ਸਾਡੀ ਮਾਂ-ਬੋਲੀ ਪੰਜਾਬੀ ਮਹਾਨ ਗੁਰੂਆਂ, ਸੂਫ਼ੀਆਂ, ਪੀਰਾਂ, ਫਕੀਰਾਂ ਤੇ ਸੰਤਾਂ ਦੀ ਬੋਲੀ ਹੈ। ਇਸ ਨੂੰ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੋਲੀ ਹੋਣ ਦਾ ਮਾਣ ਪ੍ਰਾਪਤ ਹੈ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਵੱਡਾ ਤਬਕਾ ਆਪਣੀ ਮਾਂਖਿਓਂ ਮਿੱਠੀ ਮਾਂ- ਬੋਲੀ ਨੂੰ ਆਪਣੇ ਮਨ ’ਚੋਂ ਬੜੀ ਅਕਿ੍ਰਤਘਣਤਾ ਨਾਲ ਵਿਸਾਰਦਾ ਜਾ ਰਿਹਾ ਹੈ।

ਮਾਂ-ਬੋਲੀ ਸਾਡੀ ਅਸਲ ਪਛਾਣ ਹੈ ਤੇ ਇਹ ਸਾਡੀ ਹੋਂਦ ਤੇ ਸਾਡੇ ਜਿਉਂਦੇ ਰਹਿਣ ਦੀ ਗਵਾਹੀ ਭਰਦੀ ਹੈ। ਇਸ ਰਾਹੀਂ ਸਾਡੀ ਸੋਚਣੀ ਗਤੀਸ਼ੀਲ ਹੁੰਦੀ ਹੈ ਤੇ ਇਹ ਸਾਡੇ ਜਨਮ ਤੋਂ ਲੈ ਕੇ ਮੌਤ ਤਕ ਸਾਡੇ ਨਾਲ ਵਿਚਰਦੀ ਹੈ। ਦੁਨੀਆ ਭਰ ਦੀਆਂ ਖੋਜਾਂ ਦਰਸਾਉਂਦੀਆਂ ਹਨ ਕਿ ਹਰ ਇਨਸਾਨ ਨੂੰ ਆਪਣੀ ਮਾਂ-ਬੋਲੀ ਨਾਲ ਬਹੁਤ ਲਗਾਓ ਹੁੰਦਾ ਹੈ ਕਿਉਂਕਿ ਅਸੀਂ ਆਪਣੇ ਜਜ਼ਬਾਤ, ਵਲਵਲਿਆਂ ਤੇ ਅਹਿਸਾਸਾਂ ਨੂੰ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਖੁੱਲ੍ਹ ਕੇ ਪ੍ਰਗਟ ਕਰ ਸਕਦੇ ਹਾਂ। ਸਾਡੀ ਮਾਂ-ਬੋਲੀ ਪੰਜਾਬੀ ਮਹਾਨ ਗੁਰੂਆਂ, ਸੂਫ਼ੀਆਂ, ਪੀਰਾਂ, ਫਕੀਰਾਂ ਤੇ ਸੰਤਾਂ ਦੀ ਬੋਲੀ ਹੈ। ਇਸ ਨੂੰ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੋਲੀ ਹੋਣ ਦਾ ਮਾਣ ਪ੍ਰਾਪਤ ਹੈ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਵੱਡਾ ਤਬਕਾ ਆਪਣੀ ਮਾਂਖਿਓਂ ਮਿੱਠੀ ਮਾਂ- ਬੋਲੀ ਨੂੰ ਆਪਣੇ ਮਨ ’ਚੋਂ ਬੜੀ ਅਕਿ੍ਰਤਘਣਤਾ ਨਾਲ ਵਿਸਾਰਦਾ ਜਾ ਰਿਹਾ ਹੈ। ਅਜੋਕੇ ਆਧੁਨਿਕ, ਪੂੰਜੀਵਾਦੀ ਤੇ ਤਕਨੀਕੀ ਯੁੱਗ ’ਚ ਸਾਨੂੰ ਆਪਣੇ ਗਿਆਨ, ਚਿੰਤਨ ਤੇ ਸੋਚ ਦੇ ਦਾਇਰੇ ਨੂੰ ਹੋਰ ਵਿਸ਼ਾਲ ਕਰਨ ਲਈ ਭਾਵੇਂ ਦੂਜੀਆਂ ਭਾਸ਼ਾਵਾਂ ਵੀ ਸਿੱਖਣ ਤੋਂ ਕਦੇ ਗੁਰੇਜ਼ ਨਹੀਂ ਕਰਨਾ ਚਾਹੀਦਾ ਪਰ ਉਨਾਂ ਦੀ ਵਰਤੋਂ ਆਪਣੀ ਮਾਂ- ਬੋਲੀ ਨੂੰ ਵਿਸਾਰ ਕੇ ਜਾ ਛੁਟਿਆ ਕੇ ਨਹੀਂ ਹੋਣੀ ਚਾਹੀਦੀ। ਦੁਨੀਆ ਭਰ ਦੀਆਂ ਸਭ ਭਾਸ਼ਾਵਾਂ ਵੀ ਆਪੋ- ਆਪਣੇ ਲੋਕ ਸਮੂਹਾਂ ਦੀਆਂ ਮਾਂ-ਬੋਲੀਆਂ ਹਨ ਜੋ ਬਰਾਬਰ ਸਤਿਕਾਰ ਤੇ ਪਿਆਰ ਦੀਆਂ ਪਾਤਰ ਹਨ। ਅਸੀਂ ਜਿੰਨੀਆਂ ਵੱਧ ਭਾਸ਼ਾਵਾਂ ਦੇ ਜਾਣਕਾਰ ਹੋਵਾਂਗੇ, ਅਸੀਂ ਓਨੇ ਹੀ ਵੱਧ ਗਿਆਨਵਾਨ ਤੇ ਸੂਝਵਾਨ ਹੋਵਾਂਗੇ ਪਰ ਭਾਸ਼ਾ ਮਾਹਿਰਾਂ ਅਤੇ ਮਨੋਵਿਗਿਆਨਕਾਂ ਮੁਤਾਬਿਕ ਅਸੀਂ ਦੂਸਰੀਆਂ ਭਾਸ਼ਾਵਾਂ ਵੀ ਬਿਹਤਰ ਤਰੀਕੇ ਨਾਲ ਉਦੋਂ ਹੀ ਸਿੱਖ ਸਕਦੇ ਹਾਂ ਜਦੋਂ ਸਾਨੂੰ ਪਹਿਲਾਂ ਆਪਣੀ ਮਾਂ-ਬੋਲੀ ’ਚ ਚੰਗੀ ਮੁਹਾਰਤ ਹਾਸਲ ਹੋਵੇ। ਇਸ ਲਈ ਪੰਜਾਬ ਅਤੇ ਪੰਜਾਬੀ ਬੋਲਦੇ ਇਲਾਕਿਆਂ ਦੀਆਂ ਸਭ ਸਰਕਾਰੀ ਜਾਂ ਗ਼ੈਰ- ਸਰਕਾਰੀ ਵਿੱਦਿਅਕ ਸੰਸਥਾਵਾਂ ’ਚ ਪਹਿਲਾਂ ਪੰਜਾਬੀ ਨੂੰ ਬਣਦਾ ਮਾਣ ਸਤਿਕਾਰ ਮਿਲਣਾ ਚਾਹੀਦਾ ਹੈ ਅਤੇ ਫਿਰ ਬਾਕੀ ਭਾਸ਼ਾਵਾਂ ਦੀ ਵਰਤੋਂ ਵੀ ਬਿਨਾਂ ਕਿਸੇ ਭੇਦਭਾਵ ਤੋਂ ਕਰਨੀ ਚਾਹੀਦੀ ਹੈ। ਅਧਿਆਪਕਾਂ ਵੱਲੋਂ ਵੀ ਆਪਣੀ ਜਮਾਤ ’ਚ ਵੱਖ-ਵੱਖ ਭਾਸ਼ਾਵਾਂ ਦਾ ਉਪਯੋਗ ਵਿਦਿਆਰਥੀਆਂ ਦੀ ਸਮਝ, ਜ਼ਰੂਰਤ ਅਤੇ ਦਿਲਚਸਪੀ ਅਨੁਸਾਰ ਕਰਨਾ ਚਾਹੀਦਾ ਹੈ। ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੀ ਮਾਂ- ਬੋਲੀ ਦੀ ਪਹਿਲਤਾ ਦੇ ਆਧਾਰ ਉੱਤੇ ਸੰਭਾਲ ਕਰੀਏ ਅਤੇ ਬਾਕੀ ਭਾਸ਼ਾਵਾਂ ਨੂੰ ਵੀ ਬਰਾਬਰ ਸਤਿਕਾਰ ਪ੍ਰਦਾਨ ਕਰੀਏ।
- ਪ੍ਰੋ. ਹਰਗੁਣਪ੍ਰੀਤ ਸਿੰਘ
ਸੰਪਰਕ ਨੰਬਰ : 94636-19353