- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਮਾਮਲੇ ਵਿਚ ਸਪੱਸ਼ਟ ਰੁਖ਼ ਅਪਣਾਇਆ ਅਤੇ ਇਸ ਕਾਨੂੰਨ ਵਿਚਲੀਆਂ ਉਨ੍ਹਾਂ ਧਾਰਾਵਾਂ ’ਤੇ ਚਿੰਤਾ ਪ੍ਰਗਟ ਕੀਤੀ ਹੈ, ਜਿਨ੍ਹਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਖ਼ਤਰਾ ਹੈ। ਉਨ੍ਹਾਂ ਮੁਤਾਬਕ ਧਾਰਮਿਕ ਮਾਮਲਿਆਂ ਵਿਚ ਪੰਥਕ ਅਦਾਰਿਆਂ ਨਾਲ ਸਲਾਹ-ਮਸ਼ਵਰਾ ਲਾਜ਼ਮੀ ਹੋਣਾ ਚਾਹੀਦਾ ਹੈ। ਅਜਿਹੇ ਵਿਚ ਇਸ ਪੇਸ਼ੀ ਨੂੰ ਜਵਾਬਦੇਹੀ ਦੇ ਸੰਦਰਭ ਵਿਚ ਦੇਖਿਆ ਜਾ ਰਿਹਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸੋਮਵਾਰ ਨੂੰ ਸਿੱਖ ਮੰਤਰੀਆਂ ਤੇ ਵਿਧਾਇਕਾਂ ਦੀ ਪੇਸ਼ੀ ਨੇ ਪੰਜਾਬ ਦੀ ਧਾਰਮਿਕ ਤੇ ਸਿਆਸੀ ਫ਼ਿਜ਼ਾ ਵਿਚ ਇਕ ਵਾਰ ਮੁੜ ਉਨ੍ਹਾਂ ਸਵਾਲਾਂ ਨੂੰ ਸਾਹਮਣੇ ਲਿਆਂਦਾ ਹੈ, ਜੋ ਅਕਸਰ ਸਿੱਖ ਅਦਾਰਿਆਂ, ਜਨਤਕ ਜਵਾਬਦੇਹੀ ਤੇ ਸਿਆਸੀ ਅਗਵਾਈ ਦੇ ਸਬੰਧਾਂ ਨਾਲ ਜੁੜੇ ਰਹਿੰਦੇ ਹਨ। ਅਜਿਹੇ ਘਟਨਾਕ੍ਰਮਾਂ ਨੂੰ ਰੋਜ਼ਾਨਾ ਦੀ ਸਿਆਸਤ ਦੀ ਨਜ਼ਰ ਨਾਲ ਨਹੀਂ ਦੇਖਿਆ ਜਾ ਸਕਦਾ ਕਿਉਂਕਿ ਅਕਾਲ ਤਖ਼ਤ ਸਾਹਿਬ ਦੀ ਸਥਿਤੀ ਤੇ ਭੂਮਿਕਾ ਦਾ ਆਪਣਾ ਇਤਿਹਾਸਕ ਤੇ ਪੰਥਕ ਸੰਦਰਭ ਹੈ। ਸਿੱਖ ਰਵਾਇਤਾਂ ਵਿਚ ਅਕਾਲ ਤਖ਼ਤ ਸਾਹਿਬ ਸਿਰਫ਼ ਇਕ ਧਾਰਮਿਕ ਮੰਚ ਨਹੀਂ ਹੈ ਸਗੋਂ ਇਹ ਇਤਿਹਾਸਕ ਤੌਰ ’ਤੇ ਸਾਂਝੀ ਅਗਵਾਈ, ਸਮਾਜਿਕ ਚਿੰਤਾਵਾਂ ਤੇ ਨੈਤਿਕ ਮਾਪਦੰਡਾਂ ਨਾਲ ਜੁੜੀ ਹੋਈ ਹੈ। ਇਸ ਵਾਰ ਦੀ ਪੇਸ਼ੀ ਦਾ ਕੇਂਦਰੀ ਮੁੱਦਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ-2026 ਹੈ। ਇਸ ਬੇਅਦਬੀ ਵਿਰੋਧੀ ਕਾਨੂੰਨ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖ਼ਤ ਸਾਹਿਬ ਵੱਲੋਂ ਉਠਾਏ ਗਏ ਇਤਰਾਜ਼ਾਂ ਨੇ ਬਹਿਸ ਛੇੜੀ ਹੋਈ ਹੈ। ਸਰਕਾਰ ਵੱਲੋਂ ਇਸ ਕਾਨੂੰਨ ਨੂੰ ਬਿਨਾਂ ਪੰਥਕ ਸੰਸਥਾਵਾਂ ਨਾਲ ਲੋੜੀਂਦੀ ਗੱਲਬਾਤ ਪਾਸ ਕਰਨ ਉੱਤੇ ਸਵਾਲ ਉਠ ਰਹੇ ਹਨ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਮਾਮਲੇ ਵਿਚ ਸਪੱਸ਼ਟ ਰੁਖ਼ ਅਪਣਾਇਆ ਅਤੇ ਇਸ ਕਾਨੂੰਨ ਵਿਚਲੀਆਂ ਉਨ੍ਹਾਂ ਧਾਰਾਵਾਂ ’ਤੇ ਚਿੰਤਾ ਪ੍ਰਗਟ ਕੀਤੀ ਹੈ, ਜਿਨ੍ਹਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੀਆਂ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਖ਼ਤਰਾ ਹੈ। ਉਨ੍ਹਾਂ ਮੁਤਾਬਕ ਧਾਰਮਿਕ ਮਾਮਲਿਆਂ ਵਿਚ ਪੰਥਕ ਅਦਾਰਿਆਂ ਨਾਲ ਸਲਾਹ-ਮਸ਼ਵਰਾ ਲਾਜ਼ਮੀ ਹੋਣਾ ਚਾਹੀਦਾ ਹੈ। ਅਜਿਹੇ ਵਿਚ ਇਸ ਪੇਸ਼ੀ ਨੂੰ ਜਵਾਬਦੇਹੀ ਦੇ ਸੰਦਰਭ ਵਿਚ ਦੇਖਿਆ ਜਾ ਰਿਹਾ ਹੈ। ਜਮਹੂਰੀਅਤ ਵਿਚ ਚੁਣੇ ਹੋਏ ਆਗੂ ਲੋਕਾਂ ਦੇ ਪ੍ਰਤੀ ਜਵਾਬਦੇਹ ਹੁੰਦੇ ਹਨ ਪਰ ਸਮਾਜ ਵਿਚ ਨੈਤਿਕ ਤੇ ਸਮਾਜਿਕ ਉਮੀਦਾਂ ਦਾ ਵੀ ਆਪਣਾ ਮਹੱਤਵ ਹੁੰਦਾ ਹੈ। ਧਾਰਮਿਕ ਸੰਸਥਾਵਾਂ ਕਈ ਵਾਰ ਉਨ੍ਹਾਂ ਮੁੱਦਿਆਂ ਨੂੰ ਸਾਹਮਣੇ ਲਿਆਉਂਦੀਆਂ ਹਨ, ਜਿਨ੍ਹਾਂ ਨੂੰ ਉਹ ਭਾਈਚਾਰੇ ਦੀਆਂ ਚਿੰਤਾਵਾਂ ਨਾਲ ਜੋੜਦੀਆਂ ਹਨ। ਇਸ ਨਜ਼ਰੀਏ ਤੋਂ ਅਜਿਹੀਆਂ ਪੇਸ਼ੀਆਂ ਨੂੰ ਇਕ ਸੰਵਾਦਕ ਪ੍ਰਕਿਰਿਆ ਵਜੋਂ ਵੀ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਇਹ ਸਵਾਲ ਵੀ ਉੱਠਦਾ ਹੈ ਕਿ ਧਾਰਮਿਕ ਤੇ ਜਮਹੂਰੀ ਸੰਸਥਾਵਾਂ ਦੀਆਂ ਭੂਮਿਕਾਵਾਂ ਵਿਚਾਲੇ ਸੰਤੁਲਨ ਕਿਵੇਂ ਬਣਿਆ ਰਹੇ? ਆਧੁਨਿਕ ਜਮਹੂਰੀ ਢਾਂਚੇ ਵਿਚ ਸਰਕਾਰਾਂ ਤੇ ਲੋਕ-ਨੁਮਾਇੰਦੇ ਸੰਵਿਧਾਨਕ ਪ੍ਰਕਿਰਿਆਵਾਂ ਰਾਹੀਂ ਕੰਮ ਕਰਦੇ ਹਨ। ਉਨ੍ਹਾਂ ਦੇ ਕੰਮਾਂ ਦਾ ਮੁਲਾਂਕਣ ਵਿਧਾਨ ਸਭਾ, ਜਨਤਾ ਤੇ ਚੋਣ ਪ੍ਰਕਿਰਿਆ ਰਾਹੀਂ ਹੁੰਦਾ ਹੈ। ਇਸ ਲਈ ਅਜਿਹੇ ਮੌਕਿਆਂ ’ਤੇ ਇਹ ਯਕੀਨੀ ਬਣਾਉਣਾ ਲਾਜ਼ਮੀ ਹੁੰਦਾ ਹੈ ਕਿ ਸੰਸਥਾਵਾਂ ਦੀ ਮਰਿਆਦਾ ਤੇ ਖ਼ੁਦਮੁਖਤਿਆਰੀ ਬਰਕਰਾਰ ਰਹੇ। ਪੰਜਾਬ ਦੀ ਸਿਆਸਤ ਤੇ ਧਾਰਮਿਕ ਸੰਸਥਾਵਾਂ ਦਾ ਰਿਸ਼ਤਾ ਹਮੇਸ਼ਾ ਸਧਾਰਨ ਨਹੀਂ ਰਿਹਾ। ਇਸ ਕਾਰਨ ਹਰ ਅਜਿਹੀ ਕਾਰਵਾਈ ਨੂੰ ਤੱਤਕਾਲੀ ਪ੍ਰਤੀਕਿਰਿਆ ਦੀ ਥਾਂ ਲੰਬੇ ਸਮੇਂ ਦੇ ਪ੍ਰਭਾਵਾਂ ਦੀ ਨਜ਼ਰ ਨਾਲ ਦੇਖਣ ਦੀ ਲੋੜ ਹੁੰਦੀ ਹੈ। ਪੰਜਾਬ ਦੇ ਮੌਜੂਦਾ ਹਾਲਾਤ ’ਚ ਲੋੜ ਇਸ ਗੱਲ ਦੀ ਹੈ ਕਿ ਹਰ ਜਨਤਕ ਸੰਸਥਾ ਆਪਣੀ ਭੂਮਿਕਾ ਸਪੱਸ਼ਟ ਰੱਖੇ ਅਤੇ ਹਰ ਸੰਵਾਦ ਦਾ ਕੇਂਦਰ ਜਨਹਿੱਤ ਬਣੇ। ਵਿਅਕਤੀਆਂ ਤੋਂ ਵੱਧ ਸੰਸਥਾਵਾਂ ਤੇ ਤੁਰੰਤ ਪ੍ਰਤੀਕਿਰਿਆਵਾਂ ਤੋਂ ਵੱਧ ਲੰਬੇ ਸਮੇਂ ਦੇ ਨਤੀਜੇ ਮਹੱਤਵਪੂਰਣ ਹੁੰਦੇ ਹਨ। ਇਸ ਪੂਰੇ ਘਟਨਾਕ੍ਰਮ ਨੂੰ ਕਿਸੇ ਇਕ ਪੱਖ ਦੀ ਜਿੱਤ ਜਾਂ ਹਾਰ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਅਸਲ ਸਵਾਲ ਇਹ ਹੈ ਕਿ ਕੀ ਇਸ ਨਾਲ ਜਵਾਬਦੇਹੀ, ਪਾਰਦਰਸ਼ਤਾ ਤੇ ਸਮਾਜਿਕ ਭਰੋਸੇ ਨੂੰ ਮਜ਼ਬੂਤੀ ਮਿਲਦੀ ਹੈ। ਜੇ ਇਹ ਮਕਸਦ ਪੂਰਾ ਹੁੰਦਾ ਹੈ ਤਾਂ ਅਜਿਹੇ ਸੰਵਾਦਾਂ ਦਾ ਮਹੱਤਵ ਬਣਿਆ ਰਹੇਗਾ ਅਤੇ ਪੰਥ ਆਪਣੀ ਵਿਰਾਸਤ ਨੂੰ ਹੋਰ ਮਜ਼ਬੂਤ ਬਣਾਉਂਦਾ ਰਹੇਗਾ।