- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਵਾਸੀਆਂ ’ਤੇ ਦੋਸ਼ ਲਗਾਉਣ ਤੋਂ ਪਹਿਲਾਂ ਅਸੀਂ ਅਕਸਰ ਕਹਿੰਦੇ ਹਾਂ ਕਿ ਪ੍ਰਵਾਸੀ ਲੋਕ ਪੰਜਾਬ ’ਚ ਵਧ ਰਹੇ ਹਨ, ਸ਼ਹਿਰਾਂ ’ਚ ਭੀੜ ਹੈ, ਗੰਦਗੀ ਹੈ ਪਰ ਇਹ ਵੀ ਸੋਚਣਾ ਚਾਹੀਦਾ ਹੈ ਕਿ ਸਾਡੀਆਂ ਔਰਤਾਂ, ਸਾਡੇ ਪਰਿਵਾਰ ਅਤੇ ਆਰਥਿਕ ਦਬਾਅ ਇੱਕੋ ਜਿਹੇ ਹਨ। ਜਦੋਂ ਘਰ ’ਚ ਆਮਦਨ ਘੱਟ ਹੁੰਦੀ ਹੈ, ਤਾਂ ਸਾਡੇ ਵੀ ਇਸ ਦਾ ਦਬਾਅ ਪੂਰੇ ਪਰਿਵਾਰ ’ਤੇ ਆ ਜਾਂਦਾ ਹੈ।

.jpg)
ਐਡਵੋਕੇਟ ਸੰਦੀਪ ਘੰਡ।
ਅੱਜ ਸਵੇਰੇ ਦੀ ਸੈਰ ਦੌਰਾਨ ਇਕ ਅਜਿਹਾ ਦ੍ਰਿਸ਼ ਦੇਖਣ ਨੂੰ ਮਿਲਿਆ, ਜਿਸ ਨੇ ਮਨ ’ਚ ਕਈ ਸਵਾਲ ਖੜ੍ਹੇ ਕਰ ਦਿੱਤੇ। ਤਿੰਨ-ਚਾਰ ਖੇਤਾਂ ’ਚ ਬਿਹਾਰ ਸੂਬੇ ਤੋਂ ਆਏ ਪ੍ਰਵਾਸੀ ਮਜ਼ਦੂਰ ਝੋਨਾ ਲਾ ਰਹੇ ਸਨ। ਉਨ੍ਹਾਂ ਦੀ ਟੀਮ ਇਕ ਲਾਈਨ ’ਚ ਪੂਰੀ ਤਕਨੀਕ ਅਤੇ ਰਫ਼ਤਾਰ ਨਾਲ ਕੰਮ ਕਰ ਰਹੀ ਸੀ। ਕੁਝ ਸਮਾਂ ਉਨ੍ਹਾਂ ਨੂੰ ਦੇਖਣ ਤੋਂ ਬਾਅਦ ਮੇਰੇ ਮਨ ’ਚ ਉਨ੍ਹਾਂ ਨਾਲ ਗੱਲ ਕਰਨ ਦੀ ਤਾਂਘ ਉੱਠੀ। ਇਸ ਲਈ ਮੈਂ ਬੇਨਤੀ ਕੀਤੀ ਕਿ ਸਿਰਫ਼ ਦੋ ਮਿੰਟ ਗੱਲ ਕਰ ਲਈ ਜਾਵੇ।
ਉਨ੍ਹਾਂ ’ਚ ਬਬਲੂ ਨਾਂ ਦਾ ਇਕ ਨੌਜਵਾਨ ਦਸਵੀਂ ਪਾਸ ਸੀ ਅਤੇ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਨਾਲ ਸਬੰਧਤ ਸੀ, ਉਸ ਨੇ ਦੱਸਿਆ ਕਿ ਉਨ੍ਹਾਂ ਦੀ 10 ਮੈਂਬਰਾਂ ਦੀ ਟੀਮ ਹੈ ਅਤੇ ਉਹ ਦੋ ਮਹੀਨੇ ਲਈ ਪੰਜਾਬ ਆਏ ਹਨ। ਉਹ ਇਕ ਦਿਨ ’ਚ 3–4 ਕਿੱਲੇ ਝੋਨਾ ਲਾ ਦਿੰਦੇ ਹਨ। ਇਕ ਕਿੱਲੇ ਦਾ ਲਗਭਗ 5,000 ਤੱਕ ਭੁਗਤਾਨ ਮਿਲਦਾ ਹੈ। ਇਸ ਤਰ੍ਹਾਂ ਇਕ ਦਿਨ ਦੀ ਟੀਮ ਦੀ ਆਮਦਨ 15,000–20,000 ਤੱਕ ਬਣ ਜਾਂਦੀ ਹੈ। ਖਾਣ-ਪੀਣ ਦਾ ਪ੍ਰਬੰਧ ਵੀ ਕਈ ਵਾਰ ਸਬੰਧਿਤ ਖੇਤ ਦਾ ਕਿਸਾਨ ਕਰਦਾ ਹੈ। ਜੇ ਦੋ ਮਹੀਨਿਆਂ ਦਾ ਹਿਸਾਬ ਲਗਾਇਆ ਜਾਵੇ, ਤਾਂ ਇਕ ਮਜ਼ਦੂਰ ਦੀ ਕਮਾਈ ਲਗਭਗ 70,000 ਤੋਂ 1,00,000 ਤੱਕ ਹੋ ਸਕਦੀ ਹੈ, ਹਾਲਾਂਕਿ ਇਸ ’ਚ ਬਿਮਾਰੀ, ਬੇਰੁਜ਼ਗਾਰੀ ਜਾਂ ਹੋਰ ਖ਼ਰਚੇ ਵੀ ਸ਼ਾਮਲ ਹੁੰਦੇ ਹਨ।
ਇਹ ਸੁਣ ਕੇ ਮੇਰੇ ਮਨ ’ਚ ਸਵਾਲ ਉੱਠਿਆ, ਕੀ ਪੰਜਾਬ ’ਚ ਇਹ ਕੰਮ ਕਰਨ ਵਾਲੇ ਲੋਕ ਨਹੀਂ ਰਹੇ? ਮੈਂ ਸੁਣਿਆ ਸੀ ਕਿ ਕਿਸੇ ਸਮੇਂ ਇਕ ਸੀਰੀ ਭਾਵ ਮਜ਼ਦੂਰ ਨੂੰ ਸਾਲ ਭਰ ਲਈ ਇੰਨੇ ਪੇਸੈ ਮਿਲਦੇ ਸਨ। ਕੋਈ ਸਮਾਂ ਸੀ ਜਦੋਂ ਪੰਜਾਬ ਦਾ ਹਰ ਘਰ ਖੇਤਾਂ ਨਾਲ ਜੁੜਿਆ ਸੀ। ਇਕ ਸਮਾਂ ਸੀ, ਜਦੋਂ ਖੇਤਾਂ ’ਚ ਝੋਨਾ ਲਾਉਣ ਅਤੇ ਨਰਮਾ ਚੁਗਣ ਸਮੇਂ ਰੌਣਕ ਹੁੰਦੀ ਸੀ। ਮਜਦੂਰਾਂ ਲਈ ਇਹ ਦਿਨ ਵਿਸ਼ੇਸ ਹੁੰਦੇ ਸਨ, ਇੱਥੋਂ ਤੱਕ ਕਈ ਨੌਜਵਾਨ, ਜੋ ਸਕੂਲਾਂ ਕਾਲਜਾਂ ’ਚ ਪੜਦੇ ਸਨ, ਉਹ ਵੀ ਆਪਣੀ ਪੜ੍ਹਾਈ ਦਾ ਖ਼ਰਚਾ ਇੱਥੋਂ ਹੀ ਕੱਢਦੇ ਸਨ। ਇਹ ਸਿਰਫ਼ ਮਜ਼ਦੂਰੀ ਨਹੀਂ ਸੀ, ਸਗੋਂ ਪੂਰੇ ਪਰਿਵਾਰ ਦਾ ਸਾਂਝਾ ਕੰਮ ਹੁੰਦਾ ਸੀ। ਮਾਂ, ਪਿਉ, ਪੁੱਤਰ, ਧੀਆਂ, ਸਾਰੇ ਖੇਤਾਂ ’ਚ ਜਾਂਦੇ ਸਨ। ਗਰਮੀ ਸਹਿੰਦੇ ਸਨ ਪਰ ਘਰ ਦਾ ਖ਼ਰਚਾ ਵੀ ਚੱਲਦਾ ਸੀ। ਵਿਆਹ, ਬੱਚਿਆਂ ਦੀ ਪੜ੍ਹਾਈ, ਘਰ ਦੀ ਮੁਰੰਮਤ, ਇਹ ਸਭ ਇਸ ਮਿਹਨਤ ਨਾਲ ਸੰਭਵ ਹੁੰਦਾ ਸੀ। ਅੱਜ ਦ੍ਰਿਸ਼ ਬਦਲ ਗਿਆ ਹੈ। ਕਈ ਥਾਵਾਂ ’ਤੇ ਸਥਾਨਕ ਮਜ਼ਦੂਰ ਇਸ ਤਰ੍ਹਾਂ ਦੇ ਕੰਮ ਤੋਂ ਦੂਰ ਹੋ ਗਏ ਹਨ। ਇਹ ਗੱਲ ਹਰ ਕਿਸੇ ’ਤੇ ਲਾਗੂ ਨਹੀਂ ਹੁੰਦੀ ਪਰ ਇਹ ਰੁਝਾਨ ਕਈ ਖੇਤਰਾਂ ’ਚ ਦੇਖਿਆ ਜਾ ਰਿਹਾ ਹੈ। ਇਹ ਕਹਿਣਾ ਕਿ ‘ਪੰਜਾਬੀ ਮਜ਼ਦੂਰ ਕੰਮ ਚੋਰ ਹੈ’ ਨਾਇਨਸਾਫ਼ੀ ਹੋਵੇਗੀ ਪਰ ਇਹ ਵੀ ਸੱਚ ਹੈ ਕਿ ਕੁਝ ਕਾਰਨਾਂ ਕਰਕੇ ਖੇਤੀ ਵਾਲੀ ਮਜ਼ਦੂਰੀ ਤੋਂ ਨੌਜਵਾਨਾਂ ਦੀ ਦੂਰੀ ਵਧੀ ਹੈ। ਇਸ ਦੇ ਕੁਝ ਕਾਰਨ ਹਨ। ਨਵੀਂ ਪੀੜ੍ਹੀ ਦੀਆਂ ਉਮੀਦਾਂ ਬਦਲ ਗਈਆਂ ਹਨ। ਖੇਤੀ ਵਾਲਾ ਕੰਮ ਬਹੁਤ ਸਖ਼ਤ ਅਤੇ ਮੌਸਮ ’ਤੇ ਨਿਰਭਰ ਹੈ।
ਕਈ ਲੋਕ ਸ਼ਹਿਰਾਂ ’ਚ ਹੋਰ ਕੰਮ ਜਾਂ ਵਿਦੇਸ਼ ਜਾਣ ਨੂੰ ਤਰਜੀਹ ਦਿੰਦੇ ਹਨ। ਕਈ ਥਾਵਾਂ ’ਤੇ ਮਜ਼ਦੂਰੀ ਦੇ ਭੁਗਤਾਨ ’ਚ ਦੇਰੀ ਦੀ ਸ਼ਿਕਾਇਤ ਵੀ ਹੁੰਦੀ ਹੈ। ਇਸ ਲਈ ਮਸਲਾ ਸਿਰਫ਼ ‘ਕੰਮ ਨਾ ਕਰਨ’ ਦਾ ਨਹੀਂ, ਸਗੋਂ ਕੰਮ ਦੀਆਂ ਸ਼ਰਤਾਂ ਅਤੇ ਸਮਾਜਿਕ ਸੋਚ ਦਾ ਵੀ ਹੈ। ਦੂਜੇ ਪਾਸੇ ਪ੍ਰਵਾਸੀ ਮਜ਼ਦੂਰ ਕਈ ਸਪੱਸ਼ਟ ਟੀਚੇ ਨਾਲ ਆਉਂਦੇ ਹਨ। ਉਹ ਜਾਣਦੇ ਹਨ ਕਿ ਦੋ ਮਹੀਨੇ ਮਿਹਨਤ ਕਰਨੀ ਹੈ। ਜਿੰਨਾ ਹੋ ਸਕੇ ਕੰਮ ਕਰਨਾ ਹੈ ਤੇ ਵੱਧ ਤੋਂ ਵੱਧ ਪੈਸਾ ਬਚਾ ਕੇ ਘਰ ਲੈ ਜਾਣਾ ਹੈ। ਉਹ ਟੀਮ ਵਜੋਂ ਕੰਮ ਕਰਦੇ ਹਨ, ਇਕ-ਦੂਜੇ ਦਾ ਸਹਿਯੋਗ ਕਰਦੇ ਹਨ ਅਤੇ ਸਮੇਂ ਦੀ ਕਦਰ ਕਰਦੇ ਹਨ। ਇਸ ਦਾ ਮਤਲਬ ਇਹ ਨਹੀਂ ਕਿ ਉਹ ਸਥਾਨਕ ਲੋਕਾਂ ਨਾਲੋਂ ਵਧੀਆ ਹਨ, ਸਿਰਫ਼ ਉਨ੍ਹਾਂ ਦੀ ਸਥਿਤੀ ਤੇ ਮਜ਼ਬੂਰੀ ਵੱਖਰੀ ਹੈ। ਕਈ ਕਿਸਾਨ ਕਹਿੰਦੇ ਹਨ ਕਿ ਪ੍ਰਵਾਸੀ ਮਜ਼ਦੂਰ ਸਮੇਂ ’ਤੇ ਪਹੁੰਚਦੇ ਹਨ, ਟੀਮ ’ਚ ਕੰਮ ਕਰਦੇ ਹਨ ਅਤੇ ਤੈਅ ਸਮੇਂ ’ਚ ਕੰਮ ਮੁਕਾਉਂਦੇ ਹਨ। ਇਹ ਵੀ ਇਕ ਹਕੀਕਤ ਹੈ ਕਿ ਭਰੋਸਾ ਦੋਹਾਂ ਪਾਸਿਆਂ ਤੋਂ ਬਣਦਾ ਹੈ। ਵਿਦੇਸ਼ਾਂ ’ਚ ਉਹੀ ਕੰਮ ਕਿਉਂ? ਇਕ ਦਿਲਚਸਪ ਵਿਰੋਧਾਭਾਸ ਹੈ। ਕਈ ਪੰਜਾਬੀ ਨੌਜਵਾਨ ਕੈਨੇਡਾ ’ਚ ਟਰੱਕ ਚਲਾਉਂਦੇ ਹਨ। ਇਟਲੀ ’ਚ ਖੇਤਾਂ ’ਚ ਕੰਮ ਕਰਦੇ ਹਨ। ਆਸਟ੍ਰੇਲੀਆ ’ਚ ਫ਼ਲ ਤੋੜਦੇ ਹਨ। ਯੂਰਪ ’ਚ ਸਫ਼ਾਈ ਅਤੇ ਨਿਰਮਾਣ ਦਾ ਕੰਮ ਕਰਦੇ ਹਨ। ਉਹ ਉੱਥੇ ਇਹ ਕੰਮ ਮਾਣ ਨਾਲ ਕਰਦੇ ਹਨ। ਫਿਰ ਸਵਾਲ ਹੈ, ਜੇ ਉਹੀ ਕੰਮ ਵਿਦੇਸ਼ ’ਚ ਇੱਜ਼ਤਦਾਰ ਹੈ, ਤਾਂ ਪੰਜਾਬ ’ਚ ਕਿਉਂ ਨਹੀਂ? ਸ਼ਾਇਦ ਇਸ ਦਾ ਜਵਾਬ ਸਿਰਫ਼ ਪੈਸੇ ਨਹੀਂ, ਸਗੋਂ ਸਮਾਜਿਕ ਸੋਚ ਵੀ ਹੈ। ਪ੍ਰਵਾਸੀਆਂ ’ਤੇ ਦੋਸ਼ ਲਗਾਉਣ ਤੋਂ ਪਹਿਲਾਂ ਅਸੀਂ ਅਕਸਰ ਕਹਿੰਦੇ ਹਾਂ ਕਿ ਪ੍ਰਵਾਸੀ ਲੋਕ ਪੰਜਾਬ ’ਚ ਵਧ ਰਹੇ ਹਨ, ਸ਼ਹਿਰਾਂ ’ਚ ਭੀੜ ਹੈ, ਗੰਦਗੀ ਹੈ ਪਰ ਇਹ ਵੀ ਸੋਚਣਾ ਚਾਹੀਦਾ ਹੈ ਕਿ ਸਾਡੀਆਂ ਔਰਤਾਂ, ਸਾਡੇ ਪਰਿਵਾਰ ਅਤੇ ਆਰਥਿਕ ਦਬਾਅ ਇੱਕੋ ਜਿਹੇ ਹਨ। ਜਦੋਂ ਘਰ ’ਚ ਆਮਦਨ ਘੱਟ ਹੁੰਦੀ ਹੈ, ਤਾਂ ਸਾਡੇ ਵੀ ਇਸ ਦਾ ਦਬਾਅ ਪੂਰੇ ਪਰਿਵਾਰ ’ਤੇ ਆ ਜਾਂਦਾ ਹੈ।
ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ ਕਿਸੇ ਇਕ ਕਾਰਨ ਕਰਕੇ ਪਰਿਵਾਰ ਟੁੱਟਦੇ ਹਨ ਜਾਂ ਰਿਸ਼ਤੇ ਬਦਲਦੇ ਹਨ। ਅਜਿਹੀਆਂ ਗੱਲਾਂ ਬਹੁਤ ਗੁੰਝਲਦਾਰ ਹੁੰਦੀਆਂ ਹਨ ਅਤੇ ਹਰ ਪਰਿਵਾਰ ਦੀ ਸਥਿਤੀ ਵੱਖਰੀ ਹੁੰਦੀ ਹੈ। ਹਾਂ, ਸੱਚ ਇਹ ਵੀ ਹੈ ਕਿ ਬੇਰੁਜ਼ਗਾਰੀ, ਕਰਜ਼ਾ ਅਤੇ ਆਰਥਿਕ ਅਸੁਰੱਖਿਆ ਪਰਿਵਾਰਕ ਤਣਾਅ ਵਧਾ ਸਕਦੇ ਹਨ। ਜੇ ਪੰਜਾਬ ਦਾ ਨੌਜਵਾਨ ਸਿਰਫ਼ ਵਿਦੇਸ਼ ਨੂੰ ਹੀ ਆਪਣਾ ਭਵਿੱਖ ਮੰਨੇਗਾ ਅਤੇ ਪੰਜਾਬ ’ਚ ਉਪਲਬਧ ਹਰ ਮਿਹਨਤ ਵਾਲੇ ਕੰਮ ਨੂੰ ਛੋਟਾ ਸਮਝੇਗਾ, ਤਾਂ ਖਾਲੀ ਥਾਂ ਕੋਈ ਨਾ ਕੋਈ ਹੋਰ ਜ਼ਰੂਰ ਭਰੇਗਾ। ਇਹ ਕੁਦਰਤ ਅਤੇ ਅਰਥਵਿਵਸਥਾ ਦਾ ਨਿਯਮ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਪੰਜਾਬ ਆਪਣੀ ਪਛਾਣ ਗੁਆ ਬੈਠੇਗਾ। ਇਸ ਦਾ ਮਤਲਬ ਇਹ ਹੈ ਕਿ ਸਾਨੂੰ ਆਪਣੇ ਨੌਜਵਾਨਾਂ ਲਈ ਇੱਥੇ ਵੀ ਇੱਜ਼ਤਦਾਰ, ਭਰੋਸੇਯੋਗ ਅਤੇ ਲਾਭਕਾਰੀ ਰੋਜ਼ਗਾਰ ਦੇ ਮੌਕੇ ਬਣਾਉਣੇ ਪੈਣਗੇ। ਪੰਜਾਬ ਨੂੰ ਨਾ ਪ੍ਰਵਾਸੀ ਮਜ਼ਦੂਰਾਂ ਤੋਂ ਡਰਨ ਦੀ ਲੋੜ ਹੈ ਅਤੇ ਨਾ ਹੀ ਆਪਣੇ ਨੌਜਵਾਨਾਂ ਨੂੰ ਦੋਸ਼ੀ ਠਹਿਰਾਉਣ ਦੀ। ਲੋੜ ਹੈ ਤਾਂ ਆਤਮ-ਚਿੰਤਨ ਦੀ। ਜਿਸ ਦਿਨ ਅਸੀਂ ਮਿਹਨਤ ਨੂੰ ਇੱਜ਼ਤ ਦੇਣੀ ਸ਼ੁਰੂ ਕਰਾਂਗੇ, ਸਮੇਂ ਦੀ ਕਦਰ ਕਰਾਂਗੇ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਹਰ ਵਿਅਕਤੀ ਨੂੰ ਸਨਮਾਨ ਦਿਆਂਗੇ ਤਾਂ ਪੰਜਾਬ ਦੀ ਤਸਵੀਰ ਬਦਲੇਗੀ। ਬੇਸ਼ੱਕ ਇਹ ਸਨਮਾਨ ਪਾਉਣ ਵਾਲਾ ਵਿਅਕਤੀ ਕਿਸੇ ਹੋਰ ਸੂਬੇ ਦਾ ਹੀ ਕਿਉਂ ਨਾ ਹੋਵੇ।