ਉਸ ਦਾ ਵਿਆਹ ਕਰ ਦਿੱਤਾ। ਉਸਦੇ ਮਾਪਿਆਂ ਨਾਲ ਕੀਤੀ ਗੱਲਬਾਤ ਤੋਂ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਿਆ। ਕੁੜੀ ਨਾਲ ਗੱਲ ਕਰਨ ਤੋਂ ਪਹਿਲਾਂ ਸਾਡੀ ਤਰਕਸ਼ੀਲ ਟੀਮ ਨੇ ਸਿੱਟਾ ਕੱਢਿਆ ਕਿ ਉਸਦੀਆਂ ਰੀਝਾਂ, ਉਸਦੇ ਸੁਪਨੇ, ਪਤੀ ਸਬੰਧੀ ਕੀਤੀਆਂ ਕਲਪਨਾਵਾਂ, ਧਰੀਆਂ ਧਰਾਈਆਂ ਰਹਿ ਗਈਆਂ ਹਨ। ਉਸ ਨੇ ਸੋਚਿਆ ਹੋਣਾ ਕਿ ਐੱਮਏ ਤੱਕ ਐਵੇਂ ਪੜ੍ਹੀ। ਮਾਪਿਆਂ ਨੇ ਸਿਰਫ਼ ਜਾਇਦਾਦ ਪਿੱਛੇ ਦਸਵੀਂ ਪਾਸ ਲੜਕੇ ਲੜ ਲਾ ਦਿੱਤਾ। ਅਸਲ ’ਚ ਮਾਪਿਆਂ ਨੂੰ ਲੜਕੀ ਦਾ ਦੁੱਖ ਪਤਾ ਹੀ ਨਹੀਂ ਸੀ। ਉਹ ਅਖੌਤੀ ਸਿਆਣਿਆਂ ਦੇ ਚੱਕਰਾਂ ’ਚ ਪਏ ਰਹੇ। ਜਦੋਂ ਉਸ ਲੜਕੀ ਨੂੰ ਗੱਲਬਾਤ ਲਈ ਇਕੱਲੀ ਨੂੰ ਬੁਲਾਇਆ ਗਿਆ ਤਾਂ ਉਹ ਬਹੁਤ ਉਦਾਸ, ਉਚਾਟ ਤੇ ਨਿਰਾਸ਼ ਸੀ। ਉਸਦੇ ਚਿਹਰੇ ਤੋਂ ਨਿਰਾਸ਼ਤਾ ਦੀ ਝਲਕ ਸਾਫ਼ ਦਿਸਦੀ ਸੀ ਤੇ ਸੁਭਾਅ ’ਚ ਵੀ ਚਿੜਚਿੜਾਪਣ ਸੀ। ਮਨੋਵਿਗਿਆਨਕ ਤੇ ਵਿਗਿਆਨਕ ਪੱਖੋਂ ਸਾਰਾ ਸਿੱਟਾ ਕੱਢਣ ਤੋਂ ਬਾਅਦ ਉਸ ਨਾਲ ਗੱਲਬਾਤ ਸ਼ੁਰੂ ਕਰਦਿਆ ਮੈਂ ਕਿਹਾ, ‘ਤੇਰੇ ਮਨ ਨੂੰ ਕੋਈ ਗਹਿਰੀ ਸੱਟ ਵੱਜੀ ਹੈ, ਤੇਰੀਆਂ ਰੀਝਾਂ- ਸੱਧਰਾਂ ਅਧੂਰੀਆਂ ਰਹੀਆਂ ਤੇ ਤੇਰੇ ਸੁਪਨੇ ਟੁੱਟੇ ਲੱਗਦੇ ਹਨ। ਤੇਰਾ ਵਿਆਹ ਤੇਰੀ ਮਰਜ਼ੀ ਬਿਨਾਂ ਹੋਇਆ ਲੱਗਦੈ।’ ਗੱਲਾਂ ਬਾਤਾਂ ਰਾਹੀਂ ਪੂਰੇ ਵਿਸ਼ਵਾਸ ਵਿੱਚ ਲੈਣ ਤੋਂ ਬਾਅਦ ਕੁਝ ਸਮਾਂ ਉਹ ਚੁੱਪ ਰਹੀ। ਬਾਅਦ ’ਚ ਉਸਨੇ ਦੱਸਣਾ ਸ਼ੁਰੂ ਕੀਤਾ, ‘ਮੈਂ ਪੜ੍ਹਾਈ ’ਚ ਬਹੁਤ ਹੁਸ਼ਿਆਰ ਸੀ। ਦਸਵੀਂ ਕਲਾਸ ਤੱਕ ਤਾਂ ਮੈਂ ਸਕੂਲ ’ਚ ਪੜ੍ਹਦੀ ਰਹੀ ਤੇ ਬਾਅਦ ’ਚ ਐੱਮਏ ਤੱਕ ਪ੍ਰਾਈਵੇਟ ਪੜ੍ਹੀ। ਮੇਰਾ ਵਿਆਹ ਮੇਰੀ ਮਰਜ਼ੀ ਦੇ ਉਲਟ ਕੀਤਾ ਗਿਆ ਹੈ। ਮੈਂ ਆਪਣੇ ਜੀਵਨਸਾਥੀ ਦੇ ਉੱਚ ਪੜ੍ਹੇ ਲਿਖੇ ਅਫ਼ਸਰ ਦੇ ਸੁਪਨੇ ਲੈਂਦੀ ਸੀ ਪਰ ਮਾਪਿਆਂ ਨੇ ਸਾਰੇ ਸੁਪਨੇ ਤੋੜ ਸੁੱਟੇ। ਮੇਰਾ ਨਾਪਸੰਦ ਵਿਆਹ ਇਕ ਵੱਡਾ ਦੁਖਾਂਤ ਬਣ ਗਿਆ ਹੈ। ਮੈਂ ਐੱਮ ਏ ਪਾਸ ਹਾਂ, ਇਹ ਦਸਵੀਂ ਪਾਸ।’ ਕਹਾਣੀ ਸਪਸ਼ਟ ਸੀ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਦੋਵੇਂ ਪਤੀ-ਪਤਨੀ ਦੀ ਅਣਬਣ ਹੋ ਗਈ ਹੈ। ਉਸਨੇ ਦੁੱਖ ਤਕਲੀਫਾਂ ਬਥੇਰੀਆਂ ਝੱਲੀਆਂ ਪਰ ਦਿਲ ਦੀ ਗੱਲ ਕਿਸੇ ਨਾਲ ਸਾਂਝੀ ਨਾ ਕੀਤੀ। ਇਸ ਕਾਰਨ ਉਹ ਨਿਰਾਸ਼ਤਾ ਦੇ ਪਿੜ ’ਚ ਪੀੜੀ ਜਾ ਰਹੀ ਸੀ। ਮਾਪਿਆਂ ਵੱਲੋਂ ਉਸਦੀ ਮਰਜ਼ੀ ਤੋਂ ਬਿਨ੍ਹਾਂ ਕੀਤੇ ਵਿਆਹ ਕਾਰਨ ਭਰ ਜਵਾਨੀ ਵਿੱਚ ਹੀ ਉਸਦੇ ਚਿਹਰੇ ਦੀ ਰੌਣਕ ਜਾਂਦੀ ਰਹੀ ਸੀ। ਚਿਹਰਾ ਮੁਰਝਾ ਗਿਆ ਸੀ, ਉਹ ਬੁੱਢੀਆਂ ਵਾਂਗ ਜਾਪਣ ਲੱਗ ਪਈ ਸੀ। ਉਸਦੇ ਜਾਗਦੇ ਸੁਪਨੇ ਸੌਂ ਗਏ ਸਨ। ਉਹ ਦਿਨੇ ਵੀ ਅਕਸਰ ਸੁੱਤੀ ਅਵਸਥਾ ’ਚ ਕਲਪਨਾ ਕਰਦੀ ਸੀ। ਯਥਾਰਥ ਸਾਹਮਣੇ ਆਉਣ ਕਾਰਨ ਮੁਰਝਾ ਗਈ। ਉਸਨੂੰ ਗੱਲਬਾਤ ਰਾਹੀਂ ਉਸਾਰੂ, ਸਾਰਥਿਕ ਸੁਝਾਅ ਦਿੱਤੇ ਗਏ। ਉਸਨੂੰ ਕਿਹਾ ਕਿ ਵਿਆਹ ਸਮੇਂ ਤੈਨੂੰ ਮਾਪਿਆਂ ਨਾਲ ਗੱਲ ਕਰਨੀ ਚਾਹੀਦੀ ਸੀ, ਪੜ੍ਹੇ ਲਿਖੇ ਹੋਣ ਦਾ ਫਾਇਦਾ ਲੈਣਾ ਚਾਹੀਦਾ ਸੀ, ਜ਼ਿੰਦਗੀ ਅਡਜਸਟਮੈਂਟ ਹੈ, ਤੈਨੂੰ ਆਪਣੀ ਗਲਤੀ ਸਵੀਕਾਰਨੀ ਚਾਹੀਦੀ ਹੈ। ਆਪਣੇ ਮਨ ਨੂੰ ਸਮਝਾ ਕੇ ਤੂੰ ਹੁਣ ਜ਼ਿੰਦਗੀ ਨੂੰ ਵਧੀਆ, ਖੂਬਸੂਰਤ ਬਣਾ ਸਕਦੀ ਹੈਂ। ਉਸਨੂੰ ਸਮਝਾਇਆ ਗਿਆ ਕਿ ਭਾਵੇਂ ਤੇਰਾ ਪਤੀ ਤੇਰੇ ਤੋਂ ਘੱਟ ਪੜ੍ਹਿਆ ਲਿਖਿਆ ਹੈ ਪਰ ਬਹੁਤ ਸਮਝਦਾਰ, ਸੋਹਣਾ ਸੁਨੱਖਾ ਹੈ, ਚੰਗੀ ਦਿੱਖ ਦਾ ਨੌਜਵਾਨ ਹੈ। ਉਹ ਐੱਮਏ ਪਾਸ ਵਾਲਿਆਂ ਦੇ ਬਾਰਬਰ ਦੀ ਜਾਣਕਾਰੀ ਰੱਖਦਾ ਹੈ। ਤੈਨੂੰ ਬਹੁਤ ਪਸੰਦ ਤੇ ਪਿਆਰ ਕਰਦਾ ਹੈ।
ਉਹ ਚਾਹੁੰਦਾ ਹੈ ਤੂੰ ਹੱਸ ਕੇ ਗਲ ਕਰੇਂ। ਤੈਨੂੰ ਆਪਣੇ ਮਨ ਨੂੰ ਸਮਝਾਉਣਾ ਚਾਹੀਦਾ ਹੈ ਕਿ ਇਹੀ ਨਰਕ ਬਣਾਈ ਜ਼ਿੰਦਗੀ ਸਵਰਗ ਬਣ ਜਾਵੇਗੀ। ਘਰ ਨੂੰ ਸਵਰਗ ਬਣਾਉਣਾ ਤੇਰੇ ਹੱਥ ਹੈ। ਬਾਅਦ ’ਚ ਉਸਦੇ ਪਤੀ ਨੂੰ ਦੁਬਾਰਾ ਇਕੱਲੇ ਨੂੰ ਬੁਲਾ ਕੇ ਸਮਝਾਇਆ ਗਿਆ ਕਿ ਉਹ ਆਪਣੀ ਘਰਵਾਲੀ ਨੂੰ ਵੱਧ ਤੋਂ ਵੱਧ ਪਿਆਰ ਕਰੇ, ਮਿੱਠਾ ਬੋਲੇ, ਉਸਦੀ ਹਰ ਗੱਲ ਮੰਨੇ ਤਾਂ ਉਹ ਵੀ ਹਰ ਗਲ ਮੰਨੇਗੀ। ਘਰ ਸਵਰਗ ਬਣ ਜਾਵੇਗਾ। ਇਸ ਤਰਾਂ ਉਨ੍ਹਾਂ ਨੂੰ ਤਿੰਨ — ਚਾਰ ਵਾਰ ਬੁਲਾਇਆ ਗਿਆ, ਕੁੜੀ ਨੂੰ ਗੱਲਬਾਤ ਵਿਧੀ ਰਾਹੀਂ ਆਪਣੇ ਪਤੀ ਪ੍ਰਤੀ ਅਪਣਾਏ ਰਵੱਈਏ ਤੇ ਵਿਚਾਰਾਂ ਨੂੰ ਬਦਲਿਆ ਗਿਆ। ਉਸਨੂੰ ਮਾਨਸਿਕ ਤੌਰ ’ਤੇ ਉਸਦੇ ਪਤੀ ਦੇ ਨੇੜੇ ਲਿਆਂਦਾ ਗਿਆ। ਉਹ ਜਿਹੜੀ ਆਪਣੇ ਪਤੀ ਨੂੰ ਬੁਲਾਉਂਦੀ ਨਹੀਂ ਸੀ, ਚੌਥੀ ਵਾਰ ਆਪਣੇ ਪਤੀ ਨਾਲ ਮੁਸਕਰਾਉਂਦੀ ਆ ਰਹੀ ਸੀ। ਉਹ ਜਦੋਂ ਦੋ ਸਾਲ ਬਾਅਦ ਮਿਲੀ ਤਾਂ ਉਸਦੀ ਗੋਦ ਬੱਚਾ ਚੁੱਕਿਆ ਹੋਇਆ ਸੀ। ਮੁਰਝਾਇਆ ਚਿਹਰਾ ਖਿੜਿਆ ਹੋਇਆ ਸੀ। ਇਸ ਤਰ੍ਹਾਂ ਅਸੀਂ ਉਸਦੀ ਜ਼ਿੰਦਗੀ ’ਚ ਖੁਸ਼ੀਆਂ ਮੋੜ ਲਿਆਂਦੀਆਂ।