- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਤਾ ਲੱਗਾ ਹੈ ਕਿ ਚੰਨੀ ਦੇ ਘਰ ਰੱਖੀ ਮੀਟਿੰਗ ਤੋਂ ਇਕ ਦਿਨ ਪਹਿਲਾਂ ਕਾਂਗਰਸ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਵੱਲੋਂ ਵੱਖਰੀ ਸੁਰ ਰੱਖਣ ਵਾਲੇ ਨੇਤਾਵਾਂ ਨੂੰ ਫ਼ੋਨ ਕਰਕੇ ਅੱਗੇ ਨਾ ਵਧਣ ਦਾ ਵਾਸਤਾ ਪਾਇਆ ਗਿਆ ।ਲੇਲੜੀਆਂ ਕੱਢੀਆਂ ਗਈਆਂ। ਪਰ ਸਾਰੇ ਦੇ ਸਾਰੇ ਬਜਿੱਦ ਰਹੇ।

ਕਮਲਜੀਤ ਸਿੰਘ ਬਨਵੈਤ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ 3 ਜੁਲਾਈ ਨੂੰ ਬਾਗੀ ਕਾਂਗਰਸੀਆਂ ਦੀ ਹੋਈ ਮੀਟਿੰਗ ਨੂੰ ਪਾਰਟੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਬਗਾਵਤ ਕਿਹਾ ਜਾ ਸਕਦਾ ਹੈ। ਕਾਂਗਰਸ ਵਿੱਚ ਵੱਡੇ ਸਿਆਸੀ ਲੀਡਰਾਂ ਦਾ ਪੇਚਾ ਪੈਣਾ ਕੋਈ ਪਹਿਲੀ ਵਾਰ ਦੀ ਕਹਾਣੀ ਨਹੀਂ ਹੈ। ਇਸ ਤੋਂ ਪਹਿਲਾਂ ਕੈਪਟਨ -ਭੱਠਲ ਆਪਸ ਵਿੱਚ ਭਿੜਦੇ ਰਹੇ। ਉਸ ਤੋਂ ਬਾਅਦ ਸਿੱਧੂ - ਕੈਪਟਨ ਇਹ ਪੇਚ ਫਸਿਆ ਰਿਹਾ। ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੰਨੀ- ਸਿੱਧੂ ਆਹਮੋ ਸਾਹਮਣੇ ਹੋਏ। ਪਰ ਇਹ ਪਹਿਲੀ ਵਾਰ ਹੈ ਜਦੋਂ ਚੰਨੀ -ਕਾਂਗਰਸ ਹਾਈ ਕਮਾਂਡ ਦਾ ਪੇਚਾ ਪਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਪਾਰਟੀ ਹਾਈ ਕਮਾਂਡ ਦੇ ਖ਼ਿਲਾਫ਼ ਪੰਜ ਮੌਜੂਦਾ ਵਿਧਾਇਕ, ਦੋ ਦਰਜਨ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ਼ ਨੇ ਪਾਰਟੀ ਖਿਲਾਫ ਬਗਾਵਤ ਦਾ ਝੰਡਾ ਚੁੱਕਿਆ ਹੈ। ਦਿਲਚਸਪ ਗੱਲ ਇਹ ਕਿ ਮੀਟਿੰਗ ਦੌਰਾਨ ਦਿੱਲੀ ਤੋਂ ਆਏ ਫੋਨ ਦੀ ਵੀ ਪ੍ਰਵਾਹ ਨਹੀਂ ਕੀਤੀ। ਦਿੱਲੀ ਤੋਂ ਫੋਨ ਕਰਨ ਵਾਲੇ ਨੇ ਕਿਹਾ ਸੀ ਕਿ ਵੱਡਾ ਕਦਮ ਨਾ ਚੁੱਕਣਾ ਛੇਤੀਂ ਹੀ ਮਿਲਣਗੇ ਰਾਹੁਲ ਗਾਂਧੀ। ਕਾਂਗਰਸ ਹਾਈ ਕਮਾਂਡ ਵੱਲੋਂ ਨਾਲ ਦੀ ਨਾਲ ਪੰਜਾਬ ਮਾਮਲਿਆਂ ਦੇ ਇੰਚਾਰਜ਼ ਭੁਪੇਸ਼ ਬਘੇਲ ਨੂੰ ਤੂਫ਼ਾਨ ਨੂੰ ਠੱਲਣ ਦੀ ਜਿੰਮੇਵਾਰੀ ਦੇ ਦਿੱਤੀ ਗਈ ਹੈ। ਇਹ ਪਤਾ ਹੁੰਦਿਆਂ ਹੋਇਆਂ ਵੀ ਕੇ ਭੁਪੇਸ਼ ਹਾਲੇ ਤੱਕ ਤਾਂ ਇੱਕ ਧਿਰ ਦੇ ਹੋ ਕੇ ਚਲਦੇ ਰਹੇ ਹਨ।
ਪੰਜਾਬ ਵਿੱਚ ਸਰਕਾਰ ਬਣਾਉਣ ਦੀ ਕੋਸ਼ਿਸ਼ ਵਿੱਚ ਜੁੱਟੀ ਕਾਂਗਰਸ ਹਾਈ ਕਮਾਨ ਲਈ ਆਗੂਆਂ ਨੂੰ ਇੱਕ ਮੁੱਠ ਰੱਖਣਾ ਮੁਸ਼ਕਿਲ ਹੋ ਗਿਆ। ਪੰਜਾਬ ਕਾਂਗਰਸ ਵਿੱਚ ਲੰਮੇ ਸਮੇਂ ਤੋਂ ਚੱਲ ਰਹੀ ਧੜੇਬੰਦੀ 3 ਜੁਲਾਈ ਨੂੰ ਪੂਰੀ ਤਰ੍ਹਾਂ ਜਨਤਕ ਹੋ ਗਈ। ਕਾਂਗਰਸ ਹਾਈ ਕਮਾਨ ਵੱਲੋਂ ਅਮਰਿੰਦਰ ਸਿੰਘ ਰਾਜਾ ਬ ਨੂੰ ਪ੍ਰਧਾਨ ਜੀ ਅਹੁਦੇ ਤੋਂ ਨਾ ਹਟਾਏ ਜਾਣ ਦੇ ਵਿਰੋਧ ਵਿੱਚ ਪਹਿਲੀ ਤੇ ਦੂਜੀ ਕਤਾਰ ਦੇ 60 ਕਾਂਗਰਸੀ ਲੀਡਰ ਖੁੱਲ ਕੇ ਸਾਹਮਣੇ ਆ ਗਏ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਘਰ ਤਿੰਨ ਘੰਟੇ ਤੋਂ ਵੱਧ ਸਮੇਂ ਲਈ ਚੱਲੀ ਮੀਟਿੰਗ ਵਿੱਚ ਪੰਜਾਬ ਦੇ ਇਹਨਾਂ ਵੱਡੇ ਨੇਤਾਵਾਂ ਨੇ ਹਾਈ ਕਮਾਂਡ ਦੇ ਖ਼ਿਲਾਫ਼ ਰੱਜ ਕੇ ਭੜਾਸ ਕੱਢੀ।
ਸਭ ਤੋਂ ਵੱਡੀ ਗੱਲ ਇਹ ਕਿ ਕਾਂਗਰਸ ਹਾਈ ਕਮਾਨ ਵੱਲੋਂ ਪਿਛਲੇ ਦਿਨੀ ਬਣਾਈਆਂ ਕਮੇਟੀਆਂ ਦੇ ਕੋਚ ਚੇਅਰਮੈਨ ਅਤੇ ਮੈਂਬਰਾਂ ਨੇ ਆਪਣੇ ਅਸਤੀਫ਼ੇ ਲਿਖ ਕੇ ਚਰਨਜੀਤ ਸਿੰਘ ਚੰਨੀ ਦੇ ਹੱਥ ਫ਼ੜਾ ਦਿੱਤੇ। ਹੁਣ ਚਰਨਜੀਤ ਸਿੰਘ ਚੰਨੀ ਅਸਤੀਫੇ ਆਪਣੀ ਜੇਬ ਵਿੱਚ ਪਾ ਕੇ ਪਾਰਟੀ ਹਾਈ ਕਮਾਨ ਨਾਲ ਮੀਟਿੰਗ ਕਰਨਗੇ। ਸਭ ਦੇ ਸਭ ਦਾ ਸੁਰ ਤਿੱਖਾ ਸੀ ਮੀਟਿੰਗ ਵਿੱਚ ਅਤੇ ਸਭ ਨੇ ਕਾਂਗਰਸ ਦੇ ਡੁੱਬ ਜਾਣ ਉੱਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਕਾਂਗਰਸ ਦੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਪੰਜਾਬ ਦੇ ਏਡੀ ਵੱਡੀ ਗਿਣਤੀ ਵਿੱਚ ਲੀਡਰਾਂ ਨੇ ਕਿਹਾ ਕਿ ਹਾਈ ਕਮਾਨ ਦਾ ਫੈਸਲਾ ਮਨਜ਼ੂਰ ਨਹੀਂ ਅਤੇ ਰਾਜਾ ਅਮਰਿੰਦਰ ਸਿੰਘ ਵੜਿੰਗ ਨੂੰ ਪ੍ਰਧਾਨਗੀ ਤੋਂ ਲਾਂਭੇ ਕੀਤੇ ਜਾਣ ਤੱਕ ਉਹ ਰਲ ਕੇ ਚੱਲਣ ਲਈ ਤਿਆਰ ਨਹੀਂ ਹਨ।
ਪਤਾ ਲੱਗਾ ਹੈ ਕਿ ਚੰਨੀ ਦੇ ਘਰ ਰੱਖੀ ਮੀਟਿੰਗ ਤੋਂ ਇਕ ਦਿਨ ਪਹਿਲਾਂ ਕਾਂਗਰਸ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਵੱਲੋਂ ਵੱਖਰੀ ਸੁਰ ਰੱਖਣ ਵਾਲੇ ਨੇਤਾਵਾਂ ਨੂੰ ਫ਼ੋਨ ਕਰਕੇ ਅੱਗੇ ਨਾ ਵਧਣ ਦਾ ਵਾਸਤਾ ਪਾਇਆ ਗਿਆ ।ਲੇਲੜੀਆਂ ਕੱਢੀਆਂ ਗਈਆਂ। ਪਰ ਸਾਰੇ ਦੇ ਸਾਰੇ ਬਜਿੱਦ ਰਹੇ। ਮੀਟਿੰਗ ਵਿੱਚ ਕਾਂਗਰਸ ਦੇ ਉੱਪਰਲੀ ਕਤਾਰ ਦੇ ਨੇਤਾ ਤੇ ਸਾਬਕਾ ਮੰਤਰੀ ਤ੍ਰਿਪਤ ਸਿੰਘ ਬਾਜਵਾ, ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ, ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ ਮੰਤਰੀ ਸੁਖ ਸਰਕਾਰੀਆ, ਸਾਬਕਾ ਡਿਪਟੀ ਮੁੱਖ ਮੰਤਰੀ ਓਪੀ ਸੋਨੀ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ, ਪਾਰਟੀ ਦੇ ਓਬੀਸੀ ਵਿੰਗ ਦੇ ਚੇਅਰਮੈਨ ਅੰਗਦ ਸਿੰਘ, ਸਾਬਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਅਤੇ ਸਾਬਕਾ ਵਿਧਾਇਕ ਬਰਿੰਦਰ ਢਿੱਲੋ ਸਮੇਤ ਹੋਰ ਕਈ ਵਿਧਾਇਕ ਅਤੇ ਹਲਕਾ ਇੰਚਾਰਜ਼ ਹਾਜ਼ਰ ਸਨ। ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਫਾਦਰ ਬਲਕੌਰ ਸਿੰਘ ਵੀ ਮੀਟਿੰਗ ਵਿੱਚ ਸ਼ਾਮਿਲ ਹੋਏ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਏ ਪਰ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਵੀ ਪਾਰਟੀ ਹਾਈ ਕਮਾਨ ਦੇ ਫੈਸਲੇ ਨਾਲ ਅਸਹਿਮਤੀ ਪ੍ਰਗਟਾਈ ਹੈ।
ਸਾਬਕਾ ਮੁੱਖ ਮੰਤਰੀ ਚੰਨੀ ਦੇ ਘਰ ਮੋਰਿੰਡਾ ਸਥਿਤ ਪਾਰਟੀ ਦੇ ਸੀਨੀਅਰ ਆਗੂਆਂ ਮੌਜੂਦਾ ਤੇ ਸਾਬਕਾ ਵਿਧਾਇਕਾਂ ਦੀ ਕਰੀਬ ਤਿੰਨ ਘੰਟੇ ਚੱਲੀ ਮੀਟਿੰਗ ਵਿੱਚ ਲੋਕ ਸਭਾ ਦੇ ਮੈਂਬਰ ਸੁਰਿੰਦਰ ਸਿੰਘ ਰੰਧਾਵਾ ਜੀ ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੁਲਾਕਾਤ ਨੇ ਕਾਂਗਰਸ ਹਾਈਕਮਾਨ ਦੀ ਚਿੰਤਾ ਵਧਾ ਦਿੱਤੀ ਹੈ। ਹਾਲਾਂਕਿ ਸੁਖਵਿੰਦਰ ਸਿੰਘ ਰੰਧਾਵਾ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸਰਹੱਦੀ ਖੇਤਰਾਂ ਦੇ ਮਸਲੇ ਅਤੇ ਸੁਰੱਖਿਆ 'ਤੇ ਗੱਲਬਾਤ ਕਰਨ ਲਈ ਜੂਨ ਵਿੱਚ ਹੀ ਸਮਾਂ ਲੈ ਲਿਆ ਸੀ । ਉਹ ਇਹ ਵੀ ਦਾਵਾ ਕਰਦੇ ਹਨ ਕਿ ਉਹਨਾਂ ਨੇ ਕੇਂਦਰੀ ਮੰਤਰੀ ਨਾਲ ਮੁਲਾਕਾਤ ਦੀ ਪਾਰਟੀ ਤੋਂ ਅਗਾਊ ਪ੍ਰਵਾਨਗੀ ਲਈ ਲੈ ਲਈ ਸੀ।
ਕਰ ਦਾਵਾ ਕਰਦੇ ਹਨ ਕਿ ਚੰਨੀ ਦੀ ਨਰਾਜ਼ਗੀ ਤੇ ਉਹਨਾਂ ਦੀ ਅਗਵਾਈ ਵਿੱਚ ਪਾਰਟੀ ਆਗੂਆਂ ਦੀ ਮੀਟਿੰਗ ਦੀਆਂ ਖਬਰਾਂ ਮਿਲਣ ਤੋਂ ਬਾਅਦ ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਚੰਨੀ ਨੂੰ ਫ਼ੋਨ ਕਰਕੇ ਕੋਈ ਵੱਡਾ ਫੈਸਲਾ ਨਾ ਲੈਣ ਦੀ ਨਸੀਹਤ ਦਿੱਤੀ। ਫੋਨ ਕਰਨ ਵਾਲੇ ਆਗੂ ਨੇ ਚੰਨੀ ਨੂੰ ਭਰੋਸਾ ਦਿੱਤਾ ਹੈ ਕਿ 7 ਜੁਲਾਈ ਨੂੰ ਰਾਹੁਲ ਗਾਂਧੀ ਵਿਦੇਸ਼ ਤੋਂ ਪਰਤ ਰਹੇ ਹਨ ਉਹਨਾਂ ਦੇ ਆਉਣ ਉਪਰੰਤ ਦੋਹਾਂ ਦੀ ਮੀਟਿੰਗ ਕਰਵਾ ਦਿੱਤੀ ਜਾਵੇਗੀ। ਦੱਸਿਆ ਜਾਂਦਾ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਵੀ ਚੰਡੀਗੜ੍ਹ ਆ ਸਕਦੇ ਹਨ, ਜਿਨਾਂ ਨੂੰ ਮਾਮਲਾ ਨਿਪਟਾਉਣ ਦੀ ਜਿੰਮੇਵਾਰੀ ਦਿੱਤੀ ਗਈ ਹੈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਇਹ ਪਹਿਲਾ ਹੀ ਤੈਅ ਸੀ ਕਿ ਇਸ ਮੀਟਿੰਗ ਵਿੱਚ ਚੰਨੀ ਵੱਲੋਂ ਪਾਰਟੀ ਛੱਡਣ ਜਾ ਬਗਾਵਤੀ ਰੁੱਖ਼ ਸਬੰਧੀ ਦੀ ਕੋਈ ਫੈਸਲਾ ਨਹੀਂ ਸੀ ਲਿਆ ਜਾਣਾ। ਇਸ ਮੀਟਿੰਗ ਦਾ ਮਤਲਬ ਸਿਰਫ ਹਾਈ ਕਮਾਨ ਉੱਤੇ ਦਬਾਅ ਬਣਾਉਣ ਦੀ ਰਣਨੀਤੀ ਦਾ ਇੱਕ ਹਿੱਸਾ ਸੀ ਇਹੀ ਕਾਰਨ ਹੈ ਕਿ ਇੰਨੇ ਆਗੂ ਆਪਣੇ ਹੱਕ ਵਿੱਚ ਇਕੱਠੇ ਹੋਣ ਦੇ ਬਾਵਜੂਦ ਚੰਨੀ ਨੇ ਕੋਈ ਸਖਤ ਐਲਾਨ ਨਹੀਂ ਕੀਤਾ ਤੇ ਨਾ ਹੀ ਪਾਰਟੀ ਲੀਡਰਸ਼ਿਪ ਜਾਂ ਪਾਰਟੀ ਖਿਲਾਫ ਖੁੱਲ ਕੇ ਕੋਈ ਗੱਲ ਕੀਤੀ। ਦਿੱਲੀ ਤੋਂ ਫੋਨ ਆਉਣ ਦੀ ਗੱਲ ਨਾਲ ਚੰਨੀ ਦਬਾਅ ਬਣਾਉਣ ਵਿੱਚ ਕਾਮਯਾਬ ਨਜ਼ਰ ਆ ਰਹੇ ਹਨ।
ਇੱਥੇ ਇਹ ਚੇਤੇ ਕਰਾਉਣਾ ਜਰੂਰੀ ਹੈ ਕਿ ਕਾਂਗਰਸ ਹਾਈ ਕਮਾਨ ਵੱਲੋਂ ਪ੍ਰਧਾਨ ਬਦਲਣ ਨੂੰ ਲੈ ਕੇ ਪੰਜਾਬ ਦੇ ਵੱਡੇ ਲੀਡਰਾਂ ਨਾਲ ਕਈ ਮੁਲਾਕਾਤਾਂ ਕੀਤੀਆਂ ਗਈਆਂ। ਇਥੋਂ ਤੱਕ ਕਿ ਪਹਿਲੀ, ਦੂਜੀ ਤੇ ਤੀਜੀ ਕਤਾਰ ਦੇ ਲੀਡਰਾਂ ਨੂੰ ਸੁਣਨ ਲਈ ਇਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ। ਚਰਚਾ ਹੈ ਕਿ ਮੀਟਿੰਗਾਂ ਦੌਰਾਨ ਚੰਨੀ ਨੂੰ ਪ੍ਰਧਾਨ ਬਣਾਉਣ ਅਤੇ ਵੜਿੰਗ ਨੂੰ ਲਾਂਭੇ ਕਰਨ ਦਾ ਭਰੋਸਾ ਦਿੱਤਾ ਜਾਂਦਾ ਰਿਹਾ ਪਰ ਤਿੰਨ ਦਿਨ ਪਹਿਲਾਂ ਪਾਰਟੀ ਹਾਈਕਮਾਨ ਵੱਲੋਂ ਇੱਕ ਪ੍ਰੈਸ ਨੋਟ ਜਾਰੀ ਕਰਕੇ ਰਾਜਾ ਦੀ ਪ੍ਰਧਾਨਗੀ ਬਰਕਰਾਰ ਰੱਖੀ ਗਈ ਅਤੇ ਦੂਜੇ ਨੇਤਾਵਾਂ ਨੂੰ ਕਮੇਟੀਆਂ ਦੀਆਂ ਚੇਅਰਮੈਨੀਆਂ ਅਤੇ ਕੋ ਚੇਅਰਮੈਨੀਆਂ ਦੇ ਕੇ ਪਲੋਸ ਲਿਆ ਗਿਆ ਸੀ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਪਾਰਟੀ ਹਾਈ ਕਮਾਨ ਨੇ ਫੈਸਲਾ ਲੈਣ ਵੇਲੇ ਨਿੱਜ਼ੀ ਨੇੜਤਾ, ਵਫ਼ਾਦਾਰੀ ਤੇ ਸੀਬੀਆਈ ਜਾਂ ਈਡੀ ਦੇ ਡੰਡੇ ਦੇ ਡਰ ਨੂੰ ਮੂਹਰੇ ਰੱਖਿਆ ਹੈ। ਮਾਹਿਰ ਤਾਂ ਇਹ ਵੀ ਕਹਿੰਦੇ ਹਨ ਕਿ ਜੇ ਫ਼ੈਸਲਾ ਬਦਲਣਾ ਨਹੀਂ ਸੀ ਤਾਂ ਛੇ ਮਹੀਨੇ ਕਵਾਇਦ ਚਲਾਉਣ ਦੀ ਕੋਈ ਲੋੜ ਨਹੀਂ ਸੀ, ਉਹ ਵੀ ਉਸ ਵੇਲੇ ਜਦੋਂ ਵੋਟਾਂ ਸਿਰ 'ਤੇ ਹਨ ਅਤੇ ਪਾਰਟੀ ਦਾ ਲੋਕਾਂ ਲਈ ਕੰਮ ਕਰਨਾ ਬਣਦਾ ਸੀ। ਪੰਜਾਬ ਚੋਣਾਂ ਇੱਕ ਤਰ੍ਹਾਂ ਨਾਲ ਸਿਰ 'ਤੇ ਹਨ ਤੇ ਕਾਂਗਰਸ ਆਪਣੀ ਲੜਾਈ ਵਿੱਚ ਹੋਰ ਵੀ ਬੁਰੀ ਤਰ੍ਹਾਂ ਉਲਝ ਕੇ ਰਹਿ ਗਈ ਹੈ।
ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਕੀ ਚੰਨੀ ਦੇ ਘਰ ਜੁੜੇ 60 ਵੱਡੇ ਸਿਰ ਕਾਂਗਰਸ ਹਾਈ ਕਮਾਨ ਦਾ ਫੈਸਲਾ ਬਦਲਾਉਣ ਤੱਕ ਜੁੜੇ ਰਹਿਣਗੇ ? ਪਿਛਲੇ ਇਤਿਹਾਸ 'ਤੇ ਝਾਤ ਮਾਰੀਏ ਤਾਂ ਹਾਈ ਕਮਾਨ ਅੱਗੇ ਸੂਬਿਆਂ ਦੇ ਲੀਡਰ ਝੁਕ ਜਾਂਦੇ ਰਹੇ ਹਨ। ਪੰਜਾਬ ਕਾਂਗਰਸ ਦੀ ਗੱਲ ਕਰੀਏ ਤਾਂ ਜੇ ਹਾਈ ਕਮਾਨ ਸਿਰ ਜੋੜਨ ਵਾਲੇ ਨੇਤਾਵਾਂ ਵਿੱਚੋਂ ਕੁਝ ਇੱਕ ਨੂੰ ਸਰਕਾਰ ਆਉਣ 'ਤੇ ਵਜ਼ੀਰੀਆਂ ਜਾਂ ਚੇਅਰਮੈਨੀਆਂ ਦੇਣ ਦਾ ਚੋਗਾ ਪਾ ਦੇਵੇ ਤਾਂ ਕੀ ਇਹ ਚੰਨੀ ਨਾਲ ਰਲ ਕੇ ਤੁਰਦੇ ਰਹਿਣਗੇ। ਕੈਪਟਨ ਅਮਰਿੰਦਰ ਵਿਰੁੱਧ ਬਗ਼ਾਵਤ ਕਰਨ ਵਾਲੇ ਤੇਜ਼ ਤਰਾਰ ਨੇਤਾ ਨਵਜੋਤ ਸਿੰਘ ਸਿੱਧੂ ਅੰਤ ਨੂੰ ਕਲ ਮਕੱਲੇ ਹੀ ਨਹੀਂ ਸਨ ਪਏ ਸਗੋਂ ਉਹਨਾਂ ਦੀ ਸਿਆਸਤ ਛੱਡਣਾ ਮਜ਼ਬੂਰੀ ਬਣ ਗਈ ਸੀ। ਕਈ ਲੀਡਰ ਤਾਂ ਟਿਕਟ ਦੇ ਝਾਂਸੇ ਨਾਲ ਹੀ ਤਿੜਕ ਜਾਂਦੇ ਹਨ ।ਪਾਰਟੀ ਹਾਈ ਕਮਾਨ ਕੋਲ ਇੱਕ ਸ਼ੈਂਟਾ ਵੀ ਹੁੰਦਾ ਹੈ, ਜਿਹੜਾ ਆਮ ਲੀਡਰ ਤੋਂ ਝੱਲਿਆ ਨਹੀਂ ਜਾਂਦਾ।
9812734035